ਰਜਿ: ਨੰ: PB/JL-124/2018-20
RNI Regd No. 23/1979

ਕੀ ਮੋਦੀ ਸਰਕਾਰ ਵਿੱਚ ਗਡਕਰੀ ਨੂੰ ਹੀ ਲੋਕਾਂ ਦੀ ਤਕਲੀਫ਼ ਨਜ਼ਰ ਆਉਂਦੀ ਹੈ?

BY admin / July 14, 2021
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਜ਼ਾਰਤ ਵਿੱਚ ਅਜਿਹੇ ਮੰਤਰੀ ਹਨ ਜੋ ਲੋਕਾਂ ਦੀਆਂ ਤਕਲੀਫ਼ਾਂ ਨੂੰ ਨਾ ਕੇਵਲ ਸਮਝਦੇ ਹਨ ਬਲਕਿ ਸਮੇਂ-ਸਮੇਂ ’ਤੇ ਲੋਕਾਂ ਦੇ ਹੱਕ ਦੀ ਗੱਲ ਵੀ ਕਰਦੇ ਹਨ। ਬੀਤੇ ਦਿਨ ਉਹਨਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਸੰਬੰਧ ਵਿੱਚ ਆਖਿਆ ਕਿ ਤੇਲ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਤੇਲ ਮਹਿੰਗਾ ਹੋਣ ਕਾਰਣ ਲੋਕ ਪਰੇਸ਼ਾਨ ਹਨ ਅਤੇ ਅੰਦੋਲਨ ਕਰ ਰਹੇ ਹਨ। ਗਡਕਰੀ ਦਾ ਬਿਆਨ ਸਿੱਧੇ ਤੌਰ ’ਤੇ ਸਰਕਾਰ ਉਪਰ ਹਮਲਾ ਹੈ। ਉਹ ਜਾਣਦੇ ਹਨ ਕਿ ਉਹਨਾਂ ਦਾ ਬਿਆਨ ਸਰਕਾਰ ਲਈ ਪਰੇਸ਼ਾਨੀ ਪੈਦਾ ਕਰ ਸਕਦਾ ਹੈ ਕਿਉਂਕਿ ਇਹ ਬਿਆਨ ਕਿਸੇ ਵਿਰੋਧੀ ਲੀਡਰ ਦਾ ਨਹੀਂ। ਇਸ ਦੌਰਾਨ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਲੀਡਰ ਪੀ.ਚਿਦੰਬਰਮ ਨੇ ਗਡਕਰੀ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਵਿੱਚ ਗਡਕਰੀ ਹੀ ਅਜਿਹੇ ਮੰਤਰੀ ਹਨ ਜਿਹਨਾਂ ਵਿੱਚ ਆਵਾਜ਼ ਉਠਾਉਣ ਦੀ ਹਿੰਮਤ ਹੈ। ਉਹਨਾਂ ਆਖਿਆ ਕਿ ਗਡਕਰੀ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਹ ਮਾਮਲਾ ਉਠਾਉਣਾ ਚਾਹੀਦਾ ਹੈ। ਗਡਕਰੀ ਨੇ ਜਿਸ ਬੇਬਾਕੀ ਨਾਲ ਤੇਲ ਦੀਆਂ ਕੀਮਤਾਂ ਨੂੰ ਲੈਕੇ ਲੋਕਾਂ ਦੇ ਦਿਲ ਦੀ ਗੱਲ ਆਖੀ ਉਸਤੋਂ ਪਤਾ ਲੱਗਦਾ ਹੈ ਕਿ ਉਹ ਸਰਕਾਰ ਵਿੱਚ ਰਹਿਕੇ ਲੋਕਾਂ ਤੋਂ ਦੂਰ ਨਹੀਂ ਜਦਕਿ ਸੱਤਾ ਦੀ ਕੁਰਸੀ ਉਪਰ ਬੈਠਕੇ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ। ਜਾਂ ਇੰਝ ਕਹੋ ਮੰਤਰੀ, ਲੋਕਾਂ ਵਿੱਚ ਰਹਿਕੇ ਵੀ ਉਹਨਾਂ ਤੋਂ ਦੂਰੀ ਬਣਾਈ ਰੱਖਦੇ ਹਨ। ਮੋਦੀ ਸਰਕਾਰ ਹੀ ਨਹੀਂ, ਸੂਬਾਈ ਸਰਕਾਰਾਂ ਦੇ ਮੰਤਰੀ ਵੀ ਜਾਣਦੇ ਹਨ ਕਿ ਮੌਜੂਦਾ ਦੌਰ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸਦੇ ਬਾਵਜੂਦ ਉਹ ਚੁੱਪ ਹਨ। ਉਹ ਜਾਣਦੇ ਹਨ ਕਿ ਉਹਨਾਂ ਦੇ ਮੂੰਹੋਂ ਨਿੱਕਲਿਆ ਇਕ ਸ਼ਬਦ ਉਹਨਾਂ ਦੀ ਕੁਰਸੀ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਗਡਕਰੀ ਨੂੰ ਜੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਜ਼ਰ ਆਇਆ ਤਾਂ ਮੰਨਣਾ ਪਵੇਗਾ ਕਿ ਸਰਕਾਰ ਵਿੱਚ ਕੋਈ ਹੈ ਜੋ ਸਰਕਾਰ ਦੀ ਛਵੀ ਨੂੰ ਖ਼ਰਾਬ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਕਾਰ ਉਹਨਾਂ ਦੀ ਗੱਲ ਮੰਨਦੀ ਹੈ ਜਾਂ ਨਹੀਂ ਇਹ ਬਾਦ ਦੀ ਗੱਲ ਹੈ ਪਰ ਏਨਾਂ ਜ਼ਰੂਰ ਹੈ ਕਿ ਦੇਸ਼ ਦੀ ਹਾਕਮ ਜਮਾਤ ਵਿੱਚ ਗਡਕਰੀ ਹੀ ਹਨ ਜਿਹਨਾਂ ਦੀ ਜ਼ਮੀਰ ਸਲਾਮਤ ਹੈ। ਦੇਸ਼ ਭਰ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੈਕੇ ਪੋ੍ਰਟੈਸਟ ਹੁੰਦਾ ਰਹਿੰਦਾ ਹੈ। ਅੱਜ ਹਾਲਤ ਇਹ ਹੈ ਕਿ ਪੰਜਾਬ ਵਿੱਚ ਟਰਾਂਸਪੋਰਟ, ਖ਼ਾਸ ਤੌਰ ’ਤੇ ਬੱਸ ਕੰਪਨੀਆਂ ਲਈ ਆਪਣਾ ਕਾਰੋਬਾਰ ਜਾਰੀ ਰੱਖਣਾ ਮੁਸ਼ਕਿਲ ਹੋ ਗਿਆ ਹੈ। ਡੀਜ਼ਲ ਮਹਿੰਗਾ ਹੋਣ ਕਾਰਣ ਬੱਸਾਂ ਦੀ ਗਿਣਤੀ ਅੱਧੀ ਰਹਿ ਗਈ ਹੈ। ਮੱਧ ਵਰਗ ਦੇ ਲੋਕਾਂ ਨੂੰ ਸਕੂਟਰ ਅਤੇ ਮੋਟਰ ਸਾਈਕਲ ਦੀ ਸਵਾਰੀ ’ਤੇ ਲਗਾਮ ਲਗਾਉਣੀ ਪੈ ਗਈ ਹੈ। ਜ਼ਰੂਰੀ ਚੀਜ਼ਾਂ ਦੀ ਢੋਆ ਢੁਆਈ ਦਾ ਖ਼ਰਚਾ ਵਧਣ ਕਾਰਣ ਮਹਿੰਗਾਈ ਵਿੱਚ ਭਾਰੀ ਵਾਧਾ ਹੋਇਆ ਹੈ। ਪੂਰੇ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੇ ਗੁੱਸੇ ਦੀ ਝਲਕ ਇਲੈਕਟ੍ਰਾਨਿਕ ਅਤੇ ਪਿੰ੍ਰਟ ਮੀਡੀਆ ਵਿੱਚ ਰੋਜ਼ ਵੇਖਣ ਨੂੰ ਮਿਲ ਰਹੀ ਹੈ। ਏਨਾ ਕੁੱਝ ਹੋਣ ਦੇ ਬਾਵਜੂਦ ਸਰਕਾਰ ਖਾਮੋਸ਼ ਹੈ। ਕੇਵਲ ਗਡਕਰੀ ਨੇ ਹੀ ਇਹ ਮੁੱਦਾ ਉਠਾਇਆ ਹੈ। ਕੀ ਮੋਦੀ ਸਰਕਾਰ ਨੂੰ ਫ਼ਰਜ਼ ਦਾ ਅਹਿਸਾਸ ਕਰਵਾਉਣ ਦੀ ਜ਼ਿੰਮੇਦਾਰੀ ਗਡਕਰੀ ਦੀ ਹੈ? ਵੇਖਿਆ ਜਾਵੇ ਤਾਂ ਗਡਕਰੀ ਨੇ ਲੋਕਾਂ ਦੇ ਦਿਲ ਦੀ ਗੱਲ ਕਹਿਕੇ ਸਰਕਾਰ ਨੂੰ ਚੌਕਸ ਕੀਤਾ ਹੈ। ਮੰਤਰੀ ਮੰਡਲ ਵਿੱਚ ਫੇਰ ਬਦਲ ਕਰਨ ਅਤੇ ਕੁੱਝ ਮੰਤਰੀਆਂ ਦੀ ਛਾਂਟੀ ਕਰਨ ਨਾਲ ਮਸਲੇ ਹੱਲ ਨਹੀਂ ਹੁੰਦੇ। ਮਸਲੇ ਹੱਲ ਕਰਨ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਜ਼ਰੂਰੀ ਹੈ। ਦਰਅਸਲ ਗਡਕਰੀ ਨੇ ਆਪਣੀ ਇਕੋ ਗੱਲ ਨਾਲ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਬੁਨਿਆਦ ਹਿੱਲਾ ਦਿਤੀ ਹੈ। ਵੇਖਣਾ ਹੋਵੇਗਾ ਕਿ ਸਰਕਾਰ ਇਸ ਦਿਸ਼ਾ ਵੱਲ ਕੀ ਕਾਰਵਾਈ ਕਰਦੀ ਹੈ ਕਿਉਂਕਿ ਤੇਲ ਦਾ ਮਸਲਾ ਜੇਕਰ ਹੱਲ ਨਾ ਹੋਇਆ ਤਾਂ ਲੋਕਾਂ ਦੀ ਵਧ ਰਹੀ ਨਾਰਾਜ਼ਗੀ ਸਰਕਾਰ ਲਈ ਵੱਡੀ ਪਰੇਸ਼ਾਨੀ ਦਾ ਕਾਰਣ ਬਣ ਸਕਦੀ ਹੈ।