ਰਜਿ: ਨੰ: PB/JL-124/2018-20
RNI Regd No. 23/1979

ਸਿੱਧੂ ਦੀ ਬੱਲੇ ਬੱਲੇ ਕੈਪਟਨ ਹੁਣ ਕਿਵੇਂ ਝੱਲੇ?

BY admin / July 20, 2021
ਆਖਿਰਕਾਰ ਹਾਈਕਮਾਨ ਨੇ ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ  ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਦੀ ਪ੍ਰਧਾਨਗੀ ਸੌਂਪ ਹੀ ਦਿੱਤੀ। ਇਸ ਤੋਂ ਬਾਅਦ ਸਾਰੇ  ਪੰਜਾਬ ਦੇ  ਵਿਚ ਸਿੱਧੂ ਸਮਰਥਕਾਂ ਵਲੋਂ ਜ਼ੋਰ ਸ਼ੋਰ ਨਾਲ ਜਸ਼ਨ ਮਨਾਏ ਜਾ ਰਹੇ ਹਨ।  ਸੋਮਵਾਰ ਨੂੰ ਦਿਨ ਚੜ੍ਹਦੇ ਹੀ ਨਵਜੋਤ ਸਿੱਧੂ  ਦੀ ਪਟਿਆਲਾ ਰਿਹਾਇਸ਼ ’ਤੇ ਉਨ੍ਹਾਂ ਨੂੰ ਮਿਲਣ ਲਈ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਅਤੇ ਕੁਲਬੀਰ ਸਿੰਘ ਜ਼ੀਰਾ ਵੀ ਪਹੁੰਚੇ। ਇਨ੍ਹਾਂ ਦੋਵਾਂ ਵਿਧਾਇਕਾਂ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਵਧਾਈਆਂ ਦਿੱਤੀਆਂ ਅਤੇ ਮੌਜੂਦਾ ਰਾਜਨੀਤਕ ਮਾਹੌਲ ’ਤੇ ਚਰਚਾ ਵੀ ਕੀਤੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਆਪ ਹੀ ਆਗੂਆਂ ਨਾਲ ਮੁਲਾਕਾਤ ਦਾ ਦੌਰ ਜਾਰੀ ਰੱਖਿਆ ਅਤੇ ਉਨ੍ਹਾਂ ਨੇ ਬਹੁਤ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਖੁਦ ਮੁਲਾਕਾਤ ਕੀਤੀ। ਪਰ  ਕੈਪਟਨ ਅਮਰਿੰਦਰ ਸਿੰਘ ਮੰਗ ਕਰ ਰਹੇ ਸਨ ਸਿੱਧੂ ਉਨ੍ਹਾਂ ਕੋਲੋਂ ਮੁਆਫੀ ਮੰਗੇ। ਕੈਪਟਨ ਦੀ ਇਸ ਮੰਗ ਨੂੰ ਹਾਈਕਮਾਨ ਨੇ ਦਰਕਿਨਾਰ ਕਰਦਿਆਂ ਸਿੱਧੂ ਨੂੰ ਪ੍ਰਧਾਨਗੀ ਦੇ ਦਿੱਤੀ। ਇਸ ਤੋਂ ਪਹਿਲਾਂ ਕੈਪਟਨ ਦੇ 10 ਹਮਾਇਤੀ ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਵੀ ਲਿਖੀ ਸੀ ਕਿ ਸਿੱਧੂੁ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁਆਫੀ ਮੰਗਣ। ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਬਣਾਏ ਗਏ ਹਨ, ਜਿਨ੍ਹਾਂ ਵਿਚ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਸ਼ਾਮਲ ਹਨ। ।ਦੂਜੇ ਪਾਸੇ  ਸਿੱਧੂ ਦੀ ਨਿਯੁਕਤੀ ਨਾਲ ਪਾਰਟੀ ਦੋ ਧੜਿਆਂ ‘ਚ ਵੰਡੀ ਗਈ ਨਜ਼ਰ ਆ ਰਹੀ ਹੈ।  ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਵੱਖੋ-ਵੱਖਰੇ ਤੌਰ ‘ਤੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਉੱਧਰ ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਣ ਮਗਰੋਂ ਰਾਤੋਂ-ਰਾਤ ਪੰਜਾਬ ਕਾਂਗਰਸ ਆਗੂਆਂ ਵਲੋਂ ਸਿੱਧੂ ਨਾਲ ਤੁਰਨ ਸਬੰਧੀ ਹਵਾ ਵੀ ਬਦਲੀ-ਬਦਲੀ ਦੇਖੀ ਜਾ ਰਹੀ ਹੈ। ਜਾਖੜ ਸਮੇਤ ਕਈ ਮੰਤਰੀ ਅਤੇ ਵੱਡੀ ਗਿਣਤੀ ‘ਚ ਵਿਧਾਇਕ ਨਵ-ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨਾਲ ਤੁਰ ਪਏ ਹਨ।  ਇਸ ਦੌਰਾਨ 35 ਤੋਂ ਜ਼ਿਆਦਾ ਵਿਧਾਇਕਾਂ ਸਮੇਤ ਮੰਤਰੀਆਂ ਵਲੋਂ ਸਿੱਧੂ ਨਾਲ ਬੜੇ ਜੋਸ਼ ਭਰੇ ਅੰਦਾਜ਼ ‘ਚ ਇਕਜੁਟਤਾ ਦਾ ਇਜ਼ਹਾਰ ਕੀਤਾ ਗਿਆ, ਜੋ ਇਕ ਤਰ੍ਹਾਂ ਨਾਲ ਸਿੱਧੂ ਦਾ ਪ੍ਰਧਾਨਗੀ ਮਿਲਣ ਦੇ ਪਹਿਲੇ ਹੀ ਦਿਨ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ । ਉੱਧਰ ਕੈਪਟਨ ਵੀ ਸਿਸਵਾਂ ਫਾਰਮ ਛੱਡ ਕੇ  ਆਪਣੀ ਸਰਕਾਰੀ ਰਿਹਾਇਸ਼ ‘ਤੇ ਆ ਪੁੱਜੇ ਜਿੱਥੇ ਉਨ੍ਹਾਂ ਆਪਣੇ ਖੇਮੇ ਦੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ, ਜਿਸ ਦੀ ਜਾਣਕਾਰੀ ਉਨ੍ਹਾਂ ਖ਼ੁਦ ਆਪਣੇ ਟਵਿੱਟਰ ਖਾਤੇ ਉਤੇ ਸਾਂਝੀ ਵੀ ਕੀਤੀ। ਕੈਪਟਨ ਅਤੇ ਸਿੱਧੂ ਵਲੋਂ ਅੱਜ ਵੱਖੋ-ਵੱਖਰੇ ਤੌਰ ‘ਤੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਸ਼ਕਤੀ ਪ੍ਰਦਰਸ਼ਨ ਕਰਨਾ, ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਕਾਂਗਰਸ ਦੇ ਸਿਆਸੀ ਵਿਰੋਧੀ ਬਾਗ਼ੋ-ਬਾਗ਼ ਦੱਸੇ ਜਾ ਰਹੇ ਹਨ। ਇਸ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਕੁਝ ਵਿਧਾਇਕ ਅਜਿਹੇ ਵੀ ਹਨ . ਜੋ ਦੋਵੇਂ ਪਾਸੇ ਆਪਣੀ ਹਾਜ਼ਰੀ ਲਵਾ ਸਿੱਧੂ ਅਤੇ ਕੈਪਟਨ ਦੋਵਾਂ ਨਾਲ ਖੜ੍ਹੇ ਹੋਣ ਦੀ ਹਾਮੀ ਭਰਦੇ ਦੇਖੇ ਗਏ। ਇਸ ਦੌਰਾਨ ਹਾਲਾਂਕਿ ਕੈਪਟਨ ਨਾਲ ਮੁਲਾਕਾਤ ਕਰਨ ਵਾਲੇ ਵਿਧਾਇਕਾਂ ਦੀ ਗਿਣਤੀ ਘੱਟ ਸੀ .ਉੱਧਰ ਕਾਂਗਰਸ ਭਵਨ ਵਿੱਚ  ਕੈਪਟਨ ਦਾ ਹੋਰਡਿੰਗ ਹਟਾ ਕੇ ਸਿੱਧੂ ਦੀ ਤਸਵੀਰ ਵਾਲਾ ਹੋਰਡਿੰਗ ਲਗਾ ਦਿੱਤਾ ਗਿਆ ਜਿਸ ਉੱਤੇ ‘‘ਆ ਗਿਆ ਸਿੱਧੂ ਸਰਦਾਰ‘‘ ਲਿਖਿਆ ਹੋਇਆ ਹੈ। । ਰਾਜਾ ਵੜਿੰਗ ਨੇ ਕਿਹਾ ਕਿ ਹੁਣ ਪੰਜਾਬ ਦੀ ਤਸਵੀਰ ਹੀ ਨਹੀਂ ਤਕਦੀਰ ਵੀ ਬਦਲੇਗੀ। ਉੱਧਰ ਕਾਂਗਰਸ ਪ੍ਰਧਾਨ ਬਣਦੇ ਹੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਿਤਾ ਭਗਵੰਤ ਸਿੰਘ ਦੀ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਤਸਵੀਰ ਨੂੰ ਸਾਂਝੀ ਕਰਦੇ ਹੋਏ ਟਵਿਟਰ ਉੱਤੇ ਲਿਖਿਆ ‘‘ਸਾਰਿਆਂ ਨਾਲ ਆਜ਼ਾਦੀ ਨੂੰ ਸਾਂਝਾ ਕਰਨ ਲਈ ਮੇਰੇ ਪਿਤਾ ਇਕ ਸ਼ਾਹੀ ਘਰਾਣਾ ਛੱਡ ਕੇ ਇਕ ਸਾਧਾਰਨ ਕਾਂਗਰਸ ਵਰਕਰ ਦੇ ਤੌਰ ‘ਤੇ ਆਜ਼ਾਦੀ ਸੰਗਰਾਮ ‘ਚ ਸ਼ਾਮਿਲ ਹੋਏ ਅਤੇ ਬਾਅਦ ਵਿਚ ਜ਼ਿਲ੍ਹਾ ਪ੍ਰਧਾਨ, ਵਿਧਾਇਕ ਅਤੇ ਐਡਵੋਕੇਟ ਜਨਰਲ ਬਣੇ।‘‘ ਇਹ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਇਹ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਉਹ ਸ਼ੁਰੂ ਤੋਂ ਕਾਂਗਰਸੀ ਹਨ। ਕੈਪਟਨ ਸਾਬ੍ਹ ਵੀ ਪੁਰਾਣਾ ਖਿਲਾੜੀ ਹੈ .ਕੈਪਟਨ ਹੁਣ ਕਿਹੜਾ ਦਾਅ ਮਾਰੇਗਾ ਜਿਸ ਨਾਲ ਸਿੱਧੂ ਦੀ ਵੱਧਦੀ ਲੋਕ ਪਿ੍ਰਅਤਾ ਘੱਟ ਸਕੇ ਤੇ ਕੈਪਟਨ ਕਿਲ੍ਹੇ ਨੂੰ ਢਾਹ ਨਾ ਲਗੇ  ਹੁਣ ਇਹ ਵੇਖਣਾ ਹੋਵੇਗਾ.ਕੀ  ਸਿੱਧੂ  ਪੰਜਾਬ ਵਾਸੀਆਂ ਦਾ ਦਿਲ ਜਿੱਤ ਸਕੇਗਾ ਕਿ ਨਹੀਂ .ਸਿੱਧੂ ਦੀ ਹੋ ਰਹੀ ਬੱਲੇ ਬੱਲੇ ਨੂੰ ਕੈਪਟਨ ਕਿਵੇਂ ਕਰੇਗਾ ਬਰਦਾਸ਼ਤ .ਇਹ ਆਉਣ ਵਾਲੇ ਦਿਨ ਹੀ ਦੱਸਣਗੇ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, (ਫਿਰੋਜ਼ਪੁਰ)
ਸੰਪਰਕ - 7589155501