ਰਜਿ: ਨੰ: PB/JL-124/2018-20
RNI Regd No. 23/1979

ਖੁੰਢ ਚਰਚਾ (ਪਿੰਡ ਦੀ ਸੱਥ)

BY admin / July 15, 2021
ਹਰ ਰੋਜ ਵਾਂਗ ਹੌਲੀ ਹੌਲੀ ਲੋਕ ਰੋਟੀ ਟੁੱਕ ਖਾ ਵਿਹਲੇ ਹੋ ਕੇ ਪਿੰਡ ਦੀ ਸੱਥ ਵਿੱਚ ਵਿਹਲੇ ਲੋਕ ਜੁੜ ਰਹੇ ਸਨ ਜਿਥੇ ਹਰ ਦਿਨ ਨਵੇਂ ਮੁੱਦੇ ਤੇ ਬਹਿਸ ਹੁੰਦੀ ਸੀ, ਦੂਜੇ ਪਾਸੇ ਬੋਹੜ ਹੇਠਾਂ ਤਾਸ਼ ਖੇਡਣ ਦੇ ਸ਼ੌਕੀਨ ਥੜੇ ਉਤੇ ਕਪੜਾ ਵਿੱਛਾਕੇ ਆਪਣੀ ਤਿਆਰੀ ਵਿੱਚ ਸਨ।ਬੋਹੜ ਦੇ ਨਾਲ ਪਏ ਖੁੰਢ ਤੇ ਬਹਿਸ ਸੁਣਨ ਦੇ ਚਾਹਵਾਨ ਵੀ ਸੁੱਖੇ ਅਮਲੀ ਤੇ ਖੂੰਡੇ ਵਾਲੇ ਕੈਪਟਨ ਬਾਬੇ ਨੂੰ ਉਡੀਕ ਰਹੇ ਸਨ।
 ਲਓ ਵੀ ਸੁੱਖਾ ਅਮਲੀ ਤਾਂ ਪਹੁੰਚ ਗਿਆ ਇਕ ਨੌਜਵਾਨ ਨੇ ਆਉਦੇ ਅਮਲੀ ਵੱਲ ਇਸਾਰਾ ਕਰਕੇ ਕਿਹਾ, ਸੁੱਖੇ ਅਮਲੀ ਦਾ ਅਸਲ ਨਾਮ ਤਾਂ ਹੋਰ ਸੀ ਪਰ ਅਕਾਲੀ ਪਾਰਟੀ ਦਾ ਪੱਕਾ ਹਿਮੈਤੀ ਹੋਣ ਕਾਰਣ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਸਾਲਾ ਲਾ ਕੇ ਦੱਸਣ ਕਾਰਣ ਸਾਰੇ ਉਸ ਨੂੰ ਸੁੱਖਾ ਅਮਲੀ ਕਹਿਣ ਲੱਗ ਪਏ ਸਨ,
ਆ ਬਈ ਅਮਲੀਆ ਅੱਜ ਬੜੀ ਦੇਰ ਕਰਤੀ,
ਉਏ ਮੈ ਸੋਡੇ ਵਰਗਾ ਵਿਹਲਾ ਥੋੜਾ ਐ, ਸੌ ਕੰਮ ਹੁੰਦੇ ਐ।
ਲਓੁ ਵੀ ਬਾਬਾ ਕੈਪਟਨ ਵੀ ਆ ਗਿਆ, ਇਕ ਮੁੰਡੇ ਨੇ ਸਾਰਿਆਂ ਦਾ ਧਿਆਨ ਖਿਚਦਿਆਂ ਕਿਹਾ,
ਲਓੁ ਜੀ ਆਮ ਪਾਰਟੀ ਵਾਲਾ ਫ਼ੌਜੀ ਵੀ ਆ ਗਿਆ ਹੁਣ ਫ਼ਸਣਗੇ ਕੁੰਢੀਆਂ ਦੇ ਸਿੰਗ,
ਬਾਬਾ ਕੈਪਟਨ ਥੜੇ ਤੇ ਆ ਬੈਠਾ ਅਤੇ ਅਮਲੀ ਖੁੰਢ ਕੋਲ ਪੈਰਾਂ ਭਾਰ ਆ ਬੈਠਿਆ ਜਦੋਂ ਕਿ ਫ਼ੌਜੀ ਵੀ ਸਾਰੇ ਸੱਥ ਸਭਾ ਮੈਂਬਰਾ ਕੋਲ ਆ ਖੜਾ ਹੋਇਆ।
ਇਕ ਨੌਜਵਾਨ ਨੇ ਫ਼ੌਜੀ ਨੂੰ ਕੇਜਰੀ ਵਾਲ ਦੇ ਤਿੰਨ ਸੌ ਯੂਨਿਟ ਮਾਫ਼ੀ ਬਾਰੇ ਮਸਲਾ ਛੇੜ ਦਿੱਤਾ ਫਿਰ ਕੀ ਸੀ , ਫ਼ੌਜੀ ਦੇ ਬੋਲਣ ਤੋਂ ਪਹਿਲਾ ਹੀ ਬਾਬਾ ਕੈਪਟਨ ਬੋਲਿਆ ਸਭ ਝੂਠ ਲੋਕਾਂ ਨੂੰ ਬੁੱਧੂ ਬਣਾਉਦੈ ਵੋਟਾਂ ਲੇਣ ਲਈ ਦਾਅ ਖੇਡਦੈ,
ਫ਼ੌਜੀ ਤੋ ਰਿਹਾ ਨਾ ਗਿਆ, ਆ ਤੇਰੀ ਕੈਪਟਨ ਸਰਕਾਰ ਨੇ ਨੀ ਪਿੱਛਲੀ ਵਾਰ ਦਾਅ ਖੇਡਿਆ ਝੂਠੀਆਂ ਸੌਂਹਾਂ ਖਾ ਕੇ ਗੁੱਟਕਾ ਸਾਹਿਬ ਦੀਆਂ ਕਿ ਮੈ ਬੇਅਦਬੀ ਮਾਮਲੇ ਦਾ ਇਨਸਾਫ਼ ਦੇਊ, ਘਰ ਘਰ ਨੌਕਰੀ , ਚਾਰ ਹਫ਼ਤੇ ਚ ਨਸ਼ੇ ਦਾ ਲੱਕ ਤੋੜ ਦਿਊ,ਰੇਤ ਮਾਫ਼ੀਆ ਖ਼ਤਮ ਕਰ ਦਿਊ ਸਾਢੇ ਚਾਰ ਸਾਲਾਂ ਵਿੱਚ ਕੀ ਕੀਤਾ ਇਹ ਬਾਦਲ ਕੈਪਟਨ ਸਭ ਇੱਕ ਬਾੜੀ ਦੇ ਵੱਛੇ ਹਨ ਇਹ ਰਲ ਮਿਲ ਕੇ ਵਾਰੀ ਨਾਲ ਸੱਤਰ ਸਾਲ ਤੋਂ ਲੋਕਾਂ ਨੂੰ ਬੁੱਧੂ ਬਣਾ ਉਤਰ ਕਾਟੋ ਮੈ ਚੜ੍ਹਾਂ ਵਾਲੀ ਨੀਤੀ ਖੇਡਦੇ ਆਉਦੇ ਹਨ।
ਹੁਣ ਅਮਲੀ ਦਾ ਨਸ਼ਾ ਵੀ ਖਿੜ ਗਿਆ ਸੀ , ਬੋਲਿਆ ਉਏ ਸਾਡੇ ਪ੍ਰਧਾਨ ਦੀ ਕੀ ਰੀਸ ਕਰੋਗੇ ਉਹਨੇ ਜੋ ਕਿਹਾ ਕਰ ਕੇ ਦਿਖਾਇਆ ਪਾਣੀ ਚ ਬੱਸ ਚਲਾਉਣ ਨੂੰ ਕਿਹਾ ਚਲਾਈਆਂ ਕਿ ਨਾ,ਸਾਨੂੰ ਅਮਲੀਆਂ ਨੂੰ ਨਸ਼ੇ ਦੀ ਖੁੱਲ੍ਹ ਸੀ ਬਿਜਲੀ ਦੀ ਕੋਈ ਕੁੰਡੀ ਨਹੀ ਸੀ ਫੜਦਾ, ਘਰਦੀ ਕੱਢੀ ਦਾਰੂ ਆਮ ਸੀ ਮਜਾਲ ਐ ਪੁਲਿਸ ਵਾਲੇ ਝਾਕ ਵੀ ਜਾਦੇਂ, ਬਈ ਹੁਣ ਤਾਂ ਸਾਡੇ ਪ੍ਰਧਾਨ ਨੇ ਇਕ ਹੋਰ ਐਲਾਣ ਕਰ ਦਿੱਤਾ ਕਿ ਮੈ ਚੰਦ ਤੇ ਪਲਾਟ ਕੱਟ ਕੇ ਦੇਵਾਗਾ ਜੇ ਸਾਡੀ ਸਰਕਾਰ ਆ ਗਈ, ਬਈ ਆਪਾਂ ਤਾਂ ਪ੍ਰਧਾਨ ਨੂੰ ਕਹਿਤਾ ਬਈ ਚੰਦ ਤੇ ਪੁਲਿਸ ਨਾ ਹੋਵੇ ਅਸੀ ਉਥੇ ਡੋਡੇ ਬੀਜ਼ ਕੇ ਸੁਰਗਾਂ ਦੇ ਅਨੰਦ ਲੈਣੇ ਆ।
ਸਾਰੇ ਅਮਲੀ ਦੀ ਗੱਲ ਤੇ ਹੱਸ ਪਏ, ਫ਼ੋਜੀ ਨੇ ਕਿਹਾ ਅਮਲੀਆ ਤੇਰੀ ਤਾਂ ਉਹ ਗੱਲ੍ਹ ਐ ਚੰਦ ਤੇ ਪਲਾਟ ਫਿਰੇ ਲੈਣ ਨੂੰ, ਜੇਬ ਵਿੱਚ ਭਾਨ ਖੜਕੇ।
ਭਾਈ ਸਾਹਿਬ ਸਾਨੂੰ ਭਾਨ ਦੀ ਕੀ ਲੋੜ ਐ ਪਾਰਟੀ ਵਰਕਰਾਂ ਨੂੰ ਮੁੱਫਤ ਪਲਾਟ ਦਿੱਤੇ ਜਾਣਗੇ।
ਓ ਅਮਲੀਆ ਐਵੇ ਨਾ ਝੂਠੀਆਂ ਤਾਰੀਫ਼ਾ ਦੇ ਪੁੱਲ ਬੰਨ ਅੱਗੇ ਤੇਰੀ ਪਾਰਟੀ ਸਾਰਾ ਪੰਜਾਬ ਲੁੱਟ ਕੇ ਖਾ ਗਈ , ਰੇਤ ਮਾਫ਼ੀਆ ਇੰਨਾਂ ਦਾ, ਸਰਾਬ ਦਾ ਕਾਰੋਬਾਰ ਆਪਣੇ ਬੰਦਿਆਂ ਕੋਲ, ਟਰਾਸਪੋਰਟ ਤਾਂ ਇਹਨਾਂ ਦੀ ਹਰੇਕ ਕਾਰੋਬਾਰ ਵਿੱਚ ਹਿਸੇਦਾਰੀ, ਵੋਟਾਂ ਖ਼ਾਤਰ ਬੇਅਦਬੀ ਦੇ ਦੋਸ਼ੀ ਇਹਨਾਂ ਬਚਾਏ ਹੁਣ ਉਹੀ ਕੁਛ ਕੈਪਟਨ ਨੇ ਸਾਭ ਲਿਆ ਚਾਰ ਸਾਲਾਂ ਚ ਡੰਕਾ ਭੰਨ ਕੇ ਦੂਹਰਾ ਨਹੀ ਕੀਤਾ ਹੁਣ ਵੋਟਾਂ ਲੈਣ ਲਈ ਆਪਸ ਵਿੱਚ ਦੂਸ਼ਣ ਬਾਜ਼ੀ ਦੇ ਡਰਾਮੇ ਕਰਕੇ ਲੋਕਾਂ ਨੂੰ ਬੁੱਧੂ ਬਣਾਉਣਾ ਚਾਹੁੰਦੇ ਆ, ਪਰ ਹੁਣ ਲੋਕ ਇਹਨਾਂ ਦੀਆਂ ਗੱਲਾਂ ਵਿਚ ਨਹੀਂ ਆਉਦੇ।
ਬਾਬੇ ਕੈਪਟਨ ਨੇ ਖੁੰਡਾ ਥੱਲੇ ਮਾਰਦਿਆਂ ਕਿਹਾ ਉਏ ਫ਼ੌਜੀਆ ਥੋਨੂ ਤਾਂ ਅਕਲ ਹੀ ਨਹੀ ਹੁੰਦੀ, ਜਾਦੇਂ ਦੀ ਅਕਲ ਖੋਹ ਲੈਦੇ ਆ ਆਉਦੇ ਦੀ ਰਫ਼ਲ, ਭਲਾਂ ਰਾਜੇ ਵਰਗਾ ਰਾਜ ਕੋਣ ਕਰ ਸਕਦੇ, ਬੁੜੀਆਂ ਦਾ ਕਿਰਾਇਆ ਫਰੀ ਕਰਤਾ, 200 ਯੂਨਿਟ ਬਿਜਲੀ ਮਾਫ਼ ਹੁਣ ਦਸ ਹਜਾਰ ਮੁੰਡਾ ਪੁਲਿਸ ਵਿੱਚ ਭਰਤੀ ਕਰਨੈ ਲੱਖਾਂ ਨੌਕਰੀਆਂ ਪ੍ਰਾਈਵੇਟ ਅਦਾਰਿਆਂ ਵਿੱਚ ਮੇਲੇ ਲਾ ਕੇ ਦਿੱਤੀਆਂ ਹੋਰ ਥੋਨੂ ਕੀ ਦੇ ਦੇਵੇ।
ਫ਼ੌਜੀ ਤੋਂ ਰਿਹਾ ਨਾ ਗਿਆ, ਆਹੋ ਰੋਜ਼ ਤਾਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਰੋਜਗਾਰ ਮੰਗਦਿਆਂ ਨੂੰ ਛੱਲੀਆਂ ਵਾਗ ਡਾਗਾਂ ਨਾਲ ਭੰਨਦੀ ਪੁਲਿਸ, ਇਹੋ ਕੰਮ ਪਹਿਲਾਂ ਬਾਦਲ ਸਰਕਾਰ ਦਾ ਸੀ ਨੰਨ੍ਹੀ ਛਾ ਦੀ ਆਮਦ ਤੇ ਅਕਾਲੀ ਸਰਪੰਚਾਂ ਵੱਲੋਂ ਆਪ ਬੇ-ਰੁਜ਼ਗਾਰ ਕੁੜੀਆਂ ਦੇ ਥੱਪੜ ਮਾਰ ਚੁੰਨੀਆਂ ਲਾਹ, ਵਾਲ ਪੁੱਟੇ ਜਾਦੇਂ ਰਹੇ ਐ ਉਹ ਵੀ ਬਾਦਲਾਂ ਦੀ ਹਾਜ਼ਰੀ ਵਿੱਚ,ਪਰ ਲੋਕ ਛੇਤੀ ਭੁੱਲ ਜਾਦੇਂ ਆ ਉਹੀ ਬਾਦਲ ਕਿਸਾਨਾਂ ਨੂੰ ਵਿਹਲੜ ਅਤੇ ਘਰੋਂ ਕੱਢੇ ਕਹਿਦਾ ਹੁੰਦਾ ਸੀ ਹੁਣ ਕਿਸਾਨਾਂ ਦਾ ਖ਼ੈਰਗਾਹ ਬਣਦੈ, ਹੁਣ ਕੈਪਟਨ ਦੀ ਨਿੰਦਾ ਕਰਦੇ ਐ ਜਿਹੜਾ ਕੁਝ ਆਪ ਕੀਤਾ ਉਹ ਭੁੱਲ ਗਏ। ਹਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀ ਵਿਗੜਿਆ ਜੇ 2022 ਵਿੱਚ ਲੋਕ ਆਮ ਪਾਰਟੀ ਦਾ ਸਾਥ ਦੇਣ ਤਾਂ ਸੱਤਰ ਸਾਲ ਦੀ ਲੁੱਟ-ਘਸੁੱਟ ਦੀ ਰਾਜਨੀਤੀ ਤੋਂ ਖਹਿੜਾ ਛੁਡਾਇਆ ਜਾਵੇ।
ਸਾਰਿਆਂ ਨੇ ਕਿਹਾ ਬਈ ਗੱਲ੍ਹ ਤਾਂ ਫ਼ੌਜੀ ਦੀ ਠੀਕ ਐ ਇਕ ਵਾਰ ਇਹਨਾਂ ਨੂੰ ਵੀ ਮੌਕਾ ਦੇਣਾ ਚਾਹੀਦੈ, ਚਲੋ ਵੀ ਹੁਣ ਚਾਹ ਦਾ ਵੇਲਾ ਹੋ ਗਿਆ ਹੈ ਹੁਣ ਸਭਾ ਦੀ ਸਮਾਪਤੀ ਹੈ ਬਾਕੀ ਹੁਣ ਕੱਲ੍ਹ ਤੇ ਛੱਡ ਦਿੰਦੇ ਹਾਂ ਇੰਨਾ ਕਹਿ ਕੇ ਸਭਾ ਦੀ ਸਮਾਪਤੀ ਹੁੰਦੀ ਹੈ।
 

ਚਰਨਜੀਤ ਸਿੱਧੂ ਨਥਾਣਾ
ਸੰਪਰਕ - 99156 13844