ਰਜਿ: ਨੰ: PB/JL-124/2018-20
RNI Regd No. 23/1979

ਹਰ ਰਿਸ਼ਤੇ ਦੀ ਬੁਨਿਆਦ ਹੈ ਵਿਸ਼ਵਾਸ

BY admin / July 20, 2021
ਤੁਸੀਂ ਜਿੰਦਗੀ ਵਿੱਚ ਕਿੰਨੇ ਵੀ ਕਾਮਯਾਬ ਕਿਉਂ ਨਾ ਹੋ ਜਾਵੋ ਜੇਕਰ ਤੁਹਾਡੇ ਆਪਣੇ ਤੁਹਾਡੇ ਨਾਲ ਨਹੀਂ ਤਾਂ ਤੁਸੀ ਸਭ ਕੁਝ ਹੁੰਦਿਆਂ ਹੋਇਆਂ ਵੀ ਖਾਲੀ ਹੋ। ਪਰਿਵਾਰ, ਰਿਸ਼ਤੇ ਨਾਤੇ, ਦੋਸਤ ਜਿੰਦਗੀ ਦੇ ਸਭ ਤੋਂ ਅਹਿਮ ਹਿੱਸੇ ਹਨ। ਨਾਮ, ਪੈਸਾ ਸ਼ੋਹਰਤ ਭਾਵੇਂ ਤੁਹਾਡੇ ਆਲੇ ਦੁਆਲੇ ਲੱਖਾਂ ਲੋਕਾਂ ਦੀ ਭੀੜ ਕਿਉਂ ਨਾ ਜਮਾਂ ਕਰਦੀ ਹੋਵੇ, ਹਜਾਰਾਂ ਲੋਕ ਭਾਵੇਂ ਤੁਹਾਡੇ ਨਾਲ ਗੱਲ ਕਰਨ ਜਾਂ ਫੋਟੋ ਕਰਵਾਉਣ ਨੂੰ ਤਰਸਦੇ ਹੋਣ, ਪਰ ਜੋ ਸਕੂਨ ਆਪਣਿਆਂ ਨਾਲ, ਪਰਿਵਾਰ ਨਾਲ, ਦੋਸਤਾਂ ਨਾਲ ਮਿਲਦਾ ਹੈ, ਉਹ ਹੋਰ ਕਿਧਰੇ ਨਹੀਂ ਮਿਲਦਾ। ਮੈਂ ਕਈ ਵਾਰ ਦੇਖ ਕੇ ਹੈਰਾਨ ਹੁੰਦੀ ਹਾਂ ਕਿ ਪੰਛੀਆਂ ਨੂੰ ਵੀ ਸਮਝ ਹੈ ਕਿ ਉਹਨਾਂ ਲਈ ਪਰਿਵਾਰ ਕਿੰਨਾ ਜਰੂਰੀ ਹੈ, ਤਰਕਾਲਾਂ ਪੈਂਦਿਆਂ ਹੀ, ਪੰਛੀਆਂ ਦੀਆਂ ਡਾਰਾਂ ਆਪਣੇ ਘਰਾਂ ਵੱਲ ਨੂੰ ਕੂਚ ਕਰਦੀਆਂ ਨੇ। ਪਰ ਮਨੁੱਖੀ ਰਿਸ਼ਤੇ ਬਹੁਤ ਨਾਜੁਕ ਹੁੰਦੇ ਹਨ, ਇੱਕ ਵਾਰ ਰਿਸ਼ਤਿਆਂ  ਵਿੱਚ ਦਰਾੜ  ਆ ਜਾਵੇ ਤਾਂ ਭਰਨੀ ਔਖੀ ਹੋ ਜਾਂਦੀ ਹੈ। ਪਰ ਕਦੇ ਸੋਚਿਆ ਕਿ ਇਹਨਾਂ ਤਰੇੜਾਂ ਦੇ ਆਉਣ ਦਾ ਅਸਲ ਕਾਰਣ ਕੀ ਹੁੰਦਾ, ਉਹ ਹੈ ਵਿਸ਼ਵਾਸ ਦਾ ਟੁੱਟਣਾ। ਕੱਲ ਤੱਕ ਇੱਕ ਪਿਤਾ ਤੇ ਭਰਾ ਨੂੰ ਆਪਣੀ ਧੀ ਤੇ ਵਿਸ਼ਵਾਸ ਸੀ ਕਿ ਉਹ ਸਕੂਲ , ਕਾਲਜ ਸਿਰਫ ਪੜ੍ਹਾਈ ਲਈ ਜਾ ਰਹੀ ਹੈ, ਅੱਜ ਕੋਈ ਨਾ ਹਜਮ ਹੋਣ ਵਾਲੀ ਗੱਲ ਪਤਾ ਚੱਲ ਗਈ ਤਾਂ ਉਹਨਾਂ ਦੇ ਰਿਸ਼ਤੇ ਵਿੱਚ ਦਰਾੜ ਆਉਣੀ ਸੁਭਾਵਿਕ ਹੈ, ਕਿਉਂਕਿ ਕਿ ਸੱਟ ਵਿਸ਼ਵਾਸ ਤੇ ਲੱਗੀ ਸੀ। ਕੱਲ ਤੱਕ ਇੱਕ ਪਤਨੀ ਜਾਂ ਪਤੀ ਨੂੰ ਇੱਕ ਦੂਸਰੇ ਤੇ ਭਰੋਸਾ ਸੀ ਕਿ ਉਹ ਇੱਕ ਦੂਸਰੇ ਪ੍ਰਤੀ ਵਫਾਦਾਰ ਹਨ, ਪਰ ਦੋਨਾਂ ਵਿਚੋਂ ਇੱਕ ਨੂੰ ਕੁਝ ਅਣਸੁਖਾਵੀਂ ਗੱਲ ਪਤਾ ਲੱਗਦੀ ਹੈ ਤਾਂ ਰਿਸ਼ਤੇ ਦਾ ਥਿਰਕਣਾ ਸੁਭਾਵਿਕ ਹੈ ਕਿਉਂਕਿ ਰਿਸ਼ਤੇ ਦੀ ਬੁਨਿਆਦ ਵਿਸ਼ਵਾਸ ਡਗਮਗਾ ਗਿਆ , ਇੱਕ ਆਖਰੀ ਉਦਾਹਰਣ ਰੱਖਾਗੀ  ਕਿ ਕੱਲ ਤੱਕ ਇੱਕ ਦਫਤਰ ਦੇ ਮਾਲਕ ਨੂੰ ਆਪਣੇ ਕਰਮਚਾਰੀ ਉੱਪਰ ਪੂਰਾ ਵਿਸ਼ਵਾਸ ਸੀ ਕਿ ਉਹ ਇਮਾਨਦਾਰ ਹੈ,ਪਰ ਅੱਜ ਉਸਨੂੰ ਚੋਰੀ ਕਰਦਿਆਂ ਫੜ ਲਿਆ ਗਿਆ, ਵਿਸ਼ਵਾਸ ਦਾ ਤਿੜਕਣਾਂ ਜਾਇਜ ਹੈ। ਸੋ ਜਿੰਨੀਆਂ ਵੀ ਉਦਹਾਰਣਾਂ ਦਿੱਤੀਆਂ ਹਰ ਰਿਸ਼ਤੇ ਵਿੱਚ ਸੱਟ ਵਿਸ਼ਵਾਸ ਨੂੰ ਲੱਗਦੀ ਹੈ। ਵਿਸ਼ਵਾਸ ਟੁੱਟਿਆ ਤਾਂ ਰਿਸ਼ਤਾ ਟੁੱਟਿਆ, ਰਿਸ਼ਤਾ ਟੁੱਟਿਆ ਤਾਂ ਅਸੀਂ ਉਸ ਇਨਸਾਨ ਨੂੰ ਗਵਾ ਦਿੱਤਾ ਜੋ ਕਦੇ ਸਾਡੇ ਬਹੁਤ ਨਜਦੀਕ ਸੀ। ਕਹਿਣ ਤੋਂ ਭਾਵ ਕਿ ਹਰ ਚੀਜ ਵਿਸ਼ਵਾਸ ਉੱਪਰ ਟਿਕੀ ਹੈ। ਪ੍ਰਮਾਤਮਾ ਦੇ ਆਮ ਲੋਕਾਂ ਨੇ ਦਰਸ਼ਨ ਨਹੀਂ ਕੀਤੇ, ਪਰ ਵਿਸ਼ਵਾਸ ਹੈ ਕਿ ਰੱਬ ਹੈ। ਬਸ ਇਸੇ ਆਸ ਉੱਪਰ ਹਰ ਰੋਜ ਮੰਦਿਰ, ਮਸਜਿਦਾਂ, ਗੁਰੂਦੁਆਰਿਆਂ ਵਿੱਚ ਰੱਬ ਦਾ ਗੁਣਗਾਨ ਹੁੰਦਾ ਰਹਿੰਦਾ ਹੈ। 
ਹੁਣ ਇੱਥੇ ਮੈਂ ਦੋ ਸਥਿਤੀਆਂ ਹੋਰ ਵਿਚਾਰਨਾ ਚਾਹਾਂਗੀ ਇੱਕ ਤਾਂ ਉਸ ਇਨਸਾਨ ਦੀ ਮਨੋਦਸਾ ਜੋ ਵਿਸਵਾਸ ਘਾਤ  ਕਰਦਾ ਹੈ ਅਤੇ ਦੂਸਰੀ ਉਸਦੀ ਮਨੋਦਸਾ ਜਿਸਦਾ ਵਿਸ਼ਵਾਸ ਟੁੱਟਦਾ ਹੈ। 
ਜੋ ਇਨਸਾਨ ਕਿਸੇ ਨਾਲ ਵਿਸ਼ਵਾਸ ਘਾਤ ਕਰਦਾ ਹੈ, ਅਸਲ ਵਿੱਚ ਉਸਨੂੰ ਲੱਗਦਾ ਹੈ ਕਿ ਉਹ ਬਹੁਤ ਚਲਾਕ ਹੈ, ਉਹ ਕਿਸੇ ਆਪਣੇ ਨਾਲ ਇੱਕ ਵਾਰ ਫਰੇਬ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਸਾਹਮਣੇ ਵਾਲੇ ਇਨਸਾਨ ਮੂਰਖ ਹਨ, ਉਸਨੂੰ ਝੂਠ ਬੋਲਣਾ ਬਾਖੂਬੀ ਆਉਂਦਾ ਹੁੰਦਾ ਹੈ ਅਤੇ ਝੂਠ, ਫਰੇਬ ਦਾ ਸਹਾਰਾ ਲੈ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਰਹਿੰਦਾ ਹੈ। ਜੇਕਰ ਗੱਲ ਕਰੀਏ ਉਸ ਮਨੁੱਖ ਦੀ ਮਨੋਦਸਾ ਦੀ ਜਿਸ ਨਾਲ ਧੋਖਾ ਹੁੰਦਾ ਹੈ ਤਾਂ ਕਈ ਵਾਰ ਮਨੁੱਖ ਅਜਿਹੇ ਹਾਦਸਿਆਂ ਤੋਂ ਬਹੁਤ ਬੁਰੀ ਤਰ੍ਹਾਂ ਬਿਖਰ ਜਾਂਦਾ ਹੈ, ਜਦੋਂ ਵੀ ਕਿਸੇ ਆਪਣੇ ਵੱਲੋਂ ਕੀਤਾ ਵਿਸ਼ਵਾਸ ਘਾਤ ਯਾਦ ਆਉਂਦਾ ਤਾਂ ਰਾਤਾਂ ਨੂੰ ਸੁੱਤਾ ਪਿਆ ਵੀ ਉੱਭੜਵਾਹੇ ਉੱਠ ਪੈਂਦਾ ਹੈ। ਕਈ ਵਾਰ ਮਨੁੱਖ ਉੱਪਰ ਅਜਿਹਾ ਅਸਰ ਹੁੰਦਾ ਹੈ ਕਿ ਕਿਸੇ ਦੂਸਰੇ ਬੰਦੇ ਉੱਪਰ ਵੀ ਯਕੀਨ ਕਰਨ ਤੋਂ ਮੁਨਕਰ ਹੋ ਜਾਂਦਾ ਹੈ। 
ਕਿਸੇ ਇੱਕ ਦੀ ਮੂਰਖਤਾ ਦਾ ਅਸਰ ਬਹੁਤ ਸਾਰੇ ਜੀਆਂ ਤੇ ਪੈਂਦਾ ਹੈ,ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ, ਕਈ ਟੁੱਟਣ ਤੋਂ ਬਾਅਦ ਜੁੜ ਵੀ ਜਾਂਦੇ ਹਨ, ਪਰ ਵਿੱਚ ਪਈ ਗੰਡ ਹਮੇਸਾ ਰੜਕਦੀ ਰਹਿੰਦੀ ਹੈ। 
ਰਿਸ਼ਤਿਆਂ ਦੀ ਸਾਡੀ ਜੰਿਦਗੀ ਵਿੱਚ ਬਹੁਤ ਵੱਡੀ ਅਹਿਮੀਅਤ ਹੈ, ਜੋ ਦੁੱਖ ਸੁੱਖ ਅਸੀਂ ਆਪਣਿਆਂ ਨਾਲ ਫਰੋਲ ਲੈਣਾ ਉਹ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦੇ। ਰਿਸ਼ਤਿਆਂ ਨੂੰ ਬਚਾ ਕੇ ਰੱਖੋ ਬਿਲਕੁਲ ਉਵੇਂ ਹੀ ਜਿਵੇਂ ਕੱਚ ਦੇ ਸਮਾਨ ਨੂੰ ਸੰਭਾਲ ਸੰਭਾਲ ਰੱਖੀਦਾ ਹੈ। ਵਿਸ਼ਵਾਸ ਰਿਸ਼ਤਿਆਂ ਦੀ ਬੁਨਿਆਦ ਹੈ, ਇੱਕ ਵਾਰ ਟੁੱਟਣ ਤੇ ਮੁੜ ਜੁੜਦਾ ਨਹੀਂ ਹੈ, ਕਦੇ ਅਜਿਹਾ ਕੰਮ ਨਾ ਕਰੋ ਜਿਸ ਨਾਲ ਆਪਣਿਆਂ ਤੋਂ ਦੂਰ ਹੋਣਾ ਪਵੇ । ਸਦਾ ਸਪੱਸਟ, ਵਫਾਦਾਰ, ਇਮਾਨਦਾਰ ਅਤੇ ਪਾਰਦਰਸੀ ਰਹੋ, ਜੇ ਇਹ ਗੁਣ ਆਪ ਅਪਣਾਓਗੇ ਤਾਂ ਯਕੀਨ ਮੰਨਣਾ ਤੁਸੀਂ ਕਦੇ ਵਿਸ਼ਵਾਸ਼ਘਾਤੀਆਂ ਦੀ ਕਤਾਰ ਵਿੱਚ ਖੜੇ ਨਹੀਂ ਹੋਵੋਗੇ।
ਹਰਕੀਰਤ ਕੌਰ
ਸੰਪਰਕ - 9779118066