ਰਜਿ: ਨੰ: PB/JL-124/2018-20
RNI Regd No. 23/1979

ਵਿਕਾਸ ਦੇ ਨਾਂ ਤੇ ਹੋ ਰਿਹਾ ਹਜ਼ਾਰਾਂ ਰੁੱਖਾਂ ਦਾ ਦਰਦਨਾਕ ਹੱਤਿਆਕਾਂਡ

BY admin / July 20, 2021
ਅੱਜ ਜੇਕਰ ਅਸੀਂ ਆਪਣੇ ਆਲੇ-ਦੁਆਲੇ ਝਾਤ ਮਾਰੀਏ ਤਾਂ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਵਿਕਾਸ ਦੇ ਨਾਂ ਤੇ ਰੁੱਖਾਂ ਦੀ ਧੜਾਧੜ ਕਟਾਈ ਕੀਤੀ ਜਾ ਰਹੀ ਹੈ। ਸੜਕਾਂ ਨੂੰ ਖੁੱਲ੍ਹਾ ਕਰਨ ਅਤੇ ਪੁਲ਼ ਬਣਾਉਣ ਕਰਕੇ ਸੜਕਾਂ ਦੇ ਆਸੇ-ਪਾਸੇ ਸਾਲਾਂ ਪੁਰਾਣੇ ਵਿਸ਼ਾਲ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਪੁਰਾਣੇ ਤੋਂ ਪੁਰਾਣੇ ਰੁੱਖਾਂ ਨੂੰ ਬਹੁਤ ਹੀ ਅਸਾਨੀ ਨਾਲ ਵੱਡੀਆਂ ਮਸ਼ੀਨਾਂ ਦੀ ਮਦਦ ਕੱਟ ਕੇ ਮਿਟਾਂ ਵਿੱਚ ਢੇਰ ਕਰ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਹੁਣ ਜੰਗਲਾਤ ਅਧੀਨ ਰਕਬਾ ਬਹੁਤ ਘੱਟ ਰਿਹਾ ਹੈ। ਵਾਤਾਵਰਣ ਦੀ ਸ਼ੁੱਧਤਾ ਲਈ ਸਾਡੇ ਆਲੇ-ਦੁਆਲੇ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਰੁੱਖ ਸਾਨੂੰ ਆਕਸੀਜ਼ਨ ਦਿੰਦੇ ਹਨ ਜਿਸ ਦੀ ਅੱਜ ਦੇ ਮੌਜੂਦਾ ਸਮੇਂ ਵਿੱਚ ਵੱਡੀ ਘਾਟ ਦਿਖਾਈ ਦੇ ਰਹੀ ਹੈ। ਇਸ ਦਾ ਕਾਰਨ ਸਿਰਫ਼ ਇਹੀ ਹੈ ਕਿ ਮਨੁੱਖ ਆਪਣੇ ਸੁਆਰਥ ਲਈ ਅਤੇ ਆਰਥਿਕ ਮੁਨਾਫ਼ੇ ਲਈ ਰੁੱਖਾਂ ਦੀ ਕਟਾਈ ਤਾਂ ਕਰੀ ਜਾ ਰਿਹਾ ਹੈ ਪਰ ਇਸ ਦਾ ਹਰਜਾਨਾ ਸਾਨੂੰ ਆਪਣੀ ਜ਼ਿੰਦਗੀ ਦੇ ਕੇ ਚੁਕਾਣਾ ਪੈ ਰਿਹਾ ਹੈ। ਹਰ ਸਾਲ ਹਜ਼ਾਰਾਂ ਲੱਖਾਂ ਬੂਟੇ ਨਵੇਂ ਲਗਦੇ ਹਨ ਪਰ ਇਹਨਾਂ ਬੂਟਿਆਂ ਨੂੰ ਰੁੱਖ ਬਣਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਜਾਂ ਕਹਿ ਲਈਏ ਕਿ ਇਹਨਾਂ ਬੂਟਿਆਂ ਦੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਸੰਭਾਲ ਨਹੀਂ ਕੀਤੀ ਜਾਂਦੀ। ਹਰ ਸਾਲ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਨੂੰ ਮਨਾਉਣ ਲਈ ਬੂਟੇ ਲਗਾਉਣਾ ਸਿਰਫ਼ ਇੱਕ ਸ਼ੌਸ਼ੇਬਾਜ਼ੀ ਹੁੰਦੀ ਹੈ ਜਦ ਤੱਕ ਉਹਨਾਂ ਬੂਟਿਆਂ ਦੀ ਪੂਰੀ ਸੰਭਾਲ ਨਾ ਕੀਤੀ ਜਾਵੇ। ਦੇਖਿਆ ਜਾਵੇ ਤਾਂ ਲੋਹੇ ਦੇ ਬਹੁਤ ਮਹਿੰਗੇ ਹੋਣ ਕਰਕੇ ਹੁਣ ਲਕੜੀ ਦਾ ਸਮਾਨ ਬਹੁਤ ਜ਼ਿਆਦਾ ਬਣਨ ਲੱਗ ਪਿਆ ਹੈ ਜਿਸ ਕਰਕੇ ਰੁੱਖਾਂ ਦੀ ਨਿਰੰਤਰ ਕਟਾਈ ਹੋਣ ਲਗ ਪਈ ਹੈ। ਸਾਡੀ ਸ਼ਿ੍ਰਸ਼ਟੀ ਵਿੱਚ ਬਹੁਤ ਸਾਰੇ ਪਸ਼ੂ-ਪੰਛੀ ਅਤੇ ਹੋਰ ਜੀਵ-ਜੰਤੂ ਹਨ ਜੋ ਸਿਰਫ਼ ਇਹਨਾਂ ਰੁੱਖਾਂ ਤੇ ਹੀ ਆਪਣੇ ਜੀਵਨ ਨੂੰ ਬਿਤਾਉਂਦੇ ਹਨ। ਬਰਸਾਤ ਹੋਣ ਪਿੱਛੇ ਵੀ ਇਹਨਾਂ ਰੁੱਖਾਂ ਦਾ ਹੀ ਵੱਡਾ ਸਹਿਯੋਗ ਹੁੰਦਾ ਹੈ। ਹੁਣ ਕੁਝ ਰੁੱਖ ਲਗਾਏ ਤੇ ਜਾਂਦੇ ਹਨ ਪਰ ਵੱਡੇ ਰੁਖਾਂ ਨੂੰ ਕੱਟਕੇ ਸੜਕਾਂ ਦੇ ਆਲੇ-ਦੁਆਲੇ ਛੋਟੇ ਅਤੇ ਝਾੜੀਆਂ ਵਰਗੇ ਬੂਟੇ ਲਗਾਏ ਜਾ ਰਹੇ ਹਨ ਜਿਨਾਂ ਦਾ ਸਾਡੇ ਵਾਤਾਵਰਣ ਨੂੰ ਪੂਰੀ ਤਰਾਂ ਲਾਭ ਨਹੀਂ ਮਿਲਦਾ। ਕਾਗ਼ਜ਼ ਦੀ ਵਰਤੋਂ ਵਿੱਚ ਵਾਧਾ ਹੋਣ ਕਰਕੇ ਵੀ ਰੁਖਾਂ ਦੀ ਕਟਾਈ ਵਿੱਚ ਵਾਧਾ ਹੋ ਰਿਹਾ ਹੈ। ਪਰਿਵਾਰਾਂ ਦਾ ਛੋਟਾ ਹੋਣਾ ਅਤੇ ਸਾਂਝੇ ਪਰਿਵਾਰ ਖਤਮ ਹੋਣ ਕਰਕੇ ਵੀ ਇਮਾਰਤਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ ਜਿਸ ਕਰਕੇ ਰੁੱਖਾਂ ਦੀ ਨਿਰੰਤਰ ਕਟਾਈ ਕੀਤੀ ਜਾ ਰਹੀ ਹੈ। ਹੁਣ ਤਾਂ ਪੰਜਾਬ ਦੇ ਪਿੰਡਾਂ ਵਿੱਚ ਵੀ ਲੋੜ ਹੈ ਕਿ ਖੇਤਾਂ ਦੇ ਚਾਰ-ਚੁਫ਼ੇਰੇ ਵੀ ਵਧੇਰੇ ਰੁੱਖ ਲਗਾਏ ਜਾਣ ਤਾਂ ਜੋ ਸਾਡੇ ਪੰਜਾਬ ਦਾ ਵਾਤਾਵਰਣ ਸਾਫ਼-ਸੁੱਥਰਾ ਅਤੇ ਸਿਹਤਮੰਦ ਹੋਵੇ। ਸ਼ਹਿਰਾਂ ਵਿੱਚ ਇਹਨਾਂ ਰੁੱਖਾਂ ਨੂੰ ਲਗਾਉਣ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸ਼ਹਿਰਾਂ ਵਿੱਚ ਪ੍ਰਦੂਸ਼ਨ ਜ਼ਿਆਦਾ ਫ਼ੈਲਦਾ ਹੈ। ਸੜਕਾਂ ਤੇ ਚੱਲਦੇ ਆਵਾਜਾਈ ਵਾਹਨ ਅਤੇ ਫ਼ੈਕਟਰੀਆਂ ਦਾ ਧੂਆਂ ਸਾਡੇ ਵਾਤਾਵਰਣ ਨੂੰ ਦਿਨ-ਰਾਤ ਪਲੀਤ ਕਰਦਾ ਰਹਿੰਦਾ ਹੈ। ਸੜਕਾਂ ਤੇ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਵੀ ਕਿਤੇ ਨਾ ਕਿਤੇ ਰੁੱਖਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਸੜਕਾਂ ਨੂੰ ਚੌੜਾ ਕਰਨ ਲਈ ਵੀ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਇੱਕ ਘਰ ਵਿੱਚ ਜੇਕਰ ਪੁਰਾਣਾ ਰੁੱਖ ਲੱਗਾ ਹੋਵੇ ਤਾਂ ਨਵਾਂ ਕਮਰਾ ਪਾਉਣ ਲਈ ਉਸ ਪੁਰਾਣੇ ਲਗੇ ਰੁੱਖ ਨੂੰ ਕੱਟਣ ਦੀ ਨੌਬਤ ਆ ਜਾਂਦੀ ਹੈ। ਵੱਡੇ ਅਤੇ ਅਮੀਰ ਲੋਕਾਂ ਦੇ ਘਰਾਂ ਵਿੱਚ ਰੁੱਖਾਂ ਨੂੰ ਕੱਟਕੇ ਹੁਣ ਗਮਲਿਆਂ ਵਿੱਚ ਬੂਟੇ ਲਗਾਉਣ ਦਾ ਬਹੁਤ ਚਲਣ ਚੱਲ ਪਿਆ ਹੈ। ਭਾਵੇਂ ਸਾਡਾ ਵੰਣ ਵਿਭਾਗ ਨਵੇਂ ਬੂਟੇ ਲਗਾਉਣ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ ਪਰ ਇਸ ਦੇ ਨਾਲ-ਨਾਲ ਹੁਣ ਕੁਝ ਗ਼ੈਰਸਰਕਾਰੀ ਸੰਸਥਾਵਾਂ ਵੱਲੋਂ ਵੀ ਰੁੱਖ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਸਾਡਾ ਵਾਤਾਵਰਣ ਸਾਫ਼ ਸੁੱਥਰਾ ਬਣਾਇਆ ਜਾ ਸਕੇ। ਕੁਝ ਸੰਸਥਵਾਵਾਂ ਵਿੱਚ ਕੰਮ ਕਰ ਰਹੇ ਲੋਕ ਮਸ਼ਹੂਰ ਹੋਣ ਲਈ ਬਸ ਬੂਟੇ ਲਗਾ ਤਾਂ ਰਹੇ ਹਨ ਪਰ ਉਹਨਾਂ ਬੂਟਿਆਂ ਦੀ ਸੰਭਾਲ ਲਈ ਉਹ ਆਪਣੀ ਕੋਈ ਕੋਸ਼ਿਸ਼ ਨਹੀਂ ਕਰਦੇ। ਇਸ ਦੇ ਚਲਦੇ ਉਹ ਛੋਟੇ ਬੂਟੇ ਜਾਂ ਤਾਂ ਕੋਈ ਜਾਨਵਰ ਖਾ ਜਾਂਦਾ ਹੈ ਅਤੇ ਜਾਂ ਕਿਸੇ ਕਾਰ ਸਕੂਟਰ ਨਾਲ ਟਕਰਾ ਕੇ ਉਹ ਬੂਟਾ ਮਰ ਜਾਂਦਾ ਹੈ। ਕਈ ਵਾਰ ਤਾਂ ਪਾਣੀ ਨਾ ਮਿਲਣ ਕਰਕੇ ਛੋਟੇ ਬੂਟੇ ਮਰ ਜਾਂਦੇ ਹਨ। ਸਰਕਾਰ ਭਾਵੇਂ ਬਹੁਤ ਕੁਝ ਇਸ ਬਾਰੇ ਸੋਚ ਅਤੇ ਕਰ ਰਹੀ ਹੈ ਪਰ ਅਜੇ ਇਹ ਸਭ ਬਹੁਤ ਘੱਟ ਹੈ। ਸਰਕਾਰ ਨੂੰ ਇਸ ਪ੍ਰਤੀ ਹੋਰ ਸੁਚੇਤ ਹੋ ਕੇ ਕੰਮ ਕਰਨ ਦੀ ਲੋੜ ਹੈ। ਗ਼ੈਰਕਾਨੂੰਨੀ ਢੰਗ ਨਾਲ ਰੁੱਖਾਂ ਦੀ ਕਟਾਈ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਮਜਬੂਤ ਕਾਨੂੰਨ ਲਾਗੂ ਕਰਕੇ ਅਪਰਾਧੀਆਂ ਨੂੰ ਬਣਦੀ ਸਖਤ ਤੋਂ ਸਖਤ ਸਜ਼ਾ ਦੇਣੀ ਜ਼ਰੂਰੀ ਹੈ। ਵਾਤਾਵਰਣ ਨੂੰ ਸਾਫ਼-ਸੁੱਥਰਾ ਬਣਾਉਣ ਲਈ ਅਤੇ ਕੁਦਰਤ ਢੰਗ ਨਾਲ ਮਨੁੱਖ ਦੀ ਆਕਸੀਜ਼ਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਸਲਾਮ ਹੈ ਉਹਨਾਂ ਵਾਤਾਵਰਣ ਪ੍ਰੇਮੀਆਂ ਨੂੰ ਜੋ ਬਿਨਾਂ ਕਿਸੇ ਲਾਲਚ ਦੇ ਬੂਟੇ ਲਗਾਅ ਰਹੇ ਹਨ ਅਤੇ ਹੋਰ ਦੂਜੇ ਲੋਕਾਂ ਦੀ ਸਿਹਤ ਪ੍ਰਤੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਘਰਾਂ ਵਿੱਚ ਹੋਰ ਨਹੀਂ ਤਾਂ ਕੋਈ ਫ਼ਲਦਾਰ ਰੁੱਖ ਹੀ ਲਗਾਅ ਦੇਣਾ ਚਾਹੀਦਾ ਹੈ ਤਾਂ ਜੋ ਸ਼ੁੱਧ ਹਵਾ ਦੇ ਨਾਲ-ਨਾਲ ਕੁਦਰਤੀ ਅਤੇ ਮੌਸਮੀ ਫ਼ਲ ਵੀ ਖਾਣ ਨੂੰ ਮਿਲਦੇ ਰਹਿਣ। ਨਹਿਰਾਂ ਅਤੇ ਦਰਿਆਵਾਂ ਦੇ ਕੰਢਿਆਂ ਤੇ ਵੀ ਰੁੱਖ ਲਗਾਉਣ ਲਈ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਜਿਸ ਤਰਾਂ ਹੁਣ ਮੌਸਮ ਬਹੁਤ ਗਰਮ ਹੋ ਰਿਹਾ ਹੈ ਇਸ ਗਰਮੀਂ ਤੋਂ ਥੋੜੀ ਰਾਹਤ ਪਾਉਣ ਲਈ ਭਾਵ ਠੰਡੀ ਮਿੱਠੀ ਥਾਂ ਲਈ ਰੁੱਖਾਂ ਦੀ ਲੁਆਈ ਬਹੁਤ ਜ਼ਰੂਰੀ ਹੈ। ਸਾਡੇ ਵਿਸਰ ਚੁਕੇ ਪੁਰਾਣੇ ਰੁੱਖ ਜਿਵੇਂ ਪਿਪਲ, ਬੋਹੜ, ਟਾਹਲੀ, ਨਿੰਮ, ਡੇਕ ਆਦਿ ਰੁਖਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਕੁਝ ਕਿਸਾਨਾਂ ਦੁਆਰਾ ਵੱਣ ਖੇਤੀ ਦੀ ਸ਼ੁਰੁਆਤ ਵੀ ਕੀਤੀ ਜਾਣ ਲੱਗੀ ਹੈ ਜੋ ਭਾਵੇਂ ਪੁਰਾਣੇ ਰੁੱਖ ਵੱਢ ਕੇ ਵੇਚ ਦਿੰਦੇ ਹਨ ਪਰ ਉਸੇ ਸਮੇਂ ਉਨੇਂ ਹੀ ਨਵੇਂ ਰੁੱਖ ਵੀ ਜ਼ਰੂਰ ਲਗਾਅ ਦਿੰਦੇ ਹਨ। ਸ਼ਹਿਰਾਂ ਵਿੱਚ ਵੀ ਗਲੀਆਂ ਅਤੇ ਪਾਰਕਾਂ ਵਿੱਚ ਰੁੱਖਾਂ ਦੀ ਗਿਣਤੀ ਵਧਾਈ ਜਾਣ ਦੀ ਲੋੜ ਹੈ। ਧਾਰਮਿਕ ਸਥਾਨਾਂ ਤੇ ਵੀ ਰੁੱਖਾਂ ਨੂੰ ਲਗਾਇਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ   ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ।
 
ਦਿਨੇਸ਼ ਦਮਾਥੀਆ
ਸੰਪਰਕ - 94177-14390