ਰਜਿ: ਨੰ: PB/JL-124/2018-20
RNI Regd No. 23/1979

ਮਾਂ ਦੀ ਮਮਤਾ ਬਿਨਾਂ ਬੋਲਿਆ ਬੋਲ ਪੈਂਦੀ ਹੈ 

BY admin / July 14, 2021
ਪਿਛਲੇ ਦਿਨੀ ਮੈ ਜਲੰਧਰ  ਬੀ ਬੀ ਸੀ ਹਾਰਟ ਕੇਅਰ ਹਸਪਤਾਲ ਵਿੱਚ ਆਪਣਾ ਇਲਾਜ਼ ਕਰਵਾਉਣ ਲਈ ਗਿਆ  .ਉਥੇ  ਉਹਨਾਂ ਨੇ ਟੈਸਟ ਲੈਣ ਤੇ ਉਹਨਾਂ ਨੂੰ ਚੈੱਕ ਕਰਨ ਤੇ ਦੋ ਤਿੰਨ ਦਿਨ ਦਾ ਸਮਾਂ ਲੈ ਲਿਆ .ਤਕਲੀਫ ਭਾਵੇ  ਜਿਆਦਾ ਨਹੀਂ ਸੀ. ਪਰ ਫਿਰ ਵੀ ਗੱਲ ਜਦੋ ਦਿਲ ਦੀ ਆਉਂਦੀ ਹੈ .ਕੋਈ ਮਰੀਜ਼ ਜਾਂ ਡਾਕਟਰ ਰਿਸਕ ਨਹੀਂ ਲੈਂਦਾ  . ਬੇਸ਼ੱਕ ਬਿਮਾਰੀਆਂ ਤਾਂ ਸਾਰੀਆਂ ਹੀ ਭਿਆਨਕ ਹੁੰਦੀਆਂ ਹਨ .ਜਿਹੜੀ ਹੋਈ ਬਿਮਾਰੀ ਉਹ ਚੰਗੀ ਕਿਵੇਂ ਹੋ ਸਕਦੀ ਹੈ .ਪਰ ਦਿਲ ਦਾ ਦੌਰਾ ਕਿਸੇ ਨੂੰ ਵੀ ਪਿਆ ਹੋਵੇ ਉਹ ਸੁਣ ਕੇ ਇਕ ਵਾਰ ਆਦਮੀ ਆਪਣੀ ਗੱਲ ਵੀ ਜ਼ਰੂਰ ਹੀ ਕਰਦਾ ਹੈ .ਜਿਹੜੇ ਤਾਂ ਸਿਆਣੇ ਜਾਂ ਪੈਸੇ ਵਾਲੇ ਹਨ ਉਹ ਤਾਂ ਆਪਣੀ ਚੈਕਿੰਗ ਰੁਟੀਨ ਵਿਚ ਹੀ ਕਰਵਾਉਂਦੇ ਰਹਿੰਦੇ ਹਨ .ਪਰ ਜਿਹੜੇ ਗਰੀਬ ਜਾਂ ਬੇ ਸਮਝ ਹਨ ਉਹ ਇਸ ਦੀ ਪ੍ਰਵਾਹ ਨਹੀਂ ਕਰਦੇ .ਖੈਰ ਇਹ ਤਾਂ ਆਪਣੀ ਆਪਣੀ ਸੋਚ ਤੇ ਨਿਰਭਰ  ਕਰਦਾ ਹੈ .ਹਸਪਤਾਲ ਵਿੱਚ ਚੈਕਿੰਗ ਦੁਰਾਨ ਆਈ ਸੀ ਯੂ ਵਿੱਚ ਮਰੀਜ਼ਾ ਨੂੰ ਰਖਿਆ ਜਾਂਦਾ ਹੈ .ਜਿੱਥੇ ਬਹੁਤ ਸਾਰੀਆਂ ਸਹੂਲਤਾਂ ਮੁਹਇਆ ਕਰਵਾਈਆਂ ਜਾਂਦੀਆਂ ਹਨ .ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਹੀਂ ਆਉਣ  ਦਿਤੀ ਜਾਂਦੀ .ਜਿਹੜ੍ਹਾ ਮਰੀਜ਼ ਬੇਹੋਸ਼ ਹਾਲਤ ਵਿੱਚ ਹੁੰਦਾ ਹੈ ਉਸ  ਨੂੰ ਦੁਨੀਆਂਦਾਰੀ  ਦੀ ਕੋਈ ਹੋਸ਼ ਨਹੀਂ  ਹੁੰਦੀ ਪਰ ਜਿਹੜ੍ਹਾ ਮੇਰੇ ਵਰਗਾ ਚੈਕ ਹੀ ਕਰਵਾਉਣ ਵਾਸਤੇ ਜਾਂਦਾ ਹੈ .ਉਹ ਫਿਰ ਬਿਮਾਰ ਤਾਂ ਨਹੀਂ ਹੁੰਦਾ ਪਰ ਬਿਮਾਰਾਂ ਨੂੰ ਵੇਖ ਬਿਮਾਰ ਜਰੂਰ ਹੋ ਜਾਂਦਾ ਹੈ .ਇੱਕ ਅੱਜਕਲ ਕੋਰੋਨਾ ਦਾ ਡਰ ਹੈ ਜੋ ਹਰ ਇਕ ਵਿਅਕਤੀ ਦੇ ਸਿਰ ਚੜ੍ਹ ਕੇ ਬੋਲਦਾ ਹੈ .ਜਿਆਦਾ ਬੋਲਣਾ ਨਹੀਂ ਕੋਈ ਚੀਜ਼ ਬਾਹਰੋਂ ਨਹੀਂ ਖਾਣੀ ਮੂੰਹ ਢੱਕ ਕੇ ਰੱਖਣਾ .ਜੇ ਕਿਸੇ ਵਿਅਕਤੀ ਨੂੰ ਸੁਭਾਵਿਕ ਹੀ ਖੰਘ ਵੀ ਜਾਵੇ ਤੇ ਸਾਹਮਣੇ ਵਾਲਾ ਝੱਟ ਇਹੋ ਹੀ ਕਹਿ ਦਿੰਦਾ ਹੈ ਭਾਈ ਇਸ ਨੂੰ ਚੈਕ ਕਰਵਾ ਲੈ ਕਿੱਧਰੇ ਕੋਰੋਨਾ ਹੀ ਨਾ ਹੋਵੇ .ਬਸ ਇਹਨਾਂ ਹੀ ਗੱਲਾਂ ਵਿੱਚ ਉਲਝਣ ਪਈ ਰਹਿੰਦੀ ਹੈ .ਕੋਈ ਕਿਸੇ ਨਾਲ ਆਪਣੀ ਦਿਲ ਦੀ ਗੱਲ ਤੇ ਦੁੱਖ ਸੁਖ ਵੀ ਸਾਂਝਾਂ ਨਹੀਂ ਕਰ ਸਕਦਾ .ਕੋਰੋਨਾ ਵੀ ਅਕਸਰ ਬਿਮਾਰੀ ਚਲੀ ਤਾਂ ਹੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ .ਸਾਰਾ ਢਾਚਾਂ ਹੀ ਖਰਾਬ ਹੋ ਗਿਆ ਹੈ .ਰੱਬ ਜਾਣੇ ਪਤਾ ਨਹੀਂ ਇਹ ਕਿੰਨਾ ਚਿਰ ਹੋਰ ਚਲਣਾ ਹੈ .ਤੇ ਇਸ ਨੇ ਕਿਹੜੇ ਕਿਹੜੇ ਹੋਰ ਅਜੇ ਰੰਗ ਵਿਖਾਉਣੇ ਹਨ .ਖੈਰ ਚਲੋ ਛੱਡੋ ਇਹਨਾਂ ਗੱਲਾਂ ਨੂੰ ਜਿਹੜੇ ਵਿਸ਼ੇ ਤੇ ਮੈ ਗੱਲ ਕਰਨ ਜਾ ਰਿਹਾ ਸੀ ਉਹ ਕਰਦੇ ਹਾਂ .ਆਈ ਸੀ ਯੂ ਵਿੱਚ ਮੈ ਜਿਸ ਬਿਸਤਰੇ ਤੇ ਲੇਟਿਆ ਹੋਇਆ ਸੀ .ਉਸ ਦੇ ਬਿਲਕੁਲ ਸਾਹਮਣੇ ਇੱਕ ਸੁਲਤਾਨਪੁਰ ਤੋਂ ਬੀਬੀ ਆਈ .ਜਿਸ ਨੂੰ ਦਿਲ ਦਾ ਦੌਰਾ ਪਿਆ ਤੇ ਰੱਬ ਨੇ ਉਸ ਦੀ ਜਾਨ ਬਖਸ਼ ਦਿੱਤੀ .ਡਾਕਟਰਾਂ ਨੇ ਤੁਰੰਤ ਉਸ ਦਾ ਉਪਰੇਸ਼ਨ ਕਰਕੇ ਉਸ ਨੂੰ ਸਟੰਟ ਪਾ ਦਿੱਤੇ .ਮਰੀਜ਼ ਬੀਬੀ ਨੂੰ ਜਦੋ ਘਰੋਂ ਲੈਕੇ ਹਸਪਤਾਲ ਆਏ .ਉਸ ਸਮੇ ਆਪਣੀ ਮਾਂ ਨੂੰ   ਉਹਨਾਂ  ਦਾ ਇਕਲੌਤਾ ਪੁੱਤਰ  ਹੀ ਲੈ ਕੇ ਆਇਆ ਸੀ . ਇੱਕ ਛੋਟੀ ਭੈਣ ਸੀ ਜੋ ਥੋੜ੍ਹੀ ਦੂਰ ਇਕ ਪਿੰਡ ਵਿੱਚ ਵਿਆਹੀ ਹੋਈ ਸੀ .ਉਸ ਨੂੰ ਟੈਲੀਫੋਨ ਕਰਨ ਦਾ ਵੀ ਸਮਾਂ ਨਹੀਂ ਮਿਲਿਆ .ਦੂਸਰਾ ਕੁੜੀ ਦਾ ਜੀਵਨ ਸਾਥੀ ਅਸਟ੍ਰੇਲੀਆ ਵਿੱਚ ਰਹਿੰਦਾ ਹੈ .ਰਾਤ ਦਾ ਸਮਾਂ ਹੋਣ ਕਰਕੇ ਸ਼ਾਇਦ ਸੋਚਿਆ ਹੋਵੇ ਕਿ ਇੱਕਲੀ ਕਿਵੇਂ ਆਵੇਗੀ .ਦਿਨ ਦੇ ਨੌ ਕੁ ਵਜੇ ਡਾਕਟਰ ਆਪਣਾ ਰਾਊਂਡ ਲਗਾ ਕੇ ਚਲੇ ਜਾਂਦੇ ਹਨ .ਉਸ ਤੋਂ  ਬਾਹਦ ਮਰੀਜ਼ਾ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਦਾ ਮਿਲਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ .ਹਰ ਇਕ ਪਹੁੰਚਿਆ ਹੋਇਆ ਭੈਣ ਭਰਾ ਰਿਸਤੇਦਾਰ ਤੇ ਨਜ਼ਦੀਕੀ ਆਪਣੇ ਮਰੀਜ਼ ਨੂੰ ਮਿਲ ਕੇ ਹੌਸਲਾ ਹੀ ਦਿੰਦਾ ਹੈ .ਬੇਸ਼ਕ ਮਰੀਜ਼ ਕਿਹੜੀ ਮਰਜ਼ੀ  ਕੰਡੀਸ਼ਨ ਵਿੱਚ ਕਿਉਂ ਵੀ ਨਾ ਹੋਵੇ .ਮੈ ਸਾਹਮਣੇ ਬੈਠਾ ਹੋਇਆ ਦਿ੍ਰਸ ਦੇਖ ਰਿਹਾ ਸੀ .ਮੇਰਾ ਬੇਟਾ ਵੀ ਮੈਨੂੰ ਮਿਲ ਕੇ ਹੌਸਲਾ ਦੇ ਕੇ ਬਾਹਰ ਚਲਾ ਗਿਆ .ਇਸੇ ਤਰਾਂ ਵਾਰੀ ਸਾਰੇ ਆਪਣੇ ਮਰੀਜ਼ਾ ਨੂੰ ਮਿਲ ਕੇ ਵਾਪਿਸ ਤੁਰਦੇ ਗਏ .ਲੱਗਭਗ ਮੁਲਾਕਾਤਾਂ ਦਾ ਸਮਾਂ ਵੀ  ਸਮਾਪਤ ਹੋ ਚੁੱਕਾ ਸੀ .ਇੱਕਾ ਦੁੱਕਾ ਹੀ ਰਿਸਤੇਦਾਰ ਮਿਲਣ ਵਾਲੇ ਰਹਿ ਗਏ ਹੋਣੇ ਨੇ ਜਿਹੜ੍ਹੇ ਦੂਰੋਂ ਵਗੈਰਾ ਆਏ ਹੋਣਗੇ .ਪਰ ਜਿਹੜੀ ਬੀਬੀ ਸੁਲਤਾਨਪੁਰ ਤੋਂ ਆਈ ਸੀ ਉਸ ਨੂੰ ਮਿਲਣ ਵਾਸਤੇ ਜਦੋ ਉਸ ਦੀ ਧੀ ਆਈ .ਨਾ ਮਾਂ ਬੋਲੀ ਨਾ ਧੀ ਬੋਲੀ .ਧੀ ਨੇ ਮਾਂ ਦਾ ਹੱਥ ਫੜ ਕੇ ਆਪਣੇ ਕਲੇਜੇ ਨਾਲ ਲਾਇਆ .ਬਸ ਫਿਰ ਕੀ ਗੱਲ ਕਰੀਏ ਉਸ ਧੀ ਰਾਣੀ ਦੇ  ਅੱਖਾਂ ਵਿੱਚੋ ਹੰਝੂਆਂ ਦੀ ਨਹਿਰ ਹੀ ਛੁੱਟ ਪਈ .ਛੱਮ ਛੱਮ ਅੱਖਾਂ ਵਿੱਚੋ ਪਾਣੀ ਵੱਗਦਾ ਰਿਹਾ .ਇਕ ਦੂਜੇ ਵੱਲ ਝਾਕਦੀਆਂ ਰਹੀਆਂ, ਦਿਲ ਦੀਆਂ ਗੱਲਾਂ ਦਿਲ ਨਾਲ ਹੀ ਕਰਦੀਆਂ ਰਹੀਆਂ .ਸਾਰਾ ਆਈ ਸੀ ਯੂ ਦਾ ਮਹੌਲ ਗਮਗੀਨ ਹੋ ਗਿਆ .ਮੇਰਾ  ਬਿਸਤਰਾ ਸਾਹਮਣੇ ਹੋਣ ਕਰਕੇ ਮੈ ਉਹਨਾਂ ਦੀ ਆਪਸੀ ਗਲਬਾਤ ਤਾਂ ਨਾ ਸੁਣ ਸਕਿਆ .ਪਰ ਇਸ ਦਿ੍ਰਸ ਨੇ ਮੇਰਾ ਮਨ ਵੀ ਬਰਫ ਵਾਂਗੂੰ ਪਿੰਗਲਾ ਦਿੱਤਾ .ਉਸ ਵਕਤ ਮੈ ਇਹੋ  ਸੋਚਦਾ ਰਿਹਾ ਕਿ ਪੁੱਤਰ ਵੀ ਅਕਸਰ ਮਾਂ ਦੇ ਪੇਟੋਂ ਜਨਮ ਲੈਂਦੇ ਹਨ .ਧੀਆਂ ਕੋਈ ਜਿਆਦਾ ਨਹੀਂ ,ਪਰ ਜਿਹੜਾ ਪਿਆਰ ਧੀਆਂ ਮਾਪਿਆਂ ਨਾਲ ਕਰਦੀਆਂ ਹਨ .ਇਸ ਦੀ ਮਿਸਾਲ ਦੁਨੀਆਂ ਵਿੱਚੋ ਹੋਰ ਕਿੱਧਰੇ ਨਹੀਂ ਮਿਲ ਸਕਦੀ .ਇਹ ਸੱਚ ਹੈ ਕਿ ਵਾਕਿਆ ਹੀ ਭਾਵੇ ਹਕੀਕਤ ਤੌਰ ਤੇ ਜਦੋ ਮਾਵਾਂ ਧੀਆਂ ਵਿਛੜਨ ਤੋਂ ਪਹਿਲਾਂ ਮਿਲਦੀਆਂ ਨੇ ਕੰਧਾਂ ਨਹੀਂ ਹਿਲਦੀਆਂ ਹੋਣਗੀਆਂ .ਪਰ ਜੋ ਕਿਸੇ ਸਿਆਣੇ  ਨੇ ਕਿਹਾ ਹੈ ਉਹ ਸੌ ਪ੍ਰਤੀਸ਼ਤ ਸੱਚ ਹੈ ਕਿ “ਜਦੋ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੀ ਚੁਬਾਰੇ ਦੀਆਂ ਹਿਲੀਆਂ “.ਧੀਆਂ ਧਿਆਣੀਆਂ ਦਾ ਇਨ੍ਹਾਂ ਪਿਆਰਾ ਰਿਸ਼ਤਾ ਜਿਸ ਨੂੰ  ਅੱਜ ਦੀ ਮਨੁੱਖਤਾ  ਖ਼ਤਮ ਕਰਨ ਤੇ ਤੁਲੀ ਹੋਈ ਹੈ ..ਭਰੂਣ ਹੱਤਿਆ ਕਰਨ ਵਾਲਿਓ ਜ਼ਰਾ ਡੂੰਗੀ ਸੋਚ ਸੋਚੋ .ਕੀ ਸੋਚ ਕੇ ਆਪਣੀ ਸੋਚ ਬਦਲ ਰਹੇ ਹੋ .ਧੀਆਂ ਤੇ ਧਰੇਕਾਂ ਵਿਹੜ੍ਹੇ ਦੀ ਸ਼ਾਨ  ਹੁੰਦੀਆਂ ਨੇ .ਆਪਾਂ ਵੀ ਆਪਣੀ ਸ਼ਾਨ ਵਧਾਈਏ .ਧੀਆਂ ਬਿਨਾਂ ਕੋਈ ਨਹੀਂ ਜੇ ਸਾਰ ਲੈਂਦਾ ਇਸ ਦੁਨੀਆਂ ਅੰਦਰ .ਬੇਸ਼ਕ ਪੁੱਤਰ ਲਖ ਮਿੱਠੜੇ ਮੇਵੇ ਹੋਣ ਪਰ ਧੀਆਂ ਵਰਗਾ ਪਿਆਰ ਨਹੀਂ ਦੇ ਸਕਦੇ ਇਹ ਸੱਚ ਹੈ।
 
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ
ਸੰਪਰਕ - 7589155501