ਰਜਿ: ਨੰ: PB/JL-124/2018-20
RNI Regd No. 23/1979

ਸ਼ੌਂਕ ਜਹਾਜੇ ਚੜ੍ਹਨ ਦਾ...

BY admin / July 19, 2021
ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣੇ ਕੁਝ ਕੇਸ ਜਿਸ ਚ ਕੁੜੀ ਵਲੋਂ ਵਿਦੇਸ਼ ਜਾਣ ਦੇ ਨਾਂ ਤੇ ਮੁੰਡੇ ਨਾਲ ਮਾਰੀ ਠੱਗੀ ਦਾ ਜਿਕਰ ਮਿਲਦਾ ਹੈ! ਇਕ ਲੜਕੇ ਦੀ ਇਸ ਸਭ ਸਟਰੈਸ ਦੌਰਾਨ ਆਤਮ ਹਤਿਆ ਤੱਕ ਕਰ ਲਈ! ਸੋਸ਼ਲ ਮੀਡੀਆ ਤੇ ਅਜਿਹੀਆਂ ਹੋਰ ਵੀ ਬਹੁਤ ਘਟਨਾਵਾਂ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ! ਕੁੜੀਆਂ ਦੀਆਂ ਤਸਵੀਰਾ ਪਾ ਕੇ ਓਹਨਾ ਨੂੰ ਲਾਹਨਤਾਂ ਪਾਈਆਂ ਗਈਆਂ ਤੇ ਓਹਨਾ ਨੂੰ ਕੈਨੇਡਾ ਤੋਂ ਵਾਪਸ ਮੋੜਨ ਦੀਆਂ ਮੰਗਾ ਵੀ ਜ਼ੋਰ ਫੜਨ ਲੱਗੀਆਂ! ਪਰ ਇਸ ਸਭ ਲਈ ਕਿ ਸਿਰਫ ਕੁੜੀਆਂ ਹੀ ਜਿੰਮੇਵਾਰ ਨੇ? ਕਿ ਓਹਨਾ ਨੂੰ ਵਾਪਸ ਭੇਜਣ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ ਫੇਰ ਅਜਿਹੇ ਮਾਮਲੇ ਦੁਬਾਰਾ ਨਾਂ ਹੋਣਗੇ ਇਸ ਗੱਲ ਦੀ ਵੀ ਕਿਹੜਾ ਗਰੰਟੀ ਹੈ!
ਪੰਦਰਾਂ ਵੀਹ ਸਾਲ ਪਹਿਲਾਂ ਹਾਲਾਤ ਅਲੱਗ ਸੀ ਓਦੋਂ ਮੁੰਡੇ ਵਿਆਹ ਕਰਵਾ ਕੇ ਇਕ ਦੋ ਮਹੀਨੇ ਰਹਿ ਕੇ ਚਲੇ ਜਾਂਦੇ ਤੇ ਮੁੜ ਵਿਆਹੀਆਂ ਕੁੜੀਆਂ ਦੀ ਸਾਰ ਨਾਂ ਲੈਂਦੇ ਉਹ ਵਿਚਾਰੀਆਂ ਇਥੇ ਹੀ ਬੁੱਢੀਆਂ ਹੋ ਜਾਂਦੀਆਂ ! ਸਮੇਂ ਦੇ ਨਾਲ ਸਮੱਸਿਆ ਨੇ ਸਿਰਫ ਆਪਣਾ ਰੂਪ ਬਦਲ ਲਿਆ ਜਦਕਿ ਇਸਦਾ ਕੋਈ ਹੱਲ ਨਹੀਂ ਹੋ ਸਕਿਆ! ਸਾਡੇ ਦੇਸ਼ ਵਿਚ ਸਭ ਕੁਝ ਰੱਬ ਆਸਰੇ ਹੀ ਚਲਦਾ ਹੈ  ਇਥੇ ਇਕ ਵਾਰ ਗੱਪ ਮਾਰ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਸੱਤਾ ਲੈਣਾ ਹੀ ਹਰ ਪਾਰਟੀ ਦਾ ਮਕਸਦ ਹੈ  ਭਾਰਤੀ ਲੋਕਾਂ ਦੀ ਮਾਸੂਮੀਅਤ ਕਿ ਉਹ ਹਰ ਵਾਰ ਗੱਲਾਂ ਚ ਆ ਕੇ ਵੋਟਾਂ ਪਾ ਦਿੰਦੇ ਨੇ ਫੇਰ ਪੰਜ ਸਾਲ ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ ਰਹਿੰਦੇ ਨੇ  ਸਾਰੇ ਟੈਕਸ ਅਦਾ ਕਰਕੇ ਵੀ ਸਾਨੂੰ ਨਾਂ ਕੋਈ ਸਿਖਿਆ ਦੀ ਗਰੰਟੀ ਨਾਂ ਰੁਜਗਾਰ ਦੀ ਗਰੰਟੀ ਨਾਂ ਕੋਈ ਸਿਹਤ ਸਹੂਲਤਾਂ, ਆਖਿਰ ਕਿਉਂ 
ਸਰਕਾਰਾਂ ਲਈ ਪੜ੍ਹੇ ਲਿਖੇ ਜਾਗਰੂਕ ਲੋਕ ਖ਼ਤਰਾ ਹੁੰਦੇ ਹਨ  ਸਰਕਾਰ ਨੂੰ ਅੰਨੇ ਭਗਤਾਂ ਦੀ ਜਰੂਰਤ ਹੁੰਦੀ ਹੈ ਜਿਹੜੇ ਰੋਟੀ ਹੀ ਮੰਗਣ ਚ ਉਲਝੇ ਰਹਿਣ ਰੋਟੀ ਦਾ ਵਸੀਲਾ ਮੰਗਣ ਬਾਰੇ ਕਦੇ ਸੋਚਣ ਦੀ ਵੀ ਗ਼ਲਤੀ ਨਾਂ ਕਰਨ  ਪੜ੍ਹ ਲਿਖ ਕੇ ਡਿਗਰੀ ਹੱਥ ਚ ਲੈ ਕੇ ਬੇਰੁਗਾਰੀ ਦਾ ਡਰ ਜਾ ਫੇਰ ਰੁਜਗਾਰ ਦੇ ਨਾਂ ਤੇ ਸਰਕਾਰ ਵਲੋਂ ਮਾਰੀ ਠੱਗੀ ਦਾ ਡਰ ਰਾਤਾਂ ਦੀ ਨੀਂਦ ਉਡਾ ਦਿੰਦਾ ਹੈ ਪਹਿਲਾਂ ਰੁਜਗਾਰ ਨੀਂ ਮਿਲਦਾ ਅਗਰ ਮਿਲਦਾ ਹੈ ਤਾਂ ਤਨਖਾਹ ਨਹੀਂ ਮਿਲਦੀ ਅਗਰ ਮਿਲਦੀ ਹੈ ਤਾਂ ਨੌ ਹਾਜ਼ਰ ਤੇ ਪਰਖ ਕਾਲ ਦੇ ਨਾ ਤੇ ਮੁਢਲੇ ਤਿੰਨ ਸਾਲ ਸੋਸ਼ਣ  ਫੇਰ ਇਸ ਵਧਦੀ ਮਹਿੰਗਾਈ ਚ ਮਹਿੰਗਾਈ ਭੱਤਾ ਹਜਮ ਕਰ ਜਾਣਾ ਪੰਜ ਸਾਲ ਬਾਦ ਵੀ ਤਨਖਾਹ ਕਮਿਸ਼ਮ ਨੂੰ ਕੱਟ ਵੱਢ ਕੇ ਦੇਣਾ ਮਾਨਸਿਕ ਪ੍ਰੇਸ਼ਾਨੀ ਦੇਣਾ ਹੀ ਹੈ ਇਸ ਲਈ ਲੋਕ ਪੜ੍ਹ ਕੇ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਜਾਣਾ ਪਸੰਦ ਕਰਦੇ ਹਨ 
ਜਿਹੜੇ ਬੱਚੇ ਚੰਗੀ ਸਿਖਿਆ ਹਾਸਿਲ ਕਰਕੇ ਵਿਦੇਸ਼ ਜਾਂਦੇ ਹਨ ਜਿੰਨਾ ਕੋਲ ਡਿਗਰੀਆਂ ਡਿਪਲੋਮੇ ਹੁੰਦੇ ਹਨ ਉਹ ਆਰਾਮ ਨਾਲ ਜਾ ਕੇ ਵਿਦੇਸ਼ ਸੈੱਟ ਹੋ ਜਾਂਦੇ ਹਨ ਉਹਨਾਂ ਲਈ ਕੋਈ ਬਹੁਤੀ ਸਮੱਸਿਆ ਨਹੀਂ ਕਿਉਕਿ ਯੂਰਪੀਨ ਲੋਕ ਆਪ ਮੰਨਦੇ ਹਨ ਕਿ ਭਾਰਤੀ ਲੋਕ ਬਹੁਤ ਮਿਹਨਤੀ ਹਨ  ਅਮਰੀਕਾ ਚ ਪੰਜਾਹ ਫੀਸਦੀ ਤੋਂ ਵੱਧ ਡਾਕਟਰ ਤੇ ਇੰਜੀਨੀਅਰ ਭਾਰਤੀ ਹਨ  ਪਰ ਸਮੱਸਿਆ ਉਹਨਾਂ ਬੱਚਿਆਂ ਲਈ ਹੈ ਜਿਹੜੇ ਪੜ੍ਹਨਾ ਨਹੀਂ ਚਾਹੁੰਦੇ ਬਲਕਿ ਕਿਸੇ ਸੋਖੇ ਤਰੀਕੇ ਨਾਲ ਵਿਦੇਸ਼ ਸੈੱਟ ਹੋਣਾ ਚਾਹੁੰਦੇ ਹਨ 
ਅਗਰ ਵਿਦੇਸ਼ ਹੀ ਜਾਣਾ ਹੈ ਤਾਂ ਜੀਅ ਸਦਕੇ ਜਾਓ ਪਰ ਸਹੀ ਤਰੀਕੇ ਨਾਲ ਮਿਹਨਤ ਕਰਕੇ ਜਾਓ  ਹੁਣ ਕੁੜੀਆਂ ਨੂੰ ਦੋਸ਼ ਦੇ ਰਹੇ ਨੇ ਗ਼ਲਤੀ ਤਾਂ ਮੁੰਡੇ ਦੀ ਅਤੇ ਉਸਦੇ ਪਰਿਵਾਰ ਦੀ ਵੀ ਹੁੰਦੀ ਹੈ  ਉਹ ਮਾਪੇ ਹੀ ਬੇਗਾਨੀ ਕੁੜੀ ਤੇ ਪੈਸੇ ਲਗਾਉਂਦੇ ਹਨ ਜਿਨ੍ਹਾਂ ਦੇ ਆਪਣੇ ਬੱਚੇ ਮਹਾਂ ਨਾਲਾਇਕ ਹੁੰਦੇ ਨੇ ਉਹ ਨਾਂ ਪੜ੍ਹ ਸਕਦੇ ਨੇ ਨਾਂ ਕੋਈ ਨੌਕਰੀ ਕਰ ਸਕਦੇ ਨੇ ਇਥੋਂ ਤੱਕ ਕਿ ਉਹ  ਦਾ ਪੇਪਰ ਤੱਕ ਨੀਂ ਪਾਸ ਕਰ ਸਕਦੇ  ਚਾਲੀ ਲੱਖ ਬੇਗਾਨੀ ਕੁੜੀ ਤੇ ਖਰਚਣ ਨਾਲੋਂ ਤਾਂ ਇੰਨੇ ਪੈਸਿਆਂ ਚ ਆਪਣੇ ਲੜਕੇ ਨੂੰ ਹੀ ਕੋਈ ਕੰਮਕਾਰ ਕਰਵਾ ਦਿਓ ਪਰ ਨਹੀਂ ਜਹਾਜੇ ਚੜ੍ਹਨ ਦਾ ਸ਼ੌਂਕ ਇਸ ਕਦਰ ਲੋਕਾਂ ਤੇ ਹਾਵੀ ਹੈ ਕਿ ਹੋਰ ਕੁਝ ਦਿਸਦਾ ਹੀ ਨਹੀਂ  ਓਦੋ ਕਿਸੇ ਦੀ ਸਲਾਹ ਵੀ ਨਹੀਂ ਲੈਂਦੇ ਇਥੋਂ ਤੱਕ ਕਿ ਰਿਸ਼ਤੇਦਾਰਾਂ ਤੱਕ ਨੂੰ ਨਹੀਂ ਦੱਸਦੇ ਵੀ ਕੋਈ ਮਤੇ ਭਾਨੀ ਹੀ ਨਾਂ ਮਾਰ ਦੇਵੇ  ਹੁਣ ਭੁਗਤਦੇ ਰਹੋ ਆਪਣੀ ਗ਼ਲਤੀ ਦਾ ਨਤੀਜਾ 
ਇਸ ਚ ਕੋਈ ਸ਼ੱਕ ਨਹੀਂ ਕਿ ਕੁੜੀਆਂ ਮੁੰਡਿਆਂ ਨਾਲੋਂ ਪੜ੍ਹਨ ਚ ਹੁਸ਼ਿਆਰ ਹੁੰਦੀਆਂ ਨੇ ਉਹ ਪੜ ਜਾਂਦੀਆਂ ਏ ਤੇ ਬੈੰਡ ਵੀ ਲੈ ਜਾਂਦੀਆਂ ਨੇ ਪਰ ਕਈ ਵਾਰ ਘਰ ਦੇ ਹਾਲਤ ਓਹਨਾ ਦੇ ਸੁਪਨੇ ਚ ਰੁਕਾਵਟ ਬਣਦੇ ਹਨ  ਬਾਰ੍ਹਵੀਂ ਦੇ ਬੱਚੇ ਸਾਡੇ ਕੋਲ ਪੜ੍ਹਦੇ ਨੇ ਕਿੰਨੇ ਕੁ ਸਮਝਦਾਰ ਹੁੰਦੇ ਨੇ ਇਹਨਾਂ ਬੱਚਿਆਂ ਨੂੰ ਵਿਆਹ ਸ਼ਬਦ ਦੇ ਸਹੀ ਅਰਥ ਤੱਕ ਨਹੀਂ ਪਤਾ ਹੁੰਦਾ  ਇਹ ਵਿਆਹ ਸਿਰਫ ਮਾਪਿਆਂ ਵਲੋਂ ਕੀਤਾ ਇਕ ਵਾਪਰਕ ਸੌਦਾ ਹੁੰਦਾ ਹੈ  ਬੱਚੇ ਓਦੋ ਸੁਪਨੇ ਪੂਰੇ ਕਰਨ ਦੇ ਚੱਕਰ ਚ ਇਕ ਵਾਰ ਹਰ ਗੱਲ ਲਈ ਮੰਨ ਜਾਂਦੇ ਹਨ  ਪਰ ਸਮਾਂ ਪੈ ਕੇ ਜਦੋਂ ਅਕਲ ਆਉਂਦੀ ਹੈ ਓਦੋ ਪਤਾ ਲੱਗਦਾ ਹੈ ਕਿ ਇਹ ਵਾਪਰਕ ਡੀਲ ਸਾਰੀ ਜਿੰਦਗੀ ਜੋਕ ਵਾਗ ਓਹਨਾ ਦਾ ਖੂਨ ਚੁਸਦੀ ਰਹੇਗੀ  ਉਥੋਂ ਦੀ ਅਜਾਦ ਜਿੰਦਗੀ ਇਨਸਾਨ ਨੂੰ ਬਹੁਤ ਬਦਲ ਦਿੰਦੀ ਹੈ ਓਥੇ ਕਿਸੇ ਤੇ ਕੋਈ ਦਬਾਅ ਨਹੀਂ ਹੁੰਦੀ ਸਭ ਨੂੰ ਆਪਣੀ ਜਿੰਦਗੀ ਦੇ ਫੈਸਲੇ ਲੈਣ ਦੀ ਅਜਾਦੀ ਹੈ 
ਇਹ ਇਕ ਅਜਿਹਾ ਸੌਦਾ ਹੈ ਜਿਸ ਚ ਹਰ ਕੋਈ ਆਪਣਾ ਫਾਇਦਾ ਦੇਖਦਾ ਹੈ ਕੁੜੀ ਆਪ ਵਿਚਾਰੀ ਮੋਹਰੇ ਵਾਂਙ ਵਰਤੀ ਜਾਂਦੀ ਹੈ ਬੱਸ ਅਗਲਾ ਵੀਹ ਲੱਖ ਲਗਾਉਣ ਲਈ ਤਿਆਰ ਤਾਂ ਰਿਸ਼ਤਾ ਤਹਿ ਨਾਂ ਕੋਈ ਰੰਗ ਰੂਪ ਦਾ ਸੁਮੇਲ ਨਾਂ ਕੋਈ ਸਿਖਿਆ ਦਾ ਸੁਮੇਲ  ਬੱਸ ਇਕ ਵਾਧੇ ਦਾ ਸੌਦਾ  ਕੁੜੀ ਵਾਲਿਆਂ ਦਾ ਇਹ ਫਾਇਦਾ ਇਕ ਤਾਂ ਪੱਚੀ ਹਜ਼ਾਰ ਰੁਪਏ ਚ ਵਿਆਹ ਦੀ ਫਿਕਰ ਖ਼ਤਮ ਦੂਜਾ ਮਾਨਮਰਜੀ ਦਾ ਰਿਸ਼ਤਾ ਮੁਫ਼ਤ ਚ ਤੀਜਾ ਕੁੜੀ ਦੇ ਨਾਲਾਇਕ ਭਰਾਵਾਂ ਲਈ ਵਿਦੇਸ਼ ਦਾ ਰਾਹ ਖੁੱਲਦਾ ਨਜਰ ਆਉਂਦਾ ਹੈ  ਦੂਜੇ ਪਾਸੇ ਪੈਸੇ ਹੋਣ ਦੇ ਵਾਬਜੂਦ ਵੀ ਮੁੰਡਾ ਕੋਈ ਕੰਮ ਨਹੀਂ ਕਰ ਰਿਹਾ ਨਾਲਾਇਕ ਹੋਣ ਕਰਕੇ ਨਾਂ ਕੋਈ ਨੌਕਰੀ ਹਾਸਿਲ ਕਰ ਸਕਦਾ ਹੈ ਤਾਂ ਓਹਨਾ ਲਈ ਵੀ ਆਹ ਸੌਦਾ ਬੁਰਾ ਨਹੀਂ ਕੁੜੀ ਦਾ ਹੱਥ ਫੜ੍ਹ ਮੁੰਡਾ ਕੈਨੇਡਾ ਪੁੱਜ ਜਾਵੇਗਾ 
ਇਸ ਸੌਦੇ ਚ ਵਿਚੋਲੇ ਤੱਕ ਵਿਦੇਸ਼ ਜਾਣ ਦੇ ਸੁਫ਼ਨੇ ਦੇਖ ਰਹੇ ਹੁੰਦੇ ਹਨ ਤੇ ਕਹਾਣੀ ਖਰਾਬ ਹੋਣ ਤੇ ਸਾਰਾ ਦੋਸ਼ ਕੁੜੀ ਦਾ  ਇਸ ਸਾਰੇ ਘਟਨਾਕਰਮ ਚ ਦੱਸੋ ਸਹੀ ਕੌਣ ਹੈ? ਕੁੜੀ ਦੇ ਮਾਤਾ ਪਿਤਾ ਮੁੰਡਾ ਜਾ ਮੁੰਡੇ ਦੇ ਮਾਤਾ ਪਿਤਾ  ਕੋਈ ਵੀ ਸਹੀ ਨਹੀਂ ਇਹ ਰਿਸ਼ਤੇ ਲਾਲਚ ਦੀ ਬੁਨੀਅਦ ਤੇ ਟਿਕੇ ਹੁੰਦੇ ਨੇ ਫੇਰ ਲਾਲਚ ਦਾ ਅੰਤ ਚੰਗਾ ਕਿਵੇਂ ਹੋ ਸਕਦਾ ਸੋਚਣ ਵਾਲੀ ਗੱਲ ਹੈ  ਇਕ ਮੁੰਡਾ ਮਰ ਜਾਣ ਨਾਲ ਜਾ ਇਕ ਦੋ ਕੁੜੀਆਂ ਵਾਪਸ ਆਉਣ ਨਾਲ ਇਸ ਕਹਾਣੀ ਦਾ ਅੰਤ ਨਹੀਂ ਹੋਣ ਵਾਲਾ  ਇਕ ਵੱਡ ਅਕਾਰੀ ਦੇਂਤ ਸਾਡੇ ਬੱਚੇ ਨਿਗਲਣ ਲਈ ਕਾਹਲਾ ਹੈ  ਸਾਨੂੰ ਆਪਣੇ ਬੱਚੇ ਆਪ ਬਚਾਉਣੇ ਪੈਣਗੇ  ਆਪਣੇ ਬੱਚਿਆਂ ਦੀਆਂ ਰੁਚੀਆਂ ਦੇਖੋ ਉਹਨਾਂ ਦੇ ਕੈਰੀਅਰ ਵੱਲ ਧਿਆਨ ਦਿਓ ਚੰਗੀ ਸਿਖਿਆ ਦਿਓ  ਆਹ ਕੁੜੀ ਤੇ ਪੈਸੇ ਲਗਾ ਕੇ ਬਾਹਰ ਜਾਣ ਸੁਫ਼ਨੇ ਅਗਰ ਦੇਖਣੇ ਬੰਦ ਨਾਂ ਕੀਤੇ ਤਾਂ ਆਹੀ ਕੁਝ ਹੋਣਾ  ਅਜੇ ਵੀ ਵਕਤ ਹੈ ਸੰਭਲ ਜਾਓ 
ਸਰਕਾਰਾਂ ਚੁਣਦੇ ਵਕਤ ਪੁਲਾਂ ਸੜਕਾਂ ਤੇ ਗਲੀਆਂ ਪੱਕੀਆਂ ਜਾ ਆਟਾ ਦਾਲ ਨਾਂ ਮੰਗੋ  ਇਹ ਭੀਖ ਹੈ ਜੋ ਨੇਤਾ ਤੁਹਾਨੂੰ ਹੱਸਦੇ ਹੱਸਦੇ ਦੇ ਦੇਣਗੇ  ਆਪਣੇ ਹਕ ਮੰਗੋ ਆਪਣੇ ਬੱਚਿਆਂ ਲਈ ਰੁਜਗਾਰ ਮੰਗੋ  ਜਿੰਨੇ ਪੈਸੇ ਪੰਜਾਬ ਦੇ ਹਰ ਮਹੀਨੇ ਬਾਹਰਲੇ ਦੇਸ਼ਾਂ ਦੀਆਂ ਫੀਸਾਂ ਦੇ ਰੂਪ ਚ ਜਾ ਰਹੇ ਇੰਨੇ ਪੈਸੇ ਤਾਂ ਪੰਜਾਬ ਦੀ ਕਿਸਮਤ ਬਦਲ ਦੇਣਗੇ  ਅਗਰ ਅਸੀਂ ਸਾਰਥਕ ਕਦਮ ਨਾਂ ਚੁੱਕੇ ਤਾਂ ਆਉਣ ਵਾਲੇ ਸਮੇ ਚ ਪੰਜਾਬ ਸਿਰਫ ਬੁੱਢੇ ਲੋਕਾਂ ਦਾ ਸੁਬਾ ਬਣ ਕੇ ਰਹਿ ਜਾਵੇਗਾ ਤੇ ਜਵਾਨੀ ਵਿਦੇਸ਼ ਦੇ ਝਾਂਸੇ ਚ ਮਰਦੀ ਰਹੇਗੀ।
 
ਚੰਨੀ ਚਹਿਲ
ਸੰਪਰਕ - 9417361546
ਪੰਜਾਬੀ ਅਧਿਆਪਕ
ਸਰਕਾਰ ਹਾਈ ਸਕੂਲ
ਮਿਰਜ਼ਾਪੁਰ ਪਟਿਆਲਾ