ਰਜਿ: ਨੰ: PB/JL-124/2018-20
RNI Regd No. 23/1979

ਬਿਛੜੇ ਸਭੀ ਬਾਰੀ-ਬਾਰੀ...

BY admin / June 10, 2021
ਸਿਆਸੀ ਪਾਰਟੀਆਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਜੋ ਫੰਡ ਮਿਲਦੇ ਹਨ ਉਹ ਜਿਥੇ ਇਹਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਪ੍ਰਦਾਨ ਕਰਦੇ ਹਨ ਉੱਥੇ ਇਹਨਾਂ ਵਿੱਚ ਆਉਣ ਵਾਲੇ ਉਛਾਲ ਜਾਂ ਗਿਰਾਵਟ ਤੋਂ ਪਾਰਟੀਆਂ ਦੀ ਲੋਕਪਿ੍ਰਯਤਾ ਦਾ ਪਤਾ ਵੀ ਲੱਗਦਾ ਹੈ। ਇਹਨਾਂ ਫੰਡਾਂ ਦਾ ਪੂਰਾ ਰਿਕਾਰਡ ਚੋਣ ਕਮਿਸ਼ਨ ਕੋਲ ਹੁੰਦਾ ਹੈ। ਜੇਕਰ ਸਾਲ 2018-19 ਦੇ ਅੰਕੜਿਆਂ ਨੂੰ ਵੇਖੀਏ ਤਾਂ ਭਾਜਪਾ ਨੂੰ 472 ਕਰੋੜ ਰੁਪਏ ‘‘ਇਲੈਕਟੋਰਲ ਬਾਂਡਜ਼’’ ਰਾਹੀਂ ਪ੍ਰਾਪਤ ਹੋਏ ਸਨ ਜਦਕਿ ਉਸਤੋਂ ਅਗਲੇ ਸਾਲ 2019-20 ਵਿੱਚ ਇਹ ਘਟਕੇ 276.45 ਕਰੋੜ ਰੁਪਏ ਹੋ ਗਏ। ਇਸੇ ਤਰ੍ਹਾਂ ਕਾਂਗਰਸ ਨੂੰ ਪ੍ਰਾਪਤ ਹੋਏ 99 ਕਰੋੜ ਰੁਪਏ ਘਟਕੇ 58 ਕਰੋੜ ’ਤੇ ਆ ਗਏ।  ਮਾਰਕਸਵਾਦੀ ਪਾਰਟੀ ਦੇ ਫੰਡ 2019-20 ਵਿੱਚ 159 ਕਰੋੜ ਰੁਪਏ ਸਨ। ਤਿਲੰਗਾਨਾ ਰਾਸ਼ਟਰੀ ਸੰਮਤੀ ਨੂੰ ਇਸ ਸਮੇਂ ਦੌਰਾਨ 130.46 ਕਰੋੜ, ਸ਼ਿਵ ਸੈਨਾ ਨੂੰ 111.4 ਕਰੋੜ, ਬੀਜੂ ਜਨਤਾ ਦਲ ਨੂੰ 90.35 ਕਰੋੜ ਅਤੇ ਡੀ.ਐਮ.ਕੇ ਨੂੰ 64.90 ਕਰੋੜ ਰੁਪਏ ਪ੍ਰਾਪਤ ਹੋਏ। ਇਹ ਅੰਕੜੇ ਵਿਸ਼ੇਸ਼ ਤੌਰ ’ਤੇ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਕਾਂਗਰਸ ਜੋ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਫੰਡਿੰਗ ਦੇ ਮਾਮਲੇ ਵਿੱਚ ਇਲਾਕਾਈ ਪਾਰਟੀਆਂ ਤੋਂ ਵੀ ਪਿੱਛੇ ਰਹਿ ਗਈ ਹੈ। ਕਿਸੇ ਵੀ ਪਾਰਟੀ ਦੇ ਜਨਅਧਾਰ ਦਾ ਅੰਦਾਜ਼ਾ ਉਸਨੂੰ ਮਿਲਣ ਵਾਲੇ ਫੰਡਾਂ ਤੋਂ ਲਗਾਇਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਕਾਂਗਰਸੀ ਲੀਡਰ ਜਿਤਿਨ ਪ੍ਰਸਾਦ ਦਾ ਬੀਤੇ ਦਿਨ ਭਾਜਪਾ ਵਿੱਚ ਸ਼ਾਮਿਲ ਹੋਣਾ ਕਾਂਗਰਸ ਲਈ ਬਹੁੱਤ ਵੱਡਾ ਝਟਕਾ ਹੈ। ਜਿਤਿਨ ਪ੍ਰਸਾਦ ਬ੍ਰਾਹਮਣ ਹਨ ਅਤੇ ਯੂ.ਪੀ ਵਿੱਚ ਲਗਭਗ 13 ਫੀਸਦੀ ਬ੍ਰਾਹਮਣਾਂ ਦੀ ਆਬਾਦੀ ਹੈ। ਸੁਭਾਵਕ ਹੈ ਅਗਲੇ ਸਾਲ ਯੂ.ਪੀ ਦੀਆਂ ਚੋਣਾਂ ਵਿੱਚ ਬ੍ਰਾਹਮਣ ਭਾਈਚਾਰੇ ਦੇ ਵੋਟ ਭਾਜਪਾ ਦੇ ਹੱਕ ਵਿੱਚ ਪੈ ਸਕਦੇ ਹਨ। ਜਿਤਿਨ ਪ੍ਰਸਾਦ ਕਦੀ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਸਨ ਪਰ ਅੱਜ ਉਹਨਾਂ ਵੱਲੋਂ ਇਸ ਪਰਿਵਾਰ ਨਾਲ ਰਿਸ਼ਤਾ ਤੋੜਨਾ ਸਾਬਿਤ ਕਰਦਾ ਹੈ ਕਿ ਕਾਂਗਰਸ ਬਹੁਤ ਬੁਰੇ ਦੌਰ ਚੋਂ ਗੁਜ਼ਰ ਰਹੀ ਹੈ। ਕੁੱਝ ਅਰਸਾ ਪਹਿਲਾਂ ਮੱਧ ਪ੍ਰਦੇਸ਼ ਦੇ ਚਰਚਿਤ ਲੀਡਰ ਜੋਤਿਰਦਿਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਰਾਜਸਥਾਨ ਦੇ ਸਚਿਨ ਪਾਇਲਟ ਨੇ ਵੀ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ ਸੀ ਪਰ ਬਾਦ ਵਿੱਚ ਵਿਗੜ ਰਹੇ ਹਾਲਾਤ ਨੂੰ ਸੰਭਾਲ ਲਿਆ ਗਿਆ। ਕਿਸੇ ਜ਼ਮਾਨੇ ਵਿੱਚ ਯੂ.ਪੀ ਦੀ ਕਾਂਗਰਸੀ ਲੀਡਰ ਰਹੀ ਰੀਤਾ ਬਹੁੂਗੁਣਾਂ ਨੇ ਬੀਤੇ ਦਿਨ ਇਕ ਟੀ.ਵੀ ਚੈਨਲ ਉਪਰ ਸਪਸ਼ਟ ਤੌਰ ’ਤੇ ਆਖਿਆ ਕਿ ਉਹਨਾਂ ਦੀ ਸਚਿਨ ਪਾਇਲਟ ਨਾਲ ਫੋਨ ਉਪਰ ਗਲ ਹੋਈ ਹੈ ਜਿਸ ਵਿੱਚ ਪਾਇਲਟ ਨੇ ਸੰਕੇਤ ਦਿੱਤਾ ਹੈ ਕਿ ਉਹ ਵੀ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ। ਰੀਤਾ ਬਹੁਗੁਣਾ ਨੇ ਜਿਤਿਨ ਪ੍ਰਸਾਦ ਦੀ ਭਾਜਪਾ ਵਿੱਚ ਸ਼ਮੂਲੀਅਤ ਦੇ ਬਾਦ ਸਚਿਨ ਪਾਇਲਟ ਨਾਲ ਫੋਨ ’ਤੇ ਗੱਲ ਕੀਤੀ ਸੀ। ਰੀਤਾ ਨੇ ਕਈ ਸਾਲ ਪਹਿਲਾਂ ਕਾਂਗਰਸ ਛਡਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਇਸ ਸਬੰਧ ਵਿੱਚ ਸਾਡਾ ਕਹਿਣਾ ਹੈ ਕਿ ਆਖਿਰ ਕੀ ਕਾਰਣ ਹੈ ਜੋ ਕਾਂਗਰਸ ਵਿੱਚ ਬਗਾਵਤ ਜ਼ੋਰ ਫੜਦੀ ਜਾ ਰਹੀ ਹੈ। ਜਿਹਨਾਂ ਲੀਡਰਾਂ ਨੇ ਕਾਂਗਰਸ ਵਿੱਚ ਰਹਿਕੇ ਹੋਸ਼ ਸੰਭਾਲੀ ਉਹਨਾਂ ਵੱਲੋਂ ਪਾਰਟੀ ਨਾਲੋਂ ਨਾਤਾ ਤੋੜਨਾ ਨਿਰਸੰਦੇਹ ਅਜਿਹੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਜੋ ਕਾਂਗਰਸ ਦੀ ਧਰਮਨਿਰਪੱਖ ਵਿਚਾਰਧਾਰਾ ਵਿੱਚ ਵਿਸ਼ਵਾਸ਼ ਰੱਖਦੇ ਹਨ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲੇ ਲੀਡਰ ਖੁਲ੍ਹਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਬੇਸ਼ਕ ਹਾਈ ਕਮਾਂਡ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਦੋਵੇਂ ਧੜਿਆਂ ਦੇ ਵਿਚਾਰ ਸੁਣਕੇ ਆਪਣੀ ਰਿਪੋਰਟ ਤਿਆਰ ਕਰਕੇ ਹਾਈ ਕਮਾਂਡ ਨੂੰ ਸੌਂਪ ਦਿੱਤੀ ਪਰ ਸਵਾਲ ਫਿਰ ਉਹੀ ਕਿ ਇਹ ਨੌਬਤ ਕਿਉਂ ਆਈ? ਉਂਝ ਤਾਂ ਮਤਭੇਦ ਸਾਰੀਆਂ ਪਾਰਟੀਆਂ ਵਿੱਚ ਹੁੰਦੇ ਹਨ ਪਰ ਤੋੜ-ਵਿਛੋੜੇ ਦੀ ਨੌਬਤ ਇਸ ਹੱਦ ਤੱਕ ਨਹੀਂ ਆਉਂਦੀ ਜਿੰਨੀ ਕਾਂਗਰਸ ਵਿੱਚ ਹੈ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦਾ ਜਿਤਿਨ ਪ੍ਰਸਾਦ ਦੇ ਪਾਰਟੀ ਛੱਡਣ ਬਾਰੇ ਕਹਿਣਾ ਕਿ ਇਹ ਕਾਂਗਰਸ ਦੇ ਮੂੰਹ ’ਤੇ ਇਕ ਥੱਪੜ ਹੈ, ਆਪਣੇ ਆਪ ਵਿੱਚ ਬਹੁਤ ਕੁੱਝ ਬਿਆਨ ਕਰਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਾਂਗਰਸ ਵਿੱਚ ਜਿਹੜਾ ਲੀਡਰ ਪਾਰਟੀ ਲਈ ਕੁੱਝ ਕਰਨਾ ਚਾਹੁੰਦਾ ਹੈ ਉਸਦੇ ਲਈ ਬਾਹਿਰ ਦਾ ਦਰਵਾਜ਼ਾ ਖੋਹਲ ਦਿੱਤਾ ਜਾਂਦਾ ਹੈ। ਕੀ ਹਾਈਕਮਾਂਡ ਨੂੰ ਆਪਣੀ ਕਾਬਲੀਅਤ ਉਪਰ ਭਰੋਸਾ ਨਹੀਂ? ਕਾਂਗਰਸ ਵਿੱਚ ਕਿਸੇ ਵੀ ਅਗਾਂਹਵਧੂ ਲੀਡਰ ਨੂੰ ਅੱਗੇ ਵਧਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ? ਇਹ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਰਹੇਗਾ।