ਸ਼ਹੀਦੀ ਦਿਹਾੜੇ ਤੇ ਵਿਸ਼ੇਸ਼
ਭਾਈ ਤਾਰੂ ਸਿੰਘ ਜੀ ਨੇ ਸੰਸਾਰ ਭਰ ਵਿੱਚ ਸ਼ਹੀਦੀ ਦੀ ਇੱਕ ਵੱਖਰੀ ਤੇ ਅਨੋਖੀ ਮਿਸਾਲ ਕਾਇਮ ਕਰਦਿਆਂ ਸਿੱਖੀ ਦਾ ਜੋ ਪਰਚਮ ਲਹਿਰਾਇਆ, ਉਹ ਸਦਾ-ਸਦਾ ਲਈ ਰਹਿੰਦੀ ਦੁਨੀਆਂ ਤੱਕ ਜੱਗ ਤੇ ਝੂਲਦਾ ਰਹੇਗਾ ਤੇ ਭਾਈ ਸਾਹਬ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਰਹੇਗਾ। ਜ਼ਾਲਮ ਹੁਕਮਰਾਨ ਕਈ ਸਦੀਆਂ ਭੋਲੀ-ਭਾਲੀ ਜਨਤਾ ਨੂੰ ਲੁੱਟਦੇ, ਕੁੱਟਦੇ ਤੇ ਡੰਡੇ ਦੇ ਜ਼ੋਰ ਨਾਲ ਰਾਜ ਕਰਦੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੌਂਸਲੇ ਅਤੇ ਨਿੱਡਰਤਾ ਨੇ ਦੱਬੇ ਕੁਚਲੇ ਲੋਕਾਂ ਨੂੰ ਅਹਿਸਾਸ ਕਰਵਾ ਕੇ ਉਹਨਾਂ ਵਿੱਚ ਨਵੀਂ ਰੂਹ ਫੂਕੀ। ਫਿਰ ਦੱਸਵੀਂ ਜੋਤ ਦੇ ਰੂਪ ਵਿੱਚ ਸੰਨ 1699 ਈ: ਨੂੰ ਵਿਸਾਖੀ ਵਾਲੇ ਦਿਨ ਖਾਲਸਾ ਸਾਜ ਕੇ ਖਾਲਸਾ ਫੌਜ ਸਥਾਪਿਤ ਕੀਤੀ। ਅੰਮਿ੍ਰਤ ਦੀ ਪਵਿੱਤਰ ਦਾਤ ਦੀ ਬਖਸ਼ਿਸ਼ ਕਰਕੇ ਖਾਲਸੇ ਨੂੰ ਜ਼ਾਲਮ ਤੇ ਜ਼ੁਲਮ ਦੇ ਵਿਰੁੱਧ ਟਕਰਾ ਕੇ ਸਵੈਮਾਣ ਤੇ ਅਣਖ ਦੇ ਰੰਗ ਵਿੱਚ ਐਸਾ ਰੰਗਿਆ ਕਿ ਜਿੰਨ੍ਹਾਂ ਨੇ ਆਪਣੇ ਫਰਜ਼ ਲਈ ਹਰ ਕੱਸ਼ਟ ਹੱਸ ਕੇ ਸਹਿ ਲਿਆ। ਆਪਣੇ ਫਰਜ਼ ਲਈ ਚਾਹੇ ਚਰੱਖੜੀਆਂ ਤੇ ਚੜਨਾ ਪਿਆ, ਬੰਦ-ਬੰਦ ਕਟਵਾਉਣੇ ਪਏ, ਪੁੱਠੀਆਂ ਖੱਲਾਂ ਲਵਾਉਣੀਆਂ ਪਈਆਂ, ਆਰਿਆ ਨਾਲ ਚੀਰੇ ਗਏ, ਕੀਮਾਂ-ਕੀਮਾਂ ਕੀਤੇ ਗਏ, ਨੇਜ਼ਿਆਂ ਤੇ ਟੰਗੇ ਗਏ, ਦੇਗਾਂ ਵਿੱਚ ਪਾ ਕੇ ਉਬਾਲੇ ਗਏ ਜਾਂ ਰੰਬੀ ਨਾਲ ਖੋਪਰੀਆਂ ਉਤਰਵਾਉਣੀਆਂ ਪਈਆਂ, ਪਰ ਸੀ ਤੱਕ ਨਾ ਉਚਾਰੀ। ਸਿੱਖੀ ਸਿੱਦਕ ਤੋੜ ਤੱਕ ਨਿਭਿਆ। ਐਸੇ ਸਿੱਖ ਕੌਮ ਦੇ ਅਨਮੋਲ ਹੀਰਿਆਂ ਵਿੱਚ ਇੱਕ ਹੀਰਾ ਭਾਈ ਤਾਰੂ ਸਿੰਘ ਜੀ ਸਨ। ਭਾਈ ਤਾਰੂ ਸਿੰਘ ਪਿੰਡ ਪੂਹਲਾ ਦਾ ਰਹਿਣ ਵਾਲਾ ਗੁਰਸਿੱਖ ਸੀ। ਇਤਿਹਾਸ ਵਿੱਚ ਆਉਂਦਾ ਹੈ ਕਿ ਭਾਈ ਤਾਰੂ ਸਿੰਘ ਜੀ ਛੋਟੇ ਜਿਹੇ ਕਿਸਾਨ ਸਨ। ਇੰਨ੍ਹਾਂ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਸਨ। ਉਹ ਮੁਕਤਸਰ ਸਾਹਬ ਦੀ ਲੜਾਈ ਵਿੱਚ ਸੂਬਾ ਸਰਹੰਦ ਦੀ ਫੌਜ ਨਾਲ ਲੜਦੇ ਸ਼ਹੀਦੀ ਜਾਮ ਪੀ ਗਏ ਸਨ। ਘਰ ਵਿੱਚ ਮਾਤਾ ਤੇ ਇੱਕ ਭੈਣ ਸੀ ਜੋ ਵਿਆਹੀ ਹੋਈ ਸੀ, ਪਰ ਉਸਦਾ ਪਤੀ ਗੁਜ਼ਰ ਚੁੱਕਾ ਸੀ ਤੇ ਉਹ ਵੀ ਆਪਣੇ ਭਰਾ ਤੇ ਮਾਂ ਕੋਲ ਹੀ ਰਹਿੰਦੀ ਸੀ। ਭਾਈ ਸਾਹਬ ਸ਼ਾਤ ਸੁਭਾਅ ਦੇ ਮਾਲਕ ਸਨ। ਸਦਾ ਉਸ ਪਰਮਾਤਮਾ ਦੀ ਬੰਦਗੀ ਹੀ ਉਹਨਾਂ ਦਾ ਧਰਮ ਕਰਮ ਸੀ। ਖੇਤਾਂ ਵਿੱਚ ਜੋ ਵਾਹੁੰਦੇ ਬੀਜਦੇ ਸਨ। ਉਹ ਸਰਬੱਤ ਦੇ ਭਲੇ ਲਈ ਲੰਗਰ ਲਾ ਛੱਡਣੇ, ਇਸ ਗੁਰਸਿੱਖ ਦਾ ਨਿੱਤ ਦਾ ਕਰਮ ਸੀ। ਭਾਈ ਰਤਨ ਸਿੰਘ ਭੰਗੂ ਲਿੱਖਦੇ ਹਨ ਕਿ:
ਸਾਖੀ ਤਾਰੂ ਸਿੰਘ ਕੀ ਸੁਨੋਂ ਸਿੰਘ ਮਨ ਲਾਇ।
ਜੋ ਖਾਨ ਬਹਾਦਰ ਲੈ ਤੁਰਯੋ, ਖੋਪਰੀ ਸਿਰੋਂ ਉਤਰਾਇ।
ਸੋ ਮਾਝੈ ਮੈਂ ਬਸਤ ਥੋ, ਭਲੇ ਸੁ ਪੂਲੈ ਗਾਮ।
ਹਠੀ ਤਪੀ ਸਾਚੋ ਸਤੀ, ਨਿਹੰਗ ਤਾਰੂ ਸਿੰਘ ਨਾਮ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਤੇ ਮਾੜੇ ਦਿਨਾਂ ਦਾ ਬੋਲ-ਬਾਲਾ ਸੀ। ਉਸ ਸਮੇਂ ਹਕੂਮਤ ਨੇ ਸਿੱਖਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੋਇਆ ਸੀ। ਸਿੱਖ ਜੰਗਲਾਂ ਵਿੱਚ ਜਾ ਛੁਪੇ ਸਨ। ਭਾਈ ਸਾਹਬ ਜੋ ਕੁੱਝ ਕਮਾਉਂਦੇ ਸਨ। ਸਿੱਖਾਂ ਨੂੰ ਜੰਗਲਾਂ ਬੇਲਿਆਂ ਵਿੱਚ ਜਾ ਕੇ ਲੰਗਰ ਪਾਣੀ ਛਕਾ ਆਉਂਦੇ ਸਨ। ਪਿੰਡ ਪੂਹਲੇ ਦੇ ਲਾਗੇ ਹੀ ਇੱਕ ਰੱਖ ਵਿੱਚ ਕਦੇ ਕਦਾਈ ਕੁੱਝ ਸਿੰਘ ਆ ਕੇ ਠਹਿਰ ਜਾਂਦੇ ਸਨ, ਜੋ ਹਕੂਮਤ ਨਾਲ ਗਾਹੇ-ਬਗਾਹੇ ਟੱਕਰ ਲੈ ਲੈਂਦੇ ਸਨ। ਭਾਈ ਸਾਹਬ ਲੰਗਰ ਤਿਆਰ ਕਰਕੇ ਉਸ ਰੱਖ ਵਿੱਚ ਰਾਤ ਨੂੰ ਉਹਨਾਂ ਸਿੱਖਾਂ ਨੂੰ ਛਕਾ ਆਉਂਦੇ ਤੇ ਨਾਲੇ ਹੋਰ ਵੀ ਕਈ ਪ੍ਰਕਾਰ ਦੀ ਮਦਦ (ਸੂਹ ਵਗੈਰਾ) ਦੇ ਆਉਂਦੇ ਸਨ। ਜਦ ਇਸ ਸਾਰੀ ਗੱਲ ਦਾ ਪਤਾ ਜ਼ਾਲਮ ਹਕੂਮਤ ਦੇ ਮੁਖਬਿਰ ਜੰਡਿਆਲਾ ਨਿਵਾਸੀ ਹਰਭਗਤ ਨਿਰੰਜਨੀਏ ਨੂੰ ਲੱਗਾ ਤਾਂ ਉਸ ਨੇ ਝੱਟ ਜਾ ਕੇ ਸੂਬੇਦਾਰ ਜਕਰੀਆਂ ਖਾਂ ਨੂੰ ਇਤਲਾਹ ਦਿੱਤੀ ਕਿ ਇੱਕ ਸਿੱਖ ਜਿਸਦਾ ਨਾਂ ਭਾਈ ਤਾਰੂ ਸਿੰਘ ਹੈ ਤੇ ਉਹ ਪਿੰਡ ਪੂਹਲਿਆਂ ਦਾ ਰਹਿਣ ਵਾਲਾ ਹੈ, ਹਕੂਮਤ ਦੇ ਵਿਰੋਧੀਆਂ ਨੂੰ ਆਪਣੇ ਘਰ ਵਿੱਚ ਪਨਾਹ ਦਿੰਦਾ ਹੈ ਤੇ ਲੰਗਰ ਪਾਣੀ ਵੀ ਛਕਾਉਂਦਾ ਹੈ। ਆਪ ਵੀ ਉਹਨਾਂ ਨਾਲ ਰਲ ਕੇ ਰਾਤ ਨੂੰ ਲੁੱਟਾਂ- ਖੋਹਾਂ ਕਰਦਾ ਤੇ ਸੰਨ੍ਹਾਂ ਲਾਉਂਦਾ ਹੈ। ਜਕਰੀਆਂ ਖਾਂ ਦੇ ਹੁਕਮ ਮੁਤਾਬਿਕ ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਭਾਈ ਤਾਰੂ ਸਿੰਘ ਨੂੰ ਜਕਰੀਆ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਉਪਰੰਤ ਹਕੂਮਤ ਨੇ ਬਾਗੀ ਸਿੰਘਾਂ ਨੂੰ ਆਪਣੇ ਕੋਲ ਪਨਾਹ ਦੇਣ, ਲੁੱਟਾਂ-ਖੋਹਾਂ ਕਰਨ, ਚੋਰੀਆਂ ਡਾਕੇ ਤੇ ਹੋਰ ਕਈ ਤਰਾਂ੍ਹ ਦੇ ਮਨਘੜ੍ਹਤ ਕੇਸ ਪਾ ਕੇ ਭਾਈ ਸਾਹਬ ਨੂੰ ਕੇਸ ਕਤਲ ਕਰਵਾ ਕੇ ਮੁਸਲਮਾਨ ਬਣ ਜਾਣ ਲਈ ਕਿਹਾ ਤਾਂ ਭਾਈ ਸਾਹਬ ਨੇ ਲਲਕਾਰ ਕੇ ਕਿਹਾ ਕਿ ਇਹ ਕਦੇ ਨਹੀ ਹੋ ਸਕਦਾ, ਇਸ ਸਿੱਖ ਦਾ ਸਿੱਦਕ ਕੇਸਾਂ, ਸੁਆਸਾਂ ਨਾਲ ਨਿਭੇਗਾ। ਇਹ ਗੱਲ ਸੁਣ ਕੇ ਜ਼ਕਰੀਆਂ ਖਾਂ ਗੁੱਸੇ ਵਿੱਚ ਬੋਲਿਆ ਕਿ ‘ਜਿੰਨ੍ਹਾਂ ਕੇਸਾਂ ਤੂੰ ਇੰਨ੍ਹਾਂ ਮਾਣ ਕਰਦਾ ਏ ਨਾ, ਮੈਂ ਜੁੱਤੀਆਂ ਮਾਰ-ਮਾਰ ਕੇ ਤੇਰੇ ਉਹ ਕੇਸ ਉਖਾੜ ਦਿਆਗਾਂ’।
‘ਅਕਾਲ, ਅਕਾਲ’ ਸਿੰਘ ਜਾਪ ਉਚਾਰੇ। ਸੁਣ ਨਵਾਬ ਮੂੰਦੇ ਕੰਨ ਸਾਰੇ।
ਤਬ ਨਵਾਬ ਬਹੁ ਕ੍ਰੋਧਹਿ ਭਰਾ। ਸੋਊ ਹੁਕਮ ਉਨ ਮੋਚੀਅਨ ਕਰਾ।
ਇਸ ਕੀ ਖੋਪਰੀ ਸਾਥੇ ਬਾਲ। ਕਾਟ ਉਤਾਰੋ ਰੰਬੀ ਨਾਲ।
ਤਬੈ ਕਸਾਇਨ ਵੈਸੀ ਕਰੌ। ਕਰ ਪੈਨੀ ਸਿਰ ਰੰਬੀ ਧਰੀ।
(ਸ੍ਰੀ ਗੁਰ ਪੰਥ ਪ੍ਰਕਾਸ਼)
ਭਾਈ ਤਾਰੂ ਸਿੰਘ ਨੇ ਕਿਹਾ ਕਿ ਜ਼ਕਰੀਆ ਖਾਂ ‘ਤੈਨੂੰ ਇਹ ਖਾਲਸਾ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵੇਗਾ।’
ਕਹੋ ਜਾਇ ਹੋ ਰਹੁ ਮਜ਼ਬੂਤ। ਮਾਰੋਂ ਬੰਦ ਕਰ ਹਗਣੋ ਮੂਤ।
ਹੋਹੁ ਤਯਾਰ ਤੂੰ ਦੋਜਕ ਤਾਊਂ। ਮਾਰ ਜੂਤਨ ਤੁਹ ਪਹਿਲੋਂ ਲਿਜਾਊਂ॥
(ਪੰਥ ਪ੍ਰਕਾਸ਼)
ਭਾਈ ਸਾਹਬ ਦੇ ਨਾਂਹ ਕਰਨ ਤੇ ਅੰਤ ਵਿੱਚ ਫਤਵਾ ਦਿੱਤਾ ਗਿਆ ਕਿ ਇਸ ਦੀ ਖੋਪਰੀ ਉਤਾਰ ਦਿੱਤੀ ਜਾਵੇ। ਜ਼ਲਾਦਾਂ ਨੇ ਰੰਬੀ ਨਾਲ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ। ਖੂਨ ਦੀਆਂ ਧਾਰਾਂ ਭਾਈ ਸਾਹਬ ਦੇ ਸਰੀਰ ਉੱਪਰ ਵਹਿ ਤੁਰੀਆਂ। ਆਪ ਅਡੋਲ ਚਿੱਤ ਜਪੁ ਜੀ ਸਾਹਬ ਜੀ ਦਾ ਪਾਠ ਕਰਦੇ ਰਹੇ। ਭਾਈ ਤਾਰੂ ਸਿੰਘ ਜੀ ਨੂੰ ਕਚਹਿਰੀ ਦੇ ਬਾਹਰ ਸੁੱਟ ਦਿੱਤਾ ਗਿਆ। ਉੱਥੋਂ ਕੁੱਝ ਸਿੱਖਾਂ ਸਰਕਾਰੀ ਕਾਰਵਾਈ ਪੂਰੀ ਕਰਕੇ ਭਾਈ ਸਾਹਬ ਨੂੰ ਨੇੜੇ ਦੀ ਧਰਮਸ਼ਾਲਾ ਵਿੱਚ ਲੈ ਗਏ। ਉੱਥੇ ਭਾਈ ਸਾਹਬ ਦਾ ਜਿੰਨ੍ਹਾਂ ਇਲਾਜ ਸੰਭਵ ਸੀ, ਉਨਾਂ ਕੀਤਾ ਗਿਆ।ਥੋੜ੍ਹੇ ਦਿਨਾਂ ਬਾਦ ਹੀ ਜ਼ਕਰੀਆਂ ਖਾਂ ਦਾ ਪੇਸ਼ਾਬ ਬੰਦ ਹੋ ਗਿਆ । ਜ਼ਕਰੀਆਂ ਖਾਂ ਬਹੁਤ ਤੰਗ ਹੋ ਗਿਆ। ਕਾਜ਼ੀ ਮੁਲਾਣਿਆਂ ਨ ਬਥੇਰੇੇ ਉਹੜ-ਪੋਹੜ ਕੀਤੇ ਸਭ ਬੇਅਸਰ ਗਏ। ਕਿਸੇ ਸਿਆਣੇ ਦੇ ਕਹਿਣ ਤੇ ਭਾਈ ਤਾਰੂ ਸਿੰਘ ਨੂੰ ਜ਼ਕਰੀਆਂ ਖਾਂ ਨੂੰ ਮੁਆਫ ਕਰਨ ਲਈ ਕਿਹਾ ਗਿਆ। ਭਾਈ ਤਾਰੂ ਸਿੰਘ ਨੇ ਕਿਹਾ ਕਿ ਜੋ ਹੋਣਾ ਸੀ ਉਹ ਹੋ ਗਿਆ। ਹੁਣ ਮੈਂ ਕੁੱਝ ਨਹੀ ਕਰ ਸਕਦਾ। ਹੁਣ ਤਾਂ ਖਾਲਸਾ ਪੰਥ ਹੀ ਕੁੱਝ ਕਰ ਸਕਦਾ ਹੈ। ਖਾਲਸਾ ਪੰਥ ਤੱਕ ਪਹੁੰਚ ਕਰਨ ਲਈ ਭਾਈ ਸ਼ਹਿਬਾਜ਼ ਸਿੰਘ ਜੰਬਰ ਨੂੰ ਕਿਹਾ ਗਿਆ ਤਾਂ ਉਹ ਖਾਲਸਾ ਪੰਥ ਤੱਕ ਜੰਗਲਾਂ ਵਿੱਚ ਪਹੁੰਚੇ ਤਾਂ ਖਾਲਸਾ ਪੰਥ ਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਪਹਿਲਾਂ ਤਾਂ ਜ਼ਕਰੀਆ ਖਾਂ ਸਿੱਖਾਂ ਤੇ ਜ਼ੁਲਮ ਕਰਨੇ ਬੰਦ ਕਰੇ। ਦੂਜਾ ਸ਼ਹੀਦ ਹੋਏ ਸਿੱਖਾਂ ਦੇ ਸਸਕਾਰ ਕੀਤੇ ਜਾਣ। ਤੀਜਾ ਭਾਈ ਤਾਰੂ ਸਿੰਘ ਜੀ ਦਾ ਜੁੱਤਾ ਜ਼ਕਰੀਆ ਖਾਂ ਦੇ ਸਿਰ ਵਿੱਚ ਮਾਰਿਆ ਜਾਵੇ। ਇਸੇ ਤਰ੍ਹਾਂ ਹੀ ਕੀਤਾ ਗਿਆ। ਪਹਿਲਾਂ ਤਾਂ ਜੁੱਤਾ ਰੇਸ਼ਮੀ ਕੱਪੜੇ ਵਿੱਚ ਲਪੇਟ ਕੇ ਮਾਰਿਆ ਗਿਆ ਤੇ ਥੋੜ੍ਹਾ ਜਿਹਾ ਪੇਸ਼ਾਬ ਆਇਆ। ਫਿਰ ਕੱਪੜੇ ਵਿੱਚੋਂ ਕੱਢ ਕੇ ਜੁੱਤਾ ਜ਼ਕਰੀਆ ਖਾਂ ਦੇ ਸਿਰ ਵਿੱਚ ਮਾਰਿਆ ਤਾਂ ਖੁੱਲ ਕੇ ਪੇਸ਼ਾਬ ਆ ਗਿਆ। ਹਰ ਵਾਰੀ ਇਸੇ ਤਰ੍ਹਾਂ ਹੀ ਪੇਸ਼ਾਬ ਆਉਂਦਾ। ਅਗਲੇ ਦਿਨ ਹੀ ਜ਼ਕਰੀਆ ਖਾਂ ਮਰ ਗਿਆ। ਇਹ ਖਬਰ ਜਦ ਭਾਈ ਤਾਰੂ ਸਿੰਘ ਜੀ ਤੱਕ ਪਹੁੰਚੀ ਤਾਂ ਇਤਹਾਸ ਵਿੱਚ ਆਉਂਦਾ ਹੈ ਕਿ ਖੋਪਰੀ ਉਤਾਰਨ ਤੋਂ 22 ਦਿਨ ਬਾਅਦ 16 ਜੁਲਾਈ 1745 ਈ: ਭਾਈ ਤਾਰੂ ਸਿੰਘ ਜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਗੁਰੂ ਜੀ ਦਾ ਸੱਚੇ ਸਿੱਖ ਦੇ ਕਹੇ ਬੋਲ ਗੁਰੂ ਕਿ੍ਰਪਾ ਨਾਲ ਪੂਰੇ ਹੋਏ ਜ਼ਕਰੀਆ ਖਾਂ ਨੂੰ ਜੁੱਤੀ ਨਾਲ ਅੱਗੇ ਲਾ ਕੇ ਲੈ ਕੇ ਗਏ।
ਤਬ ਤਾਰੂ ਸਿੰਘ ਉੱਤਰ ਕਹੈ। ਅਪਨੀ ਗਤਿ ਗੁਰ ਆਪੇ ਲਹੈ।
ਨਹੀਂ ਅੰਤ ਕਿਛੁ ਪਾਯਾ ਜਾਇ। ਉਨ ਕੇ ਭੇਦ ਹੈਂ ਉਨ ਹੀ ਪਾਹਿ।
(ਰਤਨ ਸਿੰਘ ਭੰਗੂ)
ਭਾਈ ਤਾਰੂ ਸਿੰਘ ਜੀ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ਼ ਵਾਲੇ ਅਸਥਾਨ ਤੇ ਕੀਤਾ ਗਿਆ। ਭਾਈ ਸਾਹਬ ਜੀ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਕੇ ਇਸ ਸੰਸਾਰ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਲਾਮਿਸਾਲ ਹੈ। ਭਾਈ ਸਾਹਬ ਜੀ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ।
ਧਰਮਿੰਦਰ ਸਿੰਘ (ਚੱਬਾ)
ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ, ਅੰਮਿ੍ਰਤਸਰ-143022,
:0.