ਰਜਿ: ਨੰ: PB/JL-124/2018-20
RNI Regd No. 23/1979

ਵਿਛੋੜਾ ਵਿਛੜੇ ਯਾਰਾਂ ਦਾ

BY admin / July 18, 2021
1990 ਵਿਆਂ ’ਚ ਪੰਜਾਬ ਵਿੱਚ ਬਹੁਤਕਨੀਕੀ ਕਾਲਜਾਂ ਦੀ ਬਹੁਤ ਘਾਟ ਸੀ। ਉਸ ਵਕਤ ਇਨਾਂ ਕੋਰਸਾਂ ਦੇ ਚਾਹਵਾਨ ਵਿਦਿਆਰਥੀਆਂ ’ਚ ਕਰਨਾਟਕਾ ਦੇ ਬਿਦਰ ਸ਼ਹਿਰ ਵਿੱਚ ਦਾਖਲਾ ਲੈਣ ਦਾ ਰੁਝਾਨ ਸਿਖਰਾਂ ’ਤੇ ਹੁੰਦਾ ਸੀ।  1992 ’ਚ ਮੈਨੂੰ ਵੀ ਮੇਰੇ ਘਰਦੇ ਉਥੇ ਦਾਖਲ ਕਰਵਾ ਕੇ ਆਏ। ਹੋਸਟਲ ’ਚ ਜਿਹੜੇ ਪੁਰਾਣੀ ਜਾਣ-ਪਛਾਣ ਵਾਲੇ ਮੁੰਡੇ ਨਾਲ ਮੈਨੂੰ ਕਮਰਾ ਦਿਵਾਇਆ ਗਿਆ, ਉਹ ਉਥੇ ਆਪਣੇ ਸੀਨੀਅਰ ਭਰਾਵਾਂ ਦਾ ਰੋਅਬ ਜਿਹਾ ਮਾਰਦਾ ਸੀ, ਜੋ ਕਿ ਮੈਨੂੰ ਗਵਾਰਾ ਨਹੀਂ ਸੀ। ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਆਪਣੀ ਬਰਾਂਚ ਵਾਲੇ ਹੋਰ ਪੰਜਾਬੀ ਤੇ ਗੈਰ ਪੰਜਾਬੀ ਸਹਿ-ਵਿਦਿਆਰਥੀਆਂ ਨਾਲ ਜਾਣ-ਪਛਾਣ ਹੋਣੀ ਸੁਭਾਵਿਕ ਹੀ ਸੀ। ਉਥੇ 4-5 ਦਿਨਾਂ ਬਾਅਦ ਹੀ ਸਭ ਤੋਂ ਪਹਿਲਾਂ ਗੁਰਦਾਸਪੁਰੀਆ ‘ਸੱਤਾ’ ਮੇਰਾ ਮਿੱਤਰ ਬਣਿਆ। ਉਹਦੇ ਨਾਲ ਯਾਰੀ ਪਈ ਤਾਂ ਮੈਂ ਅਗਲੇ ਦਿਨ ਹੀ ਉਹਦੇ ਰੂਮ-ਏਟ ‘ਬੰਟੀ’ ਨਾਲ ਕਮਰਾ ਐਕਸਚੇਂਜ ਕਰਵਾ ਲਿਆ। ਹੁਣ ਮੈਂ ਕਮਰਾ ਨੰਬਰ 207 ’ਚ ਆ ਗਿਆ ਸੀ। ਇਥੇ ਸਾਨੂੰ ਸਾਰੇ 207 ਵਾਲੇ ਹੀ ਕਹਿਣ ਲੱਗ ਗਏ। ਗੱਲਾਂ ਦਾ ਗਾਲੜੀ ਤੇ ਯਾਰਾਂ ਦਾ ਯਾਰ, ਬਹੁਤ ਰੌਣਕੀ ਸੀ ਸੱਤਾ। ਉਸ ਸਮੇਂ ਉਥੇ ਰੈਗਿੰਗ ਦਾ ਵੀ ਬਹੁਤ ਰੁਝਾਨ ਸੀ। ਜਿਥੇ ਵੀ ਕੋਈ ਇਕੱਲਾ ਜਾਂਦਾ ਟੱਕਰਦਾ, ਸਾਡੇ ਸੀਨੀਅਰ ਉਥੇ ਹੀ ਉਸ ਦੀ ਇੰਟਰੋ ਜਾਂ ਰੈਗਿੰਗ ਕਰਨੀ ਸ਼ੁਰੂ ਕਰ ਦਿੰਦੇ। ਅਸੀਂ ਮੈੱਸ ’ਚ ਰੋਟੀ ਖਾਣ ਵੇਲੇ 7-8 ਜਣਿਆਂ ਨੇ ਇਕੱਠੇ ਹੀ ਜਾਣਾ, ਕਿਉਂਕਿ ਉਥੇ ਨਵੇਂ-ਨਵੇਂ ਹੋਣ ਕਾਰਨ ਅੰਦਰੋਂ-ਅੰਦਰੀ ਸੀਨੀਅਰਾਂ ਦਾ ਡਰ ਤਾਂ ਸੀ ਪਰ ਸਾਰਿਆਂ ਨੂੰ ਇਕੱਠੇ ਦੇਖ ਕੇ ਜਿਆਦਾਤਰ ਸੀਨੀਅਰ ਸਾਨੂੰ ਰੋਕਣ ਤੋਂ ਝਿਜਕਦੇ ਰਹਿੰਦੇ। ਬੱਸ ਦੇਖਦੇ ਹੀ ਦੇਖਦੇ ਸਾਡਾ ਕਮਰਾ 207 ਪੂਰੀ ਹੋਸਟਲ ਦੀ ਸ਼ਾਨ ਬਣ ਗਿਆ, ਜਿਥੇ ਅੱਧੀ-ਅੱਧੀ ਰਾਤ ਤੱਕ ਮਹਿਫਲਾਂ ਲੱਗੀਆਂ ਰਹਿੰਦੀਆਂ। ਦੇਰ ਰਾਤ ਕਿਸੇ ਨੂੰ ਬਾਥਰੂਮ ਗਏ ਨੂੰ ਬਾਹਰੋਂ ਕੁੰਡੀ ਲਾ ਦਿੰਦੇ ਤੇ ਕਦੇ ਕਿਸੇ ਦਾ ਬਣਾਇਆ ਘੜਾਹ ਖਾ ਜਾਣਾ। ਦਰਅਸਲ 207 ਇੱਕ ਹਾਲ ਕਮਰਾ ਸੀ ਜਿਸ ਦੀ ਪਲਾਈਆਂ ਨਾਲ ਪਾਰਟੀਸ਼ਨ ਕਰਕੇ 4 ਛੋਟੇ ਕਮਰੇ ਬਣਾਏ ਹੋਏ ਸਨ, ਜਿਨਾਂ ’ਚ 2-2 ਜਣੇ ਰਹਿੰਦੇ ਸਨ। ਇੱਕ ਕਮਰੇ ’ਚ ਸੱਤਾ ਤੇ ਮੈਂ (ਕੰਪਿਊਟਰ ਸਾਇੰਸ), ਦੂਜੇ ’ਚ ਚਿੜੀ ਤੇ ਛਿੱਕਾ (ਇਲੈਕਟ੍ਰੀਕਲ), ਤੀਜੇ ’ਚ ਰਾਣਾ (ਇਲੈਕਟ੍ਰੀਕਲ) ਤੇ ਮਾਣਾ (ਮਕੈਨੀਕਲ) ਅਤੇ ਚੌਥੇ ’ਚ ਕਵਾਤਰਾ (ਇਲੈਕਟ੍ਰਾਨਿਕਸ) ਤੇ ਦੇਵ (ਮਕੈਨੀਕਲ)। ਅੱਧੀ ਰਾਤ ਤੱਕ ਅਸੀਂ ਸ਼ਰਾਰਤਾਂ ਕਰਦੇ ਰਹਿੰਦੇ, ਜਦੋਂ ਬਾਕੀ ਸਾਰੇ ਸੌਂ ਜਾਂਦੇ ਤਾਂ ਅਸੀਂ ਪੜਨਾ ਸ਼ੁਰੂ ਕਰ ਦਿੰਦੇ। ਮੁਹਾਲੀ ਵਾਲੇ ‘ਰਾਣੇ’ ਨੂੰ ਗਾਉਣ ਦਾ ਕੀੜਾ ਹੁੰਦਾ ਸੀ, ਜਿਸ ਨੂੰ ਸੁਣਨ ਲਈ ਲਈ ਰਾਤ ਨੂੰ ਬਾਕੀ ਕਮਰਿਆਂ ਵਾਲੇ ਮੁੰਡੇ ਸਾਡੇ ਕਮਰੇ ’ਚ ਹੀ ਬੈਠੇ ਰਹਿੰਦੇ। ਸੱਤੇ ਦੀਆਂ ਫੋਕੀਆਂ ਬੜਕਾਂ, ਮਾਝੇ ਦੀ ਠੇਠ ਬੋਲੀ ਤੇ ਉਪਰੋਂ ਅੰਗਰੇਜੀ ਬੋਲਣ ਦਾ ਸ਼ੌਕ। ਸਾਡੇ ਨਾਲ ਦੇ ਕਮਰੇ ਭਾਵ 206 ਨੰਬਰ ’ਚ ਫਰੀਦਕੋਟੀਏ ਰਹਿੰਦੇ ਹੁੰਦੇ ਸੀ, ਜਿਨਾਂ ਨਾਲ ਸਾਡੀ ਘੱਟ ਹੀ ਬਣਦੀ ਸੀ। ਵੈਸੇ ਉਨਾਂ ਦਾ ਮੋਹਰੀ ਮੁਹਾਲੀ ਵਾਲਾ ‘ਢੀਂਡਸਾ’ ਹੁੰਦਾ ਸੀ। ਹੱਸਦੇ, ਖੇਡਦਿਆਂ, ਖਹਿਬੜਦਿਆਂ ਦਾ ਪਹਿਲਾ ਸਾਲ ਲੰਘ ਗਿਆ ਤੇ ਅਸੀਂ ਸਾਰੇ ਪੇਪਰ ਦੇ ਕੇ ਆਪੋ-ਆਪਣੇ ਘਰੇ ਚਲੇ ਗਏ। ਦੋ-ਢਾਈ ਮਹੀਨਿਆਂ ਬਾਅਦ ਰਿਜਲਟ ਆਉਣ ਤੋਂ ਬਾਅਦ ਮੈਂ ਵਾਪਸ ਬਿਦਰ ਪਹੁੰਚਿਆ ਤਾਂ ਉਥੇ ਜਾ ਕੇ ਪਤਾ ਲੱਗਿਆ ਕਿ ‘ਸੱਤੇ’ ਦੀ ਤਾਂ ਪੰਜਾਬ ’ਚ ਛੁੱਟੀਆਂ ਮੌਕੇ ਇੱਕ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਹੈ। ਸੁਣ ਕੇ ਮਨ ਪੂਰੀ ਤਰਾਂ ਝੰਜੋੜਿਆ ਗਿਆ, ਕਿੰਨੇ ਦਿਨ ਤਾਂ ਯਕੀਨ ਹੀ ਨਹੀਂ ਆਇਆ। ਇਹ ਮੇਰੇ ਪਹਿਲੇ ਜਿਗਰੀ ਯਾਰ ਦਾ ਸਦੀਵੀ ਵਿਛੋੜਾ ਸੀ, ਜੋ ਮੇਰੇ ਲਈ ਅਸਹਿ ਬਣ ਗਿਆ। 
ਫੇਰ ਹੌਲੀ-ਹੌਲੀ ਜ਼ਿੰਦਗੀ ਲੀਹ ’ਤੇ ਆ ਗਈ। ਪੜਾਈ ਪੂਰੀ ਹੋਣ ਉਪਰੰਤ ਸਾਰੇ ਆਪਣੇ-ਆਪਣੇ ਕੰਮਾਂ ’ਚ ਸੈੱਟ ਹੋ ਗਏ ਤੇ ਸਾਰਿਆਂ ਦੇ ਵਿਆਹ ਵੀ ਹੋ ਗਏ। ਕਈਆਂ ਸਾਲਾਂ ਬਾਅਦ ਇੱਕ ਦਿਨ ਅਖਬਾਰ ’ਚ ਇੱਕ ਭੋਗ ਦੇ ਇਸ਼ਤਿਹਾਰ ’ਤੇ ਨਜ਼ਰ ਪਈ, ਤਾਂ ਅਖਬਾਰ ਹੱਥੋਂ ਹੀ ਡਿੱਗ ਪਿਆ। ਇਹ ਮੁਹਾਲੀ ਵਾਲੇ ‘ਰਾਣੇ’ ਦੇ ਭੋਗ ਦਾ ਇਸ਼ਤਿਹਾਰ ਸੀ, ਜੋ ਕਿ ਸਵੇਰੇ-ਸਵੇਰੇ ਆਪਣੇ ਬੇਟੇ ਨੂੰ ਸਕੂਲ ਬੱਸ ’ਚ ਚੜਾ ਕੇ ਵਾਪਸ ਆ ਰਿਹਾ ਸੀ ਕਿ ਰਸਤੇ ’ਚ ਐਕਸੀਡੈਂਟ ਹੋਣ ਕਾਰਨ ਥਾਂ ’ਤੇ ਹੀ ਫੌਤ ਹੋ ਗਿਆ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਭਰਾ ਤੋਂ ਇਲਾਵਾ ਪਤਨੀ ਤੇ ਇੱਕ ਪੁੱਤ ਛੱਡ ਦੂਜੇ ਜਹਾਨ ਤੁਰ ਗਿਆ। ਚੰਗੀ ਤਰਾਂ ਯਾਦ ਹੈ ਅੱਜ ਵੀ ਅੰਬ ਸਾਹਿਬ ਗੁਰਦੁਆਰੇ ’ਚ ਉਸ ਦੇ ਭੋਗ ਦਾ ਦਿਨ, ਜਿਥੇ ਮੈਂ ਤੇ ਰਸ਼ਪਾਲ ਗਏ ਸੀ। ਮੈਂ ਜਦੋਂ ਵੀ 10 ਫੇਸ ਰਹਿੰਦੀ ਮਾਸੀ ਦੇ ਘਰ ਜਾਣਾ ਤਾਂ ਰਾਣੇ ਦੇ ਘਰ ਜਾਣਾ ਕਦੇ ਨਾ ਭੁੱਲਦਾ, ਕਿਉਂਕਿ ਉਹ ਪਤੰਦਰ ਵੀ 10 ਫੇਸ ’ਚ ਹੀ ਰਹਿੰਦਾ ਸੀ। 
ਇਧਰ ਪੰਜਾਬ ’ਚ ਪਹਿਲੀ ਤੋਂ 12ਵੀਂ ਤੱਕ ਮੇਰਾ ਸਹਿਪਾਠੀ ਹੁੰਦਾ ਸੀ ‘ਰਾਜਾ’। ਬਾਰਵੀਂ ’ਚ ਮਾਤਾ ਗੁਜਰੀ ਸਕੂਲ ਵਿਖੇ ਨਾਨ/ਮੈਡੀਕਲ ’ਚ ਅਸੀਂ 3 ਜਣੇ ਹੀ ਪੜਦੇ ਸੀ। ਉਸ ਵਕਤ ਰਾਜੋ ਦੇ ਪਿਤਾ ਜੀ ਗੁਰਦੁਆਰਾ ਫਤਹਿਗੜ ਸਾਹਿਬ ਵਿਖੇ ਬਤੌਰ ਮੈਨੇਜਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ, ਜਿਸ ਸਦਕਾ ਰਾਜੋ ਦੀ ਪੂਰੀ ਟੌਹਰ ਹੁੰਦੀ ਸੀ। ਉਸ ਸਮੇਂ ਉਸ ਕੋਲ ਮਾਰੂਤੀ ਵੈਨ ਹੁੰਦੀ ਸੀ। ਬਾਰਵੀਂ ਦਾ ਸਾਰਾ ਸਾਲ ਅਸੀਂ ਦੋਵੇਂ ਇਕੱਠੇ ਹੀ ਘੁੰਮਦੇ ਰਹੇ। ਇਸ ਸਾਲ ਉਹਦੇ ਨਾਲ ਗੂੜੀ ਯਾਰੀ ਪੈ ਗਈ। ਫਿਰ ਮੈਂ ਬਿਦਰ ਚਲਾ ਗਿਆ ਤੇ ਉਸ ਨੂੰ ਫਤਹਿਗੜ ਸਾਹਿਬ ਵਿਖੇ ਹੀ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ’ਚ ਦਾਖਲਾ ਮਿਲ ਗਿਆ। ਫਿਰ ਸਾਡਾ ਸੰਪਰਕ ਘਟ ਕੇ ਨਾ-ਮਾਤਰ ਹੀ ਰਹਿ ਗਿਆ। ਕਈ ਸਾਲਾਂ ਬਾਅਦ ਇੱਕ ਦਿਨ ਮੈਂ ਆਪਣੀ ਪਤਨੀ ਨਾਲ ਜੰਮੂ ਤੋਂ ਆ ਰਿਹਾ ਸੀ ਕਿ ਸਰਹਿੰਦ ਸਟੇਸ਼ਨ ’ਤੇ ਗਗਨ (ਇੱਕ ਹੋਰ ਦੋਸਤ) ਨੇ ਰਾਜੇ ਬਾਬਤ ਦੱਸਿਆ ਕਿ ਉਹ ਆਪਣੇ ਸਮੂਹ ਪਰਿਵਾਰ ਸਮੇਤ ਆਪਣੀਆਂ ਜੁੜਵਾਂ ਭੈਣਾਂ ਨੂੰ ਦਿੱਲੀ ਏਅਰਪੋਰਟ ’ਤੇ ਬਾਹਰਲਾ ਜਹਾਜ਼ ਚੜਾ ਕੇ ਵਾਪਿਸ ਆ ਰਿਹਾ ਸੀ ਕਿ ਰਸਤੇ ’ਚ ਸ਼ਾਇਦ ਗੱਡੀ ਜਾ ਟਾਇਰ ਫੱਟਣ ਕਾਰਨ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ’ਚ ਰਾਜੇ ਦੀ ਮੌਤ ਹੋ ਗਈ। ਹਾਲਾਂਕਿ ਉਸਦੇ ਮਾਤਾ-ਪਿਤਾ, ਪਤਨੀ, ਬੇਟੀ ਤੇ ਦੋ ਕੁ ਸਾਲ ਦਾ ਬੇਟਾ ਵੀ ਉਸੇ ਗੱਡੀ ’ਚ ਸਵਾਰ ਸਨ ਪਰ ਪ੍ਰਮਾਤਮਾ ਦੀ ਿਪਾ ਸਦਕਾ ਉਨਾਂ ਸਾਰਿਆਂ ਦਾ ਬਚਾਅ ਹੋ ਗਿਆ ਸੀ। ਇਸ ਤਰਾਂ ਮੇਰੀ ਜ਼ਿੰਦਗੀ ’ਚੋਂ ਇੱਕ ਹੋਰ ਦੋਸਤ ਮਨਫ਼ੀ ਹੋ ਗਿਆ। 
ਹੁਣ ਲੈਂਡਲਾਈਨ ਫੋਨਾਂ ਦੀ ਥਾਂ ਮੋਬਾਈਲਾਂ ਨੇ ਲੈ ਲਈ ਸੀ। ਇਥੇ ਛੁੱਟੀਆਂ ਦੌਰਾਨ ਮੇਰੇ ਸਥਾਨਕ ਦੋਸਤ ਅਤਰਜੀਤ, ਰੌਕੀ, ਰਾਜੂ ਆਦਿ ਰੋਜ਼ ਹੀ ਮੇਰੇ ਨਾਲ ਹੁੰਦੇ ਸਨ। ਨਿੱਤ ਦਿਨ ਦੇਰ ਰਾਤ ਨੂੰ ਘਰ ਆਉਣਾ ਤੇ ਕਿਸੇ ਦਾ ਪੰਗਾ ਪੈ ਜਾਣਾ ਤਾਂ ਇਨਾਂ ਨੂੰ ਚਾਅ ਚੜ ਜਾਣਾ। ਰੌਕੀ ਤੇ ਰਾਜੂ ਸਿਰੇ ਦੇ ਦਲੇਰ ਸਨ। ਖੁੱਲੇ ਸਰੀਰ ਦਾ ਮਾਲਕ ‘ਰੌਕੀ’ ਰੱਜ ਕੇ ਸੁਨੱਖਾ ਸੀ। ਘਰੋਂ ਗਰੀਬੀ ਦੇ ਬਾਵਜੂਦ ਕਦੇ ਕਿਸੇ ਗੱਲ ’ਚ ਪਿੱਛੇ ਨਹੀਂ ਸੀ ਰਹਿੰਦਾ। ਜਦੋਂ ਵੀ ਯਾਦ ਕੀਤਾ, ਹਮੇਸ਼ਾ ਖਿੜੇ ਮੱਥੇ ਪਹੁੰਚਿਆ। ਸਾਡੇ ਘਰ ਬਣਾਉਣ ਵੇਲੇ ਲੈਂਟਰ ਵਾਲੇ ਦਿਨ ਅਸੀਂ ਸਾਰਿਆਂ ਨੇ ਇਕੱਠੇ ਹੀ ਸਾਰਾ ਕੰਮ ਕਰਵਾਇਆ ਸੀ। ਪਤਾ ਨਹੀਂ ਕਿਉਂ ਉਹ ਮੇਰੀ ਮਾਂ ਨੂੰ ਮੰਮੀ ਹੀ ਕਹਿੰਦਾ ਹੁੰਦਾ ਸੀ। ਸਾਡੇ ਸਾਰਿਆਂ ’ਚੋਂ ਸਭ ਤੋਂ ਪਹਿਲਾਂ ਕੰਮ ਵੀ ਉਹੀ ਲੱਗਿਆ ਸੀ ਤੇ ਬਹੁਤ ਜਲਦ ਹੀ ਉਸ ਨੇ ਵਿਆਹ ਕਰਵਾ ਕੇ ਛੋਟਾ ਜਿਹਾ ਘਰ ਵੀ ਬਣਾ ਲਿਆ ਸੀ, ਜਿਵੇਂ ਉਸ ਨੂੰ ਜਾਣ ਦੀ ਕਾਹਲੀ ਹੀ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਕੰਮ ਤੇ ਪਰਿਵਾਰਕ ਰੁਝੇਵਿਆਂ ਕਾਰਨ ਇੱਕੋ ਸ਼ਹਿਰ ’ਚ ਰਹਿਣ ਦੇ ਬਾਵਜੂਦ ਹੁਣ ਕਦੇ ਕਦਾਈਂ ਹੀ ਮੁਲਾਕਾਤ ਹੁੰਦੀ ਸੀ। ਇੱਕ ਸ਼ਾਮ ਨੂੰ ਅਚਾਨਕ ਰੌਕੀ ਦੇ ਸਾਲੇ ਨੇ ਸਾਡੇ ਘਰ ਆ ਕੇ ਮਨਹੂਸ ਖਬਰ ਦਿੱਤੀ ਕਿ ਰੌਕੀ ਕੈਂਸਰ ਦੀ ਲੜਾਈ ਹਾਰ ਗਿਆ ਹੈ ਤੇ ਸਵੇਰੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਉਸ ਦਾ ਭੋਗ ਹੈ। ਆਪਣੇ ਆਪ ’ਤੇ ਗੁੱਸਾ ਵੀ ਆਇਆ ਕਿ ਉਹ ਇੰਨੀ ਵੱਡੀ ਬਿਮਾਰੀ ਤੋਂ ਪੀੜਤ ਸੀ ਤੇ ਮੈਨੂੰ ਉਸ ਦੇ ਜਿਊਂਦੇ ਜੀਅ ਪਤਾ ਵੀ ਨਾ ਲੱਗਿਆ।  4 ਭਰਾਵਾਂ ਤੇ ਇੱਕ ਭੈਣ ’ਚੋਂ ਸਭ ਤੋਂ ਵੱਡਾ, ਆਪਣੇ ਮਾਤਾ-ਪਿਤਾ ਦਾ ਲਾਡਲਾ, ਆਪਣੀ ਪਤਨੀ ਤੇ 3 ਬੱਚਿਆਂ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਕਿਤੇ ਦੂਰ ਚਲਿਆ ਗਿਆ, ਜਿਥੋਂ ਕਦੇ ਕੋਈ ਨਹੀਂ ਮੁੜਿਆ। ਇਥੇ ਬਿਆਨ ਕਰਨੈ ਵੀ ਔਖੈ ਕਿ ਕਿਸੇ ਇੰਨੇ ਸੋਹਣੇ-ਸੁਨੱਖੇ ਮੁੰਡੇ ਨੂੰ ਵੀ ਨਾਮੁਰਾਦ ਬਿਮਾਰੀ ਲੱਗ ਸਕਦੀ ਹੈ। ਉਸ ਦੇ ਭੋਗ ’ਤੇ ਸਾਰੇ ਇਕੱਠੇ ਹੋਏ ਤੇ ਫੇਰ ਆਪਣੇ-ਆਪਣੇ ਕੰਮਾਂ ’ਚ ਰੁੱਝ ਗਏ। 
‘ਰਾਜੂ’ ਦੇ ਪਿਤਾ ਦੀ ਬਚਪਨ ’ਚ ਹੀ ਮੌਤ ਹੋ ਗਈ ਸੀ ਅਤੇ ਇੱਕੋ-ਇੱਕ ਵੱਡੀ ਭੈਣ ਦਾ ਵਿਆਹ ਕਰ ਦਿੱਤਾ ਸੀ। ਘਰ ’ਚ ਬਸ ਮਾਂ-ਪੁੱਤ ਹੀ ਰਹਿੰਦੇ ਸਨ। ਮੈਨੂੰ ਯਾਦ ਹੈ ਕਿ ਕਿਵੇਂ ਅਸੀਂ ਨਵੇਂ-ਨਵੇਂ ਬਹਾਨੇ ਘੜ ਕੇ ਰਾਜੂ ਨੂੰ ਘਰੋਂ ਬਾਹਰ ਬੁਲਾਉਂਦੇ ਹੁੰਦੇੋ ਸੀ, ਕਿਉਂਕਿ ਆਂਟੀ (ਉਹਦੀ ਮੰਮੀ) ਰਾਜੂ ਨੂੰ ਘਰੋਂ ਬਾਹਰ ਜਾਣ ਤੋਂ ਵਰਜਦੇ ਰਹਿੰਦੇ ਸਨ। ਉਸ ਨੇ ਸਾਡੇ ਸਾਰਿਆਂ ਨਾਲੋਂ ਬਾਅਦ ’ਚ ਵਿਆਹ ਕਰਵਾਇਆ ਤੇ ਸਭ ਤੋਂ ਬਾਅਦ ਹੀ ਕੰਮ ਧੰਦਾ ਕਰਨ ਲੱਗਿਆ ਸੀ। ਵਿਆਹ ਤੋਂ ਬਾਅਦ ਉੁਸ ਦੇ ਘਰ 3 ਬੱਚੇ ਹੋਏ ਤੇ ਉਸ ਨੇ ਟੈਕਸੀਆਂ ਦਾ ਕੰਮ ਸ਼ੁਰੂ ਕਰ ਲਿਆ।  2012 ’ਚ ਮੈਂ ਤੇ ਰਾਜੂ ਆਪਣੇ ਪਰਿਵਾਰਾਂ ਸਮੇਤ ਗਰਮੀ ਦੀਆਂ ਛੁੱਟੀਆਂ ’ਚ ਕੁੱਲੂ-ਮਨਾਲੀ ਤੇ ਮਨੀਕਰਨ ਸਾਹਿਬ ਘੁੰਮਣ ਗਏ ਸੀ। ਆਮ ਵਾਂਗ ਅਸੀਂ ਮੇਰੇ ਦਫਤਰ ’ਚ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਕਿ ਅਚਾਨਕ ਮਨਾਲੀ ਜਾਣ ਦਾ ਪ੍ਰੋਗਰਾਮ ਬਣ ਗਿਆ ਤੇ ਦੂਜੇ ਦਿਨ ਸਵੇਰੇ ਸੁਵੱਖਤੇ ਹੀ ਚਾਲੇ ਪਾ ਦਿੱਤਾ। ਆਪਣੀ ਪੜਾਈ ਦੌਰਾਨ 1994-95 ’ਚ ਰਾਜੂ ਸਮੇਤ ਅਸੀਂ 4-5 ਦੋਸਤਾਂ ਨੇ ਘਰੋਂ ਬਿਨਾ ਦੱਸੇ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਕੀਤੀ ਸੀ ਜੋ ਕਿ ਅਸਲੋਂ ਹੀ ਬਹੁਤ ਰੁਮਾਂਚਿਕ ਹੋ ਨਿੱਬੜੀ ਸੀ। ਰਾਜੂ ਅਸਲ ’ਚ ਮੇਰਾ ਰਾਜ਼ਦਾਰ ਸੀ। ਅਸੀਂ ਕਈ ਵਾਰੀ ਗੱਸੇ ਵੀ ਹੋਏ ਪਰ ਉਸ ਦੇ ਜਿੳਂਦੇ ਜੀਅ ਕਦੇ ਯਾਰੀ ’ਚ ਤਰੇੜ ਨਹੀਂ ਪਈ। ਬਹੁਤ ਥਾਈਂ ਘੁੰਮੇ ਇਕੱਠੇ ਸਕੂਟਰਾਂ ਕਾਰਾਂ ’ਤੇ। ਅਖੀਰਲੀ ਵਾਰੀ ਮੇਰੀ ਭੈਣ ਨੂੰ ਦਿੱਲੀ ਏਅਰਪੋਰਟ ਛੱਡਣ ਗਏ ਸੀ ਅਸੀਂ ਉਸ ਦੀ ਕਾਰ ਵਿੱਚ। ਜੁਲਾਈ ਮਹੀਨੇ ਦੀ ਇੱਕ ਰਾਤ ਨੂੰ ਅਚਾਨਕ ਸਿਰ ’ਚ ਦਰਦ ਉੱਠਿਆ ਤੇ ਉਹ ਸਦਾ ਦੀ ਨੀਂਦਰ ਸੌਂ ਗਿਆ। ਉਹਦਾ ਘਾਟਾ ਅੱਜ ਤੱਕ ਪੂਰਿਆ ਨਹੀਂ ਗਿਆ, ਨਾ ਕਦੇ ਪੂਰਾ ਹੋਣੈ ਤੇ ਨਾ ਹੀ ਹੋ ਸਕਦੈ। ਉਹ ਹੈ ਈ ਏਦਾਂ ਦਾ ਸੀ। ਰਾਜੂ ਦੇ ਭੋਗ ’ਤੇ ਕੀਰਤਨ ਕਰ ਰਹੇ ਜਥੇ ਨੇ ਜਦੋਂ ‘ਇਹ ਵਿਛੋੜਾ ਸਹਿਆ ਨਾ ਜਾਏ’ ਸ਼ਬਦ ਗਾਇਆ ਤਾਂ ਕੀਰਤਨ ਦੇ ਨਾਲ-ਨਾਲ ਕੀਰਨਿਆਂ ਦੀ ਆਵਾਜ਼ ਨਾਲ ਅਸਮਾਨ ਗੂੰਜ ਉੱਠਆ ਸੀ।  
ਇੱਕ ਦਿਨ ਮੋਬਾਈਲ ’ਤੇ ਫੋਨ ਆਇਆ ਕਿ ‘ਢੀਂਡਸਾ’ ਆਪਣੇ ਬੁਲੇਟ ਮੋਟਰਸਾਈਕਲ ’ਤੇ ਮੁਹਾਲੀ ਤੋਂ ਫਤਿਹਗੜ ਸਾਹਿਬ ਵੱਲ ਆਪਣੇ ਜੱਦੀ ਪਿੰਡ ਜਾ ਰਿਹਾ ਸੀ ਕਿ ਰਸਤੇ ’ਚ ਇੱਕ ਜੀਪ ਨਾਲ ਸਿੱਧੀ ਟੱਕਰ ਹੋਣ ਕਾਰਨ ਉਹ ਵੀ ਦੁਨੀਆ ਛੱਡ ਗਿਆ ਹੈ। ਫਤਿਹਗੜ ਸਾਹਿਬ ਤੋਂ ਮੈਂ ਤੇ ਰੰਗੋਵਾਲੀਏ ਨੇ ਉਹਦੇ ਭੋਗ ’ਤੇ ਵੀ ਹਾਜ਼ਰੀ ਲਵਾਈ ਸੀ। ਏਦਾਂ ਹੀ ਬਿਦਰ ਦੇ ਹੋਰ ਦੋਸਤਾਂ ਰਾਹੀ ਪਤਾ ਲੱਗਿਆ ਕਿ ‘ਬੰਟੀ’ ਦੀ ਵੀ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਬੰਟੀ ਉਹੀ ਸੀ ਜਿਹਦੇ ਨਾਲ ਮੈਂ ਆਪਣਾ ਕਮਰਾ ਬਦਲਵਾਇਆ ਸੀ। 
ਮੇਰੀ ਪਤਨੀ ਦੇ ਛੋਟੇ ਚਾਚੇ ਦਾ ਮੁੰਡਾ ‘ਪੱਪੂ’ ਇਨਾਂ ਸਾਰੇ ਭੈਣ-ਭਾਰਾਵਾਂ ’ਚੋਂ ਛੋਟਾ ਸੀ। ਇੱਕ ਦਿਨ ਅਮਲੋਹ ਵਿਖੇ ਘਰ ਵਾਪਸ ਆਉਂਦਿਆਂ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ। ਅਮਲੋਹ ਹਸਪਤਾਲ ਤੋਂ ਪੀ.ਜੀ.ਆਈ. ਤੇ ਉਥੋਂ ਫੋਰਟਿਜ਼ ਮੁਹਾਲੀ ਲੈ ਆਏ। ਸਿਰ ਦੀ ਸੱਟ ਕਾਰਨ ਪੂਰੇ 22 ਦਿਨ ਕੋਮਾ ’ਚ ਰਿਹਾ, ਕਿੰਨੀਆਂ ਹੀ ਸਰਜਰੀਆਂ ਹੋਈਆਂ ਤੇ ਸਾਰਿਆਂ ਦੀਆਂ ਦੁਆਵਾਂ ਨਾਲ ਦੋ ਕੁ ਮਹੀਨਿਆਂ ਬਾਅਦ ਠੀਕ ਹੋ ਕੇ ਘਰ ਆ ਗਿਆ। ਸਮਾਂ ਲੰਘਣ ’ਤੇ ਵਿਆਹ ਕਰ ਦਿੱਤਾ, ਉਪਰੰਤ ਇੱਕ ਮੁੰਡੇ ਦਾ ਜਨਮ ਹੋਇਆ। ਫੇਰ ਅਚਾਨਕ 4-5 ਸਾਲਾਂ ਬਾਆਦ 30 ਕੁ ਸਾਲ ਦੀ ਉਮਰ ’ਚ ਸਿਰ ’ਚ ਕਲਾਟ ਆ ਗਏ। ਦੁਬਾਰਾ ਫੇਰ ਉਸੇ ਉਮੀਦ ਨਾਲ ਫੋਰਟਿਜ਼ ਲੈ ਗਏ ਪਰ ਇਸ ਵਾਰੀ ਉਥੋਂ ਦੇ ਤਮਾਮ ਡਾਕਟਰ ਪੱਪੂ ਦੇ ਸਾਹਾਂ ’ਚ ਵਾਧਾ ਨਾ ਕਰ ਸਕੇ। 
ਇਸੇ ਤਰਾਂ ਮੇਰੀ ਪਤਨੀ ਦੀ ਭੂਆ ਦੇ ਮੁੰਡੇ ‘ਬਿੰਦੇ’  ਦਾ ਟਰਾਂਸਪੋਰਟ ਦਾ ਕਾਰੋਬਾਰ ਸੀ। ਲੰਮਿਆਂ ਰੂਟਾਂ ’ਤੇੇ ਚੱਲਣ ਵਾਲੇ ਬਿੰਦੇ ਦੇ ਹਿੱਸੇ ਜ਼ਿੰਦਗੀ ਦੀਆਂ ਸਿਰਫ 45-46 ਬਹਾਰਾਂ ਹੀ ਆਈਆਂ। ਚੰਗੇ ਭਲੇ ਨੂੰ ਲੱਗੀ ਬਿਮਾਰੀ ਦੀ ਸਮਝ ਹੀ ਨਹੀਂ ਪਈ ਪਰ ਉਸ ਦੇ ਘਰਦਿਆਂ ਨੇ ਇਲਾਜ਼ ’ਚ ਪੈਸਾ ਪਾਣੀ ਵਾਂਗ ਵਹਾ ਦਿੱਤਾ। ਉਸ ਦਾ ਛੋਟਾ ਭਰਾ ਦੋ ਕੁ ਸਾਲ ਪਹਿਲਾਂ ਹੀ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ ਅਤੇ ਉਸ ਦੀ ਧੀ ਹਰਮਨ ਵੀ ਪਿਛਲੇ ਸਾਲ ਹੀ 10+2 ਕਰਕੇ ਅਗਲੀ ਪੜਾਈ ਕੈਨੇਡਾ ਵਿਖੇ ਕਰ ਰਹੀ ਹੈ। ਮਾਂ-ਬਾਪ, ਪਤਨੀ ਤੇ ਇੱਕ ਪੁੱਤ ਇਧਰ ਘਰੇ ਸਨ। ਬਿਮਾਰੀ ਨਾਲ ਲੜਨ ਦੀ ਸ਼ਕਤੀ ਜਾਂ ‘ਵਿੱਲਪਾਵਰ’ ਉਹਦੇ ਜਿੰਨੀ ਸ਼ਾਇਦ ਕਿਸੇ ’ਚ ਨਹੀਂ ਹੋਣੀ। ਕਹਿੰਦਾ ਸੀ ਮੰੈਂ ਜਲਦੀ ਹੀ ਠੀਕ ਹੋ ਕੇ ਸਾਰਿਆਂ ਨੂੰ ਮਿਲ ਕੇ ਆਵਾਂਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਲੰਘੀ 21 ਜੂਨ ਨੂੰ, ਫਾਦਰਜ ਡੇਅ ਵਾਲੇ ਦਿਨ ਡੀ.ਐਮ.ਸੀ. ’ਚ ਉਸ ਨੇ ਆਖਰੀ ਸਾਹ ਲਿਆ। ਕਰੋਨਾ ਦੇ ਚੱਲਦਿਆਂ ਲਾਕਡਾਊਨ ਕਾਰਨ ਸਮੇਂ ਦੀ ਵਿਡੰਮਣਾ ਦੋਖੋ ਕਿ ਉਸ ਦੇ ਅਖੀਰੀ ਦਰਸ਼ਨਾਂ ਨੂੰ ਨਾ ਉਸ ਦਾ ਭਰਾ ਤੇ ਨਾ ਹੀ ਉਸ ਦੀ ਧੀ ਪਹੁੰਚ ਸਕੀ। ਬੱਸ, ਵੀਡੀਓ ਕਾਲ ’ਤੇ ਉਨਾਂ ਦੀ ਹਾਲਤ ਝੱਲੀ ਨਹੀਂ ਸੀ ਜਾ ਰਹੀ। 
ਪਿਛਲੇ ਦਿਨੀ ਸਾਡਾ ਇੱਕ ਹੋਰ ਬਿਦਰੀ ਦੋਸਤ ‘ਚੰਨੀ’ ਕਰੋਨੀ ਮਹਾਮਾਰੀ ਦੀ ਭੇਟ ਚੜ ਗਿਆ। ਸਾਡੀ ਸੰਸਥਾ ਦੀ ਹਰ ਮਹੀਨੇ ਹੁੰਦੀ ਮੀਟਿੰਗ ’ਚ ਪਿਛਲੇ ਮਹੀਨੇ ਹੀ ਉਸ ਨਾਲ ਮੁਲਾਕਾਤ ਹੋਈ ਸੀ, ਜਦੋਂ ਉਹ ਇੱਕਦਮ ਤੰਦਰੁਸਤ ਸੀ। ਓਦੋਂ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਸਾਡੀ ਉਸ ਨਾਲ ਇਹ ਮੁਲਾਕਾਤ ਅਖੀਰੀ ਹੋ ਨਿੱਬੜੇਗੀ ਪਰ ਹੋਣੀ ਨੂੰ ਕੌਣ ਟਾਲ ਸਕਿਆ ਹੈ। ਕਿਸੇ ਸ਼ਾਇਰ ਨੇ ਦੋਸਤੀ ਬਾਬਤ ਕਿੰਨਾ ਖੂਬਸੂਰਤ ਲਿਖਿਐ ਹੈ ਕਿ- 
‘ਕਿਸ ਹੱਦ ਤੱਕ ਜਾਣਾ ਹੈ ਯੇਹ ਕੌਣ ਜਾਣਤਾ ਹੈ, ਕਿਸ ਮੰਜਿਲ ਕੋ ਪਾਣਾ ਹੈ ਯੇਹ ਕੌਣ ਜਾਣਤਾ ਹੈ, ਦੋਸਤੀ ਕੇ ਦੋ ਪਲ ਜੀਅ ਭਰ ਕੇ ਜੀਲੋ, ਕਿਸ ਪਲ ਵਿਛੜ ਜਾਣਾ ਹੈ, ਯੇਹ ਕੌਣ ਜਾਣਤਾ ਹੈ।
 
ਅਮਰਬੀਰ ਸਿੰਘ ਚੀਮਾ   
ਸਰਹਿੰਦ, ਫ਼ਤਿਹਗੜ ਸਾਹਿਬ 
ਮੋਬਾਈਲ ਨੰ: 9888940211