ਰਜਿ: ਨੰ: PB/JL-124/2018-20
RNI Regd No. 23/1979

ਕਮਜ਼ੋਰ ਲੀਡਰਸ਼ਿਪ ਵਾਲੀ ਪਾਰਟੀ ਤੋਂ ਕਾਮਯਾਬੀ ਦੀ ਆਸ ਨਹੀਂ ਕੀਤੀ ਜਾ ਸਕਦੀ

BY admin / July 16, 2021
ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਮੰਥਨ ਕਰਨਾ ਜ਼ਰੂਰੀ ਹੈ ਕਿਉਂਕਿ ਬਿਨਾਂ ਸੋਚਿਆਂ ਕੀਤਾ ਫੈਸਲਾ, ਬਣੀ ਬਣਾਈ ਖੇਡ ਵਿਗਾੜ ਦਿੰਦਾ ਹੈ। ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਲੈਕੇ ਪਾਰਟੀ ਹਾਈਕਮਾਂਡ ਵੱਲੋਂ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹਿਣ ਦੇ ਬਾਵਜੂਦ ਮਸਲਾ ਹੱਲ ਨਹੀਂ ਹੋ ਰਿਹਾ। ਰੋਜ਼ ਨਵੀਆਂ ਸੰਭਾਵਨਾਵਾਂ ਸੁਣਨ ਨੂੰ ਮਿਲਦੀਆਂ ਹਨ। ਵੇਖਿਆ ਜਾਵੇ ਤਾਂ ਪੂਰਾ ਮਾਮਲਾ ਇਕ ਤਰ੍ਹਾਂ ਨਾਲ ਨਵਜੋਤ ਸਿੱਧੂ ਦੁਆਲੇ ਘੁੰਮ ਰਿਹਾ ਹੈ। ਸਿੱਧੂ ਨੂੰ ਜਿਸ ਤਰ੍ਹਾਂ ਚਰਚਾ ਦਾ ਕੇਂਦਰ ਬਿੰਦੂ ਬਣਾਇਆ ਜਾ ਰਿਹਾ ਹੈ ਉਸਦਾ ਕੀ ਕਾਰਣ ਹੈ ਇਸ ਬਾਰੇ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਏਨਾ ਜ਼ਰੂਰ ਹੈ ਕਿ ਸਿੱਧੂ ਅੱਜ ਸਾਰਿਆਂ ਦੀ ਖਿੱਚ ਦਾ ਕੇਂਦਰ ਬਣ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਕਿਸ ਰੁਤਬੇ ਨਾਲ ਨਿਵਾਜਿਆ ਜਾਂਦਾ ਹੈ ਇਹ ਵੀ ਫਿਲਹਾਲ ਇਕ ਸਵਾਲ ਹੈ ਫਿਰ ਵੀ ਹਾਈ ਕਮਾਂਡ ਨੇ ਸਿੱਧੂ ਦਾ ਜ਼ਿਕਰ ਵਾਰ-ਵਾਰ ਲਿਆਕੇ ਉਹਨਾਂ ਨੂੰ ਆਮ ਤੋਂ ਖ਼ਾਸ ਲੀਡਰ ਬਣਾ ਦਿੱਤਾ ਹੈ। ਇਹ ਤਸਵੀਰ ਦਾ ਇਕ ਪਹਿਲੂ ਹੈ ਜਦਕਿ ਦੂਜਾ ਪਹਿਲੂ ਹਾਈਕਮਾਂਡ ਦੀ ਕਮਜ਼ੋਰੀ ਹੈ ਜੋ ਕੋਈ ਫੈਸਲਾ ਕਰਨ ਦੇ ਸਮੱਰਥ ਨਹੀਂ। ਇਸ ਬਾਰੇ ਜੇਕਰ ਇਸ ਤਰ੍ਹਾਂ ਕਿਹਾ ਜਾਵੇ ਕਿ ਗਾਂਧੀ ਪਰਿਵਾਰ ਦੀ ਪਛਾਣ ਬਣੀ ਪਾਰਟੀ ਹੁਣ ਹੁਕਮ ਸੁਣਾਉਣ ਦੇ ਕਾਬਿਲ ਨਹੀਂ ਰਹੀ ਤਾਂ ਗ਼ਲਤ ਨਹੀਂ ਹੋਵੇਗਾ। ਚੋਣਾਂ ਵਿੱਚ ਹਾਰ ਅਤੇ ਸੂਬਾਈ ਇਕਾਈਆਂ ਵਿੱਚ ਤਕਰਾਰ ਨੇ ਹਾਈਕਮਾਂਡ ਦੀ ‘‘ਪਕੜ’’ ਕਮਜ਼ੋਰ ਕਰ ਦਿੱਤੀ ਹੈ। ਅਜਿਹੀ ਕਮਜ਼ੋਰੀ ਕਾਰਣ ਪਾਰਟੀ ਲੀਡਰਾਂ ਵਿੱਚ ਸਿਰ ਚੁੱਕਣ ਦੀ ਹਿੰਮਤ ਪੈਦਾ ਹੁੰਦੀ ਹੈ। ਵੇਖਣਾ ਹੋਵੇਗਾ ਕਿ ਪੰਜਾਬ ਦੇ ਕਾਂਗਰਸੀਆਂ ਦੀ ਲੜਾਈ ਦਾ ਕਿਹੋ ਜਿਹਾ ਅੰਤ ਹੁੰਦਾ ਹੈ। ਇਸ ਸੰਦਰਭ ਵਿੱਚ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਪਸ਼ਟ ਤੌਰ ’ਤੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਪੰਜਾਬ ਵਿੱਚ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣੀ ਤਾਂ ਦੋ ਉਪ ਮੁੱਖ ਮੰਤਰੀ ਬਣਾਏ ਜਾਣਗੇ। ਇਹਨਾਂ ਵਿੱਚ ਇਕ ਦਲਿਤ ਅਤੇ ਦੂਜਾ ਹਿੰਦੂ  ਭਾਈਚਾਰੇ ਵਿੱਚੋਂ ਹੋਵੇਗਾ। ਪਾਰਟੀ ਦੀ ਕੋਰ ਕਮੇਟੀ ਨੇ ਇਸ ਫੈਸਲੇ ਉਪਰ ਮੋਹਰ ਲਗਾਕੇ ਅਕਾਲੀ ਦਲ ਦੀ ਸੋਚ ਨੂੰ ਸਪਸ਼ਟ  ਕਰ ਦਿੱਤਾ ਹੈ। ਹੁਣ ਸੁਖਬੀਰ ਨਾ ਕੇਵਲ ਬਸਪਾ ਦੇ ਹੱਕ ਵਿੱਚ ਆਪਣੇ ਪ੍ਰਚਾਰ ਦੀ ਗਤੀ ਵਿੱਚ ਤੇਜ਼ੀ ਲਿਆਉਣਗੇ ਬਲਕਿ ਹਿੰਦੁੂਆਂ ਦਾ ਸਮਰਥਨ ਜੁਟਾਉਣ ਦੀ ਵੀ ਪੂਰੀ ਕੋਸ਼ਿਸ਼ ਕਰਨਗੇ। ਇਹੀ ਫ਼ਰਕ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੈ। ਅਕਾਲੀ ਦਲ ਵੀ ਭਾਵੇਂ ਕਾਂਗਰਸ ਵਾਂਗ ਬਾਦਲ ਪਰਿਵਾਰ ਦੀ ਪਛਾਣ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਫਿਰ ਵੀ ਉਸਨੂੰ ਕੋਈ ਫੈਸਲਾ ਕਰਨ ਲੱਗਿਆਂ ਕਿਸੇ ਦੇ ਤਕਾਜ਼ਿਆਂ ਦਾ ਖ਼ਿਆਲ ਨਹੀਂ ਰੱਖਣਾ ਪੈਂਦਾ। ਜਾਂ ਇੰਝ ਕਹੋ ਕਿ ਪਾਰਟੀ ਪ੍ਰਧਾਨ ਦਾ ਫੈਸਲਾ ਹੁਕਮੇ ਇਲਾਹੀ ਹੈ ਜਦਕਿ ਕਾਂਗਰਸ ਵਿੱਚ ਅਜਿਹਾ ਨਹੀਂ। ਸੋਨੀਆਂ ਗਾਂਧੀ ਭਾਵੇਂ ਪਾਰਟੀ ਦੀ ਪ੍ਰਧਾਨ ਹਨ ਫਿਰ ਵੀ ਉਹਨਾਂ ਲਈ ਰਾਹੁਲ ਗਾਂਧੀ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਹੈ। ਹੁਣ ਤਾਂ ਪਿ੍ਰੰਯਕਾ ਗਾਂਧੀ ਵੀ ਸਰਗਰਮ ਹੋ ਗਈ ਹੈ। ਸੁਭਾਵਕ ਹੈ ਹਾਈਕਮਾਂਡ ਦੇ ਤਿੰਨ ਮੈਂਬਰਾਂ ਦੇ ਇਕ ਬਿੰਦੂ ਉਪਰ ਕੇਂਦਰਿਤ ਹੋਣ ਵਿੱਚ ਸਮਾਂ ਲੱਗਦਾ ਹੈ। ਇਹੀ ਕਾਰਣ ਹੈ ਕਿ ਹਾਈਕਮਾਂਡ ਦੀ ‘‘ਅਥਾਰਟੀ’’ ਨੂੰ ਖੋਰਾ ਲੱਗ ਰਿਹਾ ਹੈ। ਇਸ ਸਬੰਧ ਵਿੱਚ ਜੇਕਰ ਭਾਜਪਾ ਦੀ ਗੱਲ ਕਰੀਏ ਤੇ ਉਸਦਾ ਕੋਈ ਜਵਾਬ ਨਹੀਂ। ਭਾਜਪਾ ਲੋਕਾਂ ਦੀ ਪਾਰਟੀ ਹੈ, ਪਰਿਵਾਰਕ ਪਾਰਟੀ ਨਹੀਂ। ਇਸ ਲਈ ਭਾਜਪਾ ਦੇ ਫੈਸਲਿਆਂ ਨੂੰ ਲੈਕੇ ਕਿੰਤੂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਜੀਆਂ ਪਾਰਟੀਆਂ ਵਿੱਚ ਜਿੱਥੇ ਪਰਿਵਾਰਵਾਦ ਹਾਵੀ ਹੈ ਉਹਨਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ। ਇਸ ਸੰਦਭਰ ਵਿੱਚ ਸਾਡਾ ਹੀ ਨਹੀਂ ਲੋਕਾਂ ਦਾ ਵੀ ਮੰਨਣਾ ਹੈ ਕਿ ਪਾਰਟੀ ਦੀ ਲੀਡਰਸ਼ਿਪ ਜੇਕਰ ਕਮਜ਼ੋਰ ਹੋਵੇਗੀ ਤਾਂ ਪਾਰਟੀ ਦਾ ਕਮਜ਼ੋਰ ਹੋਣਾ ਲਾਜ਼ਮੀ ਹੈ। ਕਮਜ਼ੋਰ ਕਮਾਂਡਰ ਦੀ ਅਗਵਾਈ ਵਿੱਚ ਫੌਜ ਤੋਂ ਜਿੱਤ ਦੀ ਆਸ ਨਹੀਂ ਕੀਤੀ ਜਾ ਸਕਦੀ। ਕਾਂਗਰਸ ’ਤੇ ਲੋਕਾਂ ਨੂੰ ਵੱਡੀਆਂ ਆਸਾਂ ਹਨ ਪਰ ਕਾਂਗਰਸ ਅੱਜ ਗਾਂਧੀ ਪਰਿਵਾਰ ਦੀ ਜਾਗੀਰ ਬਣਕੇ ਰਹਿ ਗਈ ਹੈ। ਪੰਜਾਬ ਵਿੱਚ ਕੈਪਟਨ ਬਨਾਮ ਸਿੱਧੂ ਦੇ ਟਕਰਾਅ ਵਿੱਚ ਹਾਈਕਮਾਂਡ ਕਿਸ ਦੀ ਪਿੱਠ ’ਤੇ ਹੱਥ ਰਖਦੀ ਹੈ ਇਹ ਅੱਜ-ਭਲਕੇ ਸਪਸ਼ਟ ਹੋ ਜਾਵੇਗਾ ਪਰ ਇਸ ਟਕਰਾਅ ਵਿੱਚ ਕਾਂਗਰਸ ਦੇ ਵਕਾਰ ਨੂੰ ਬਹੁਤ ਵੱਡੀ ਢਾਅ ਲੱਗੀ ਹੈ।