ਰਜਿ: ਨੰ: PB/JL-124/2018-20
RNI Regd No. 23/1979

ਕੀ ਪ੍ਰਸ਼ਾਂਤ ਕਿਸ਼ੋਰ ਬੰਗਾਲ ਵਾਲਾ ਕਿ੍ਰਸ਼ਮਾਂ 2024 ’ਚ ਵਿਖਾ ਸਕਣਗੇ?

BY admin / July 17, 2021
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਅੱਜ ਹਰ ਪਾਸੇ ਹੈ, ਖ਼ਾਸ ਤੌਰ ’ਤੇ ਸਿਆਸੀ ਗਲਿਆਰਿਆਂ ਵਿੱਚ। ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾਉਣ ਅਤੇ ਉਸੇ ਮਿੱਟੀ ਨਾਲ ਮਮਤਾ ਬੈਨਰਜੀ ਦੇ ਮੱਥੇ ਉਪਰ ਜਿੱਤ ਦਾ ਤਿਲਕ ਲਗਾਉਣ ਵਾਲੇ ਪ੍ਰਸ਼ਾਂਤ ਹੁਣ ਦੇਸ਼ ਦੀ ਸਿਆਸੀ ਨੁਹਾਰ ਵਿੱਚ ਨਿਖ਼ਾਰ ਲਿਆਉਣ ਬਾਰੇ ਸੋਚ ਰਹੇ ਹਨ। 2014 ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਜੇ ਹੁਣ ਮੋਦੀ ਦੇ ਖ਼ਿਲਾਫ਼ ਸਮੁੱਚੀ ਵਿਰੋਧੀ ਧਿਰ ਨੂੰ ਇਕ ਮੰਚ ਉਪਰ ਇਕਜੁੱਟ ਕਰਨ ਬਾਰੇ ਸੋਚ ਰਹੇ ਹਨ ਤਾਂ ਇਹ ਗ਼ਲਤ ਨਹੀਂ ਬਲਕਿ ਵਕਤ ਦਾ ਤਕਾਜ਼ਾ ਹੈ। ਲੋਕਾਂ ਨੇ ਆਪਣੇ ਆਪਨੂੰ ਭਾਜਪਾ ਦੇ ਹਵਾਲੇ ਕਰਨ ਦਾ ਫੈਸਲਾ ‘‘ਚੰਗੇ ਦਿਨਾਂ’’ ਦੇ ਭਰੋਸੇ ਦੇ ਲੜ੍ਹ ਲੱਗਕੇ ਕੀਤਾ ਸੀ। ਹੁਣ ਜਦ ਚੰਗੇ ਦਿਨਾਂ ਦਾ ਭਰੋਸਾ ਇਕ ਜੁਮਲਾ ਬਣਕੇ ਰਹਿ ਗਿਆ ਉਸ ਹਾਲਤ ਵਿੱਚ ਲੋਕ ਇਕ ਵਾਰ ਫਿਰ ਕਿਸੇ ਹੋਰ ਉਪਰ ਭਰੋਸਾ ਕਰਨ ਬਾਰੇ ਸੋਚ ਰਹੇ ਹਨ। ਦਰਅਸਲ ਲੋਕਾਂ ਦੀ ਫ਼ਿਤਰਤ ਹੈ ਕਿ ਉਹ ਦਿਲਫਰੇਬ ਵਾਅਦਿਆਂ ਉਪਰ ਇਤਬਾਰ ਕਰ ਲੈਂਦੇ ਹਨ। ਜ਼ਰੂਰੀ ਨਹੀਂ ਸਾਰੇ ਵਿਅਕਤੀ ਜੁਮਲੇਬਾਜ਼ ਹੋਣ। ਘੱਟੋਘਟ ਉਹ ਵਿਅਕਤੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲ੍ਹਵਾੜ ਨਹੀਂ ਕਰ ਸਕਦਾ ਜੋ ਕਥਨੀ ਅਤੇ ਕਰਨੀ ਦੀ ਅਹਿਮੀਅਤ ਨੂੰ ਸਮਝਦਾ ਹੈ। ਅਗਲੀਆਂ ਲੋਕ ਸਭਾ ਚੋਣਾਂ 2024 ਵਿੱਚ ਹੋਣੀਆਂ ਹਨ ਪਰ ਉਹਨਾਂ ਲਈ ‘‘ਬਿਸਾਤ’’ ਹੁਣ ਤੋਂ ਵਿਛਾਈ ਜਾ ਰਹੀ ਹੈ। ਪੰਜਾਬ, ਯੂ.ਪੀ ਅਤੇ ਉੱਤਰਾਖੰਡ ਸਮੇਤ ਕੁੱਝ ਰਾਜਾਂ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਮਿਨੀ ਲੋਕ ਸਭਾ ਚੋਣਾਂ ਸਮਝਕੇ ਤਾਕਤ ਅਜ਼ਮਾਈ ਲਈ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਹਨ। ਅਜਿਹੇ ਮੌਕੇ ’ਤੇ ਪ੍ਰਸ਼ਾਂਤ ਕਿਸ਼ੋਰ ਦਾ ਮੰਜ਼ਰੇ ਆਮ ’ਤੇ ਆਉਣਾ ਅਤੇ ਵਿਰੋਧੀ ਪਾਰਟੀਆਂ ਨੂੰ ਇਕ ਪਲੇਟਫਾਰਮ ਉੱਪਰ ਲਿਆਉਣ ਬਾਰੇ ਸੋਚਣਾ ਜੇਕਰ ਉਹਨਾਂ ਦੀ ਉਸਾਰੂ ਸੋਚ ਨੂੰ ਦਰਸਾਉਂਦਾ ਹੈ ਤਾਂ ਵਿਰੋਧੀ ਲੀਡਰਾਂ ਨੂੰ ਵੀ ਅਹਿਸਾਸ ਕਰਵਾਉਂਦਾ ਹੈ ਕਿ ਉਹਨਾਂ ਦੀ ਆਪਸੀ ਫੁੱਟ, ਭਾਜਪਾ ਲਈ ਵਰਦਾਨ ਬਣ ਗਈ ਹੈ। ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਉਹਨਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨਾਲ ਹੱਥ ਮਿਲਾ ਸਕਦੇ ਹਨ। ਪਿਛਲੇ ਦਿਨੀਂ ਉਹਨਾਂ ਦਾ  ਰਾਹੁਲ ਗਾਂਧੀ ਨੂੰ ਮਿਲਣਾ ਬੇਸ਼ਕ ਇਕ ਸੰਖੇਪ ਮੁਲਾਕਾਤ ਸੀ ਪਰ ਇਸਦਾ ਸ਼ੰਦੇਸ਼ ਬਹੁਤ ਵੱਡਾ ਹੈ। ਸੰਕੇਤ ਅਜਿਹੇ ਵੀ ਹਨ ਕਿ ਪ੍ਰਸ਼ਾਂਤ ਜੇਕਰ ਕਾਂਗਰਸ ਵਿੱਚ ਸ਼ਾਮਿਲ ਹੋ ਜਾਂਦੇ ਹਨ ਤਾਂ ਉਹਨਾਂ ਲਈ ਪਾਰਟੀ ਵਿੱਚ ਇਕ ਵੱਖਰਾ ‘‘ਚੋਣ ਰਣਨੀਤੀ ਵਿਭਾਗ’’ ਕਾਇਮ ਕੀਤਾ ਜਾਵੇਗਾ। ਪ੍ਰਸ਼ਾਂਤ ਨੇ ਜੇਕਰ ਦੇਸ਼ ਵਿੱਚ ਸਿਆਸੀ ਕਾਇਆਕਲਪ ਲਈ ਕਾਂਗਰਸ ਨੂੰ ਚੁਣਿਆ ਹੈ ਤਾਂ ਇਸਦਾ ਮਤਲਬ ਹੈ ਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਲੋਕਾਂ ਦੇ ਤਕਾਜ਼ਿਆਂ ਉਪਰ ਖਰੀ ਉੱਤਰ ਸਕਦੀ ਹੈ। ਕਾਂਗਰਸ ਦੀ ਅਗਵਾਈ ਵਿੱਚ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਗਈ ਅਤੇ ਹੁਣ ਦੇਸ਼ ਨੂੰ ਫਿਰਕੂਵਾਦ ਦੇ ਸੰਤਾਪ ’ਚੋਂ ਬਾਹਿਰ ਕੱਢਣ ਲਈ ਕਾਂਗਰਸ ਹੀ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਪ੍ਰਸ਼ਾਂਤ ਦੇ ਕਦਮਾਂ ਦੀ ਸਿਆਸੀ ਮੰਚ ਉਪਰ ‘‘ਆਹਟ’’ ਦਾ ਅਸਰ ਹੈ ਕਿ ਭਾਜਪਾ ਅਤੇ ਆਰ.ਐਸ.ਐਸ ਵਿੱਚ ਅੰਦਰਖਾਤੇ ਚਿੰਤਾ ਮਹਿਸੂਸ ਕੀਤੀ ਜਾ ਰਹੀ ਹੈ। ਪ੍ਰਸ਼ਾਂਤ ਨੇ ਦਾਅਵਾ ਕੀਤਾ ਸੀ ਕਿ ਬੰਗਾਲ ਵਿੱਚ ਭਾਜਪਾ ਨੂੰ 100 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ ਅਤੇ ਅਜਿਹਾ ਹੀ ਹੋਇਆ। ਦੋ ਸੌ ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਗ੍ਰਹਿ ਮੰਤਰੀ ਅਮਿਤਸ਼ਾਹ ਭਾਜਪਾ ਦੀ ਹਾਰ ਦੇ ਬਾਦ ਇਕ ਤਰ੍ਹਾਂ ਨਾਲ ਏਕਾਂਤਵਾਸ ਵਿੱਚ ਚਲੇ ਗਏ ਹਨ। ਯੂ.ਪੀ ਵਿੱਚ ਯੋਗੀ ਸਰਕਾਰ ਜੇਕਰ ਹਾਰ ਜਾਂਦੀ ਹੈ ਤਾਂ ਇਸ ਨਾਲ ਜਿੱਥੇ ਭਾਜਪਾ ਦੇ ਪਤਨ ਦੀ ਉਲਟੀ ਗਿਣਤੀ ਸ਼ੁਰੂ ਹੋਵੇਗੀ ਉਥੇ ਪ੍ਰਸ਼ਾਂਤ ਕਿਸ਼ੋਰ ਦੇ ਸੰਕਲਪ ਨੂੰ ਨਵੇਂ ਆਯਾਮ ਮਿਲਣਗੇ। ਜੇ ਯੋਗੀ ਆਪਣੀ ਲਾਜ ਬਚਾਉਣ ਵਿੱਚ ਸਫ਼ਲ ਹੋ ਗਏ ਤਾਂ ਇਸਦਾ ਮਤਲਬ ਇਹ ਨਹੀਂ ਕਿ 2024 ਦੀ ਲੜਾਈ ਦੇ ਜੋਸ਼ ਵਿੱਚ ਕਮੀਂ ਆ ਗਈ। ਇਹ ਪੂਰਾ ਘਟਨਾਕ੍ਰਮ ਅਜਿਹਾ ਚੈਪਟਰ ਨਹੀਂ ਜਿਸਨੂੰ ਪੜ੍ਹਕੇ ਠੱਪ ਕਰ ਦਿੱਤਾ ਜਾਵੇ। ਇਹ ਚੈਪਟਰ ਆਉਣ ਵਾਲੇ ਭਾਰਤ ਦੀ ਅਜਿਹੀ ਤਸਵੀਰ ਦੀ ਅੱਕਾਸੀ ਕਰੇਗਾ ਜਿਸ ਵਿਚ ਮਨੁੱਖਤਾ ਉਪਰ ਕਿਸੇ ਹੋਰ ਸੋਚ ਦਾ ਗ਼ਲਬਾ ਨਾ ਹੋਵੇ। ਦੇਸ਼ ਦੇ ਅੰਨਦਾਤਾ ਦੀ ਗੱਲ ਸੁਣੀ ਜਾਵੇਗੀ। ਸਰਕਾਰੀ ਮਹਿਕਮਿਆਂ ਵਿੱਚ ਕਿਸੇ ਵਿਸ਼ੇਸ਼ ਜਾਤੀ ਦੇ ਲੋਕਾਂ ਨੂੰ ਨੌਕਰੀਆਂ ਦੇ ਮਾਮਲੇ ਵਿੱਚ ਪਹਿਲ ਨਹੀਂ ਮਿਲੇਗੀ। ਸੰਵਿਧਾਨਕ ਸੰਸਥਾਵਾਂ ਉਪਰ ਸਰਕਾਰੀ ਪਹਿਰਾ ਨਹੀਂ ਹੋਵੇਗਾ। ਯਾਨੀ ਲੋਕਾਂ ਨੂੰ  ਪਤਾ ਲੱਗੇਗਾ ਕਿ ਜਮਹੂਰੀਅਤ ਦਾ ਕਿਹੋ ਜਿਹਾ ਚਿਹਰਾ ਹੁੰਦਾ ਹੈ। ਪ੍ਰਸ਼ਾਂਤ ਕਿਸ਼ੋਰ ਆਪਣੇ ਮਕਸਦ ਵਿੱਚ ਸਫ਼ਲ ਹੁੰਦੇ ਹਨ ਜਾਂ ਨਹੀਂ ਇਹ ਬਾਦ ਦੀ ਗੱਲ ਹੈ ਪਰ ਉਹਨਾਂ ਨੂੰ ਲੈਕੇ ਦੇਸ਼ ਵਾਸੀਆਂ ਨੇ ਨਵੇਂ ਭਾਰਤ ਬਾਰੇ ਸੁਪਨਾ ਵੇਖਣਾ ਜ਼ਰੂਰ ਸ਼ੁਰੂ ਕਰ ਦਿੱਤਾ ਹੈ।