ਰਜਿ: ਨੰ: PB/JL-124/2018-20
RNI Regd No. 23/1979

ਐਸੀ ਭੀ ਬੇਰੁਖ਼ੀ ਕਿਆ, ਕਿ ਸਲਾਮ ਤੱਕ ਨਾ ਪਹੁੰਚੇ

BY admin / July 20, 2021
ਜੇਕਰ ਕਿਸੇ ਨਾਲ ਮਿਲਕੇ ਚੱਲਣਾ ਹੋਵੇ ਤਾਂ ਆਪਣੀ ਹਸਤੀ ਨੂੰ ਭੁਲਾਉਣਾ ਜ਼ਰੂਰੀ ਹੈ। ਮਿਲਕੇ ਚੱਲਣ ਲਈ ਆਪਣੀ ਗੱਲ ਕਹਿਣ ਦੀ ਥਾਂ ਦੂਜੇ ਦੀ ਗੱਲ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਸਥਾਪਤ ਫਾਰਮੂਲਾ ਹੈ ਅਤੇ ਇਸ ਵਿੱਚ ਬਦਲਾਅ ਦੀ ਕੋਈ ਗੁੰਜਾਇਸ਼ ਨਹੀਂ। ਪੰਜਾਬ ਕਾਂਗਰਸ ਦੀ ਸਰਦਾਰੀ ਨਵਜੋਤ ਸਿੱਧੂ ਨੂੰ ਮਿਲਣ ਦੇ ਬਾਦ ਸਮਝਿਆ ਜਾ ਰਿਹਾ ਸੀ ਕਿ ਪਾਰਟੀ ਅਤੇ ਸਰਕਾਰ ਵਿੱਚ ਜੋ ਟਕਰਾਅ ਦੇ ਹਾਲਾਤ ਪੈਦਾ ਹੋ ਗਏ ਹਨ ਉਹਨਾਂ ਵਿੱਚ ਠੱਲ੍ਹ ਪੈਦਾ ਹੋਵੇਗੀ ਪਰ ਅਜਿਹਾ ਨਹੀਂ ਹੋਇਆ। ਇਸਦੇ ਉੁਲਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਆਪੋ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਕੇ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਦੀ ਆਮਦ ਨੂੰ ਪੰਜਾਬ ਵਿੱਚ ਵੱਡੇ ਬਦਲਾਅ ਦਾ ਸੰਕੇਤ ਸਮਝਕੇ ਛੋਟਾ-ਵੱਡਾ ਹਰ ਕਾਂਗਰਸੀ ਪੂਰੀ ਤਰ੍ਹਾਂ ਉਤਸ਼ਾਹਿਤ ਹੈ। ਇਸ ਸਬੰਧ ਵਿੱਚ ਜੇਕਰ ਇਸ ਤਰ੍ਹਾਂ ਕਿਹਾ ਜਾਵੇ ਕਿ ਕੱਲ ਤੱਕ ਜਿਹੜੇ ਲੀਡਰ ਕੈਪਟਨ ਸਿੰਘ ਦੀ ਨੇੜਤਾ ਦਾ ਨਿੱਘ ਮਾਣ ਰਹੇ ਸਨ ਉਹਨਾਂ ਦੀ ਸੋਚ ਉਪਰ ਸਿੱਧੂ ਦਾ ਪ੍ਰਭਾਵ ਹਾਵੀ ਹੰੁਦਾ ਜਾ ਰਿਹਾ ਹੈ ਤਾਂ ਗ਼ਲਤ ਨਹੀਂ ਹੋਵੇਗਾ। ਇਹੀ ਕਾਰਣ ਹੈ ਕਿ ਕੈਪਟਨ ਸਿੰਘ ਨੇ ਅੱਜ ਯਾਨੀ 21 ਜੁਲਾਈ ਨੂੰ ਪਾਰਟੀ ਲੀਡਰਾਂ ਦੀ ਦੁਪਹਿਰ ਦੇ ਖਾਣੇ ’ਤੇ ਜੋ ਮੀਟਿੰਗ ਬੁਲਾਈ ਸੀ ਉਹ ਰੱਦ ਕਰਨੀ ਪਈ ਕਿਉਂਕਿ ਮੀਟਿੰਗ ਵਿੱਚ ਜੇ ਲੀਡਰਾਂ ਦੀ ਗਿਣਤੀ ਘੱਟ ਹੁੰਦੀ ਤਾਂ ਇਸਦਾ ਕੀ ਮਤਲਬ ਹੁੰਦਾ, ਇਸਦੀ ਵਜ਼ਾਹਤ ਜ਼ਰੂਰੀ ਨਹੀਂ। ਇਸ ਵਿੱਚ ਦੋ ਰਾਵਾਂ ਨਹੀਂ ਕਿ ਨਵਜੋਤ ਸਿੱਧੂ ਇਸ ਲੜਾਈ ਵਿੱਚ ਸਫ਼ਲ ਹੋਏ ਹਨ ਅਤੇ ਵਕਤ ਉਹਨਾਂ ਦੇ ਨਾਲ ਹੈ। ਪਾਰਟੀ ਦਾ ਵੱਡਾ ਹਿੱਸਾ ਜੇ ਸਿੱਧੂ ਵੱਲ ਆਸਾਂ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ ਤਾਂ ਲੋਕਾਂ ਵਿੱਚ ਵੀ ਸੂਬੇ ਅੰਦਰ ਚਮਤਕਾਰੀ ਬਦਲਾਅ ਵੇਖਣ ਦੀ ਆਸ ਜਾਗ ਪਈ ਹੈ। ਸਿੱਧੂ ਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ, ਕਿਹਨਾ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਇਹ ਤਾਂ ਸਮਾਂ ਦੱਸੇਗਾ ਪਰ ਸਿੱਧੂ ਦਾ ਸਿਆਸੀ ਕੱਦ ਉੱਚਾ ਹੋਣ ਨਾਲ ਅਕਾਲੀ ਦਲ, ਖ਼ਾਸ ਤੌਰ ’ਤੇ ਬਾਦਲ ਪਰਿਵਾਰ ਵਿੱਚ ਜ਼ਰੂਰ ਚਿੰਤਾ ਪੈਦਾ ਹੋ ਗਈ ਹੈ। ਸਿੱਧੂ ਜਿਸ ਤਰ੍ਹਾਂ ਕੈਪਟਨ ਸਿੰਘ ਅਤੇ ਬਾਦਲਾਂ ਵਿਚਕਾਰ ਸੰਢਗੰਢ ਦਾ ਦੋਸ਼ ਲਗਾਉਂਦੇ ਰਹੇ ਹਨ ਉਹ ਹੁਣ ਤੱਕ ਤਾਂ ਸ਼ਬਦਾਂ ਤੱਕ ਸੀਮਤ ਸੀ ਪਰ ਹੁਣ ਸਿੱਧੂ ਦੀ ਪੁਜ਼ੀਸ਼ਨ ਮਜ਼ਬੂਤ ਹੋਣ ਨਾਲ ਬਾਦਲਾਂ ਦੁਆਲੇ ਬੇਅਦਬੀ ਕਾਂਡ ਦਾ ਸ਼ਿਕੰਜਾ ਜ਼ਰੂਰ ਕੱਸਿਆ ਜਾਵੇਗਾ। ਨਵੀਂ ਜਾਂਚ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿੱਚ ਹੁਣ ਤੇਜ਼ੀ ਆਵੇਗੀ ਅਤੇ ਚੋਣਾਂ ਤੋਂ ਪਹਿਲਾਂ ਸਿੱਧੂ, ਬਾਦਲਾਂ ਦੇ ਖ਼ਿਲਾਫ਼ ਆਪਣੀ ਰਣਨੀਤੀ ਨੂੰ ਹਰ ਹਾਲ ’ਚ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਗੇ। ਸਿੱਧੂ ਜਾਣਦੇ ਹਨ ਕਿ ਸਿੱਖ ਭਾਈਚਾਰਾ ਬਾਦਲਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਮੰਨਦਾ ਹੈ। ਹੁਣ ਤੱਕ ਜੇਕਰ ਬਾਦਲਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੋਈ ਤਾਂ ਬਕੌਲ ਸਿੱਧੂ ਇਸਦੇ ਲਈ ਕੈਪਟਨ ਸਿੰਘ ਜ਼ਿੰਮੇਵਾਰ ਹਨ। ਇਸ ਤਰ੍ਹਾਂ ਸਿੱਧੂ ਦੇ ਜਲਾਲ ਵਿੱਚ ਹੋਏ ਵਾਧੇ ਕਾਰਣ ਕਾਂਗਰਸੀਆਂ ਦੇ ਨਾਲ ਸਿੱਖ ਭਾਈਚਾਰਾ ਵੀ ਦਿਸਹੱਦੇ ਤੋਂ ਪਾਰ ਨਵੀਆਂ ਸੰਭਾਵਨਾਵਾਂ ਵੇਖ ਰਿਹਾ ਹੈ। ਵੇਖਿਆ ਜਾਵੇ ਤਾਂ ਨਵਜੋਤ ਸਿੰਧੂ ਜੋ ਕੁੱਝ ਕਰਨ ਬਾਰੇ ਸੋਚ ਰਹੇ ਹਨ ਇਸ ਵਿੱਚ ਉਹਨਾਂ ਦਾ ਆਪਣਾ ਕੋਈ ਹਿਤ ਨਹੀਂ। ਉਹ ਕੇਵਲ ਗ਼ਲਤ ਨੂੰ ਸਹੀ ਕਰਨਾ ਚਾਹੁੰਦੇ ਹਨ। ਪਾਰਟੀ ਅਤੇ ਸੂਬੇ ਦੇ ਭਲੇ ਲਈ ਜੇਕਰ ਕੋਈ ਅੱਗੇ ਆਇਆ ਹੈ ਜਾਂ ਲਿਆਂਦਾ ਗਿਆ ਹੈ ਤਾਂ ਉਹ ਸਾਰਿਆਂ ਦੇ ਸਹਿਯੋਗ ਦਾ ਹੱਕਦਾਰ ਹੈ। ਉਸਦੇ ਨਾਲ ਤਾਕਤ ਅਜ਼ਮਾਈ ਕਰਨਾ ਜਾਂ ਆਪਣੇ ਤਕਾਜ਼ਿਆਂ ਨੂੰ ਪਹਿਲ ਦੇਣਾ, ਬੇਸ਼ਕ ਰਾਜਨੀਤੀ ਦਾ ਹਿੱਸਾ ਹੈ ਪਰ ਜਦ ਪਰਿਵਰਤਨ ਦੀ ਹਨ੍ਹੇਰੀ ਆਪਣੇ ਨਾਲ ਸਭ ਕੁੱਝ ਉਡਾਕੇ ਲੈ ਜਾ ਰਹੀ ਹੋਵੇ ਉਸ ਵੇਲੇ ਤਕਾਜ਼ਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਕੈਪਟਨ ਸਿੰਘ ਨੂੰ ਬਦਲ ਰਹੇ ਹਾਲਾਤ, ਆਪਣੀ ਸੋਚ ਮੁਤਾਬਕ ਢਾਲਣ ਦੀ ਬਜਾਏ ਆਪਣੇ ਆਪ ਨੂੰ ਬਦਲਣਾ ਹੋਵੇਗਾ। ਉਹਨਾਂ ਨੂੰ ਇਕ ਬਜ਼ੁਰਗ ਨੇਤਾ ਦੀ ਹੈਸੀਅਤ ਵਿੱਚ ਸਿੱਧੂ ਦਾ ਮਾਰਗਦਰਸ਼ਕ ਬਣਕੇ ਆਪਸੀ ਰਿਸ਼ਤਿਆਂ ਨੂੰ ਨਵਾਂ ਮੋੜ ਦੇਣਾ ਚਾਹੀਦਾ ਹੈ।