ਰਜਿ: ਨੰ: PB/JL-124/2018-20
RNI Regd No. 23/1979

ਸਿੰਘਾਂ ਦੇ ਖੂਨ ਨਾਲ ਬਣੀ ਸੰਸਥਾ ਤੇ ਬਾਰ ਬਾਰ ਝੂਠੇ ਇਲਜ਼ਾਮ ਕਿਉ?

BY admin / July 20, 2021
ਹਾਲ ਹੀ ਵਿੱਚ ਸ਼੍ਰੋਮਣੀ ਕਮੇਟੀ ਤੇ ਕੀਰਤਨ ਅਤੇ ਕਥਾ ਦੀਆਂ ਰਿਕਾਰਡਿੰਗਾਂ ਨੂੰ ਖ਼ੁਰਦ ਬੁਰਦ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਤੱਥਾਂ ਦੇ ਅਧਾਰ ਤੇ ਬੇਬੁਨਿਆਦ ਸਾਬਿਤ ਕਰ ਦਿੱਤਾ ਹੈ। ਇਸੇ ਤਰਾਂ ਸਮੇਂ ਸਮੇਂ ਤੇ ਸ਼੍ਰੋਮਣੀ ਕਮੇਟੀ ਨੂੰ ਸੋਸ਼ਲ ਮੀਡੀਆ ਤੇ ਵੀ ਕਾਫੀ ਝੂਠੇ ਇਲਜਾਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਤੇ ਕੋਈ ਸਵਾਲ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਬਜ਼ਟ ਪੰਜਾਬ ਸਰਕਾਰ ਦੇ ਬਜ਼ਟ ਨਾਲੋਂ ਵੱਧ ਹੈ ਤਾਂ ਕਮੇਟੀ ਦਾ ਏਨਾ ਪੈਸਾ ਕਿੱਥੇ ਜਾ ਰਿਹਾ ਹੈ ਅਤੇ ਕੋਈ ਕਹਿੰਦਾ ਹੈ ਕਿ ਕਮੇਟੀ ਵੱਲੋਂ ਹਰ ਮਹੀਨੇ ਸੌ ਕਰੋੜ ਰੁਪਏ ਲੀਡਰਾਂ ਨੂੰ ਭੇਜੇ ਜਾ ਰਹੇ ਹਨ। ਪਰ ਜੇ ਤੱਥਾਂ ਦੇ ਅਧਾਰ ਤੇ ਗੱਲ ਕਰੀਏ ਤਾਂ ਏਹ ਇਲਜ਼ਾਮ ਸੱਚਾਈ ਤੋਂ ਵਿਹੂਣੇ ਹੁੰਦੇ ਹਨ। ਸ਼੍ਰੋਮਣੀ ਕਮੇਟੀ ਦਾ ਬਜ਼ਟ ਅਸਲ ਵਿੱਚ ਪੰਜਾਬ ਸਰਕਾਰ ਦੇ ਬਜ਼ਟ ਦੇ ਇੱਕ ਪ੍ਰਤੀਸ਼ਤ ਵੀ ਨਹੀਂ ਹੈ ਅਤੇ ਸੌ ਕਰੋੜ ਮਹੀਨੇ ਦਾ ਤਾਂ ਸ਼ਾਇਦ ਆਮਦਨ ਅਤੇ ਖ਼ਰਚ ਮਿਲਾ ਕੇ ਵੀ ਨਹੀਂ ਬਣਦਾ ਹੋਵੇਗਾ। ਇਲਜ਼ਾਮ ਤਾਂ ਹੋਰ ਵੀ ਕਈ ਲਗਾਏ ਜਾਂਦੇ ਹਨ ਪਰ ਜਦੋਂ ਵੀ ਦੁਨੀਆ ਵਿੱਚ ਕਿਤੇ ਵੀ ਸਿੱਖਾਂ ਨਾਲ ਵਧੀਕੀ ਹੋਣ ਦੀ ਖ਼ਬਰ ਆਉਂਦੀ ਹੈ ਤਾਂ ਓਸ ਵੇਲੇ ਸਾਰੇ ਸਿੱਖ ਆਪਣੀ ਸਿਰਮੌਰ ਸੰਸਥਾ ਤੇ ਹੀ ਭਰੋਸਾ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਜਰੂਰ ਇਸ ਤੇ ਐਕਸ਼ਨ ਲਵੇਗੀ। ਪਿਛਲੇ ਕੁਝ ਸਮੇਂ ਵੱਲ ਹੀ ਦੇਖੀਏ ਤਾਂ ਭਾਵੇਂ ਫੌਜ ਦੀ ਭਰਤੀ ਵਿੱਚ ਸਿੱਖ ਨੌਜਵਾਨਾਂ ਦੇ ਕਕਾਰ ਲੁਹਾਏ ਜਾਣ ਦੀ ਗੱਲ ਹੋਵੇ ਜਾਂ ਯੂ.ਕੇ ਵਿੱਚ ਸਿੱਖ ਬੱਚੇ ਦੇ ਕੇਸ ਕੱਟਣ ਦੀ ਜਾਂ ਬੀੜੀ ਦੇ ਪੈਕਟ ਤੇ ਗੁਰੂ ਸਾਹਿਬ ਦੀ ਫੋਟੋ ਲਗਾਉਣ ਦੀ ਅਤੇ ਜਾਂ ਯੂ.ਪੀ ਵਿੱਚ ਸਿੱਖ ਬਜੁਰਗ ਦੀ ਕੁੱਟਮਾਰ ਦੀ, ਸੰਗਤ ਨੇ ਆਪਣੀ ਸੰਸਥਾ ਤੇ ਹੀ ਉਮੀਦਾਂ ਲਗਾਈਆਂ ਅਤੇ ਸੰਸਥਾ ਵੱਲੋਂ ਤੁਰੰਤ ਹੀ ਇਹਨਾ ਵਿਰੁੱਧ ਸਖਤ ਨੋਟਿਸ ਲਏ ਗਏ। ਕਈ ਕਈ ਸਾਲਾਂ ਤੋਂ ਸਾਡੇ ਬੰਦੀ ਸਿੰਘਾਂ ਦੇ ਕੇਸ ਵੀ ਸ੍ਰੋਮਣੀ ਕਮੇਟੀ ਵੱਲੋਂ ਲੜੇ ਜਾ ਰਹੇ ਹਨ। ਕਰੋਨਾ ਮਹਾਂਮਾਰੀ ਦੇ ਚਲਦਿਆ ਗੁਰੂਦੁਆਰਾ ਸਾਹਿਬਾਨਾ ਦੀ ਭੇਟਾ ਵਿੱਚ ਬਹੁਤ ਭਾਰੀ ਗਿਰਾਵਟ ਆਉਣ ਕਰਕੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਇੱਕ ਸਾਲ ਤੋਂ ਜਿਆਦਾ ਸਮੇਂ ਤੋਂ ਤਨਖਾਹਾਂ ਨਾਂ ਦੇ ਸਕਣ ਦੇ ਬਾਵਜੂਦ ਵੀ ਕਮੇਟੀ ਆਪਣੇ ਫਰਜਾਂ ਤੋਂ ਪਿੱਛੇ ਨਹੀਂ ਹਟ ਰਹੀ ਅਤੇ ਕੌਮ ਦੀ ਸੇਵਾ ਵਿੱਚ ਲਗਾਤਾਰ ਡੱਟੀ ਹੋਈ ਹੈ। ਕਰੋਨਾ ਮਹਾਂਮਾਰੀ ਵਿੱਚ ਫ਼ਰੀ ਕਰੋਨਾ ਸੈਂਟਰ ਖੋਲ ਰਹੀ ਹੈ। ਕਿਸਾਨ ਅੰਦੋਲਨ ਦਾ ਲਗਾਤਾਰ ਸਾਥ ਦੇ ਰਹੀ ਹੈ ਅਤੇ ਸ਼ਹੀਦ ਹੋਏ ਕਿਸਾਨਾ ਨੂੰ ਵੀ ਲੱਖ-ਲੱਖ ਰੁਪਏ ਆਰਥਿਕ ਮਦਦ ਦੇ ਰਹੀ ਹੈ। ਖ਼ੈਰ ਇਹ ਸਭ ਕਮੇਟੀ ਦੀ ਜਿੰਮੇਵਾਰੀ ਹੈ ਅਤੇ ਓਹ ਇਸ ਨੂੰ ਨਿਭਾ ਰਹੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਿੰਘਾਂ ਦੇ ਖੂਨ ਨਾਲ ਬਣੀ ਇਸ ਸੰਸਥਾ ਤੇ ਬਾਰ ਬਾਰ ਝੂਠੇ ਇਲਜਾਮ ਕਿਉ? ਕੀ ਏਹ ਅਫਵਾਹਾਂ ਇਸ ਲਈ ਫੈਲਾਈਆਂ ਜਾ ਰਹੀਆਂ ਹਨ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਕਮਜੋਰ ਕੀਤਾ ਜਾਵੇ ਜਾਂ ਇਸ ਲਈ ਕੇ ਸਿੱਖਾਂ ਨੂੰ ਆਪਸ ਵਿੱਚ ਹੀ ਲੜਾ ਦਿੱਤਾ ਜਾਵੇ ਜਿਸ ਨਾਲ ਓਹਨਾ ਦਾ ਸਿੱਖਾਂ ਤੇ ਰਾਜ ਕਰਨਾ ਸੌਖਾ ਹੋ ਜਾਵੇ? ਖੈਰ ਸਵਾਲ ਤਾਂ ਕਈ ਹੋ ਸਕਦੇ ਨੇ ਪਰ ਆਪਾਂ ਇਹ ਸੋਚਣਾ ਹੈ ਕਿ ਕੀ ਅਸੀਂ ਆਪਣੇਂ ਸ਼ਹੀਦ ਸਿੰਘਾਂ ਦੀ ਬਣਾਈ ਹੋਈ ਸੰਸਥਾ ਨੂੰ ਮਜ਼ਬੂਤ ਬਨਾਉਣਾ ਹੈ ਜਾਂ ਉਸ ਵਿਰੁੱਧ ਫੈਲਾਏ ਗਏ ਝੂਠਾਂ ਨੂੰ ਸੱਚ ਮੰਨ ਕੇ ਆਪਣੇ ਸ਼ਹੀਦ ਸਿੰਘਾਂ ਵੱਲ ਪਿੱਠ ਕਰਨੀ ਹੈ। ਇਹ ਸੰਭਵ ਹੈ ਕਿ ਸਾਡੇ ਵਿੱਚੋਂ ਕਿਸੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦਾ ਕੋਈ ਨਿਯਮ ਜਾਂ ਫੈਂਸਲਾ ਪਸੰਦ ਨਾ ਆਵੇ। ਅਜਿਹੀ ਸੂਰਤ ਵਿੱਚ ਅਸੀਂ ਆਪਣੀ ਸੰਸਥਾ ਨੂੰ ਚਿੱਠੀ ਪੱਤਰ ਲਿਖ ਕੇ ਜਾਂ ਈ-ਮੇਲ ਭੇਜ ਕੇ ਉਸ ਤੇ ਵਿਚਾਰ ਕਰਨ ਬਾਰੇ ਬੇਨਤੀ ਕਰ ਸਕਦੇ ਹਾਂ ਅਤੇ ਜੇ ਫੇਰ ਵੀ ਕੋਈ ਕਮੀ ਲੱਗੇ ਤਾਂ ਸੰਸਥਾ ਦੇ ਦਫਤਰ ਵਿਖੇ ਜਾ ਕੇ ਪ੍ਰਬੰਧਕਾਂ ਨਾਲ ਗੱਲ ਕਰਕੇ ਵੀ ਬੇਨਤੀ ਕੀਤੀ ਜਾ ਸਕਦੀ ਹੈ। ਮੈਨੂੰ ਉਮੀਦ ਹੈ ਕਿ ਸੰਗਤ ਦੀਆਂ ਬੇਨਤੀਆਂ ਤੇ ਸੰਸਥਾ ਜਰੂਰ ਹੀ ਧਿਆਨ ਦੇਵੇਗੀ ਕਿਉਂਕਿ ਗੱਲਬਾਤ ਨਾਲ ਅਵੱਛ ਹੀ ਮਸਲੇ ਹੱਲ ਹੁੰਦੇ ਹਨ ਪਰ ਜਦੋਂ ਅਸੀਂ ਗੱਲ ਕਰਨ ਦੀ ਬਜਾਏ ਆਪਣੀ ਸੰਸਥਾ ਦੇ ਵਿਰੁੱਧ ਖੜੇ ਹੋ ਜਾਂਦੇ ਹਾਂ ਤਾਂ ਇਸ ਨਾਲ ਸੰਸਥਾ ਦਾ ਅਤੇ ਸ਼ਹੀਦ ਸਿੰਘਾਂ ਦਾ ਮਾਣ ਸਤਿਕਾਰ ਵੀ ਘਟਦਾ ਹੈ ਅਤੇ ਮਸਲੇ ਦਾ ਹੱਲ ਕੱਢਣਾਂ ਹੋਰ ਵੀ ਮੁਛਕਿਲ ਹੋ ਜਾਂਦਾ ਹੈ। ਇਹਨਾ ਸਭ ਵਿਚਾਰਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ ਅਤੇ ਜਰੂਰਤ ਹੈ ਕਿ ਅਸੀਂ ਆਪਣੀ ਜਿੰਮੇਵਾਰੀ ਨਿਭਾਈਏ ਅਤੇ ਆਪਣੀ ਸੰਸਥਾ ਦਾ ਤਨ ਮਨ ਧਨ ਨਾਲ ਸਾਥ ਦੇਈਏ ਇਸ ਤੋਂ ਪਹਿਲਾਂ ਕੇ ਸਿੱਖ ਵਿਰੋਧੀ ਤਾਕਤਾਂ ਝੂਠ ਬੋਲ ਬੋਲ ਕੇ ਸਾਨੂੰ ਸਾਡੀ ਸੰਸਥਾ ਦੇ ਖਿਲਾਫ ਕਰ ਦੇਣ ਜਿਸ ਨਾਲ ਸਾਡੀ ਸੰਸਥਾ ਕਮਜੋਰ ਹੋ ਜਾਵੇ ਅਤੇ ਇੱਕ ਦਿਨ ਆਵੇ ਕੇ ਸਾਡੇ ਵਿਰੋਧੀ ਸਾਡੇ ਨਾਲ ਵਧੀਕੀਆਂ ਕਰਣ ਅਤੇ ਸਾਨੂੰ ਡੁੱਬਦਿਆਂ ਨੂੰ ਕਿਤੇ ਕੋਈ ਤਿਣਕੇ ਦਾ ਸਹਾਰਾ ਵੀ ਨਜ਼ਰ ਨਾ ਆਵੇ।
ਰਣਜੀਤ ਸਿੰਘ ਮੋਹਲੇਕੇ
ਸੰਪਰਕ - 80700-61000