ਰਜਿ: ਨੰ: PB/JL-124/2018-20
RNI Regd No. 23/1979

‘ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਦਕ ਨਾ ਜਾਏ’ ਦੇ ਕਥਨਾਂ ਨੂੰ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ
 
BY admin / July 16, 2021
ਭਾਈ ਤਾਰੂ ਸਿੰਘ ਜੀ ਦਾ ਜਨਮ ਕਸੂਰ ਤਹਿਸੀਲ ਦੇ ਲਾਹੌਰ ਜਲ੍ਹਿੇ ਦੇ ਪਿੰਡ ਪੂਹਲਾ (ਹੁਣ ਜਿਲਾ ਤਰਨਤਾਰਨ) ਵਿਖੇ 6 ਅਕਤੂਬਰ 1720 ਈ: ਨੂੰ ਸੰਧੂ ਜੱਟ ਸਰਦਾਰ ਜੋਧ ਸਿੰਘ ਜੀ ਦੇ ਗ੍ਰਹਿ ਅਤੇ ਮਾਤਾ ਧਰਮ ਕੌਰ ਜੀ ਦੀ ਕੁੱਖੋ ਹੋਇਆ । ਆਪ ਜੀ ਦੀ ਇਕ ਭੈਣ ਵੀ ਸੀ ਜਿਸ ਨਾਮ ਤਾਰ ਕੌਰ ‘ਤਾਰੋ’ ਸੀ । ਆਪ ਜੀ ਦੇ ਪਿਤਾ ਜੀ ਵੀ ਸਿੱਖ ਕੌਮ ਦੀ ਖਾਤਰ ਆਪਣੀ ਕੁਰਬਾਨੀ ਕਰ ਗਏ ਸਨ ਜਿਸ ਕਰਕੇ ਇਕ ਪਾਸੇ ਆਪ ਜੀ ਉੱਪਰ ਘਰ ਦੇ ਕੰਮਾਕਾਰਾਂ ਦੀਆਂ ਹੋਰ ਜਿੰਮੇਵਾਰੀਆਂ ਤੋਂ ਇਲਾਵਾ ਵਿਧਵਾ ਮਾਤਾ ਜੀ ਅਤੇ ਭੈਣ ਦੀ ਜਿੰਮੇਵਾਰੀ ਸੀ ਅਤੇ ਦੂਸਰੇ ਪਾਸੇ ਸਿੱਖੀ ਦਾ ਖੁਰਾ ਖੋਜ ਮਿਟਾਉਣ ‘ਤੇ ਤੁਲੇ ਹੋਏ ਲਾਹੌਰ ਦੇ ਗਵਰਨਰ ਜਕਰੀਆ ਖਾਂਨ ਨਾਲ ਲੋਹਾ ਲੈਣ ਵਾਲੇ ਸਿੰਘਾਂ ਦੀ ਲੰਗਰ ਨਾਲ ਸੇਵਾ ਕਰਨ ਦੀ ਵੀ ਲਗਨ ਸੀ । ਇਸੇ ਸੇਵਾ ਦੀ ਸੱਚੀ  ਤੇ ਸੁੱਚੀ ਲਗਨ ਕਰਕੇ ਆਪ ਜੀ ਅਤੇ ਆਪ ਜੀ ਦੀ ਭੈਣ ਤਾਰ ਕੌਰ ਜੀ ਗੁਪਤ ਵਿਚਰਦੇ ਸਿੰਘਾਂ ਨੂੰ ਲੁਕ ਛਿੱਪ ਕੇ ਸੰਘਣੀਆਂ ਰੱਖ੍ਹਾਂ ਵਿੱਚ ਲੰਗਰ ਪੁੱਜਦਾ ਕਰਦੇ ਅਤੇ ਮੁਗਲਾਂ ਦੇ ਸਿੱਖਾਂ ਪ੍ਰਤੀ ਸਖਤੀ ਦੇ ਦੌਰ ਦੀ ਰਿਪੋਰਟ ਵੀ ਦੇਂਦੇ ਸਨ । ਇਕ ਦਿਨ ਦੁਸਟ ਭਗਤ ਨਿਰੰਜਨੀਏ ਨੇ ਆਪ ਜੀ ਦੀ ਸਿੰਘਾਂ ਪ੍ਰਤੀ ਕੀਤੀ ਜਾਂਦੀ ਲੰਗਰ ਦੀ ਸੇਵਾ ਆਦਿ ਦੀ ਸਾਰੀ ਸੂਹ ਮੁੱਖਬਰ ਬਣ ਕੇ ਲਾਹੌਰ ਦਰਬਾਰ ਦੇ ਹਾਕਮਾਂ ਨੂੰ ਦਿੱਤੀ ਤਾਂ ਸਿੱਖਾਂ ਦੇ ਦੁਸਮਣਾਂ ਨੇ ਛੇਤੀ ਨਾਲ ਕਾਰਵਾਈ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਗਿ੍ਰਫਤਾਰ ਕਰਕੇ ਲਾਹੌਰ ਲੈ ਆਂਦਾ । ਖਾਨ ਬਹਾਦਰ ਜਕਰੀਆ ਖਾਨ ਨੇ ਆਪ ਜੀ ਨੂੰ ਇਸਲਾਮ ਧਰਮ ਕਬੂਲ ਕਰਨ ਜਾਂ ਮੌਤ ਵਿਚੋ ਇਕ ਨੂੰ ਚੁਣਨ ਲਈ ਕਿਹਾ ਤਾਂ ਭਾਈ ਤਾਰੂ ਸਿੰਘ ਜੀ ਨੇ ਨਿਰਭੈਅਤਾ ਨਾਲ *ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿੱਦਕ ਨਾ ਜਾਏ* ਦੇ ਬੋਲ ਖਾਨ ਨੂੰ ਸੁਣਾ ਦਿਤੇ ਜਿਸ ਨੂੰ ਸੁਣਦੇ ਸਾਰ ਹੀ ਜਕਰੀਆ ਖਾਨ ਨੇ ਭਾਈ ਜੀ ਨਾਲ ਕੇਸਾਂ ਸੰਬੰਧੀ ਬੋਲ-ਕਬੋਲ ਕਹਿ ਦਿਤੇ ਅਤੇ ਜਲਾਦ ਨੂੰ ਭਾਈ ਜੀ ਦੀ ਕੇਸਾਂ ਸਮੇਤ ਖੋਪਰੀ ਲਾਹ ਦੇਣ ਦੇ ਹੁੱਕਮ ਸੁਣਾ ਦਿਤੇ । ਇਧਰ ਸੰਗਲਾਂ ਵਿਚ ਜੂੜ੍ਹੇ ਹੋਏ ਭਾਈ ਤਾਰੂ ਸਿੰਘ ਜੀ ਨੇ *ਕੇਸ ਗੁਰੂ ਜੀ ਕੀ ਮੋਹਰ* ਨੂੰ ਚੇਤੇ ਕਰਦਿਆਂ ਖਾਨ ਨੂੰ ਲਲਕਾਰ ਕੇ ਕਿਹਾ ਕਿ *ਮੈਂ ਆਪਣੀ ਸਹੀਦੀ ਹੋਣ ਤੋਂ ਪਹਿਲਾਂ ਆਪ ਨੂੰ ਆਪਣੀ ਜੁੱਤੀ ਦੀ ਨੋਕ ‘ਤੇ ਅੱਗੇ ਲਾਕੇ ਨਰਕ ਪਹੁੰਚਾਵਾਂਗਾ* । ਗੁਰੂ ਜੀ ਦੇ ਸੱਚੇ ਸੇਵਕ ਦੀ ਕੀਤੀ ਅਰਦਾਸ ਸੱਚ ਹੋ ਗਈ ਜਿਸ ਦਾ ਜਕਿਰ ਅਗੇ ਜਾ ਕੇ ਕਰਾਂਗੇ ।
ਜਦ ਜਲਾਦ ਭਾਈ ਸਾਹਿਬ ਜੀ ਦੀ ਕੇਸਾਂ ਸਮੇਤ ਖੋਪਰੀ ਲਾਹੁਣ ਲਈ ਆਪਣੀ ਰੰਬੀ ਨੂੰ ਤਿੱਖਿਆਂ ਕਰ ਰਿਹਾ ਸੀ ਤਾਂ ਇਧਰ ਦਸਮੇਸ ਪਿਤਾ ਜੀ ਦੇ ਲਾਡਲੇ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬ੍ਰਹਮ ਦੀ ਬਾਣੀ ‘ਜਪੁ ਜੀ’ ਸਾਹਿਬ ਦਾ ਉਚਾਰਣ ਕਰਨਾ ਆਰੰਭ ਦਿੱਤਾ । *ਖੋਪਰ ਰੰਬੀ ਸਾਥ ਉਤਾਰਾ । ਸਿੰਘ ਨੇ ਜਪੁਜੀ ਸਾਹਿਬ ਉਚਾਰਾ*।
ਫਿਰ ਕੀ ਸੀ ਜਲਾਦ ਨੇ ਤਿੱਖੀ ਕੀਤੀ ਰੰਬੀ ਦੀ ਧਾਰ ਨਾਲ ਭਾਈ ਸਾਹਿਬ ਦੀ ਕੇਸਾਂ ਸਮੇਤ ਖੋਪਰੀ ਸੀਸ ਤੋਂ ਵੱਖ ਕਰ ਦਿੱਤੀ ਪਰ ਇਧਰ ਭਾਈ ਤਾਰੂ ਸਿੰਘ ਜੀ ਅਜੇ ਵੀ ਆਪਣੇ ਮੁਖਾਰਬਿੰਦ ਤੋਂ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ । ਭਾਈ ਸਾਹਿਬ ਜਪੁਜੀ ਸਾਹਿਬ ਸੰਪੂਰਨ ਕਰਨ ਤੋਂ ਬਾਅਦ ਬੇਹੋਸ ਹੋ ਗਏ  ਕਿਉਂਕਿ ਸਿਰ ਤੋਂ ਖੋਪਰੀ ਦੇ ਲੱਥਣ ਨਾਲ ਖੂਨ ਬਹੁਤ ਜਿਆਦਾ ਵਹਿ ਗਿਆ ਸੀ । ਆਪ ਜੀ ਦਾ ਸਾਰਾ ਸਰੀਰ ਖੂਨ ਨਾਲ ਲੱਥ-ਪੱਥ ਹੋ ਗਿਆ ਸੀ । ਅਜਿਹੇ ਦਰਦਨਾਕ ਸੀਨ ਨੂੰ ਵੇਖ ਕੇ ਸਾਰੇ ਪਾਸੇ ਹਾਹਾਕਾਰ ਮੱਚ ਗਈ ਅਤੇ ਸਿੱਖੀ ਨਾਲ ਦਰਦ ਰੱਖਣ ਵਾਲੇ ਲੋਕ ਜਕਰੀਆ ਖਾਨ ਨੂੰ ਲਾਹਣਤਾ ਪਾ ਰਹੇ ਸਨ । ਇਤਿਹਾਸ ਵਿਚ ਵਰਣਨ ਹੈ ਕਿ ਭਾਈ ਸਾਹਿਬ ਦੇ ਸਰੀਰ ਨੂੰ ਜਲਾਦਾਂ ਨੇ ਨੇੜੇ ਕਿਸੇ ਝਾੜੀ ਵਿਚ ਸੁਟ ਦਿਤਾ ਜਿਸ ਨੂੰ ਰਾਹ ਜਾਂਦੇ ਕੁਝ ਹਮਦਰਦੀ ਆਪ ਜੀ ਨੂੰ ਚੁੱਕ ਕੇ ਕਿਸੇ ਧਰਮਸਾਲਾ ਵਿਚ ਹਕੀਮਾਂ ਆਦਿ ਕੋਲੋਂ ਇਲਾਜ ਕਰਵਾਉਣ ਲਈ ਲੈ ਗਏ । ਓਧਰ ਜਕਰੀਆ ਖਾਨ ਨੂੰ ਭਾਈ ਸਾਹਿਬ ਦੇ ਕੀਤੇ ਬਚਨਾ ਕਰਕੇ ਪਿਸ਼ਾਬ ਦਾ ਬੰਨ ਪੈ ਗਿਆ) । ਨੀਮਾਂ ਹਕੀਮਾਂ ਤੋਂ ਕੋਈ ਆਰਾਮ ਨਾ ਆਉਣ ‘ਤੇ ਜਕਰੀਆ ਖਾਨ ਨੇ ਸਿੰਘਾਂ ਕੋਲ ਫਰਿਆਦ ਕੀਤੀ ਤਾਂ ਸਿੰਘਾਂ ਦੇ ਦਲ ਦੇ ਮੁੱਖੀ ਵਲੋਂ ਕੀਤੇ ਗੁਰਮਤਿਆਂ ਵਿਚੋਂ ਹੀ ਇਕ ਗੁਰਮਤਾ ਇਹ ਵੀ ਕੀਤਾ ਕਿ ਭਾਈ ਤਾਰੂ ਸਿੰਘ ਜੀ ਦੇ ਖਾਨ ਨਾਲ ਕੀਤੇ ਬਚਨਾ ਦੀ ਪਾਲਣਾ ਹਿੱਤ ਭਾਈ ਸਾਹਿਬ ਜੀ ਦੀ ਜੁੱਤੀ ਦਾ ਛਿੱਤਰ ਲਾਹੌਰ ਦੇ ਗਵਰਨਰ ਜਕਰੀਆ ਖਾਨ ਦੇ ਸਿਰ ਵਿਚ ਕਈ ਵਾਰ ਮਾਰਿਆ ਜਾਵੇ । ਜਦ ਜਕਰੀਆ ਖਾਨ ਦੇ ਸਿਰ ਵਿਚ ਬੰਦਗੀ ਵਾਲੇ ਗੁਰਸਿੱਖ ਦਾ ਛਿਤਰ ਵੱਜਾ ਤਾਂ ਖਾਨ ਦੇ ਪਿਸਾਬ ਦਾ ਬੰਨ ਟੁੱਟ ਗਿਆ । ਖਾਨ ਨੇ ਛਿਤਰ ਮਾਰਨ ਵਾਲੇ ਦੇ ਤਰਲੇ ਕੀਤੇ ਕਿ ਜੋਰ ਜੋਰ ਦੀ ਭਾਈ ਸਾਹਿਬ ਜੀ ਦਾ ਛਿਤਰ ਮਾਰ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਓਸ ਨੂੰ ਆਰਾਮ ਆ ਰਿਹਾ ਸੀ । ਇਸ ਤਰ੍ਹਾਂ 21 ਦਿਨ ਖਾਨ ਦੀ ਭਾਈ ਸਾਹਿਬ ਦੇ ਛਿਤਰ ਨਾਲ ਛਿੱਤਰ ਪਰੇਡ ਹੁੰਦੀ ਰਹੀ ਅਤੇ ਅਖੀਰ ਜਕਰੀਆ ਖਾਨ ਦੀ ਛਿਤਰ ਖਾਂਦੇ ਹੋਏ ਮੌਤ ਹੋ ਗਈ ।
ਇਧਰ ਗੁਪਤ ਧਰਮਸਾਲਾ ਵਿਚ ਹਕੀਮਾਂ ਦੇ ਜੇਰੇ-ਇਲਾਜ ਭਾਈ ਸਾਹਿਬ ਜੀ ਨੂੰ ਖਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਤਾਂ ਆਪ ਜੀ ਨੇ ਅਕਾਲ ਪੁਰਖ ਦਾ ਸੁਕਰਾਨਾ ਕੀਤਾ ਅਤੇ ਖੋਪਰੀ ਲੱਥਣ ਤੋਂ 22 ਦਿਨ ਬਾਅਦ ਸਹੀਦੀ ਪ੍ਰਾਪਤ ਕੀਤੀ ਭਾਵ ਜੋ ਜਕਰੀਆ ਖਾਨ ਨੂੰ ਬਚਨ ਕੀਤੇ ਸਨ ਕਿ ਉਸ ਨੂੰ ਜੁੱਤੀ ਦੀ ਨੋਕ ਅੱਗੇ ਲਿਜਾਣ ਤੋਂ ਬਾਅਦ ਸਹੀਦੀ ਪਾਵਾਂਗਾ, ਸਤਿ ਕਰ ਵਿਖਾਏ ।
ਇਸ ਤਰ੍ਹਾਂ ਸੇਵਾ ਤੇ ਸਿਮਰਨ ਦੀ ਮੂਰਤ ਭਾਈ ਤਾਰੂ ਸਿੰਘ ਜੀ ਨੇ ਚੜ੍ਹਦੀ ਜਵਾਨੀ ‘ਚ 25 ਸਾਲ ਦੀ ਉਮਰ ਵਿੱਚ ਲਾਸਾਨੀ ਸਹੀਦੀ ਪਾਈ ਸੀ । ਆਪ ਜੀ ਦੀ ਸਹੀਦੀ ਨੂੰ ਰੋਜਾਨਾ ਹੀ ਗੁਰੂ ਘਰਾਂ ਵਿੱਚ ਕਈ ਵਾਰ ਕੀਤੀ ਜਾਂਦੀ ਅਰਦਾਸ ਵਿਚ ਯਾਦ ਕੀਤਾ ਜਾਂਦਾ ਹੈ । ਸਿੱਖ ਰਹਿਤ ਮਰਿਆਦਾ ਦੀ ਅਰਦਾਸ ਵਿਚ ਜਿਥੇ ਕਈ ਹੋਰ ਮਹਾਨ ਸਹੀਦਾਂ ਦੀਆੰ ਕੁਰਬਾਨੀਆਂ ਦਾ ਜਿਕਰ ਆਉਂਦਾ ਹੈ ਉੱਥੇ ਭਾਈ ਤਾਰੂ ਸਿੰਘ ਜੀ ਵਲੋਂ ਰੰਬੀ ਨਾਲ ਖੋਪਰੀ ਲੁਹਾਅ ਕੇ ਪਾਈ ਸਹੀਦੀ ਦਾ ਹਵਾਲਾ ਵੀ ਮਿਲਦਾ ਹੈ । ਅਰਦਾਸ ਕਰਨ ਵੇਲੇ ਅਰਦਾਸੀਏ ਸਿੱਖ ਵਲੋਂ ਗੁਰੂ ਜੀ ਦੇ ਓਟ ਆਸਰੇ ਨਾਲ *ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ* ਦੇ ਕੀਤੇ ਬਚਨਾਂ ਨੂੰ ਪੂਰੇ ਕਰਨ ਕਰਕੇ ਬਚਨ ਦੇ ਬਲੀ ਸੂਰਮੇ ਦੀ ਸੱਚੀ ਤੇ ਸੁੱਚੀ ਕਮਾਈ ਦਾ ਧਿਆਨ ਧਰਕੇ ਅਰਦਾਸ ਵਿਚ ਸਾਮਲ ਸੰਗਤ ਨੂੰ ਵਿਸਮਾਦੀ ਧੁੰਨ ਵਿਚ ‘ਵਾਹਿਗੁਰੂ‘ ਬੋਲਣ ਲਈ ਬੇਨਤੀ ਕੀਤੀ ਜਾਂਦੀ ਹੈ । ਅਰਦਾਸ ਵਿਚ ਭਾਈ ਤਾਰੂ ਸਿੰਘ ਜੀ ਦੀ ਸਹੀਦੀ ਦਾ ਜਿਕਰ ਤੀਸਰੇ ਬੰਦ ਵਿਚ ਇਸ ਤਰ੍ਹਾਂ ਅੰਕਤ ਹੈ:(*ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜ੍ਹੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀਵਾਹਿਗੁਰੂ*) । ਇਸ ਅਰਦਾਸ ਵਾਲੇ ਬੰਦ ਵਿਚ ਭਾਈ ਤਾਰੂ ਸਿੰਘ ਜੀ ਦੀ ਸਹੀਦੀ ਨਾਲ ਦੋ ਵੱਡਮੁਲੇ ਬੋਲ ਢੁਕਦੇ ਹਨ ਭਾਵ *ਖੋਪਰੀਆਂ ਲੁਹਾਈਆ* ਅਤੇ *ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ* ।
ਆਪ ਜੀ ਨੇ ਖਾਨ ਬਹਾਦਰ ਜਕਰੀਆ ਖਾਨ ਕੋਲੋਂ ਜੀਵਨ ਦੀ ਭੀਖ ਮੰਨਣ ਦੀ ਬਿਜਾਏ *ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਦਕ ਨਾ ਜਾਏ* ਦੇ ਬੋਲਾਂ ਨੂੰ ਜਪੁਜੀ ਸਾਹਿਬ ਉਚਾਰਦੇ ਹੋਏ ਰੰਬੀ ਨਾਲ ਖੋਪਰੀ ਉਤਰਵਾ ਕੇ ਲਾਹੌਰ ਵਿਖੇ 1 ਜੁਲਾਈ 1745 ਈ: ਨੂੰ ਸਹੀਦੀ ਪਾਈ ਸੀ
ਇੱਥੇ ਇਹ ਵਰਣਨ ਯੋਗ ਹੈ ਕਿ ਭਾਈ ਤਾਰੂ ਸਿੰਘ ਜੀ ਨੇ ਦਸਮ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਾਂਦੇੜ ਵਿਖੇ ਕੀਤੇ 52 ਹੁਕਮਾਂ ਵਿੱਚੋਂ 47ਵੇਂ ਹੁਕਮ ਨੂੰ ਲਾਸਾਨੀ ਸਹੀਦੀ ਦੇ ਕੇ ਪਾਲਿਆ ਜਿਸ ਦੀ ਲਿਖਤ ਇਸ ਤਰ੍ਹਾਂ ਹੈ:  *ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣੀ ਅਤੇ ਕੇਸਾਂ ਨੂੰ ਗੁਰੂ ਸਮਾਨ ਜਾਣ ਕੇ ਅਦਬ ਕਰਨਾ* -ਭਾਈ ਤਾਰੂ ਸਿੰਘ ਜੀ ਨੇ ਬਚਪਨ ਤੋਂ ਹੀ ਆਪਣਾ ਜੀਵਨ ਸੇਵਾ ਅਤੇ ਸਿਮਰਨ ਨੂੰ ਸਮਰਪਿਤ ਕੀਤਾ ਹੋਇਆ ਸੀ ਅਤੇ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੯੮੫-੮੬ ‘ਤੇ ਚੌਥੇ ਪਾਤਸਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਲਿਖੀ ਪਵਿੱਤਰ ਬਾਣੀ ਦੀ ਅਕਾਲ ਪੁਰਖ ਅਗੇ ਕੀਤੀ ਅਰਜੋਈ ਵਾਲੀ ਤੁਕ ‘ਤੇ ਚਲਦਿਆਂ ਸਹੀਦੀ ਦੇ ਸੰਕਲਪ ਨੂੰ ਹਿਰਦੇ ਵਿਚ ਧਾਰ ਲਿਆ ਸੀ:-(*ਮਾਲੀ ਗਉੜਾ ਮਹਲਾ ੪।। ਹਰਿ ਹਰਿ ਉਰ ਧਾਰਿਓ ਗੁਰਿ ਪੂਰੇ ਮੇਰਾ ਸੀਸੁ ਕੀਜੈ ਗੁਰ ਵਾਟ।।*
ਯਾਦ ਰਹੇ ਕਿ ਭਾਈ ਤਾਰੂ ਸਿੰਘ ਜੀ ਜਿਸ ਲਾਹੌਰ ਵਿਖੇ ਸਹੀਦ ਹੋਏ ਸਨ ਉਸੇ ਲਾਹੌਰ ਵਿੱਚ 1606 ਈ: ਨੂੰ ਪੰਚਮ ਪਾਤਸਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਬਲਦੀ ਦੇਗ ਚ‘ ਬੈਠਣ ਤੋਂ ਬਾਅਦ ਤੱੱਤੀ ਤੱਵੀ ‘ਤੇ ਬੈਠ ਕੇ, ਸ਼ੀਸ ‘ਚ ਤੱਤੀ ਰੇਤਾ ਦੇ ਕੜਛੇ ਪਵਾਕੇ ਸਿੱਖੀ ਵਿਚ ਸਹੀਦੀ ਦੀ ਪਰੰਪਰਾ ਦਾ ਮੁੱਢ ਬੱਧਾ ਸੀ ਤਦੇ ਸਿਖਾਂ ਵਲੋਂਂ ਆਪ ਜੀ ਨੂੰ ‘ਸਹੀਦਾਂ ਦੇ ਸਿਰਤਾਜ’ ਦੇ ਸਤਿਕਾਰਤ ਲਫਜਾਂ ਨਾਲ ਯਾਦ ਕੀਤਾ ਜਾਂਦਾ ਹੈ । ਇਸੇ ਹੀ ਲਾਹੌਰ ਵਿੱਚ ਭਾਈ ਮਨੀ ਸਿੰਘ ਜੀ ਵੀ ਭਾਈ ਤਾਰੂ  ਸਿੰਘ ਜੀ ਸਹੀਦੀ ਤੋਂ 8 ਸਾਲ ਪਹਿਲਾਂ ਬੰਦ ਬੰਦ ਕਟਵਾ ਕੇ ਸਹੀਦ ਹੋ ਗਏ ਸਨ ।
ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ
ਛੇਹਰਟਾ
ਸੰਪਰਕ - 9988066466