ਰਜਿ: ਨੰ: PB/JL-124/2018-20
RNI Regd No. 23/1979

ਸਤਿਕਾਰਤ ਦੋਸਤੋ ਕੀ ਖੋਇਆ, ਕੀ ਪਾਇਆ ਜਦੋਂ ਦਾ ਤਰੱਕੀ ਵਾਲਾ ਜਮਾਨਾ ਆਇਆ

BY admin / July 18, 2021
“ਆਓ ਸੋਚੀਏ ਸਾਰੇ’’
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਤੇ ਜਦੋਂ ਵੀ ਕਿਤੇ ਓਸ ਅਕਾਲਪੁਰਖ ਨੇ ਦੁਨੀਆਂ ਸਾਜੀ ਹੈ ਓਦੋਂ ਤੋਂ ਨਿਰੰਤਰ ਚੱਲਿਆ ਆ ਰਿਹਾ ਤੇ ਚਲਦਾ ਹੀ ਰਹਿਣਾ ਹੈ, ਹਾਂ ਬੀਤੇ ਦਿਨਾਂ ਦੀ ਕਹਿ ਲਈਏ ਜਾਂ ਫਿਰ ਬੀਤੇ ਸਮਿਆਂ ਜਾ ਪੁਰਾਤਨ ਦਿਨਾਂ ਦੀ ਕਹਿ ਲਈਏ ਇਹ ਸੱਭ ਇੱਕ ਹੀ ਗੱਲ ਹੈ। ਤੇ ਇਸ ਗੱਲ ਨੂੰ ਕਰੂ ਵੀ ਓਹੀ ਵੀਰ ਜਿਸ ਨੇ ਵੀ ਓਹ ਸਮੇਂ ਵੇਖੇ ਨੇ ਕਿਉਂਕਿ ਵੇਖਣ ਤੋਂ ਬਿਨਾਂ ਤਾਂ ਕੁੱਝ ਵੀ ਕਿਹਾ ਹੀ ਨਹੀਂ ਜਾ ਸਕਦਾ।ਸੋ ਜੋ ਮੈਨੂੰ ਯਾਦ ਹੈ ਇਹ ਕਰੀਬ ਸੱਤਰ ਕੁ ਦੇ ਦਹਾਕੇ ਤੋਂ ਬਾਅਦ ਦੀਆਂ ਗੱਲਾਂ ਨੇ, ਕਿਉਂਕਿ ਚੁਰੰਜਾ ਦਾ ਜਨਮ, ਪੰਦਰਾਂ ਸੋਲਾਂ ਸਾਲਾਂ ਤੋਂ ਪਹਿਲਾਂ ਦੀਆਂ ਗੱਲਾਂ ਤਾਂ ਯਾਦ ਨਹੀਂ ਇਸ ਲਈ ਓਸ ਤੋਂ ਬਾਅਦ ਜੋ ਕੁੱਝ ਬਦਲਾਅ ਆਇਆ ਹੈ ਉਹ ਸੱਭ ਅੱਖੀਂ ਵੇਖਿਆ ਹੈ।
ਸਾਡੇ ਪੁਰਖਿਆਂ ਦੇ ਕੱਚੇ ਘਰ ਸਰ ਕਾਨਿਆਂ ਦੀਆਂ ਛੱਤਾਂ,ਬਾਲੇ ਬਾਲੀਆਂ ਲਟੈਣਾਂ ਪਾ ਕੇ ਬਣਾਉਣੀਆਂ, ਕੱਚੀਆਂ ਵੱਡੀਆਂ ਵੱਡੀਆਂ ਇੱਟਾਂ, ਬਹੁਤ ਚੌੜੀਆਂ ਕੰਧਾਂ ਕੱਢਦੇ ਕਾਰਨ ਹੀ ਓਨਾਂ ਘਰਾਂ ਵਿੱਚ ਅਜੋਕੇ ਸਮਿਆਂ ਵਾਂਗ ਏ ਸੀ ਦੀ ਲੋੜ ਹੀ ਨਹੀਂ ਸੀ ਹੁੰਦੀ ਗਰਮੀ ਨੂੰ ਠੰਡੇ ਤੇ ਸਿਆਲ ਨੂੰ ਓਹ ਘਰ ਨਿੱਘੇ ਹੋਇਆ ਕਰਦੇ ਸਨ। ਓਨਾਂ ਵਿੱਚ ਰਹਿਣ ਵਾਲਿਆਂ ਦੇ ਸੁਭਾਅ ਵੀ ਨਰਮ ਹੁੰਦੇ ਸਨ, ਜਿਵੇਂ ਕਹਿੰਦੇ ਨੇ ਕਿ ਮਕਾਨ ਭਾਵੇਂ ਕੱਚੇ ਸੀ ਪਰ ਓਨਾਂ ਵਿੱਚ ਰਹਿਣ ਵਾਲੇ ਸੱਚੇ ਸੀ। ਕੋਠਿਆਂ ਦੇ ਅੰਦਰ ਹੀ ਦਾਣਿਆਂ ਵਾਲੀਆਂ ਬੁਖਾਰੀਆਂ ਬਣਾ ਲੈਣੀਆਂ, ਤੇ ਅਗਲੇ ਸਾਲ ਵਾਸਤੇ ਕਣਕ ਦਾ ਬੀਜ ਤੂੜੀ ਵਿੱਚ ਦੱਬ ਦੇਣਾ। ਕੋਠਿਆਂ ਉੱਪਰ ਮੰਜੇ ਚੜਾ ਕੇ ਉੱਤੇ ਸੌਣ ਦਾ ਰਿਵਾਜ ਸੀ। ਮੈਨੂੰ ਚੰਗੀ ਤਰ੍ਹਾ ਯਾਦ ਹੈ ਕਿ ਓਨਾਂ ਸਮਿਆਂ ਵਿੱਚ ਕਾਲੇ ਕੱਛਿਆਂ ਵਾਲਿਆਂ ਦਾ ਇੱਕ ਦੌਰ ਆਇਆ ਸੀ, ਗਲੀਆਂ ਚ ਸੋਰ ਮੱਚ ਜਾਣਾ ਆ ਗਏ ਓਏ ਆ ਗਏ,ਤੇ ਵੇਂਹਦਿਆਂ ਵੇਂਹਦਿਆਂ ਗਲੀ ਮਹੱਲੇ ਵਾਲਿਆਂ ਇਕੱਠੇ ਹੋ ਜਾਣਾ,ਪਰ ਮਿਲਦਾ ਕੋਈ ਨਹੀਂ ਸੀ।
ਸਾਰੇ ਘਰਾਂ ਵਿੱਚ ਲਵੇਰਾ ਰੱਖਣ ਦਾ,ਗੋਹਾ ਕੂੜਾ ਕਰਨਾ ਪੱਠੇ ਲਿਆਉਂਦੇ ਘਰੀਂ ਹੱਥ ਮਸੀਨਾਂ ਤੇ ਪੱਠੇ ਕੁਤਰਦੇ, ਫੱਟੀਆਂ ਸਲੇਟਾਂ ਇੱਕ ਕਾਇਦੇ ਨਾਲ ਦਰੀ ਦੇ ਝੋਲੇ ਚ ਪਾਕੇ ਟੁੱਟੀਆਂ ਜਿਹੀਆਂ ਚੱਪਲਾਂ ਨਾਲ ਸਕੂਲ ਜਾਣਾ, ਵਾਪਸੀ ਤੇ ਖੇਤੋਂ ਪੱਠਿਆਂ ਦੀ ਪੰਡ ਚੱਕੀ ਆਉਣੀ,ਗੁੱਲੀ ਡੰਡਾ, ਦਾਈਆਂ ਦੂਹਕੜੇ,ਕੱਚ ਦੀਆਂ ਗੋਲੀਆਂ,ਕੋਟਲਾ ਛਪਾਕੀ,ਅੱਡੀ ਟੱਪਾ, ਤਾਸ, ਪਿੰਡਾਂ ਦੇ ਤਰਖਾਣ ਤੋਂ ਗਡੀਰੇ ਬਣਾ ਕੇ ਤੇ ਲੱਕੜ ਦੇ ਟਰੈਕਟਰ ਤੇ ਟਰਾਲੀ ਬਣਾ ਕੇ, ਛੋਟੇ ਛੋਟੇ ਮਿੱਟੀ ਦੇ ਘਰ ਤੇ ਖੇਤ ਬਣਾ ਕੇ ਵਿੱਚ ਭਰਤ ਪਾਈ ਜਾਣੀ। ਛੱਪੜਾਂ ਦੇ ਵਿੱਚ ਨਹਾਉਣਾ, ਸਾਈਕਲ ਦੇ ਟਾਇਰਾਂ ਨੂੰ ਕੁੰਡੀ ਜਿਹੀ ਬਣਾ ਕੇ ਸਾਰੀ ਸਾਰੀ ਦਿਹਾੜੀ ਘੁਮਾਉਂਦੇ ਫਿਰਨਾ।ਇਹੋ ਜਿਹੇ ਓਦੋਂ ਸਮੇਂ ਸਨ, ਤੇ ਅਨੇਕਾਂ ਹੀ ਐਸੀਆਂ ਹੋਰ ਖੇਡਾਂ ਸਨ ਜਿਨ੍ਹਾਂ ਦੇ ਨਾਂਅ ਵੀ ਯਾਦ ਨਹੀਂ, ਖੇਡਦੇ ਰਹਿਣਾ।ਘਰ ਦਾ ਦੁੱਧ ਦਹੀਂ ਮੱਖਣ ਘਿਉ ਹੋਣਾ ਰੱਜ ਰੱਜ ਖਾਣਾ, ਤੰਦੂਰ ਦੀਆਂ ਰੋਟੀਆਂ ਬਨਣੀਆਂ ਸਾਰਿਆਂ ਇਕੱਠੇ ਬੈਠ ਕੇ ਖਾਣੀਆਂ,ਚਾਚੇ ਤਾਏ,ਭਾਪੇ ਬਾਬੇ ਭਾਵ ਸੰਯੁਕਤ ਪਰਿਵਾਰਾਂ ਨੇ ਰਹਿਣਾ,ਸੱਭ ਤੋਂ ਵਡੇਰੇ ਦਾ ਘਰ ਵਿੱਚ ਹੁਕਮ ਚੱਲਦਾ ਸੀ, ਕਿਤੇ ਵਿਆਹ ਸਾਦੀ ਜਾਂ ਕਿਸੇ ਦੁੱਖ ਤਕਲੀਫ ਲਈ ਘਰੋਂ ਜਾਣਾ, ਤਾਂ ਘਰ ਦੇ ਮੁਖੀਏ ਨੇ ਜੀਹਨੂੰ ਮਰਜੀ ਭੇਜਣਾ ਇਹ ਨਹੀਂ ਕਿ ਓਥੇ ਫਲਾਣਾ ਹੀ ਜਾਊਗਾ,ਓਨੇ ਹੀ ਪੈਸੇ ਦੇਣੇ ਭਾਵ ਗਿਣ ਮਿਣ ਕੇ, ਕਿਸੇ ਦੀ ਮਜਾਲ ਨਹੀਂ ਸੀ ਕਿ ਨਾਂਹ ਕਰ ਦਿੰਦੇ। ਓਹਨਾਂ ਸਮਿਆਂ ਵਿੱਚ ਪਿੰਡਾਂ ਵਿੱਚ ਅਖਾੜੇ ਲੱਗਣ ਦਾ ਰਿਵਾਜ ਚਰਮ ਸੀਮਾ ਤੇ ਸੀ, ਸਾਰੇ ਘਰ ਦੇ ਕੰਮ ਧੰਦੇ ਨਿਪਟਾ ਕੇ ਅਖਾੜਾ ਜਰੂਰ ਵੇਖਣ ਜਾਣਾ,ਪਰ ਆਪਦੇ ਹਿੱਸੇ ਦਾ ਕੰਮ ਨਿਬੇੜ ਕੇ।ਲਾਲ ਚੰਦ ਯਮਲਾ ਜੱਟ ਸੀ,ਨਿੱਕਾ ਸਿੰਘ ਦਰਦੀ, ਮੁਹੰਮਦ ਸਦੀਕ, ਕਰਤਾਰ ਰਮਲਾ ਅਤੇ ਹੋਰ ਵੀ ਕਈ ਮਸਹੂਰ ਗਾਇਕਾਂ ਦੇ ਅਖਾੜੇ ਲੱਗਣੇ, ਸਾਰੇ ਹੀ ਪਿੰਡ ਵਾਲਿਆਂ ਨੇ ਇਕੱਠੇ ਬੈਠ ਕੇ ਸੁਨਣੇ। ਮਤਲਬ ਹੀ ਨਹੀਂ ਸੀ ਕਿ ਕੋਈ ਕਿਸੇ ਦੀ ਧੀ ਭੈਣ ਨੂੰ ਮਾੜਾ ਬੋਲਦਾ ਜਾ ਝਾਕਦਾ। ਧੀਆਂ ਭੈਣਾਂ ਸਭਨਾਂ ਦੀਆਂ ਸਾਂਝੀਆਂ ਸਮਝੀਆਂ ਜਾਂਦੀਆਂ ਰਹੀਆਂ ਹਨ ਤੇ ਇਸ ਗੱਲ ਤੇ ਪਹਿਰਾ ਵੀ ਦਿੱਤਾ ਜਾਂਦਾ ਰਿਹਾ ਹੈ।
ਘਰ ਦੀਆਂ ਸਬਜੀਆਂ, ਸਰੋਂ ਦਾ ਸਾਗ ਹੋਣਾ, ਓਹਨਾਂ ਸਮਿਆਂ ਵਿੱਚ ਬਿਨਾਂ ਰੇਹਾਂ ਸਪਰੇਆਂ, ਨਦੀਨਨਾਸਕ ਤੋਂ ਖੇਤੀ ਹੋਇਆ ਕਰਦੀ ਸੀ,ਜਿਸ ਨੂੰ ਸਾਡੇ ਪੁਰਖੇ ਬਲਦਾਂ ਨਾਲ ਜਾਂ ਫਿਰ ਊਠ ਨਾਲ ਕਰਿਆ ਕਰਦੇ ਸਨ,ਦੇਸੀ ਰੂੜੀ ਦੀ ਖਾਦ ਗੱਡਿਆਂ ਤੇ ਖੇਤਾਂ ਵਿੱਚ ਲਿਜਾ ਕੇ ਢੇਰੀਆਂ ਲਾ ਕੇ ਖੇਤਾਂ ਵਿੱਚ ਲਾਹੁਣੀ, ਟਿੰਡਾਂ ਵਾਲੇ ਖੂਹ ਤੋਂ ਪਾਣੀ ਲਾਉਣਾ,ਫਿਰ ਖਿਲਾਰਣੀ ਰੌਣੀ ਕਰਨੀ,ਫਸਲ ਬੀਜ ਦੇਣੀ, ਪਾਣੀ ਵਾਲੇ ਖੇਤਾਂ ਦੇ ਨਾਲ ਨਾਲ ਬਰਾਨੀ ਖੇਤੀ ਵੀ ਬਹੁਤ ਹੋਇਆ ਕਰਦੀ ਸੀ ਜੋ ਸਿਰਫ ਰੱਬ ਦੀ ਦਿਆ ਦਿ੍ਰਸਟੀ ਤੇ ਹੋਣੀ ਭਾਵ ਜੇ ਓਸ ਫਸਲ ਨੂੰ ਪਾਣੀ ਲੱਗਣਾ ਹੈ ਤਾਂ ਸਿਰਫ ਰੱਬ ਹੀ ਮੀਂਹ ਪਾਊ ਤਾਂ ਹੀ ਲੱਗੂ ,ਛੋਲੇ,ਜਵਾਰ ਬਾਜਰਾ ਮੱਕੀ ਕਣਕ ਕਪਾਹ ਦੀਆਂ ਫਸਲਾਂ ਦਾ ਜਅਿਾਦਾ ਰੁਝਾਨ ਸੀ ਨਰਮਾ ਤੇ ਝੋਨਾ ਬਹੁਤ ਘੱਟ ਬੀਜਿਆ ਜਾਂਦਾ ਸੀ, ਖੂਹਾਂ ਦੇ ਸਹਿਦ ਵਰਗੇ ਮਿੱਠੇ ਪਾਣੀ ਸਨ।
ਜੇਕਰ ਫਸਲਾਂ ਦੀ ਗੱਲ ਕਰੀਏ ਤਾਂ ਕਣਕ ਜੌਂ ਛੋਲੇ ਬਾਹਰ ਖੇਤਾਂ ਚ ਪਿੜ ਬਣਾ ਕੇ ਫਲਿਆਂ ਨਾਲ ਗਹਾਈ ਕਰਕੇ ਕੱਢਣੇ, ਬਲਦਾਂ ਨਾਲ ਤੇ ਟਰੈਕਟਰ ਨਾਲ ਫਲਾ ਤਾਂ ਮੈਂ ਖੁਦ ਵੀ ਚਲਾਇਆ ਹੋਇਆ ਹੈ।ਬਾਜਰੇ ਦੇ ਸਿੱਟਿਆਂ ਨੂੰ ਫਸਲ ਖੜੀ ਤੋਂ ਹੀ ਉੱਤੋਂ ਡੁੰਗ ਲੈਣਾ,ਦਾਣੇ ਪਿੜ ਚ ਕੁੱਟ ਕੇ ਕੱਢਣੇ। ਖੇਤਾਂ ਚੋਂ ਲਾਂਗਾ ਢੋਣ ਸਮੇਂ ਗੱਡਾ ਜਾਂ ਟਰਾਲੀ ਦੀ ਵਰਤੋਂ ਕਰਨੀ।ਲਾਂਗਾ ਹਰ ਇੱਕ ਇਨਸਾਨ ਨੂੰ ਲੱਦਣਾ ਨਹੀਂ ਸੀ ਆਉਂਦਾ।ਇਹ ਬਹੁਤ ਤਜਰਬੇ ਦਾ ਕੰਮ ਹੁੰਦਾ ਸੀ, ਤੇ ਮੈਨੂੰ ਯਾਦ ਹੈ ਇਸ ਕਾਰਜ ਲਈ ਸਰਤਾਂ ਵੀ ਲੱਗਿਆ ਕਰਦੀਆਂ ਸਨ ਕਿ ਕੌਣ ਵਧੀਆ ਢੰਗ ਨਾਲ ਲਾਂਗਾ ਲੱਦਦਾ ਹੈ। ਗੱਲਾਂ ਸਮੇਂ ਸਮੇਂ ਦੀਆਂ ਨੇ ਦੋਸਤੋ। ਬਾਅਦ ਵਿੱਚ ਤਾਂ ਹੜੰਬੇ ਆ ਗਏ ਮਸੀਨਾਂ ਤੇ ਹੁਣ ਪਤਾ ਨਹੀਂ ਮਸੀਨੀ ਯੁੱਗ ਵਿੱਚ ਤਾਂ ਸਾਰੀ ਦੁਨੀਆਂ ਹੀ ਮਸੀਨ ਬਣ ਚੁੱਕੀ ਹੈ।ਹੜੰਬਿਆਂ ਤੇ ਕਣਕ ਕੱਢਣ ਵੇਲੇ ਭਰੀਆਂ ਬੰਨ ਕੇ ਢੋਂਦੇ ਰਹੇ ਹਾਂ ਲਾਂਗਾ। ਜੇਕਰ ਉਪਰੋਕਤ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਵੇਖੀਏ ਤਾਂ ਹੁਣ ਲਾਂਗੇ ਕਣਕਾਂ ਵੱਢਣੀਆਂ ਮੰਡਲੀਆਂ ਲਾਉਣੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਸਾਨੂੰ ਆਪ ਪਾਣੀ ਪੀਣਾ ਵੀ ਔਖਾ ਹੈ। ਜਦੋਂ ਫਿਰ ਪਿੜ ਦੀ ਸਫਾਈ ਕਰਨੀ ਭਾਵ ਦਾਣਾ ਫੱਕਾ ਕੱਢਕੇ ਤੂੜੀ ਸੰਭਾਲ ਕੇ ਓਸ ਦਿਨ ਨਿੱਕੇ ਨਿੱਕੇ ਨਿਆਣਿਆਂ ਨੇ ਆ ਜਾਣਾ ਰੀੜੀ ਲੈਣ,ਤੇ ਹਿੱਸੇ ਆਉਂਦੀ ਰਿੜੀ ਭਾਵ ਦਾਣੇ ਹਰ ਇੱਕ ਬੱਚੇ ਦੇ ਝੋਲੀ ਪਾਉਣੇ। ਮੈਂ ਇਹ ਗੱਲ ਦਾਅਵੇ ਨਾਲ ਕਹਿਨਾਂ ਹਾਂ ਕਿ ਇਸ ਲੇਖ ਦੇ ਵਿੱਚ ਕਈ ਐਸੇ ਅੱਖਰ ਜਾਂ ਅਖਾਣ ਆਏ ਨੇ ਜਿਨ੍ਹਾਂ ਦਾ ਸਾਡੀ ਅਜੋਕੀ ਪੀੜ੍ਹੀ ਨੂੰ ਬਿਲਕੁਲ ਵੀ ਗਿਆਨ ਨਹੀਂ ਹੈ।ਸਾਡੇ ਪੁਰਖੇ ਜੋ ਦੱਸਣ ਦੀ ਕੋਸਸਿ ਕਰਦੇ ਵੀ ਰਹਿੰਦੇ ਨੇ,ਓਹ ਦੱਸਣ ਤਾਂ ਹੀ ਜੇ ਅਜੋਕੀ ਪੀੜ੍ਹੀ ਨੂੰ ਮੋਬਾਇਲਾਂ ਤੋਂ ਫੁਰਸਤ ਮਿਲੇ।ਸੋ ਦੋਸਤੋ ਇਹੀ ਸੱਭ ਕੁੱਝ ਆਪਾਂ ਆਪਣੇ ਵਿਰਸੇ ਵਾਲਾ ਪੁਰਖਿਆਂ ਵਾਲਾ ਜਾਂ ਪੁਰਾਤਨ ਪੰਜਾਬ ਦਾ ਅਸੀਂ ਗਵਾ ਰਹੇ ਹਾਂ ਭੁਲਾ ਰਹੇ ਹਾਂ।ਕੀ ਓਨਾਂ ਸਮਿਆਂ ਵਿੱਚ ਸਾਡੇ ਵੱਡ ਵਡੇਰੇ ਜੰਿਦਗੀ ਜਿਊਂਦੇ ਨਹੀਂ ਸਨ ਬਲਕਿ ਹੁਣ ਨਾਲੋਂ ਵੀ ਵਧੀਆ ਜਿਉਂਦੇ ਸਨ ਫਿਰ ਕਿਉਂ ਅਸੀਂ ਓਨਾਂ ਦੇ ਪਾਏ ਪੂਰਨਿਆਂ ਤੋਂ ਨਾਬਰ ਹੋ ਰਹੇ ਹਾਂ?
ਜਦੋਂ ਫਿਰ ਵੱਡੀ ਬੇਬੇ ਨੇ ਸਰੋਂ ਦਾ ਸਾਗ ਧਰਨਾ ਤਾਂ ਫਿਰ ਸਾਰੇ ਟੱਬਰ ਨੇ ਹੀ ਚੁਲ੍ਹੇ ਦੇ ਦੁਆਲੇ ਤੁਰੇ ਫਿਰਨਾ ਤੇ ਰਾਤੀਂ ਚੁੱਲ੍ਹੇ ਦੇ ਆਲੇ-ਦੁਆਲੇ ਬੈਠ ਕੇ ਨਾਲੇ ਅੱਗ ਸੇਕਣੀ ਤੇ ਨਾਲੇ ਰੋਟੀਆਂ ਖਾਈ ਜਾਣੀਆਂ,ਪਰ ਵਿਤਕਰਾ ਕਰਨ ਦਾ ਕੋਈ ਰਿਵਾਜ ਨਹੀਂ ਸੀ,ਜੇਕਰ ਇੱਕ ਜਾਣੇ ਨੂੰ ਤਿੰਨ ਚਮਚੇ ਮੱਖਣ ਸਾਗ ਚ ਪਾਇਆ ਹੈ ਤਾਂ ਦੂਜੇ ਨੂੰ ਦੋ ਇਹ ਕਦੇ ਵੀ ਨਹੀਂ ਸੀ ਹੁੰਦਾ। ਘਰਾਂ ਵਿੱਚ ਦਰਾਣੀ ਜਠਾਣੀ ਦੇ ਜੁਆਕਾਂ ਦਾ ਵੀ ਪਤਾ ਨਹੀਂ ਲੱਗਦਾ ਸੀ ਕੀਹਨੇ ਤਿਆਰ ਕਰਤਾ ਤੇ ਕਦੋਂ ਸਕੂਲ ਚਲੇ ਗਏ। ਓਹਨਾਂ ਸਮਿਆਂ ਵਿੱਚ ਕਿਸੇ ਗਰੀਬ ਗੁਰਬੇ ਤੇ ਹੈਅ ਦਿਆ ਤੇ ਰਹਿਮ ਵੀ ਕਰਦੇ ਸਨ ਜੋ ਅੱਜਕਲ੍ਹ ਘੱਟ ਹੀ ਨਜਰ ਆਉਂਦੀ ਹੈ, ਕਿਸੇ ਗਰੀਬ ਪਰਿਵਾਰ ਦੀ ਲੜਕੀ ਦੀ ਸਾਦੀ ਵਿੱਚ ਵਿਤ ਮੁਤਾਬਿਕ ਕੱਪੜੇ, ਮੰਜੇ ਬਿਸਤਰੇ, ਜਾਂ ਇਸ ਤਰ੍ਹਾਂ ਦੀ ਕੋਈ ਲੋੜ ਅਨੁਸਾਰ ਮਦਦ ਦਾ ਰਿਵਾਜ ਵੀ ਚਰਮ ਸੀਮਾ ਤੇ ਰਿਹਾ ਹੈ। ਇਸੇ ਤਰ੍ਹਾਂ ਭਰਾਵੀਂ ਪਿਆਰ ਵੀ ਕਿਸੇ ਸਮੇਂ ਚਰਮ ਸੀਮਾ ਤੇ ਰਿਹਾ ਹੈ ਪੁਰਾਤਨ ਪੰਜਾਬ ਵਿੱਚ। ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਪਿੰਡ ਦੱਦਾਹੂਰ ਵਿੱਚ ਇੱਕੋ ਇੱਕ ਸਾਡਾ ਪੰਡਤਾਂ ਦਾ ਹੀ ਖੂਹ ਸੀ ਜਿਥੋਂ ਸਾਰਾ ਪਿੰਡ ਹੀ ਪਾਣੀ ਭਰਿਆ ਕਰਦਾ ਸੀ,ਬਾਈ ਸੋਹਨ ਸਿੰਘ ਮਹਿਰਾ ਬਰਾਦਰੀ ਦਾ ਸੀ ਜੋ ਹਰ ਘਰ ਵਿੱਚ ਵਹਿੰਗੀ ਤੇ ਪਾਣੀ ਮੋਢਿਆਂ ਤੇ ਢੋਅ ਕੇ ਸਾਰੇ ਪਿੰਡ ਦੇ ਘਰਾਂ ਵਿੱਚ ਪਾਇਆ ਕਰਦਾ ਸੀ।ਫਿਰਨੀ ਤੋਂ ਅੰਦਰ ਭਾਵ ਪਿੰਡ ਵਿੱਚ ਪਾਣੀ ਮਾੜਾ ਸੀ,ਜੋ ਡੰਗਰਾਂ ਲਈ ਤਾਂ ਕੰਮ ਆ ਜਾਂਦਾ ਸੀ ਪਰ ਪੀਣ ਲਈ ਨਹੀਂ।
ਜਿਹੜੇ ਪਿੰਡ ਵਿੱਚ ਜਅਿਾਦਾ ਰੂੜ੍ਹੀਆਂ ਹੁੰਦੀਆਂ ਸਨ,ਓਸ ਪਿੰਡ ਨੂੰ ਖੁਸਹਾਲ ਅਤੇ ਸਿਹਤ ਪੱਖੋਂ ਵਧੀਆ ਸਮਝਿਆਂ ਜਾਂਦਾ ਸੀ।ਆਮ ਕਹਾਵਤ ਰਹੀ ਹੈ ਕਿ ਪਿੰਡ ਤਾਂ ਗਹੀਰਿਆਂ ਤੋਂ ਹੀ ਪਛਾਣਿਆਂ ਜਾਂਦਾ ਹੈ ਇਸ ਦਾ ਭਾਵ ਅਰਥ ਹੀ ਇਹ ਸੀ ਜੋ ਉਪਰੋਕਤ ਦੱਸਿਆ ਹੈ।ਇਹੋ ਜਿਹੇ ਪਿੰਡਾਂ ਦੀ ਬਹੁਤ ਵਸੋਂ ਰਹੀ ਹੈ ਪੁਰਾਤਨ ਪੰਜਾਬ ਚ ਤੇ ਸਾਡੇ ਵੱਢ ਵਡੇਰੇ ਲੜਕੀਆਂ ਦੇ ਰਿਸਤੇ ਵੀ ਜਲਦੀ ਕਰ ਦਿਆ ਕਰਦੇ ਸਨ, ਕਿਉਂਕਿ ਓਹਨਾਂ ਦੀ ਸੋਚ ਸੀ ਕਿ ਜਿਹੜੇ ਪਿੰਡ ਵਿੱਚ ਪਸੂ ਡੰਗਰ ਜਅਿਾਦਾ ਹੋਣਗੇ ਨਿਰਸੰਦੇਹ ਓਥੇ ਜਮੀਨ ਜਾਇਦਾਦ ਵਧੀਆ ਹੋਊਗੀ ਤੇ ਸਿਹਤ ਵੀ ਸਭਨਾਂ ਦੀ ਵਧੀਆ ਹੋਵੇਗੀ। ਇਸੇ ਕਰਕੇ ਹੀ ਇਹ ਆਖਾਣ ਬਣਿਆਂ ਸੀ।
ਫਸਲਾਂ ਰਲਮਿਲ ਕੇ ਵੱਢਣ ਦਾ ਰਿਵਾਜ,ਮੰਗ ਪਾਉਣੀ ਇੱਕ ਦੂਜੇ ਦੀ ਹਰ ਕੰਮ ਚ ਮਦਦ ਕਰਨ ਦੀ ਰੀਤੀ ਰਹੀ ਹੈ।ਆਉਣ ਜਾਣ ਦੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਹਰ ਇੱਕ ਰਿਸਤੇਦਾਰ ਕੋਲ ਪਹੁੰਚਣਾ, ਓਨਾਂ ਸਮਿਆਂ ਵਿੱਚ ਰੇਲ ਗੱਡੀ, ਟਰੈਕਟਰ,ਗੱਡੇ,ਸਾਈਕਲ ਆਦਿ ਦੇ ਹੀ ਜਅਿਾਦਾ ਸਾਧਨ ਹੋਇਆ ਕਰਦੇ ਸਨ। ਬਹੁਤ ਦੂਰ ਦੂਰ ਤੱਕ ਸਾਡੇ ਪੁਰਖਿਆਂ ਨੇ ਸਾਈਕਲ ਤੇ ਜਾਣਾ,ਪੈਂਚਰ ਲਾਉਣ ਵਾਲਾ ਸਮਾਨ ਤੇ ਇੱਕ ਛੋਟਾ ਹਵਾ ਭਰਨ ਵਾਲਾ ਪੰਪ ਦਰੀ ਦੇ ਝੋਲੇ ਚ ਪਾਕੇ ਨਾਲ ਰੱਖਣਾ।ਮੇਰਾ ਕੁੜਤਾ ਪਜਾਮਾ ਪ੍ਰੈਸ ਕਿਉ ਨਹੀ ਕੀਤਾ ਇਹੋ ਜਿਹੀ ਕੋਈ ਨਿੰਦ ਵਿਚਾਰ ਨਹੀਂ ਸੀ ਕੀਤੀ ਕਿਸੇ ਨੇ ਵੀ ਕਦੇ। ਜੇਕਰ ਦੋਸਤੋ ਓਹਨਾਂ ਸਮਿਆਂ ਦੇ ਤੀਆਂ ਮੇਲੇ ਛਿੰਝਾਂ ਜਾਂ ਹੋਰ ਮਨਪ੍ਰਚਾਵੇ ਦੇ ਸਾਧਨ ਸਨ ਓਹਨਾਂ ਦੀ ਗੱਲ ਕਰੀਏ ਤਾਂ ਓਹ ਕਿਧਰੇ ਉੱਡ ਪੁੱਡ ਗਏ। ਪੰਦਰਾਂ ਪੰਦਰਾਂ ਦਿਨ ਤੀਆਂ ਲੱਗਦੀਆਂ ਕੁੜੀਆਂ ਨੇ ਸਹੁਰਿਆਂ ਤੋਂ ਆਉਣਾ, ਨਿੱਕੇ-ਨਿੱਕੇ ਜੁਆਕਾਂ ਨੇ ਵੀ ਤੀਆਂ ਵਿੱਚ ਜਾਣਾ, ਬਿਸਕੁਟਾਂ ਦਾ ਸੰਧਾਰਾ ਲੈ ਕੇ ਜਾਣਾ,ਓਹੋ ਜਿਹੇ ਰੀਤੀ ਰਿਵਾਜ ਕਿਥੇ ਚਲੇ ਗਏ ਸਾਡੇ ਜੋ ਸਾਡੇ ਸੱਭਿਆਚਾਰਕ ਸਾਂਝਾਂ ਦੇ ਪ੍ਰਤੀਕ ਸਨ? ਉਪਰੋਕਤ ਤਿਉਹਾਰ ਜੇਕਰ ਕਹੀਏ ਅੱਜ ਨਹੀਂ ਹੁੰਦੇ ਇਹ ਗੱਲ ਵੀ ਗਲਤ ਹੋਵੇਗੀ ਬਿਲਕੁਲ ਹੁੰਦੇ ਹਨ ਅੱਜਕਲ੍ਹ ਵੀ,ਪਰ ਕੀ ਓਨਾਂ ਚ ਪਿਆਰ ਮੁਹੱਬਤ ਅਪਣੱਤ ਕਿਧਰੇ ਨਜਰ ਪੈਂਦੀ ਹੈ ਸਿਰਫ ਤੇ ਸਿਰਫ ਵਿਖਾਵੇ ਦੇ ਤੌਰ ਤੇ ਮਨਾਏ ਜਾਂਦੇ ਹਨ। ਤੀਆਂ ਪੰਦਰਾਂ ਦਿਨਾਂ ਤੋਂ ਸਿਮਟ ਕੇ ਇਂਕ ਦੋ ਘੰਟੇ ਦੀਆਂ ਰਹਿ ਗਈਆਂ ਹਨ।ਮੇਲੇ ਜੋ ਸਾਡੇ ਪੰਜਾਬ ਦੇ ਅਨਿਖੜਵੇਂ ਅੰਗ ਸਨ, ਓਹਨਾਂ ਤੇ ਸਮੇਂ ਦੀਆਂ ਸਰਕਾਰਾਂ ਦੇ ਕਬਜੇ ਹਨ,ਜੋ ਜਗ੍ਹਾ ਠੇਕੇ ਤੇ ਦੇ ਕੇ ਲੋਕਾਂ ਨੂੰ ਲੁੱਟਦੀ ਹੈ,ਜਿਨੇ ਪੈਸੇ ਕੋਈ ਘਰੋਂ ਮੇਲਾ ਵੇਖਣ ਲਈ ਲੈ ਜਾਂਦਾ ਹੈ ਓਹਨੇ ਮੇਲੇ ਦੀ ਇੰਟਰੀ ਤੇ ਹੀ ਲੱਗ ਜਾਂਦੇ ਹਨ। ਕਿਥੇ ਹੈ ਸਾਡਾ ਵਿਰਸਾ ਸਾਡਾ ਸੱਭਿਆਚਾਰ? ਜੇਕਰ ਕਿਧਰੇ ਕੁੱਝ ਗਲਤ ਹੋਵੇ ਤਾਂ ਦੱਸਣਾ ਜਰੂਰੀ ਦੋਸਤੋ।
ਰਿਸਤਿਆਂ ਦੀ ਅਹਿਮੀਅਤ ਨੂੰ ਸੱਭ ਜਾਣਦੇ ਸਨ।ਮਾਮੇ ਮਾਮੀਆਂ,ਚਾਚੇ ਚਾਚੀਆਂ,ਤਾਏ ਤਾਈਆਂ,ਭੂਆ ਫੁੱਫੜ, ਬਾਬਾ,ਨਾਨਾ,ਮਾਸੀ ਮਾਸੜ ਬਣਦੇ ਰਿਸਤੇ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਤੇ ਜਿਸ ਦਾ ਜੋ ਲੱਗਦਾ ਸੀ ਓਹੋ ਹੀ ਕਿਹਾ ਜਾਂਦਾ ਰਿਹਾ ਹੈ,ਅੰਕਲ ਆਂਟੀ ਵਿੱਚ ਸਾਰਾ ਕੁਝ ਅਜੋਕੇ ਸਮਿਆਂ ਵਾਂਗ ਰਲਗੱਡ ਨਹੀਂ ਸੀ ਹੁੰਦਾ। ਅਪਣਾ ਪਣ ਦਾ ਅਹਿਸਾਸ ਹੁੰਦਾ ਸੀ ਕਿਸੇ ਦੀ ਵੀ ਬੋਲੀ ਚ।ਘਰ ਦੇ ਨੇੜੇ ਜਿਥੇ ਕਿਸੇ ਦਾ ਚੌਗਾਨ ਪਿਆ ਹੋਣਾ ਓਥੇ ਸਾਰਿਆਂ ਨੇ ਲਿਆ ਕੇ ਕਿਕਰਾਂ ਟਾਹਲੀਆਂ ਦੀ ਛਾਵੇਂ ਮੰਜੇ ਡਾਹ ਲੈਣੇ, ਕਿਸੇ ਨੇ ਮੰਜਾ ਬੁਣੀ ਜਾਣਾ ਧੀਆਂ ਭੈਣਾਂ ਨੇ ਚਾਦਰਾਂ ਸਿਰਹਾਣੇ ਕੱਢੀ ਜਾਣੇ, ਕਿਉਂਕਿ ਓਨਾਂ ਸਮਿਆਂ ਵਿੱਚ ਹੱਥੀਂ ਬਣਾਇਆ ਦਾਜ ਹੀ ਦਿੱਤਾ ਜਾਂਦਾ ਸੀ ਕੁੜੀਆਂ ਨੂੰ।ਘੋੜੀ ਜੋੜੀ ਦੇਣ ਦਾ ਰੁਝਾਨ,ਮੱਝ ਗਾਂ ਦਾਜ ਵਿੱਚ ਦੇਣ ਦਾ ਰੁਝਾਨ, ਸਾਈਕਲ ਵੀ ਦਾਜ ਵਿੱਚ ਦਿਤਾ ਜਾਂਦਾ ਰਿਹਾ ਹੈ। ਬਰਾਤਾਂ ਦੀ ਸੇਵਾ ਘਰਾਂ ਦੇ ਦੋਸਤ ਮੁੰਡੇ ਰਲਮਿਲ ਕੇ ਕਰਿਆ ਕਰਦੇ, ਘਰਾਂ ਵਿੱਚ ਬੇਦੀ ਗੱਡ ਕੇ ਫੇਰੇ ਜਾਂ ਆਨੰਦ ਕਾਰਜ ਦਾ ਰਿਵਾਜ ਸੀ,ਕਨਾਤਾਂ ਲਾ ਕੇ ਘਰੀਂ ਵਿਆਹ ਕਰਨੇ,ਜੰਜ ਦਾ ਊਤਾਰਾ ਪਿੰਡ ਵਿੱਚ ਬਣੀ ਸਾਂਝੀ ਧਰਮਸਾਲਾ ਵਿੱਚ ਹੋਣਾ,ਦੋ ਦੋ ਦਿਨ ਪਹਿਲਾਂ ਹੀ ਕੋਠੇ ਤੇ ਮੰਜੇ ਜੋੜ ਕੇ ਸਪੀਕਰ ਲੱਗ ਜਾਣੇ, ਪਹਿਲਾਂ ਹੀ ਵਿਆਹ ਵਾਲੇ ਘਰ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਸੀ। ਆਪੋ-ਆਪਣੇ ਵਿੱਤ ਮੁਤਾਬਿਕ ਹਰ ਪਰਿਵਾਰ ਵਿਆਹ ਵਾਲੇ ਘਰ ਦੁੱਧ ਦੇਣਾ ਆਪਣਾ ਫਰਜ ਸਮਝਦੇ ਸਨ। ਘਰਾਂ ਤੋਂ ਮੰਜੇ ਬਿਸਤਰੇ ਇਕੱਠੇ ਕਰਨੇ,ਲੈ ਕੇ ਘਰ ਵਾਲਿਆਂ ਨੇ ਕਾਰਜ ਖਤਮ ਹੋਏ ਤੋਂ ਆਪ ਜਾਣੇ। ਜੇਕਰ ਕਿਸੇ ਘਰ ਮੁੰਡੇ ਦਾ ਮੰਗਣਾ ਹੋਣਾ ਤਾਂ ਰੰਗ ਬਿਰੰਗੇ ਲਫਾਫਿਆਂ ਵਿੱਚ ਪਤਾਸੇ ਪਾ ਕੇ ਦੇਣੇ,ਚਾਹ ਪਾਣੀ ਪਿਆਉਣਾ,ਘਰ ਵਿੱਚ ਵਿਹੜੇ ਨੂੰ ਰੰਗ ਬਿਰੰਗੀਆਂ ਝੰਡੀਆਂ ਨਾਲ ਸਜਾਉਣਾ।ਰੋਪਣਾ ਪੈਣ ਤੋਂ ਮਗਰੋਂ ਨਿਸਾਨੀ ਵਜੋਂ ਲਫਾਫਿਆਂ ਵਿੱਚ ਪਾਏ ਪਤਾਸੇ ਸਾਰੇ ਪਿੰਡ ਦੇ ਆਏ ਵੀਰਾਂ ਨੂੰ ਦੇਣ ਦਾ ਰਿਵਾਜ ਸਿਖਰਾਂ ਤੇ ਰਿਹਾ ਹੈ ਕਦੇ ਪੰਜਾਬ ਵਿੱਚ।
ਜੇਕਰ ਘਰੀਂ ਕੋਈ ਪ੍ਰਾਹੁਣਾ ਆਉਣਾ ਤਾਂ ਉਸ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡਣੀ,ਪਰ ਬੱਚਿਆਂ ਦੀ ਨਿਗਾਹ ਉਹਦੇ ਸਾਈਕਲ ਨਾਲ ਟੰਗੇ ਥੈਲੇ ਵੱਲ ਹੀ ਰਹਿੰਦੀ ਸੀ ਕਿ ਖਾਣ ਨੂੰ ਅੱਜ ਜਰੂਰ ਕੁੱਝ ਮਿਲੂ। ਤੇ ਮਿਲਦਾ ਵੀ ਜਰੂਰ ਸੀ।ਆਏ ਗਏ ਦੀ ਸੇਵਾ ਲਈ ਤਾਂ ਪੰਜਾਬ ਦਾ ਕੋਈ ਵੀ ਸਾਨੀ ਨਹੀਂ ਹੈ ਹੁਣ ਤੱਕ ਵੀ।
ਜੇਕਰ ਸਾਡੇ ਬਜੁਰਗਾਂ ਦੀ ਓਨਾਂ ਸਮਿਆਂ ਦੀ ਗੱਲ ਕਰੀਏ ਤਾਂ ਬਿਰਧ ਆਸਰਮ ਓਦੋਂ ਬਣੇ ਹੀ ਨਹੀਂ ਸਨ, ਬਜੁਰਗਾਂ ਨੂੰ ਘਰੀ ਸੰਭਾਲਣਾ ਜੇਕਰ ਕਿਸੇ ਵਿਅਕਤੀ ਦੇ ਤਿੰਨ ਪੋਤਰੇ ਨੇ ਔਰ ਓਹ ਵਡੇਰੀ ਉਮਰ ਵਿਚ ਘਰ ਮੰਜੇ ਤੇ ਬੈਠੇ ਨੇ ਪਾਣੀ ਮੰਗਿਆ ਤਾਂ ਤਿੰਨੋਂ ਪੋਤਰੇ ਹੀ ਪਾਣੀ ਦੇਣ ਲਈ ਭੱਜਦੇ ਸਨ।ਇਹ ਸਭ ਗੱਲਾਂ ਦਾਸ ਨੇ ਅੱਖੀਂ ਵੇਖੀਆਂ ਹੋਈਆਂ ਨੇ।
ਹਰ ਇੱਕ ਪਿੰਡ ਵਿੱਚ ਇਹੋ ਜਿਹੇ ਦੋ ਤਿੰਨ ਵਡੇਰੀ ਉਮਰ ਦੇ ਬਜੁਰਗ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਓਹਨਾਂ ਸਮਿਆਂ ਵਿੱਚ ਸਿਆਣੇ ਗਿਣਿਆਂ ਜਾਂਦਾ ਸੀ ਓਹਨਾਂ ਨੇ ਪਿੰਡ ਦੀਆਂ ਧੀਆਂ ਭੈਣਾਂ ਦੇ ਰਿਸਤੇ ਕਰਵਾਉਣੇ ਮਤਲਬ ਹੀ ਨਹੀਂ ਸੀ ਕਿ ਕੋਈ ਓਨਾਂ ਦੀ ਗੱਲ ਨਾ ਮੰਨਦਾ ਤੇ ਓਹ ਨਿਭਦੇ ਵੀ ਸਨ।
ਜੇਕਰ ਦੋਸਤੋ ਇਥੋਂ ਤੱਕ ਕੀਤੀ ਗੱਲਬਾਤ ਦੇ ਸਿਟੇ ਤੇ ਪਹੁੰਚੀਏ ਤੇ ਉਪਰੋਕਤ ਸਮੇਂ ਦੀ ਤੁਲਨਾ ਅਜੋਕੇ ਸਮਿਆਂ ਨਾਲ ਕਰੀਏ ਕਿ ਹੁਣ ਅਸੀਂ ਕਿਥੇ ਖੜੇ ਹਾਂ।ਇਸ ਤੋਂ ਬਹੁਤ ਭਲੀ-ਭਾਂਤ ਆਪਾਂ ਸਾਰੇ ਹੀ ਜਾਣਦੇ ਹਾਂ। ਇੱਕੀਵੀਂ ਸਦੀ ਦੀ ਚਕਾਚੌਂਧ ਅਗਾਂਹ ਵਧੂ ਜਮਾਨੇ, ਤੇ ਨੋਟਾਂ ਵਾਲੇ ਸਮਿਆਂ ਨੇ ਮੇਰੇ ਖਿਆਲ ਅਨੁਸਾਰ ਸੱਭ ਕੁੱਝ ਹੀ ਆਪਣੇ ਸਭਨਾਂ ਚੋਂ ਮਨਫੀ ਕਰ ਦਿੱਤਾ ਹੈ।ਹੋ ਸਕਦਾ ਹੈ ਮੈਂ ਥੋੜ੍ਹਾ ਬਹੁਤਾ ਗਲਤ ਵੀ ਹੋਵਾਂ,ਪਰ ਨੱਬੇ ਪਰਸੈਂਟ ਤਾਂ ਜਰੂਰ ਖਤਮ ਹੋ ਗਿਆ ਹੈ। ਕੋਈ ਦਸ ਕੁ ਪਰਸੈਂਟ ਲੋਕ ਹੋਣਗੇ ਜਿਹੜੇ ਹਾਲੇ ਵੀ ਆਪਣੇ ਪੁਰਖਿਆਂ ਦੇ ਪਦਚਿੰਨ੍ਹਾਂ ਤੇ ਚੱਲਦਿਆਂ ਉਪਰੋਕਤ ਸਾਰੀਆਂ ਗੱਲਾਂ ਬਾਤਾਂ ਤੇ ਫੁੱਲ ਚੜਾਉਂਦੇ ਹੋਣ।ਹੁਣ ਬਜੁਰਗਾਂ ਦੀ ਹਾਲਤ ਦਿਨੋਂ-ਦਿਨ ਮਾੜੀ ਹੁੰਦੀ ਜਾ ਰਹੀ ਹੈ।ਬਿਰਧ ਆਸਰਮਾਂ ਵਿਚ ਓਨਾਂ ਨੂੰ ਭੇਜਣ ਦਾ ਰਿਵਾਜ ਇਸ ਸਮੇਂ ਚਰਮ ਸੀਮਾ ਤੇ ਹੈ, ਰਿਸਤਿਆਂ ਦੀ ਅਹਿਮੀਅਤ ਬਿਲਕੁਲ ਖਤਮ ਹੋ ਗਈ ਹੈ,ਲਹੂ ਚਪੇਤ ਹੋ ਗਏ ਹਨ, ਪੈਸੇ ਪਿੱਛੇ ਹਰ ਰੋਜ ਕਤਲ ਹੋ ਰਹੇ ਹਨ, ਥਾਂ ਥਾਂ ਗੁੰਡਾਗਰਦੀ ਵਾਲਾ ਮਹੌਲ, ਧੀਆਂ ਭੈਣਾਂ ਬਾਹਰ ਤਾਂ ਛੱਡੋ ਘਰੀਂ ਵੀ ਸੁਰੱਖਿਅਤ ਨਹੀਂ।ਸਾਡਾ ਖਾਣ ਪੀਣ,ਪਹਿਨਣ, ਰਹਿਣ ਸਹਿਣ ਸੱਭ ਕੁੱਝ ਬਦਲ ਗਿਆ ਹੈ, ਅਸੀਂ ਹੱਥ ਨਾਲ ਪਾਣੀ ਵੀ ਆਪ ਉਠ ਕੇ ਪੀਣ ਨੂੰ ਆਪਣੀ ਤੌਹੀਨ ਸਮਝਦੇ ਹਾਂ। ਇੱਕ ਦੂਜੇ ਨਾਲ ਲੜਨ ਲਈ ਸਦਾ ਤਤਪਰ ਰਹਿੰਦੇ ਹਾਂ, ਬਰਦਾਸਤ ਦਾ ਮਾਦਾ ਖਤਮ ਹੋ ਗਿਆ ਹੈ, ਆਪਣਿਆਂ ਨੂੰ ਵੀ ਭੁਲਦੇ ਜਾ ਰਹੇ ਹਾਂ।ਸਾਡਾ ਸੱਭਿਆਚਾਰ ਸਾਡਾ ਵਿਰਸਾ ਸਾਡੇ ਪੁਰਖੇ ਕੀ ਕਿਸੇ ਨੂੰ ਯਾਦ ਹੈ?ਇਸ ਦਾ ਜਵਾਬ ਪਚੰਨਵੇਂ ਪਰਸੈਂਟ ਤਾਂ ਨਾਹ ਚ ਹੀ ਹੋਵੇਗਾ।ਹਾ ਜੋ ਪੰਜ ਜਾਂ ਦਸ ਪਰਸੈਂਟ ਹਾਲੇ ਵੀ ਪੁਰਖਿਆਂ ਨੂੰ ਓਨਾਂ ਰੀਤੀ ਰਿਵਾਜਾਂ ਓਨਾਂ ਸਮਿਆਂ ਨੂੰ ਆਪਣੇ ਮਨੀਂ ਵਸਾਈ ਬੈਠੇ ਨੇ ਤਾਂ ਓਹਨਾਂ ਤੇ ਓਸ ਅਕਾਲਪੁਰਖ ਦੀ ਕਿ੍ਰਪਾ ਹੈ ਤੇ ਉਸ ਘਰ ਤੇ ਸਤਿਯੁਗ ਦਾ ਪਹਿਰਾ ਹੀ ਕਹਿ ਸਕਦੇ ਹਾਂ, ਓਨਾਂ ਨੇ ਕੋਈ ਚੰਗੇ ਕਰਮ ਕੀਤੇ ਹੋਏ ਨੇ ਇਸ ਤੋਂ ਬਿਲਕੁਲ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ।ਕੁੱਲ ਮਿਲਾ ਕੇ ਦੋਸਤੋ ਜੇਕਰ ਕੁਦਰਤੀ ਨੇਮ ਦੇ ਨਾਲ ਅਸੀਂ ਅੱਗੇ ਵਧੇ ਹਾਂ ਕਾਰਾਂ ਜਹਾਜਾਂ ਤੇ ਹੋਰ ਅਗਾਂਹਵਧੂ ਸੁਵਿਧਾਵਾਂ ਕਰਕੇ ਅਸੀਂ ਦੁਨੀਆਂ ਦੇ ਨਕਸੇ ਤੇ ਆਏ ਹਾਂ ਤਾਂ ਅਸੀਂ ਆਪਣੇ ਪੁਰਾਤਨ ਪੰਜਾਬ ਪੁਰਖਿਆਂ ਦੀ ਰਹਿਣੀ-ਬਹਿਣੀ ਖੁਰਾਕ ਓਹਨਾਂ ਦੇ ਅਸੂਲ ਪਿਆਰ ਅਪਣੱਤ ਮੁਹੱਬਤ ਸਦੀਵੀਂ ਸਾਂਝਾ ਦਾ ਗਲਾ ਘੁੱਟਣ ਵਿਚ ਵੀ ਤਾਂ ਸਾਡਾ ਹੀ ਹੱਥ ਹੈ। ਇੰਟਰਨੈੱਟ ਦੇ ਜਮਾਨੇ ਵਿੱਚ ਸਾਡੀ ਅਜੋਕੀ ਪੀੜ੍ਹੀ ਸਾਡੇ ਕਹਿਣੇ ਤੋਂ ਬਾਹਰ ਹੋ ਰਹੀ ਹੈ।ਕੁਝ ਕੁ ਦੀਵਾਲਾ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਕੱਢ ਦਿੱਤਾ ਹੈ, ਰੁਜਗਾਰ ਦੀ ਭਾਲ ਵਿੱਚ ਪੰਜਾਬੀ ਦੇਸੋਂ ਵਿਦੇਸ ਜਾ ਰਹੇ ਹਨ। ਜਿੰਨੀਆਂ ਮਰਜੀ ਕੋਈ ਡਿਗਰੀਆਂ ਚੁੱਕੀ ਫਿਰੇ ਨੌਕਰੀ ਤਾਂ ਰਿਸਵਤ ਨਾਲ ਹੀ ਮਿਲਣੀ ਹੈ।ਇਸ ਚੀਜ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਹੁਤ ਢਾਹ ਲਾਈ ਹੈ। ਜਦੋਂ ਕਿ ਹਿੰਦੁਸਤਾਨ ਦਾ ਦਿਲ ਸੀ ਪੰਜਾਬ, ਤੇ ਇਸ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਨਾਲ ਨਿਵਾਜਿਆ ਗਿਆ ਸੀ,ਜੋ ਅੱਜ ਨਿਰੋਲ ਲੋਹਾ ਵੀ ਨਹੀਂ ਰਹੀ ਸਗੋਂ ਹੋਰ ਹੀ ਧਾਤਾਂ ਦੀ ਬਣਕੇ ਰਹਿ ਗਈ ਹੈ ਅੱਜ ਸਾਡੀ ਸੋਨੇ ਦੀ ਚਿੜੀ। ਓਹਨਾਂ ਸਮਿਆਂ ਵਿੱਚ ਅੱਡੀਆਂ ਚੁੱਕ ਚੁੱਕ ਕੇ ਫਾਹਾ ਨਹੀਂ ਸੀ ਲਿਆ ਜਾਂਦਾ ਭਾਵ ਕਰਜਾ ਚੱਕਣ ਤੋਂ ਹਰ ਇਨਸਾਨ ਡਰਦਾ ਸੀ,ਪਰ ਅੱਜਕਲ੍ਹ ਕਰਜੇ ਬੈਂਕ ਦੀਆਂ ਲਿਮਟਾਂ ਨੇ ਸਭਨਾਂ ਨੂੰ ਅੰਦਰੋਂ ਖੋਖਲਾ ਕਰ ਰੱਖਿਆ ਹੈ, ਕੋਈ ਮੰਨੇ ਭਾਵੇਂ ਨਾ ਪਰ ਹਕੀਕਤ ਇਹੀ ਹੈ,ਜਿਸ ਕਰਕੇ ਪੰਜਾਬੀਆਂ ਦੀ ਹਾਲਤ ਦਿਨੋਂ-ਦਿਨ ਨਿਘਾਰ ਵਾਲੇ ਪਾਸੇ ਜਾ ਰਹੀ ਹੈ। ਜਮੀਨਾਂ ਗਹਿਣੇ ਬੈਅ ਕਰਕੇ ਬਾਹਰ ਜਾਣ ਦਾ ਰੁਝਾਨ ਸਭਨਾਂ ਤੇ ਭਾਰੀ ਪੈ ਚੁੱਕਿਆ ਹੈ, ਹੱਦੋਂ ਵੱਧ ਧੋਖੇ ਹੋ ਰਹੇ ਹਨ,ਪਰ ਆਪਣੀ ਪੰਜਾਬੀਆਂ ਵਾਲੀ ਅੜੀ ਮੈਂ ਨਾ ਮਾਨੂੰ ਫੜੀ ਹੋਈ ਹੈ,ਜੋ ਪੰਜਾਬੀਆਂ ਨੂੰ ਤਬਾਹੀ ਦੇ ਕੰਢੇ ਤੇ ਲਿਜਾ ਕੇ ਖੜ੍ਹਾ ਕਰ ਦੇਵੇਗੀ।
ਦੋਸਤੋ ਕੋਈ ਵੀ ਕਾਰਜ ਔਖਾ ਨਹੀਂ ਹੁੰਦਾ ਜੇਕਰ ਇਨਸਾਨ ਕੋਸਸਿ ਕਰੇ ਤਾਂ,ਓਹ ਸਮੇਂ ਪੂਰੇ ਭਾਵੇਂ ਨਹੀਂ ਪਰ ਕੁੱਝ ਕੁ ਨੂੰ ਆਪਾਂ ਵਾਪਸ ਆਪਣੀ ਜੰਿਦਗੀ ਵਿੱਚ ਪ੍ਰਤੱਖ ਵੇਖ ਸਕਦੇ ਹਾਂ,ਪਰ ਥੋੜ੍ਹਾ ਜਿਹਾ ਉਜਰ ਕਰਨਾ ਪਵੇਗਾ। ਹੌਸਲਾ ਕਰਨਾ ਪਵੇਗਾ ਕਿ ਕੋਈ ਪਹਿਲ ਕਦਮੀ ਕਰੇ ਕਿ ਮੈਂ ਆਪਣੇ ਘਰ ਵਿੱਚ ਟੈਂਟ ਲਾ ਕੇ ਪੂਰਨ ਗੁਰਮਰਿਯਾਦਾ ਅਨੁਸਾਰ ਘਰੇ ਹੀ ਵਿਆਹ ਮੰਗਣਾ ਕਰਨਾ ਹੈ, ਅਪਣੇ ਪੁਰਖਿਆਂ ਵਾਲੇ ਰੀਤੀ ਰਿਵਾਜ ਕਰਨੇ ਨੇ, ਬਿਨਾਂ ਖਾਂਦਾ ਸਪਰੇਆਂ ਤੋਂ ਫਸਲਾਂ ਬੀਜੂੰਗਾ। ਆਪਣੇ ਬੱਚਿਆਂ ਨੂੰ ਪੁਰਾਤਨ ਰੀਤੀ ਰਿਵਾਜਾਂ ਅਤੇ ਓਨਾਂ ਦੀ ਰਹਿਣੀ-ਬਹਿਣੀ ਦੀ ਬਾਬਤ ਜਾਣੂੰ ਕਰਵਾਉਂਗਾ।ਪਰ ਇਹ ਸਭ ਗੱਲਾਂ ਕੋਈ ਵੀ ਕਰਨ ਲਈ ਤਿਆਰ ਨਹੀਂ। ਅਜੋਕੇ ਸਮਿਆਂ ਵਿੱਚ ਤਾਂ ਇਹ ਹੋੜ ਲੱਗੀ ਹੋਈ ਹੈ ਕਿ ਤਾਏ ਦੀ ਧੀ ਚੱਲੀ ਮੈਂ ਕਿਉ ਰਹਾਂ ਇਕੱਲੀ।ਭਾਵ ਜੇ ਭਰਾ ਨੇ ਵਿਆਹ ਤੇ ਦਸ ਲੱਖ ਲਾਏ ਨੇ ਤਾਂ ਮੈਂ ਵੀਹ ਲੱਖ ਲਾਵਾਂਗਾ।ਇਹੋ ਜਿਹੀ ਸੋਚ ਦੇ ਕਾਰਨ ਕਰਕੇ ਹੀ ਦਿਨੋ-ਦਿਨ ਨਿਘਾਰ ਅਤੇ ਕਰਜਾਈ ਹੋਈ ਜਾਂਦਾ ਹੈ ਹਰ ਇਨਸਾਨ, ਕਿਸੇ ਇੱਕ ਫਿਰਕੇ ਦੀ ਗੱਲ ਨਹੀਂ ਹਰ ਇੱਕ ਦੀ ਇਹੀ ਖਾਹਿਸ ਹੈ।ਸੋ ਵਾਹਿਗੁਰੂ ਸੁਮੱਤ ਬਖਸਣ ਹਾਲੇ ਵੀ ਜੇ ਸੰਭਲ ਜਾਈਏ ਤਾਂ ਕੁਝ ਜਿਉਂਦਿਆਂ ਵਿਚ ਰਹਿ ਸਕਦੇ ਹਾਂ, ਨਹੀਂ ਤਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਉਜਾੜੇ ਨੂੰ ਕੋਈ ਵੀ ਨਹੀਂ ਰੋਕ ਸਕਦਾ।
ਦੋਸਤੋ ਇਹ ਉਪਰੋਕਤ ਗੱਲਾਂ ਬਾਤਾਂ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ,ਪਰ ਜੋ ਨੁਕਤੇ ਦਾਸ ਦੇ ਜਿਹਨ ਦੇ ਵਿੱਚ ਆਏ ਓਹ ਤੁਹਾਡੇ ਸਾਰੇ ਹੀ ਰੱਬ ਵਰਗੇ ਦੋਸਤਾਂ ਪਿਆਰਿਆਂ ਨਾਲ ਸਾਂਝੇ ਕੀਤੇ ਹਨ। ਜੇਕਰ ਕਿਸੇ ਵੀ ਦੋਸਤ ਪਿਆਰੇ ਦੇ ਮਨ ਨੂੰ ਮੇਰੀ ਇਸ ਲਿਖਤ ਨਾਲ ਠੇਸ ਪਹੁੰਚੀ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ, ਕਿਉਂਕਿ ਓਹ ਸਮੇਂ ਕਦੇ ਕਦੇ ਮਨ ਤੇ ਹਾਵੀ ਹੋ ਜਾਂਦੇ ਹਨ ਇਸ ਲਈ ਇਹੋ ਜਿਹੀਆਂ ਲਿਖਤਾਂ ਆਪ ਮੁਹਾਰੇ ਲਿਖੀਆਂ ਜਾਂਦੀਆਂ ਹਨ।
ਜਸਵੀਰ ਸਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਸੰਪਰਕ - 95691-49556