ਰਜਿ: ਨੰ: PB/JL-124/2018-20
RNI Regd No. 23/1979

ਨਵਜੋਤ ਸਿੱਧੂ ਦੀ ਪਛਾਣ ਵਿੱਚ ਆਏ ਬਦਲਾਅ ਦੇ ਕੀ ਅਰਥ ਹਨ?

BY admin / July 19, 2021
ਰਾਤੋ ਰਾਤ ਨਵਜੋਤ ਸਿੰਘ ਸਿੱਧੂ ਦੀ ਪਛਾਣ ਵਿੱਚ ਆਇਆ ਬਦਲਾਅ ਜਿੱਥੇ ਉਹਨਾਂ ਦੀ ਕਰਿਸ਼ਮਾਈ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ ਉੱਥੇ ਪੰਜਾਬ ਦੀ ਰਾਜਨੀਤੀ ਨੂੰ ਨਵੇਂ ਆਯਾਮ ਦੇਣ ਵੱਲ ਇਸ਼ਾਰਾ ਵੀ ਕਰਦਾ ਹੈ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲੈਣ ਲਈ ਸਿੱਧੂ ਦੀ ਲੜਾਈ ਦੌਰਾਨ ਕਾਂਗਰਸੀ ਲੀਡਰਾਂ ਅਤੇ ਮੰਤਰੀਆਂ ਦੀਆਂ ਵਫ਼ਾਦਾਰੀਆਂ ਨੇ ਜਿਸ ਤਰ੍ਹਾਂ ਰੰਗ ਬਦਲੇ ਉਹ ਕੋਈ ਨਵੀਂ ਗੱਲ ਨਹੀਂ। ਲੋਕ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਹਨ ਪਰ ਇਥੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਲਾਮ ਕਰਨ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ ਸਨ। ਇਸ ਲੜਾਈ ਵਿੱਚ ਬੇਸ਼ਕ ਸਿੱਧੂ ਨੂੰ ਕਾਮਯਾਬੀ ਮਿਲੀ ਪਰ ਇਸਦਾ ਹਰਗਿਜ਼ ਇਹ ਮਤਲਬ ਨਹੀਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਫ਼ਾ-ਏ-ਆਖ਼ਿਰ ਦੀ ਇਬਾਰਤ ਬਣ ਗਏ। ਬੇਸ਼ਕ ਕੈਪਟਨ ਸਿੰਘ ਨੇ ਸਿੱਧੂ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਫਿਰ ਵੀ ਸੂਬੇ ਦੇ ਹਾਕਮ ਦਾ ਸਹਿਯੋਗ ਸਿੱਧੂ ਦਾ ਅਗਲਾ ਸਫ਼ਰ ਜ਼ਰੂਰ ਆਸਾਨ ਕਰੇਗਾ। ਲੋਕਾਂ ਵਿੱਚ ਜੇ ਇਹ ਸੰਦੇਸ਼ ਜਾਵੇਗਾ ਕਿ ਪੰਜਾਬ ਵਿੱਚ ‘‘ਦੋ ਪਾਵਰ ਸੈਂਟਰ’’ ਬਣ ਗਏ ਹਨ ਤਾਂ ਇਸ ਨਾਲ ਲੋਕਾਂ ਦੀਆਂ ਆਸਾਂ ਨੂੰ ‘‘ਬੂਰ’’ ਪੈਣ ਬਾਰੇ ਨਹੀਂ ਸੋਚਿਆ ਜਾ ਸਕਦਾ। ਦੋਵੇਂ ਰੁਤਬੇ ਤਦ ਤੱਕ ਨਾਮੁਕੰਮਲ ਹਨ ਜਦ ਤੱਕ ਇਹਨਾਂ ਵਿੱਚ ਇਕਸੁਰਤਾ ਪੈਦਾ ਨਹੀਂ ਹੁੰਦੀ। ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੋਵੇਂ ਇਕ ਦੂਜੇ ਦੇ ਪੂਰਕ ਹੁੰਦੇ ਹਨ। ਦੋਨਾਂ ਦੀ ‘‘ਜੁਗਲਬੰਦੀ’’ ਨਾ ਕੇਵਲ ਸੂਬੇ ਦੀ ਖ਼ੁਸ਼ਹਾਲੀ ਲਈ ਰਾਹ ਪੱਧਰਾ ਕਰੇਗੀ ਬਲਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦੀ ਦੁਬਾਰਾ ਜਿੱਤ ਦੀਆਂ ਸੰਭਾਵਨਾਵਾਂ ਨੂੰ ਵੀ ਬਲ ਪ੍ਰਦਾਨ ਕਰੇਗੀ। ਅਜਿਹੀਆਂ ਰਿਪੋਰਟਾਂ ਹਨ ਕਿ ਕੈਪਟਨ ਸਿੰਘ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੀ ਮੁਬਾਰਕਬਾਦ ਨਹੀਂ ਦਿੱਤੀ। ਜੇਕਰ ਇਹ ਸੱਚ ਹੈ ਤਾਂ ਇਹ ਕੈਪਟਨ ਸਿੰਘ ਦਾ ਕਮਜ਼ੋਰ ਪਹਿਲੂ ਹੈ। ਮੁੱਖ ਮੰਤਰੀ ਦੀ ਸੋਚ ਏਨੀ ਉਦਾਰ ਹੋਣੀ ਚਾਹੀਦੀ ਹੈ ਕਿ ਉਸ ਵਿੱਚ ਬੇਗਾਨਿਆਂ ਤੱਕ ਦੀ ਰਸਾਈ ਹੋਵੇ। ਸਿੱਧੂ ਤਾਂ ਫਿਰ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਹਨ। ਮੁਬਾਰਕਬਾਦ ਸ਼ਬਦ ਆਪਣੇ  ਆਪ ਵਿੱਚ ਏਨਾਂ ਮਹਾਨ ਹੈ ਕਿ ਇਹ ਸਦੀਆਂ ਪੁਰਾਣੀ ਦੁਸ਼ਮਣੀ ਦੀ ਦੀਵਾਰ ਢਾਅ ਦਿੰਦਾ ਹੈ। ਜੇ ਕੈਪਟਨ ਸਿੰਘ ਨੇ ਵਧਾਈ ਨਹੀਂ ਦਿੱਤੀ ਤਾਂ ਸਿੱਧੂ ਆਪ ਜਾ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਸਕਦੇ ਹਨ। ਉਂਝ ਵੀ ਉਹ ਕੈਪਟਨ ਸਿੰਘ ਨੂੰ ਆਪਣੇ ਪਿਤਾ ਦੇ ਬਰਾਬਰ ਮੰਨਦੇ ਹਨ। ਪੰਜਾਬ ਕਾਂਗਰਸ ਦੀ ਲੜਾਈ ਨੂੰ ਪਾਰਟੀ ਦੀ ਅੰਤਿ੍ਰਮ ਪ੍ਰਧਾਨ ਸੋਨੀਆ ਗਾਂਧੀ ਨੇ ਬੇਸ਼ਕ ਦੇਰ ਨਾਲ ਸਹੀ, ਖੁੂਬਸੂਰਤ ਮੋੜ ਦੇਕੇ ਪੰਜਾਬ ਵਾਸੀਆਂ ਨੂੰ ਇਕ ਸ਼ੁਭ ਸੁਨੇਹਾ ਦਿੱਤਾ ਹੈ। ਸਿੱਧੂ ਦੇ ਨਾਲ ਚਾਰ   ਕਾਰਜਕਾਰੀ ਪ੍ਰਧਾਨ ਬਣਾਕੇ ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦੇਣਾ ਵੀ ਬੇਹੱਦ ਉਸਾਰੂ ਫੈਸਲਾ ਹੈ ਭਾਵੇਂ ਕਿ ਇਹ ਸਿੱਧੂ ਦੀਆਂ ਸ਼ਕਤੀਆਂ ਉਪਰ ਅੰਕੁਸ਼ ਹੈ। ਕੁੱਲ ਮਿਲਾਕੇ ਕਾਂਗਰਸ ਦੇ ਕਲੇਸ਼ ਦਾ ਡਰਾਪਸੀਨ ਇਕ ਨਵੇਂ ਚੈਪਟਰ ਦਾ ਆਗ਼ਾਜ਼ ਹੈ ਜਿਸਦਾ ਸੁਪਨਾ ਹਰ ਪੰਜਾਬੀ ਦੇਖ ਰਿਹਾ ਹੈ। ਕਹਿਣ ਦਾ ਭਾਵ ਹੈ ਕਿ ਪੰਜਾਬ ਵਿੱਚ ਜੋ ਹਰ ਪਾਸੇ ਬੇਚੈਨੀ, ਹੜਤਾਲਾਂ, ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਅਤੇ ਅਸਥਿਰਤਾ ਦਾ ਮਾਹੌਲ ਹੈ ਉਸ ਵਿੱਚ ਹੁਣ ਠਹਿਰਾਅ ਆਉਣਾ ਚਾਹੀਦਾ ਹੈ। ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਇਕ-ਦੂਜੇ ਦੀ ਪਿੱਠ ਲਾਉਣ ਦੀ ਲੜਾਈ ਲੜਨ ਵਾਲੇ ਕਾਂਗਰਸੀ ਹੁਣ ਇਕ ਮੰਚ ਉਪਰ ਇਕੱਠੇ ਹੋਕੇ ਪੰਜਾਬ ਦੀ ਨੁਹਾਰ ਬਦਲਣ ਲਈ ਸਰਗਰਮ ਹੋ ਗਏ ਹਨ। ਟਕਰਾਅ ਆਮ ਘਰਾਂ ਵਿੱਚ ਵੀ ਹੁੰਦਾ ਹੈ ਪਰ ਜਲਦੀ ਹੀ ਇਕ-ਦੂਜੇ ਦੇ ਖ਼ਿਲਾਫ਼ ਉੱਚੇ ਬੋਲਾਂ ਦੀ ਆਵਾਜ਼ ਸ਼ਾਂਤ ਹੋ ਜਾਂਦੀ ਹੈ ਅਤੇ ਮਹਾਂ ਸੰਗਰਾਮ ਵਾਲਾ ਦਿਨ, ਆਰਾਮ ਭਰੀ ਸ਼ਾਮ ਵਿੱਚ ਤਬਦੀਲ ਹੋ ਜਾਂਦਾ ਹੈ। ਕੈਪਟਨ ਸਿੰਘ ਦੀ ਸਰਦਾਰੀ ਬਰਕਰਾਰ ਹੈ ਭਾਵੇਂ ਕਿ ਪਾਰਟੀ ਦਾ ਲੀਡਰ ਬਦਲ ਗਿਆ ਹੈ। ਇਹ ਬਦਲਾਅ ਕੋਈ ਨਵੀਂ ਗੱਲ ਨਹੀਂ। ਹਰ ਪਾਰਟੀ ਵਿੱਚ ਬਦਲਾਅ ਹੁੰਦਾ ਹੈ। ਨਵੇਂ ਚਿਹਰੇ ਆਉਂਦੇ ਹਨ, ਪੁਰਾਣੇ ਚਲੇ ਜਾਂਦੇ ਹਨ। ਪਾਰਟੀ ਦੀ ਬਿਹਤਰੀ ਅਤੇ ਸੂਬੇ ਦੀ ਭਲਾਈ ਲਈ ਜੇ ਕੋਈ ਚਿਹਰਾ ਬਦਲਿਆ ਜਾਂਦਾ ਹੈ ਤਾਂ ਇਸ ਵਿੱਚ ਪਰੇਸ਼ਾਨੀ ਕਿਉਂ?ਜੇਕਰ ਵਕਤ ਬਦਲਦਾ ਹੈ ਤਾਂ ਉਸਦੇ ਨਾਲ ਹਰ ਚੀਜ਼ ਬਦਲਦੀ ਹੈ। ਲੋਕਾਂ ਦੀ ਸੋਚ ਬਦਲਦੀ ਹੈ। ਇਸ ਲਈ ਜੇਕਰ ਹਾਈਕਮਾਂਡ ਪੰਜਾਬ ਵਿੱਚ ਸਿੱਧੂ ਨੂੰ ਅੱਗੇ ਲਿਆਕੇ ਉਹਨਾਂ ਨੂੰ ਸਥਾਪਤ ਕਰਨਾ ਚਾਹੁੰਦੀ ਹੈ ਤਾਂ ਇਹ ਹਾਲਾਤ ਦਾ ਤਕਾਜ਼ਾ ਹੈ। ਇਹੀ ਰਾਜਨੀਤੀ ਹੈ।