ਰਜਿ: ਨੰ: PB/JL-124/2018-20
RNI Regd No. 23/1979

ਮੁੱਖ ਮੰਤਰੀ ਵੱਲੋਂ ਸ਼ਰਤਾਂ ਨਾਲ 26 ਜੁਲਾਈ ਤੋਂ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਐਲਾਨ
 
BY admin / July 20, 2021
ਚੰਡੀਗੜ, 20 ਜੁਲਾਈ, (ਰਾਜ ਕੁਮਾਰ ਵਰਮਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਬੰਧੀ ਰੋਕਾਂ ਵਿਚ ਕੁਝ ਹੋਰ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨਾਲ ਹੁਣ 26 ਜੁਲਾਈ ਤੋਂ ਦਸਵੀਂ, ਗਿਆਰਵੀਂ ਅਤੇ ਬਾਰਵੀਂ ਦੀਆਂ ਕਲਾਸਾਂ ਨਾਲ ਸਕੂਲ ਖੋਲੇ ਜਾ ਸਕਣਗੇ। ਇਸ ਦੇ ਨਾਲ ਹੀ ਅੰਦਰੂਨੀ ਇਕੱਠਾਂ ਲਈ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਧਾ ਕੇ 150 ਵਿਅਕਤੀ ਕਰਨ ਜਦਕਿ ਬਾਹਰੀ ਇਕੱਠਾਂ ਲਈ 300 ਕਰ ਦਿੱਤੀ ਗਈ ਹੈ, ਪਰ ਸਮਰੱਥਾ ਦੀ ਉਪਰਲੀ ਹੱਦ 50 ਫੀਸਦੀ ਤੱਕ ਰੱਖਣ ਦੀ ਸ਼ਰਤ ਹੋਵੇਗੀ। ਪੰਜਾਬ ਲਈ ਕੋਵਿਡ ਪਾਜੇਟਿਵਿਟੀ ਦਰ ਘਟ ਕੇ 0.3 ਫੀਸਦੀ ਤੱਕ ਹੋ ਜਾਣ ਅਤੇ ਮੁੜ ਪੈਦਾ ਹੋਣ ਦੀ ਗਿਣਤੀ 0.75 ਫੀਸਦੀ ਰਹਿਣ (ਕੌਮੀ ਔਸਤ ਨਾਲੋਂ ਘੱਟ) ਉਤੇ ਗੌਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਦਸਵੀਂ ਤੋਂ ਬਾਰਵੀਂ ਤੱਕ ਕਲਾਸਾਂ ਲਾਉਣ ਦੀ ਇਜਾਜਤ ਹੋਵੇਗੀ ਪਰ ਸਿਰਫ ਉਹੀ ਅਧਿਆਪਕ ਅਤੇ ਸਟਾਫ ਨੂੰ ਫਿਜੀਕਲੀ ਹਾਜਰ ਹੋਣ ਦੀ ਆਗਿਆ ਹੋਵੇਗੀ ਜਿਨਾਂ ਦਾ ਪੂਰੀ ਤਰਾਂ ਟੀਕਾਕਰਨ ਹੋਇਆ ਹੋਵੇ। ਉਨਾਂ ਨੇ ਆਦੇਸ਼ ਦਿੱਤਾ ਕਿ ਇਸ ਸਬੰਧ ਵਿਚ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਤੌਰ ਉਤੇ ਸੂਚਿਤ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਬਾਕੀ ਕਲਾਸਾਂ ਵੀ ਇਸੇ ਤਰਾਂ 2 ਅਗਸਤ, 2021 ਤੋਂ ਖੋਲਣ ਦੀ ਆਗਿਆ ਹੋਵੇਗੀ। ਉਨਾਂ ਨੇ ਅੱਗੇ ਕਿਹਾ ਕਿ ਕੈਂਬਰਿਜ ਯੂਨੀਵਰਸਿਟੀ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਂਦੇ ਹਫਤਿਆਂ ਵਿਚ ਕੇਸਾਂ ਵਿਚ ਹੋਰ ਕਮੀ ਆਵੇਗੀ। ਸਮਾਜਿਕ ਇਕੱਠਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਕਲਾਕਾਰਾਂ/ ਗਾਇਕਾਂ ਨੂੰ  ਅਜਿਹੇ ਸਮਾਗਮਾਂ/ਮੌਕਿਆਂ ਲਈ ਇਜਾਜਤ ਹੋਵੇਗੀ ਪਰ ਇਸ ਲਈ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ। ਮੁੱਖ ਮੰਤਰੀ ਵੱਲੋਂ ਬਾਰ, ਸਿਨੇਮਾ ਹਾਲਜ਼, ਰੈਸਟੋਰੈਂਟ, ਸਪਾਜ਼, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲਜ਼, ਮਿਊਜ਼ਮ, ਚਿੜੀਆਘਰ ਆਦਿ ਨੂੰ ਕੋਵਿਡ ਟੀਕਾਕਰਨ ਦੀ ਪਾਲਣਾ ਨੂੰ ਯਕੀਨੀ ਬਣਾ ਕੇ 50 ਫੀਸਦੀ ਸਮਰੱਥਾ ਨਾਲ ਖੋਲਣ ਦੇ ਦਿੱਤੇ ਗਏ ਹੁਕਮਾਂ ਤੋਂ ਕੁਝ ਦਿਨਾਂ ਬਾਅਦ ਅੱਜ ਇਹ ਰਾਹਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਉਚੇਰੀ ਸਿੱਖਿਆ ਦੇ ਹੋਰ ਸਾਰੀਆਂ ਸੰਸਥਾਵਾਂ ਨੂੰ ਵੀ ਅਜਿਹੀ ਹੀ ਪਾਲਣਾ ਨਾਲ ਖੋਲਣ ਦੀ ਇਜਾਜਤ ਦਿੱਤੀ ਸੀ। ਕੋਵਿਡ ਦੀ ਸਥਿਤੀ ਬਾਰੇ ਵਰਚੂਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਸਰੂਪ ਵਿਚ ਆਏ ਬਦਲਾਅ ਬਾਰੇ ਮਹੀਨਾਵਾਰ ਅੰਕੜਿਆਂ ਨੇ ਦਰਸਾਇਆ ਹੈ ਕਿ 90 ਫੀਸਦੀ ਤੋਂ ਵੱਧ ਵਾਇਰਸ ਦੀ ਕਿਸਮ ਚਿੰਤਾਜਨਕ ਹੈ ਕਿਉਂ ਜੋ ਮੂਲ ਵਾਇਰਸ ਵਿਵਹਾਰਕ ਤੌਰ ਉਤੇ ਹੋਰ ਕਿਸਮਾਂ ਵਿਚ ਬਦਲ ਚੁੱਕਾ ਹੈ ਅਤੇ ਜੂਨ ਮਹੀਨੇ ਵਿਚ ਵੀ ਡੈਲਟਾ ਨੇ ਜ਼ੋਰ ਫੜਿਆ ਹੋਇਆ ਸੀ। ਉਨਾਂ ਕਿਹਾ ਕਿ ਹਾਲਾਂਕਿ ਡੈਲਟਾ ਪਲੱਸ ਦਾ ਕੋਈ ਨਵਾਂ ਕੇਸ ਨਹੀਂ ਹੈ। ਪੰਜਾਬ ਵਿੱਚ ਟੀਕਾਕਰਨ ਦੀ ਇਕੱਲੀ ਦੂਜੀ ਖੁਰਾਕ ਲਈ 2 ਲੱਖ ਤੋਂ ਵੱਧ ਖੁਰਾਕਾਂ ਦੀ ਮੌਜੂਦਾ ਮੰਗ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਯੋਗ ਵਸੋਂ ਦੇ ਟੀਕਾਕਰਨ ਵਾਸਤੇ ਮੰਗਲਵਾਰ ਨੂੰ ਕੇਂਦਰ ਸਰਕਾਰ ਅੱਗੇ ਤੁਰੰਤ 40 ਲੱਖ ਖੁਰਾਕਾਂ ਦੀ ਮੰਗ ਰੱਖੀ ਹੈ। ਕੋਵਿਡ ਦੀ ਸਮੀਖਿਆ ਲਈ ਸੱਦੀ ਵਰਚੁਅਲ ਮੀਟਿੰਗ ਵਿੱਚ ਦੱਸਿਆ ਗਿਆ ਕਿ ਸੂਬੇ ਨੂੰ ਅੱਜ 2.46 ਲੱਖ ਖੁਰਾਕਾਂ ਮਿਲਣ ਦੀ ਸੰਭਾਵਨਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਟੀਕਿਆਂ ਦੀ ਸਪਲਾਈ ਘੱਟ ਹੈ। ਕੋਵੀਸ਼ੀਲਡ ਖਤਮ ਹੋ ਗਈ ਹੈ ਅਤੇ ਕੋਵੈਕਸੀਨ ਦੀਆਂ ਸੋਮਵਾਰ ਨੂੰ ਸਿਰਫ 3500 ਖੁਰਾਕਾਂ ਬਚੀਆਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ 90 ਲੱਖ ਤੋਂ ਵੱਧ ਯੋਗ ਵਿਅਕਤੀਆਂ (ਯੋਗ ਵਸੋਂ ਦਾ ਕਰੀਬ 37 ਫੀਸਦੀ) ਨੇ ਟੀਕਾ ਲਗਾ ਲਿਆ ਹੈ ਅਤੇ ਸਾਰਾ ਸਟਾਕ ਬਿਨਾਂ ਕੋਈ ਵਿਅਰਥ ਗੁਆਏ ਵਰਤਿਆ ਗਿਆ। ਪਹਿਲੀ ਖੁਰਾਕ 75 ਲੱਖ ਲੋਕਾਂ ਵੱਲੋਂ ਲਗਾਈ ਗਈ ਹੈ ਜਦੋਂ ਕਿ ਦੂਜੀ ਖੁਰਾਕ 15 ਲੱਖ ਲੋਕਾਂ ਨੇ ਲਗਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਪਲਾਈ ਦੀ ਘਾਟ ਪੂਰੀ ਕਰਨ ਲਈ ਕੇਂਦਰ ਨੂੰ ਸੂਬੇ ਵਾਸਤੇ ਟੀਕਿਆਂ ਦੀ ਤੁਰੰਤ ਡਲਿਵਰੀ ਦਾ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਜਿਨਾਂ ਨੂੰ ਦੂਜੀ ਖੁਰਾਕ ਦੀ ਲੋੜ ਹੈ, ਉਨਾਂ ਦੇ ਟੀਕੇ ਲਗਾਏ ਜਾਣ ਜਦੋਂ ਕਿ ਹੋਰ ਯੋਗ ਵਿਅਕਤੀਆਂ ਲਈ ਵੀ ਟੀਕਾਕਰਨ ਜਾਰੀ ਰੱਖਿਆ ਜਾ ਸਕੇ। ਸਿਹਤ ਸਕੱਤਰ ਹੁਸਨ ਲਾਲ ਨੇ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕੀਤੀ ਖੁਰਾਕਾਂ ਦੀ ਸਪਲਾਈ ਖਰਾਬ ਹੋ ਰਹੀ ਹੈ ਕਿਉ ਜੋ ਲੋਕ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਟੀਕਾਕਰਨ ਨੂੰ ਪਹਿਲ ਦੇ ਰਹੇ ਹਨ, ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਸੂਬੇ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਸਟਾਕ ਤਬਦੀਲ ਕਰਨ ਦੀ ਮੰਗ ਕੀਤੀ ਸੀ ਪਰ ਹਾਲੇ ਤੱਕ ਕੇਂਦਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।