ਕੀ ਸਿੱਧੂ ਕੈਪਟਨ ਤੋਂ ਮੁਆਫ਼ੀ ਮੰਗਣਗੇ?
ਰਾਜਨੀਤੀ ਦੀ ਪੱਧਰ ਵਿੱਚ ਆ ਰਹੀ ਤੇਜ਼ੀ ਨਾਲ ਗਿਰਾਵਟ ਦੌਰਾਨ ਅਸੂਲਾਂ ਉੱਪਰ ਪਹਿਰਾ ਦੇਣ ਵਾਲੇ ਲੀਡਰ ਬੀਤੇ ਕੱਲ ਦੀ ਗੱਲ ਬਣ ਗਏ ਹਨ। ਪੰਜਾਬ ਕਾਂਗਰਸ ਵਿੱਚ ਇਸ ਵੇਲੇ ਜੋ ਕੁੱਝ ਹੋ ਰਿਹਾ ਹੈ ਉਸਨੂੰ ਵੇਖਕੇ ਜਾਪਦਾ ਹੈ ਕਿ ਹਰ ਲੀਡਰ ਦੀ ਸੋਚ ਕੁਰਸੀ ਨਾਲ ਬੱਝਕੇ ਰਹਿ ਗਈ ਹੈ। ਇਸ ਲੜਾਈ ਵਿੱਚ ਸਾਰੇ ਮੁੱਦੇ ਅਤੇ ਲੋਕਾਂ ਦੇ ਮਸਲੇ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਨਜ਼ਰ ਆ ਰਿਹਾ ਹੈ ਤਾਂ ਲੀਡਰਾਂ ਦਾ ਨਿੱਜੀ ਏਜੰਡਾ ਯਾਨੀ ਕੁਰਸੀ ਦੀ ਭੁੱਖ। ਹੁਣ ਤੱਕ ਦੇ ਸੰਕੇਤਾਂ ਅਨੁਸਾਰ ਇਹ ਤਾਂ ਲੱਗਭਗ ਤੈਅ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸਿੱਧੂ ਪ੍ਰਧਾਨ ਬਣਕੇ ਪਾਰਟੀ ਅਤੇ ਪੰਜਾਬ ਦੀ ਕਾਇਆਕਲਪ ਲਈ ਕੀ ਉਪਰਾਲਾ ਕਰਦੇ ਹਨ ਇਹ ਤਾਂ ਸਮਾਂ ਦੱਸੇਗਾ ਪਰ ਸਿੱਧੂ ਦੇ ਕਿਰਦਾਰ ’ਚੋਂ ਨਿੱਜਤਾ ਦਾ ਅਜਿਹਾ ਪਹਿਲੂ ਬੇਪਰਦਾ ਹੋਇਆ ਹੈ ਜਿਸ ਵਿੱਚ ਦੂਜਿਆਂ ਲਈ ਥਾਂ ਜ਼ਰੂਰ ਹੈ ਪਰ ਆਪਣੇ ਤੋਂ ਬਾਦ। ਸਿੱਧੂ ਵਿੱਚ ਸਦੀਆਂ ਦਾ ਸਫ਼ਰ ਕੁੱਝ ਪਲਾਂ ਵਿੱਚ ਤੈਅ ਕਰਨ ਦਾ ਜਜ਼ਬਾ ਹੈ। ਅਜਿਹੀ ਸੋਚ ਇਨਸਾਨ ਦੇ ਇਨਕਲਾਬੀ ਜਜ਼ਬੇ ਨੂੰ ਦਰਸਾਉਂਦੀ ਹੈ ਪਰ ਸਮੇਂ ਤੋਂ ਅੱਗੇ ਲੰਘਣ ਵਾਲੇ ਲੋਕ ਕਈ ਵਾਰ ਗਰਦਿਸ਼ ਦੇ ਸ਼ਿਕਾਰ ਹੋ ਜਾਂਦੇ ਹਨ। ਜੇ ਕਾਂਗਰਸੀ ਲੀਡਰਾਂ ਦਾ ਇੱਕ ਹਿੱਸਾ ਸਿੱਧੂ ਦੇ ਸਿਰ ’ਤੇ ਪ੍ਰਧਾਨਗੀ ਦਾ ਤਾਜ ਵੇਖਣਾ ਚਾਹੁੰਦਾ ਹੈ ਤਾਂ ਜ਼ਿਆਦਾਤਰ ਲੀਡਰ ਉਹਨਾਂ ਦਾ ਵਿਰੋਧ ਵੀ ਕਰ ਰਹੇ ਹਨ। ਖ਼ਾਸ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੀ ਜੋੜੀ ਅਜਿਹੀ ‘‘ਜੁਗਲਬੰਦੀ’’ ਹੁੰਦੀ ਹੈ ਜੋ ਆਪਣੇ ਤਾਲਮੇਲ ਨਾਲ ਸੂਬੇ ਦੀ ਨੁਹਾਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਇਥੇ ਮਾਮਲਾ ਉਲਟਾ ਹੈ। ਕੈਪਟਨ ਸਿੰਘ ਨੇ ਭਾਵੇਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਹਾਈਕਮਾਂਡ ਦਾ ਹਰ ਫੈਸਲਾ ਮੰਨਣ ਲਈ ਤਿਆਰ ਹਨ ਫਿਰ ਵੀ ਜੱਦ ਤੱਕ ਸਿੱਧੂ ਉਹਨਾਂ ਦੇ ਖਿਲਾਫ਼ ਦਿੱਤੇ ਬਿਆਨਾਂ ਲਈ ਮੁਆਫ਼ੀ ਨਹੀਂ ਮੰਗਦੇ ਉਹ ਸਿੱਧੂ ਨੂੰ ਨਹੀਂ ਮਿਲਣਗੇ। ਭਾਵ ਇਹ ਕਿ ਉਹ ਸਿੱਧੂ ਨੂੰ ਪ੍ਰਧਾਨ ਦੇ ਤੌਰ ’ਤੇ ਤਸਲੀਮ ਨਹੀਂ ਕਰਨਗੇ। ਇਸ ਤਰ੍ਹਾਂ ਮਸਲਾ ਸੁਲਝਦਾ-ਸੁਲਝਦਾ ਫਿਰ ਉਲਝ ਗਿਆ ਹੈ। ਹਾਲਾਂਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਸਬੰਧ ਵਿੱਚ ਰਸਮੀ ਐਲਾਨ ਇਕ-ਦੋ ਦਿਨਾਂ ਵਿੱਚ ਕਰਨਾ ਹੈ ਅਤੇ ਹੋ ਸਕਦਾ ਹੈ ਫੈਸਲੇ ਵਿੱਚ ਫੇਰ ਬਦਲ ਹੋ ਜਾਵੇ ਪਰ ਜਿਥੋਂ ਤੱਕ ਸਿੱਧੂ ਵੱਲੋਂ ਮੁਆਫ਼ੀ ਮੰਗਣ ਦਾ ਸਵਾਲ ਹੈ ਤਾਂ ਇਸ ਬਾਰੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਰਾਜਨੀਤੀ ਵਿੱਚ ਮੁਆਫ਼ੀ ਮੰਗਣਾ ਇਕ ਚਲਨ ਬਣ ਗਿਆ ਹੈ। ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਅਤੇ ਹੋਰ ਕਈ ਲੀਡਰ ਸਮੇਂ-ਸਮੇਂ ’ਤੇ ਮੁਆਫ਼ੀ ਮੰਗ ਚੁੱਕੇ ਹਨ। ਮੁਆਫ਼ੀ ਨੂੰ ਸਿਆਸਤਦਾਨਾਂ ਨੇ ਏਨਾ ਹਲਕਾ ਬਣਾ ਦਿੱਤਾ ਹੈ ਕਿ ਮੁਆਫ਼ੀ ਸ਼ਬਦ ਦੇ ਅਰਥ ਹੀ ਬਦਲ ਗਏ ਹਨ। ਵੇਖਿਆ ਜਾਵੇ ਤਾਂ ਮੁਆਫ਼ੀ ਅਜਿਹਾ ਹਥਿਆਰ ਹੈ ਜੋ ਹਮਲਾਵਰ ਨੂੰ ਨਿਹੱਥਾ ਕਰ ਦਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਮੁਆਫ਼ੀ ਮੰਗਣ ਵਾਲਾ, ਮੁਆਫ਼ ਕਰਨ ਵਾਲੇ ਦੇ ਸਾਹਮਣੇ ਹਮੇਸ਼ਾ ਲਈ ਝੁੱਕ ਜਾਂਦਾ ਹੈ। ਇਹ ਰਾਜਨੀਤੀ ਹੈ, ਇਸ ਵਿੱਚ ਮੁਆਫ਼ੀ ਦੀ ਕੋਈ ਅਹਿਮੀਅਤ ਨਹੀਂ। ਇਸ ਵਿੱਚ ਤਾਂ ਲੋਕ ਆਪਣਾ ਇਮਾਨ ਤੱਕ ਵੇਚ ਦਿੰਦੇ ਹਨ। ਮੁਆਫ਼ੀ ਮੰਗਕੇ ਜੇ ਸਰਦਾਰੀ ਮਿਲੇ ਤਾਂ ਇਹ ਘਾਟੇ ਦਾ ਸੌਦਾ ਨਹੀਂ। ਹਾਂ, ਜੇਕਰ ਕੋਈ ਖ਼ੁੱਦਾਰ ਹੈ ਤਾਂ ਉਹ ਮੁਆਫ਼ੀ ਨਹੀਂ ਮੰਗ ਸਕਦਾ। ਇਸ ਪੂਰੇ ਘਟਨਾਕ੍ਰਮ ਬਾਰੇ ਜੇਕਰ ਇਸ ਤਰ੍ਹਾਂ ਕਿਹਾ ਜਾਵੇ ਕਿ ਪੰਜਾਬ ਦੇ ਕਾਂਗਰਸੀ ਲੀਡਰ ਆਪਣੀ ਸਰਦਾਰੀ ਕਾਇਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਤਾਂ ਗ਼ਲਤ ਨਹੀਂ ਹੋਵੇਗਾ। ਇਸ ਲੜਾਈ ਵਿੱਚ ਕਾਂਗਰਸੀਆਂ ਦਾ ਕੀ ਭਲਾ ਹੋਵੇਗਾ, ਇਸ ਬਾਰੇ ਤਾਂ ਕੁੱਝ ਕਹਿਣਾ ਮੁਸ਼ਕਿਲ ਹੈ ਪਰ ਲੜਾਈ ਦੌਰਾਨ ਪੰਜਾਬ ਦਾ ਵਿਕਾਸ ਬਹੁਤ ਪਿੱਛੇ ਪੈ ਗਿਆ ਹੈ। ਲੜਾਈ ਕਾਰਣ ਹਰ ਪਾਸੇ ਬੇਚੈਨੀ ਹੈ। ਬੇਰੁਜ਼ਗਾਰੀ ਅਤੇ ਬਿਜਲੀ ਕਟੌਤੀ ਦੀ ਮਾਰ ਸਮੇਤ ਵੱਖ-ਵੱਖ ਪਰੇਸ਼ਾਨੀਆਂ ਵਿੱਚ ਲੋਕ ਘਿਰ ਗਏ ਹਨ। ਕਾਂਗਰਸੀਆਂ ਨੂੰ ਸਿਵਾ ਆਪਣੇ, ਕਿਸੇ ਦੀ ਕੋਈ ਚਿੰਤਾ ਨਹੀਂ। ਇਹੋ ਜਿਹੀ ਪਾਰਟੀ ਤੋਂ ਲੋਕ ਕੀ ਤਵੱਕੋ ਕਰ ਸਕਦੇ ਹਨ।