ਰਜਿ: ਨੰ: PB/JL-124/2018-20
RNI Regd No. 23/1979

ਦੇਰ ਆਏ, ਦਰੁੱਸਤ ਆਏ

BY admin / July 15, 2021
ਲੰਮੇ ਸਮੇਂ ਤੱਕ ਆਪਣੇ ਸਾਥੀਆਂ ਅਤੇ ਵਿਰੋਧੀਆਂ ਦੇ ਸ਼ਬਦੀ ਹਮਲਿਆਂ ਦਾ ਨਿਸ਼ਾਨਾ ਬਣਦੇ ਆ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰਕੇ ਬੇਸ਼ਕ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਦੇਰ ਨਾਲ ਉਠਾਇਆ ਸਹੀ ਕਦਮ ਹੈ। 2.85 ਲੱਖ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨਾ, ਇਹਨਾਂ ਗ਼ਰੀਬਾਂ ਲਈ ਵੱਡੀ ਰਾਹਤ ਹੈ ਪਰ ਜੇ ਇਹ ਐਲਾਨ ਪਹਿਲਾਂ ਕੀਤਾ ਹੁੰਦਾ ਤਾਂ ਜਿਥੇ ਇਹਨਾਂ ਦੀਆਂ ਦੁਆਵਾਂ ਸਰਕਾਰ ਨੂੰ ਮਿਲਦੀਆਂ ਉੱਥੇ ਵਿਰੋਧੀਆਂ ਦੇ ਹਮਲਿਆਂ ਨੂੰ ਬਲ ਨਾ ਮਿਲਦਾ। ਫਿਰ ਵੀ ‘‘ਦੇਰ ਆਏ ਦੁਰਸਤ ਆਏ’’ ਕਹਾਵਤ ਅਨੁਸਾਰ ਕੈਪਟਨ ਸਿੰਘ ਨੇ ਹਾਈ ਕਮਾਂਡ ਵੱਲੋਂ ਸੌਂਪੇ 18 ਨੁਕਾਤੀ ਪੋ੍ਰਗਰਾਮ ਉੱਪਰ ਅਮਲ ਨੂੰ ਹਕੀਕੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਆਮ ਤੌਰ ’ਤੇ ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ’ਚੋਂ ਕੁੱਝ ਵਾਅਦੇ, ਚੁਣਾਵੀ ਰਣਨੀਤੀ ਦੇ ਮੱਦੇਨਜ਼ਰ ਪੂਰੇ ਨਹੀਂ ਕਰਦੀਆਂ। ਯਾਨੀ ਆਪਣੇ ‘‘ਤਰਕਸ਼’’ ਨੂੰ ਖ਼ਾਲੀ ਨਹੀਂ ਕਰਦੀਆਂ ਕਿਉਂਕਿ ਕੁੱਝ ਤੀਰ ਬਚਾਅ ਕੇ ਰੱਖਣਾ ਵੀ ਰਣਨੀਤੀ ਹੈ। ਚੋਣਾਂ ਤੋਂ ਪਹਿਲਾਂ ਜੇ ਲੋੜਵੰਦਾਂ ਦੀ ਮੁਰਾਦ ਪੂਰੀ ਨਹੀਂ ਹੋਵੇਗੀ ਤਾਂ ਉਹ ਸਰਕਾਰ ਨੂੰ ਦੂਜੀ ਵਾਰ ਸੱਤਾ ਵਿੱਚ ਆਉਣ ਦਾ ਅਸ਼ੀਰਵਾਦ ਕਿਵੇਂ ਦੇਣਗੇ? ਦਰਅਸਲ ਮੁੱਖ ਮੰਤਰੀ ਨੇ ਇਸ ਐਲਾਨ ਨਾਲ ਨਾ ਕੇਵਲ ਖੇਤੀ ਨਾਲ ਜੁੜੇ ਲੋਕਾਂ ਦੇ ਕਰਜ਼ੇ ਦਾ ਬੋਝ ਘਟਾਇਆ ਬਲਕਿ ਕਿਸਾਨਾਂ ਵੱਲ ਹਮਦਰਦੀ ਦਾ ਹੱਥ ਵਧਾਇਆ ਹੈ। ਅਕਾਲੀ ਦਲ ਅਤੇ ਆਮ ਆਦਮੀ  ਪਾਰਟੀ ਨੇ ਆਪਣੇ ਤੌਰ ’ਤੇ ਕਿਸਾਨਾਂ ਨਾਲ ਨੇੜਤਾ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਆਪਣੀ ਲਛਮਣ ਰੇਖਾ ਪਾਰ ਨਹੀਂ ਕੀਤੀ। ਕਿਸਾਨ ਕਿਸੇ ਵੀ ਹਾਲਤ ਵਿੱਚ ਆਪਣੇ ਅੰਦੋਲਨ ਨੂੰ ਸਿਆਸੀ ਲੀਹਾਂ ਉਪਰ ਤੋਰਨ ਦੇ ਹੱਕ ਵਿੱਚ ਨਹੀਂ। ਇਹੀ ਕਾਰਣ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੂੰ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਹੈ। ਚੜੂਨੀ ਕਿਸਾਨਾਂ ਨੂੰ ਰਾਜਨੀਤੀ ਵਿੱਚ ਆਉਣ ਲਈ ਸੰਕਤੇਕ ਤੌਰ ’ਤੇ ਦਬਾਅ ਪਾ ਰਹੇ ਸਨ ਜੋ ਕਿਸਾਨਾਂ ਨੂੰ ਗਵਾਰਾ ਨਹੀਂ। ਹਾਂ ਜੇਕਰ ਕੋਈ ਪਾਰਟੀ ਕਿਸਾਨਾਂ ਦੀ ਬਿਹਤਰੀ ਲਈ ਅੱਗੇ ਆਉਂਦੀ ਹੈ ਤਾਂ ਉਸਤੋਂ ਕਿਸਾਨਾਂ ਨੂੰ ਇਨਕਾਰ ਨਹੀਂ। ਕੈਪਟਨ ਸਿੰਘ ਨੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਕੇ ਆਰਥਿਕ ਤੌਰ ’ਤੇ ਤੰਗ ਲੋਕਾਂ ਦੀ ਜਿਸ ਤਰ੍ਹਾਂ ਸਹਾਇਤਾ ਕੀਤੀ ਹੈ ਇਹ ਸ਼ਲਾਘਾਯੋਗ ਹੈ। ਭਾਵੇਂ ਵਿਰੋਧੀ ਪਾਰਟੀਆਂ ਇਸ ਨੂੰ ਲੈ ਕੇ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆਂ ਪਰ ਜੇ ਸਰਕਾਰ ਦੇ ਕਿਸੇ ਫੈਸਲੇ ਨਾਲ ਗ਼ਰੀਬਾਂ ਦਾ ਭਲਾ ਹੁੰਦਾ ਹੈ ਤਾਂ ਇਹ ਮਨੁੱਖਤਾ ਦਾ ਨਿੱਗਰ ਪਹਿਲੂ ਹੈ। ਹੋਰ ਵੀ ਕਈ ਵਾਅਦੇ ਹਨ ਜੋ ਕੈਪਟਨ ਸਿੰਘ ਨੇ  ਪਿਛਲੀਆਂ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਸਨ। ਕੱਲ ਦੇ ਐਲਾਨ ਪਿੱਛੇ ਬੇਸ਼ਕ ਹਾਈਕਮਾਂਡ ਦਾ ਦਬਾਅ ਹੈ ਅਤੇ ਇਹ ਦਬਾਅ ਆਉਣ ਵਾਲੇ ਦਿਨਾਂ ਦੌਰਾਨ ਕਿਸੇ ਹੋਰ ਰੂਪ ਵਿੱਚ ਨਜ਼ਰ ਆ ਸਕਦਾ ਹੈ। ਦਰਅਸਲ ਸਰਕਾਰ ਜਦੋਂ ਬੇਹਰਕਤ ਹੋ ਜਾਵੇ ਉਸ ਵੇਲੇ ਵਿਰੋਧੀ ਹਰਕਤ ਵਿੱਚ ਆ ਜਾਂਦੇ ਹਨ। ਸੱਤਾ ਵਿੱਚ ਰਹਿੰਦਿਆਂ ਅਜਿਹੀ ਨੌਬਤ ਨਹੀਂ ਆਉਣੀ ਚਾਹੀਦੀ। ਲੋਕਾਂ ਨੇ ਜੇ ਵਿਰੋਧੀ ਪਾਰਟੀਆਂ ਨੂੰ ਘਰੀਂ ਬਿਠਾਇਆ ਹੈ ਤਾਂ ਸਰਕਾਰ ਨੇ ਆਪਣੀਆਂ ਕਮਜ਼ੋਰੀਆਂ ਕਾਰਣ ਉਹਨਾਂ ਨੂੰ ਘਰੋਂ ਬਾਹਿਰ ਨਿਕਲਣ ਦਾ ਮੌਕਾ ਕਿਉਂ ਦਿੱਤਾ? ਲੋਕ ਹਮੇਸ਼ਾ ਸਹੀ ਫੈਸਲਾ ਕਰਦੇ ਹਨ। ਸਰਕਾਰ ਹੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਹੈ। ਇਸਦਾ ਤਨੀਜਾ ਕੀ ਹੁੰਦਾ ਹੈ, ਅੱਜ ਸਾਰਿਆਂ ਦੇ ਸਾਹਮਣੇ ਹੈ। ਚੋਣਾਂ ਨੇੜੇ ਆਉਂਦਿਆਂ ਕੈਪਟਨ ਸਰਕਾਰ ਦਾ ਹਰਕਤ ਵਿੱਚ ਆਉਣਾ ਜਿੱਥੇ ਉਸਦੀ ਛਵੀ ਵਿੱਚ ਸੁਧਾਰ ਲਿਆਵੇਗਾ ਉਥੇ ਵਿਰੋਧੀਆਂ ਦੀਆਂ ਚਾਲਾਂ ਨੂੰ ਬੇਅਸਰ ਕਰ ਸਕਦਾ ਹੈ। ਮਸਲਾ ਲੋਕਾਂ ਨਾਲ ਜੁੜਨ  ਦਾ ਹੈ। ਅਜਿਹਾ ਕਰਜ਼ੇ ਮੁਆਫ਼ ਕਰਕੇ ਜਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ ਹੋ ਸਕਦਾ ਹੈ। ਘਰ ਦੇ ਇੱਕ ਮੈਂਬਰ ਦੇ ਚਿਹਰੇ ਉਪਰ ਮੁਸਕਰਾਹਟ ਲਿਆਉਣ ਦੀ ਲੋੜ ਹੈ, ਬਾਕੀ ਮੈਂਬਰਾਂ ਦੇ ਚਿਹਰੇ ਆਪਣੇ ਆਪ ਖਿੜ੍ਹ ਉੱਠਦੇ ਹਨ। ਕੈਪਟਨ ਸਿੰਘ ਜੇ ਇਸੇ ਤਰ੍ਹਾਂ ਹੋਰ ਵਾਅਦੇ ਪੂਰੇ ਕਰਨ ਦੀ ਭਾਵਨਾ ਨੂੰ ਆਪਣੇ ‘‘ਇਮਾਨ’’ ਨਾਲ ਜੋੜ ਲੈਣ ਤਾਂ ਵਕਤ ਆਪਣੇ ਆਪ ਉਹਨਾਂ ਉੱਪਰ ਮਿਹਰਬਾਨ ਹੋ ਜਾਵੇਗਾ।