ਰਜਿ: ਨੰ: PB/JL-124/2018-20
RNI Regd No. 23/1979

ਆਇਆ ਸਾਉਣ ਮਹੀਨਾ ਕੁੜੀਓ

BY admin / July 15, 2021
ਸਾਉਣ ਮਹੀਨੇ ਦੀ ਆਮਦ ’ਤੇ ਵਿਸ਼ੇਸ਼
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਸਕਿ੍ਰਤ ਦੇ ਸ਼੍ਰਾਵਣ, ਸੰਗਿਆ-ਸ਼੍ਰਵਣ, ਨਛਤ੍ਰ ਹੋਵੇ ਜਿਸ ਦੀ ਪੂਰਨਮਾਸ਼ੀ ਵਿੱਚ ਐਸਾ ਮਹੀਨਾ ਹੈ ਸਾਉਣ।
ਸਾਡੇ ਲੋਕ ਸੱਭਿਆਚਾਰ ਵਿੱਚ ਸਾਉਣ ਦੇ ਮਹੀਨੇ ਨੂੰ ਗਿੱਧਿਆਂ ਦੀ ਰੁੱਤ ਕਰਕੇ ਜਾਣਿਆ ਜਾਂਦਾ ਹੈ। ਇਹ ਮਹੀਨਾ ਇੱਕ ਅਜਿਹਾ ਮਹੀਨਾ ਹੈ ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਕਈ ਗੱਲਾਂ ਆ ਜਾਂਦੀਆਂ ਹਨ। ਜਿਵੇਂ ਸਾਉਣ ਦੀ ਝੜੀ ਜੋ ਫ਼ਸਲ ਲਈ ਲਾਭਦਾਇਕ ਹੈ। ਬਾਰਸ਼ ਪੈਣ ਨਾਲ ਫ਼ਸਲਾਂ ਹਰੀਆਂ-ਭਰੀਆਂ ਲੱਗਣ ਲੱਗ ਜਾਂਦੀਆਂ ਹਨ। ਸੁੱਕੇ ਦਰਖ਼ਤ, ਘਾਹ ਹਰੇ ਹੋ ਜਾਂਦੇ ਹਨ। ਦਰਖ਼ਤਾਂ ਦੀ ਮਿੱਟੀ ਬਾਰਸ਼ ਪੈਣ ਨਾਲ ਝੜ ਜਾਂਦੀ ਹੈ। ਜੇਠ-ਹਾੜ ਦੀਆਂ ਧੁੱਪਾਂ ਦੇ ਝੁਲਸੇ ਹੋਏ ਪਸ਼ੁੂ-ਪੰਛੀ ਅਤੇ ਮਨੁੱਖ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਣ ਨਾਲ ਰਾਹਤ ਮਹਿਸੂਸ ਕਰਦੇ ਹਨ। ਸਾਉਣ ਮਹੀਨੇ ਦੀ ਆਮਦ ਤੇ ਭਾਵੇਂ ਸਾਰੇ ਭਾਰਤ ਵਿੱਚ ਖ਼ੁਸ਼ੀ ਮਨਾਈ ਜਾਂਦੀ ਹੈ ਪਰ ਪੰਜਾਬ ਵਿੱਚ ਇਹ ਮਹੀਨਾ ਬਹੁਤ ਪਿਆਰਾ ਹੈ। ਪੰਜਾਬ ਵਿੱਚ ਇਸ ਮਹੀਨੇ ਮੇਲੇ ਲੱਗਦੇ ਹਨ। ਕਬੱਡੀ ਦੇ ਮੁਕਾਬਲੇ, ਪਹਿਲਵਾਨਾਂ ਦੇ ਘੋਲ (ਕੁਸ਼ਤੀਆਂ) ਮੇਲਿਆਂ ਦੀ ਖਿੱਚ ਹੁੰਦੇ ਹਨ। ਢੋਲ ਦੇ ਡੱਗੇ ਤੇ ਗੱਭਰੂਆਂ ਦਾ ਭੰਗੜਾ ਧਰਤੀ ਹਿਲਾ ਦਿੰਦਾ ਹੈ।
ਇਹ ਮਹੀਨਾ ਮੁਟਿਆਰਾਂ ਦੇ ਪ੍ਰਸਿੱਧ ਤਿਉਹਾਰ ‘ਤੀਆਂ ਦੇ ਤਿਉਹਾਰ’ ਵਜੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਆਰੰਭ ਸਾਉਣ ਮਹੀਨੇ ਦੀ ਮੱਸਿਆ ਤੋਂ ਬਾਅਦ ਤੀਜ ਤੋਂ ਹੁੰਦਾ ਹੈ ਤੇ ਪੁੰਨਿਆ (ਰੱਖੜੀ) ਤੱਕ ਚੱਲਦਾ ਹੈ। ਤੀਆਂ ਤੋਂ ਕੁਝ ਦਿਨ ਪਹਿਲਾਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਉਹਨਾਂ ਦੇ ਵੀਰ ਸਹੁਰੇ ਘਰ ਤੋਂ ਲੈ ਕੇ ਆਉਂਦੇ ਹਨ। ਜੇਕਰ ਕਿਸੇ ਬਦਨਸੀਬ ਭੈਣ ਦਾ ਵੀਰ ਕਿਸੇ ਕਾਰਨ ਤੀਆਂ ’ਤੇ ਆਪਣੀ ਭੈਣ ਨੂੰ ਲੈਣ ਨਹੀਂ ਆਉਂਦਾ ਤਾਂ ਉਸ ਨੂੰ ਆਪਣੀ ਸੱਸ ਦੇ ਤਾਹਨੇ ਮਿਹਣੇ ਸੁਣਨੇ ਪੈਂਦੇ ਹਨ।
ਤੈਨੂੰ ਤੀਆਂ ਤੇ ਲੈਣ ਨਾ ਆਏ,
ਨੀ ਬਹੁਤਿਆਂ ਭਰਾਵਾਂ ਵਾਲੀਏ।
ਜਿਹੜੀਆਂ ਕੁੜੀਆਂ (ਮੁਟਿਆਰਾਂ) ਸੁਹਰੇ ਘਰ ਹੀ ਰਹਿੰਦੀਆਂ ਹਨ। ਪੇਕੇ ਘਰ ਕਿਸੇ ਮਜਬੂਰੀ ਕਾਰਨ ਨਹੀਂ ਜਾ ਸਕਦੀਆਂ। ਉਹਨਾਂ ਨੂੰ ਮਾਂ-ਪਿਉ, ਭਰਾਵਾਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ। ਜਿਸ ਵਿੱਚ ਮਠਿਆਈ, ਕੱਪੜੇ, ਮੱਠੀਆਂ, ਗੁਲਗੁਲੇ, ਚੂੜੀਆਂ, ਮਹਿੰਦੀ, ਰੇਸ਼ਮੀ ਪਰਾਂਦਾ, ਡੋਰੀ, ਗਹਿਣੇ ਅਤੇ ਹੋਰ ਸ਼ਿੰਗਾਰ ਦਾ ਸਮਾਨ ਦਿੱਤਾ ਜਾਂਦਾ ਹੈ। ਪਹਿਲਾਂ ਲੋਕ ਘਰਾਂ ਵਿੱਚ ਹੀ ਮੱਠੀਆਂ, ਲੱਡੂ ਤੇ ਹੋਰ ਪਕਵਾਨ ਬਣਾ ਕੇ ਭੇਜਦੇ ਸਨ। ਪਰ ਅੱਜ-ਕੱਲ੍ਹ ਤਾਂ ਮਠਿਆਈ ਬਜ਼ਾਰ ਦੀ ਹੀ ਦਿੱਤੀ ਜਾਂਦੀ ਹੈ। ਅੱਜ ਕਿਸੇ ਕੋਲ ਇਤਨਾ ਸਮਾਂ ਹੀ ਨਹੀਂ ਹੈ ਕਿ ਉਹ ਘਰ ਵਿੱਚ ਪਕਵਾਨ ਤਿਆਰ ਕਰ ਸਕਣ। ਪਰ ਫਿਰ ਵੀ ਕੁਝ ਬਜ਼ੁਰਗ ਔਰਤਾਂ ਪੁਰਾਣੇ ਰੀਤੀ-ਰਿਵਾਜ਼ਾਂ ਅਨੁਸਾਰ ਘਰ ਵਿੱਚ ਹੀ ਕੁਝ ਮਠਿਆਈਆਂ ਤੇ ਹੋਰ ਪਕਵਾਨ ਤਿਆਰ ਕਰਕੇ ਪੀਪੇ ਵਿੱਚ ਪਾ ਕੇ ਸਿਰ ਤੇ ਰੱਖ ਕੇ ਆਪਣੀ ਧੀ ਨੂੰ ਦੇਣ ਜਾਂਦੀਆਂ ਹਨ। ਮੁਟਿਆਰ ਨੂੰ ਉਪਰੋਕਤ ਵਸਤਾਂ ਦੇਖ ਕੇ ਚਾਅ ਚੜ੍ਹ ਜਾਂਦਾ ਹੈ ਤੇ ਉਹ ਗਿੱਧੇ ’ਚ ਨੱਚਦੀ ਪੇਕੇ ਘਰੋਂ ਆਈ ਸੌਗਾਤ ਦਾ ਜ਼ਿਕਰ ਇੰਝ ਕਰਦੀ ਹੈ।
ਆਇਆ ਸਾਉਣ ਮਹੀਨਾ ਕੁੜੀਓ, ਲੈ ਕੇ ਠੰਢੀਆਂ ਹਵਾਵਾਂ।
ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ, ਮਾਰ ਅੱਡੀ ਛਣਕਾਵਾਂ।
ਖੱਟਾ ਡੋਰੀਆ ਉੱਡ-ਉੱਡ ਜਾਂਦਾ, ਜਦ ਮੈਂ ਪੀਂਘ ਚੜ੍ਹਾਵਾਂ।
ਸਾਉਣ ਦਿਆ ਬੱਦਲਾ ਵੇ, ਮੈਂ ਤੇਰਾ ਜਸ ਗਾਵਾਂ।  
ਤੀਆਂ ਦੇ ਤਿਉਹਾਰ ਮੌਕੇ ਕੁੜੀਆਂ, ਮੁਟਿਆਰਾਂ ਪੈਰਾਂ ਤੋਂ ਸਿਰ ਤੱਕ ਖੂਬ ਸੱਜ-ਧੱਜ ਕੇ ਪੀਂਘਾਂ ਝੂਟਣ ਤੇ ਗਿੱਧਾ ਪਾਉਣ ਲਈ ਇਕੱਠੀਆਂ ਹੁੰਦੀਆਂ ਹਨ। ਮਾਂ-ਬਾਪ ਦੇ ਘਰ ਆਈ ਆਜ਼ਾਦੀ ਮਹਿਸੂਸ ਕਰਦੀਆਂ ਹਨ। ਪਿੰਡ ਤੋਂ ਬਾਹਰ ਕਿਸੇ ਖੁੱਲ੍ਹੀ ਜਗ੍ਹਾ ਤੇ ਉਹ ਨੱਚਦੀਆਂ ਟੱਪਦੀਆਂ, ਹੱਸਦੀਆਂ-ਖੇਡਦੀਆਂ, ਪੀਂਘਾਂ ਝੂਟਦੀਆਂ ਤੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਗਿੱਧਾ ਪਾਉਂਦੀਆਂ ਹਨ। ਉਹ ਇੱਕ ਮਿੰਟ ਵੀ ਅੱਕਦੀਆਂ ਜਾਂ ਥੱਕਦੀਆਂ ਨਹੀਂ। 
ਅੱਜ ਤੋਂ 35-40 ਸਾਲ ਪਹਿਲਾਂ ਕੋਟਕਪੂਰਾ (ਫ਼ਰੀਦਕੋਟ) ਸ਼ਹਿਰ ਵਿੱਚ ਫਰਮਾਂਹ ਵਾਲੇ ਡੇਰੇ ਕੋਲ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਲੜਕੀਆਂ, ਔਰਤਾਂ ਪੀਂਘਾਂ ਝੂਟਦੀਆਂ, ਕਿੱਕਲੀ ਪਾਉਂਦੀਆਂ, ਕੋਟਲਾ-ਛਪਾਕੀ ਤੇ ਹੋਰ ਖੇਡਾਂ ਖੇਡ ਕੇ ਮਨਪ੍ਰਚਾਵਾ ਕਰਦੀਆਂ ਸਨ। ਸ਼ਾਮ ਨੂੰ 3-4 ਵਜੇ ਮੇਲਾ ਸ਼ੁਰੂ ਹੋ ਕੇ ਰਾਤ ਦੇ 11-12 ਵਜੇ ਤੱਕ ਖੂਬ ਰੌਣਕਾਂ ਹੁੰਦੀਆਂ ਸਨ। ਲੜਕੀਆਂ, ਔਰਤਾਂ, ਛੋਟੇ-ਛੋਟੇ ਬੱਚੇ ਤੇ ਨੌਜਵਾਨ ਮੁੰਡੇ ਮੇਲੇ ਵਿੱਚ ਖੂਬ ਸੱਜ-ਸੰਵਰ ਕੇ ਆਉਂਦੇ ਸਨ। ਪਹਿਲਾਂ ਤੀਆਂ ਦੇ ਤਿਉਹਾਰ ਵਿੱਚ ਲੜਕੇ-ਲੜਕੀਆਂ ਇਕੱਠੇ ਹੀ ਝੂਟੇ ਲੈ ਲੈਂਦੇ ਸਨ। ਕੋਈ ਕਿਸੇ ਨੂੰ ਬੁਰੀ ਨਜ਼ਰ ਨਾਲ ਨਹੀਂ ਸੀ ਤੱਕਦਾ। ਅੱਜ ਪਹਿਲਾਂ ਵਾਲਾ ਸਮਾਂ ਨਹੀਂ ਹੈ। ਹੁਣ ਤਾਂ ਪਿੰਡਾਂ/ਸ਼ਹਿਰਾਂ ਵਿੱਚ ਤੀਆਂ ਬਹੁਤ ਘੱਟ ਹੀ ਲੱਗਦੀਆਂ ਹਨ। ਹੁਣ ਤੀਆਂ ਦੇ ਤਿਉਹਾਰ ਵਿੱਚ ਉਹ ਰੌਣਕ ਨਹੀਂ ਹੁੰਦੀ ਜੋ ਪਹਿਲਾਂ ਦੇਖਣ ਨੂੰ ਮਿਲਦੀ ਸੀ।
ਅੱਜ-ਕੱਲ੍ਹ ਤੀਆਂ ਦੇ ਮੇਲੇ ਪਹਿਲਾਂ ਦੀ ਤਰ੍ਹਾਂ ਭਾਵੇਂ ਪਿੰਡਾਂ, ਸ਼ਹਿਰਾਂ ਵਿੱਚ ਨਹੀਂ ਭਰਦੇ ਪਰ ਫਿਰ ਵੀ ਕਈ ਥਾਵਾਂ ਤੇ ਅਜੋਕੀ ਨੌਜਵਾਨ ਪੀੜ੍ਹੀ ਮੁਟਿਆਰਾਂ ਤੀਆਂ ਦੇ ਤਿਉਹਾਰ ਨੂੰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਵੱਡੇ ਸ਼ਹਿਰਾਂ ਵਿੱਚ ਬੱਚੇ ਸਕੂਲਾਂ ’ਚ, ਲੜਕੀਆਂ ਕਾਲਜਾਂ ਵਿੱਚ ਅਤੇ ਔਰਤਾਂ ਤੇ ਲੜਕੀਆਂ ਹੋਟਲਾਂ, ਪੈਲਸਾਂ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਤੀਆਂ ਦਾ ਤਿਉਹਾਰ ਨੌਜਵਾਨ ਲੜਕੀਆਂ, ਔਰਤਾਂ ਨੂੰ ਨੇਤਰਹੀਣ, ਗੂੰਗੇ-ਬੋਲੇ ਤੇ ਮੰਦਬੁੱਧੀ ਬੱਚਿਆਂ ਨਾਲ ਮਨਾਉਣਾ ਚਾਹੀਦਾ ਹੈ।
ਸਾਉਣ ਦੇ ਮਹੀਨੇ ਚਾਰ-ਚੁਫੇਰੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਬੂਟੇ ਫੁੱਲਾਂ ਤੇ ਫਲਾਂ ਨਾਲ ਭਰੇ ਹੁੰਦੇ ਹਨ। ਇਸ ਮਹੀਨੇ ਨੂੰ ਬੱਚੇ, ਨੌਜਵਾਨ, ਬੁੱਢੇ ਸਭ ਲੋਚਦੇ ਹਨ। ਨਿੱਕੀਆਂ-ਨਿੱਕੀਆਂ ਬਾਲੜੀਆਂ ਗੀਟੇ ਖੇਡ ਕੇ ਆਪਣਾ ਮਨਪ੍ਰਚਾਵਾ ਕਰਦੀਆਂ ਹਨ। ਇਸ ਕਰਕੇ ਸਾਉਣ ਦੇ ਮਹੀਨੇ ਨੂੰ ਸਾਵਿਆਂ ਦੀ ਰੁੱਤ ਕਰਕੇ ਵੀ ਜਾਣਿਆ ਜਾਂਦਾ ਹੈ। ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਪ੍ਰਗਟਾਇਆ।
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥
(ਵਡਹੰਸੁ ਮਹਲਾ ੧, ਘਰੁ ੨, ਅੰਗ ੫੫੭)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਬਾਰਹਮਾਹਾ ਅੰਕਿਤ ਹਨ। ਇੱਕ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰਾਗ ਮਾਂਝ ਵਿੱਚ ਤੇ ਦੂਜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰਾਗ ਤੁਖਾਰੀ ਵਿੱਚ ਹੈ। ਬਾਰਹਮਾਹਾ ਵਿੱਚ ਸਾਵਣ ਮਹੀਨਾ ਪੰਜਵੇਂ ਨੰਬਰ ’ਤੇ ਹੈ। ਇਹ ਦੇਸੀ ਮਹੀਨਾ ਹੈ। ਜੁਲਾਈ ਮਹੀਨੇ ਦੀ 16 ਤਾਰੀਖ਼ ਨੂੰ ਇਸ ਮਹੀਨੇ ਦੀ ਆਰੰਭਤਾ ਹੁੰਦੀ ਹੈ। ਸੰਗਰਾਂਦ ਦੇ ਸ਼ੁੱਭ ਦਿਹਾੜੇ ’ਤੇ ਸੱਚ-ਖੰਡ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਅੰਮਿ੍ਰਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਹੁਕਮਨਾਮੇ ਤੋਂ ਬਾਅਦ ਅਤੇ ਸ਼ਾਮ ਨੂੰ ਸੋਦਰੁ ਦੇ ਪਾਠ ਤੋਂ ਬਾਅਦ ਹੁਕਮਨਾਮਾ/ਮੁਖਵਾਕ ਲੈਣ ਉਪਰੰਤ ਅਤੇ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਸਾਵਣ ਮਹੀਨੇ ਦਾ ਮੂਲ ਪਾਠ ਗ੍ਰੰਥੀ ਸਿੰਘ (ਗੁਰੂ ਘਰ ਦਾ ਵਜ਼ੀਰ) ਜੀ ਵੱਲੋਂ ਸੁਣਾਇਆ ਜਾਂਦਾ ਹੈ ਤੇ ਕਥਾ-ਵਿਚਾਰ ਵੀ ਹੁੰਦੀ ਹੈ।
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ੬॥
(ਬਾਰਹਮਾਹਾ ਮਾਂਝ ਮਹਲਾ ੫, ਘਰੁ ੪, ਅੰਗ ੧੩੪)
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥ ੯॥
(ਤੁਖਾਰੀ ਛੰਤ ਮਹਲਾ ੧ ਬਾਰਹਮਾਹਾ, ਅੰਗ ੧੧੦੮)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਵਣ ਮਹੀਨੇ ਸੰਬੰਧੀ ਅਨੇਕਾਂ ਹੀ ਪ੍ਰਮਾਣ ਦਰਜ ਹਨ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਸਾਵਣ ਦੇ ਮਹੀਨੇ ਦਾ ਜ਼ਿਕਰ ਕੀਤਾ ਹੈ। ਵੰਨਗੀ ਮਾਤਰ ਕੁਝ ਟੂਕਾਂ ਇਸ ਤਰ੍ਹਾਂ ਹਨ।
ਸਾਵਣ ਵਣ ਹਰੀਆਵਲੇ ਵੁਠੈ ਸੁਕੈ ਅਕੁ ਜਵਾਹਾ।
(ਵਾਰ ੩੧, ਪਉੜੀ ੩)
ਸਾਵਣ ਲਹਿਰ ਤਰੰਗ ਨੀਰ ਨੀਵਾਣਿਆ।
(ਵਾਰ ੧੯, ਪਉੜੀ ੯)
ਸਾਉਣ ਦੀ ਮਹੀਨੇ ਮੁਟਿਆਰਾਂ ਦਾ ਆਪਣੇ ਸਹੁਰੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਜਦ ਕਿ ਉਸ ਦਾ ਪਤੀ ਉਸ ਨੂੰ ਲੈ ਕੇ ਜਾਣ ਦੀ ਜ਼ਿੱਦ ਕਰਦਾ ਹੈ।
ਸਾਉਣ ਦਾ ਮਹੀਨਾ ਜੀਅ ਨਾ ਕਰੇ ਸਹੁਰੇ ਜਾਣ ਨੂੰ।
ਮੁੰਡਾ ਫਿਰੇ ਨੀ ਗੱਡੀ ਜੋੜ ਕੇ ਲਿਜਾਣ ਨੂੰ।
ਸਾਉਣ ਮਹੀਨੇ ਦਾ ਸੰਬੰਧ ਖੀਰ ਤੇ ਪੂੜ੍ਹਿਆਂ ਨਾਲ ਵੀ ਹੈ। ਸਾਉਣ ਦੀ ਮਹੀਨੇ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਘਰ ਅਜਿਹਾ ਹੋਵੇਗਾ ਜਿੱਥੇ ਖੀਰ ਤੇ ਪੂੜ੍ਹੇ ਨਾ ਪੱਕਦੇ ਹੋਣ। ਜਿਸ ਦਿਨ ਬਾਰਸ਼ ਹੁੰਦੀ ਹੈ ਤਾਂ ਇਹ ਹੀ ਕਿਹਾ ਜਾਂਦਾ ਹੈ ਕਿ ਅੱਜ ਪੂੜ੍ਹੇ ਖਾਣ ਦਾ ਮੌਸਮ ਹੈ। ਅੱਜ-ਕੱਲ੍ਹ ਤਾਂ ਸਾਉਣ/ਸਾਵਣ ਮਹੀਨੇ ਬਜ਼ਾਰ ਵਿੱਚ ਹਲਵਾਈਆਂ, ਮਠਿਆਈਆਂ ਦੀਆਂ ਦੁਕਾਨਾਂ ਤੇ ਰੈਡੀਮੇਡ ਪੂੜ੍ਹੇ 350 ਤੋਂ 400 ਰੁਪਏ ਪ੍ਰਤੀ ਕਿਲੋਂ ਮਿਲ ਜਾਂਦੇ ਹਨ। ਦੇਸ਼ੀ ਘਿਉ ਦੇ ਪੁੂੜ੍ਹਿਆ ਦੀ ਕੀਮਤ 550 ਰੁਪਏ ਪ੍ਰਤੀ ਕਿਲੋ ਹੈ ਪਰ ਜੋ ਪੂੜ੍ਹੇ ਘਰ ਬਣਾ ਕੇ ਖਾਣ ਦਾ ਸੁਆਦ, ਆਉਂਦਾ ਹੈ। ਉਹ ਬਜ਼ਾਰ ਦੇ ਪੂੜ੍ਹਿਆਂ ਨਾਲ ਨਹੀਂ ਆਉਂਦਾ। ਪੁਰਾਣੇ ਸਮੇਂ ਵਿੱਚ ਸਾਉਣ ਦੇ ਮਹੀਨੇ ਵਿੱਚ ਖੀਰ-ਪੂੜ੍ਹੇ ਬਣਾਉਣਾ ਇੱਕ ਸ਼ਗਨ ਮੰਨਿਆ ਜਾਂਦਾ ਸੀ ਤੇ ਬਜ਼ੁਰਗ ਖੀਰ-ਪੂੜ੍ਹੇ ਘਰ ਨਾ ਬਣਨ ਕਰਕੇ ਅਕਸਰ ਕਹਿ ਦਿੰਦੇ ਸਨ।
ਸਾਵਣ ਖੀਰ ਨਾ ਖਾਂਧੀਆਂ,
ਕਿਉਂ ਜੰਮਿਆ ਅਪਰਾਧੀਆ
ਸੇਵਾਪੰਥੀ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਮਾਡਲ ਟਾਉੂਨ ਹੁਸ਼ਿਆਰਪੁਰ ਵਿਖੇ ਸਾਵਣ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮਹੰਤ ਹਰੀ ਸਿੰਘ, ਮਹੰਤ ਭਗਤ ਸਿੰਘ ‘ਸੇਵਾਪੰਥੀ’ ਮਹਾਂਪੁਰਸ਼ਾਂ ਦੀਆਂ ਸਾਲਾਨਾ ਬਰਸੀਆਂ ’ਤੇ ਮਾਲ੍ਹ-ਪੂੜ੍ਹਿਆਂ ਦਾ ਲੰਗਰ ਅਤੁੱਟ ਵਰਤਦਾ ਹੈ।
ਸਾਉਣ ਦੇ ਮਹੀਨੇ ਜਦੋਂ ਲੜਕਾ ਆਪਣੀ ਪਤਨੀ ਨੂੰ ਲੈਣ ਲਈ ਗੱਡੀ ਤੇ ਸਹੁਰੇ ਜਾਂਦਾ ਹੈ ਤਾਂ ਉਹ ਆਪਣੇ ਪਤੀ ਨਾਲ ਜਾਣ ਤੋਂ ਇਨਕਾਰ ਕਰਦੀ ਹੈ ਤੇ ਕਹਿੰਦੀ ਹੈ।
ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ,
ਮੈਂ ਨੀ ਸਹੁਰੇ ਜਾਣਾ ਲੈ ਜਾ ਗੱਡੀ ਖਾਲੀ ਮੋੜ ਕੇ।
ਸਾਉਣ ਦੇ ਮਹੀਨੇ ਬੱਚਿਆਂ ਦੀ ਖ਼ੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਹੁੰਦਾ, ਉਹ ਕਿਣ-ਮਿਣ ਬਾਰਸ਼ ਦੇ ਵਿੱਚ ਕੱਪੜੇ ਉਤਾਰ ਕੇ ਦੁੜੰਗੇ ਲਗਾਉਂਦੇ ਤੇ ਕਲੋਲਾਂ ਕਰਦੇ ਬੜੀ ਉੱਚੀ-ਉੱਚੀ ਪੁਕਾਰਦੇ ਹਨ।
ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਵਰਸਾ ਦੇ ਜ਼ੋਰੋ ਜ਼ੋਰ।
ਰੱਬਾ ਰੱਬਾ ਮੀਂਹ ਵਰਸਾ,
ਸਾਡੀ ਕੋਠੀ ਦਾਣੇ ਪਾ।
ਪੰਜਾਬੀ ਲੋਕ ਗੀਤਾਂ ਵਿੱਚ ਵੀ ਸਾਉਣ ਦੇ ਮਹੀਨੇ ਦਾ ਜ਼ਿਕਰ ਆਉਂਦਾ ਹੈ।
ਸਾਉਣ ਦੀ ਝੜੀ ਲੱਗੀ,
ਸਾਉਣ ਦੀ ਝੜੀ।
ਸਾਉਣ ਮਹੀਨੇ ਦੇ ਗੁਣ ਗਾਉਂਦੀਆਂ ਮੁਟਿਆਰਾਂ ਰੱਜਦੀਆਂ ਨਹੀਂ ਜਿਸ ਨੇ ਉਹਨਾਂ ਦਾ ਮੇਲ ਕਰਵਾਇਆ ਹੁੰਦਾ ਹੈ। ਭਾਦਰੋਂ ਮਹੀਨੇ ਮੁਟਿਆਰਾਂ ਨੂੰ ਤੀਆਂ ਤੋਂ ਵਿੱਛੜਨ ਦਾ ਡਾਹਢਾ ਦੁੱਖ ਹੁੰਦਾ ਹੈ। ਇਸੇ ਕਰਕੇ ਸਾਉਣ ਦੇ ਮਹੀਨੇ ਨੂੰ ਆਪਣੇ ਵੀਰਾਂ ਵਾਂਗ ਚੰਗਾ ਤੇ ਭਾਦਰੋਂ (ਭਾਦੋਂ) ਨੂੰ ਮਾੜਾ ਕਹਿੰਦੀਆਂ ਹਨ।
ਸਾਉਣ ਵੀਰ ਇਕੱਠੀਆਂ ਕਰੇ,
ਭਾਦਰੋਂ ਚੰਦਰੀ ਵਿਛੋੜਾ ਪਾਵੇ।
ਰੱਖੜ ਪੁੰਨਿਆਂ ਨੂੰ ਇਹ ਤਿਉਹਾਰ ਖ਼ਤਮ ਹੋ ਜਾਂਦਾ ਹੈ ਤੇ ਅਗਲੇ ਸਾਲ ਫਿਰ ਮਿਲਣ ਦੇ ਚਾਅ ਤੇ ਖ਼ੁਸ਼ੀਆਂ ਨਾਲ ਮੁਟਿਆਰਾਂ, ਸਹੇਲੀਆਂ ਇੱਕ ਦੂਜੇ ਤੋਂ ਵਿੱਛੜ ਜਾਂਦੀਆਂ ਹਨ ਤੇ ਕਹਿੰਦੀਆਂ ਹਨ।
ਤੀਆਂ ਤੀਜ ਦੀਆਂ ਵਰ੍ਹੇ ਦਿਨਾਂ ਨੂੰ ਫੇਰ।
ਪੰਜਾਬੀ ਦੇ ਹਰਮਨ-ਪਿਆਰੇ ਕਵੀ ਹਿਦਾਇਤਉਲਾ ਨੇ ਆਪਣੀ ਕਵਿਤਾ ਬਾਰਹਮਾਹਾ ਵਿੱਚ ਸਾਵਣ ਮਹੀਨੇ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ।
ਚੜ੍ਹਦੇ ਸਾਵਣ ਮੀਂਹ ਬਰਸਾਵਣ ਸਈਆਂ ਪੀਂਘਾਂ ਪਾਈਆਂ ਨੀ।
ਕਾਲੀ ਘਟਾ ਸਿਰੇ ਪਰ ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀ।
ਬਿਜਲੀ ਚਮਕੇ ਬਿਰਹੋਂ ਵਾਲੀ ਨੈਣਾਂ ਝੜੀਆਂ ਲਾਈਆਂ ਨੀ।
ਸੌਖਾ ਇਸ਼ਕ ਹਿਦਾਇਤ ਦਿਸੇ ਇਸ ਵਿੱਚ ਸਖ਼ਤ ਬਲਾਈਆਂ ਨੀ।
ਸੰਤ ਮੋਤੀ ਰਾਮ ਜੀ ਨੇ ਸਾਵਣ ਮਹੀਨੇ ਦਾ ਜ਼ਿਕਰ ਆਪਣੀ ਕਵੀਸ਼ਰੀ ਵਿੱਚ ਇੰਜ ਵਰਣਨ ਕੀਤਾ ਹੈ। 
ਸਾਵਣ ਆਇਆ ਸ਼ੌਕ ਕਰਨ ਨੂੰ,
ਰੱਬ ਦਾ ਸ਼ੁਕਰ ਨਾ ਕੀਤੋ ਈ।
ਜਿਸ ਸਾਹਿਬ ਤੈਨੂੰ ਪੈਦਾ ਕੀਤਾ,
ਉਸ ਦਾ ਨਾਂਅ ਨਾ ਲੀਤੋ ਈ।
‘ਮੋਤੀ ਰਾਮ’ ਤੂੰ ਸਮਝ ਪਿਆਰੇ,
ਜਨਮ ਅਕਾਰਥ ਕੀਤੋ ਈ।
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
5- 0.