ਰਜਿ: ਨੰ: PB/JL-124/2018-20
RNI Regd No. 23/1979

ਸਕੂਲ ਤੇ ਕਾਲਜ ਵਿੱਦਿਆ ਨੂੰ ਕਿੱਤਾਮੁਖੀ ਬਣਾ ਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਤੇ ਆਤਮ-ਨਿਰਭਰ ਬਣਾਇਆ ਜਾਵੇ
 
BY admin / July 21, 2021
ਨੌਜਵਾਨਾਂ ’ਚ ਬੇਰੁਜ਼ਗਾਰੀ  ਨੇ ਪੂਰੀ ਦੁਨੀਆ ਨੂੰ ਲਪੇਟ ’ਚ ਲਿਆ ਹੋਇਆ ਹੈ। ਦੁਨੀਆ ਦੇ ਹਰ ਮੁਲਕ ’ਚ ਪੜ੍ਹੇ-ਲਿਖੇ ਹੋ ਕੇ ਵੀ ਜ਼ਿਆਦਾਤਰ ਨੌਜਵਾਨ ਨਿਰਾਸ਼ਾ ਦੇ ਆਲਮ ’ਚ ਜੁਰਮ, ਨਸ਼ਿਆਂ ਤੇ ਖ਼ੁਦਕੁਸ਼ੀਆਂ ਦੀ ਦਲਦਲ ’ਚ ਧੱਸਦੇ ਜਾ ਰਹੇ ਹਨ। ਵੱਖ-ਵੱਖ ਮੁਲਕਾਂ ’ਚ ਬੇਰੁਜ਼ਗਾਰੀ ਦੇ ਕਾਰਨ ਵੱਖ-ਵੱਖ ਹਨ। ਕਿਧਰੇ ਵੱਧਦੀ ਵੱਸੋਂ, ਕਿਧਰੇ ਉੱਚਾ ਹੁੰਦਾ ਅਕਾਦਮਿਕ ਪੱਧਰ, ਵਿਸ਼ਵ-ਵਿਆਪੀ ਮੰਦੀ ਤੇ ਕਿਧਰੇ ਸੱਤਾਧਾਰੀ ਧਿਰ ਦੀਆਂ ਅਸਫਲ ਆਰਥਿਕ ਤੇ ਉਦਯੋਗਿਕ ਨੀਤੀਆਂ ਵੱਧਦੀ ਬੇਕਾਰੀ ਦਾ ਕਾਰਨ ਹੋ ਨਿੱਬੜੀਆਂ ਹਨ। ਸਮੂਹ ਮੁਲਕਾਂ ਦੇ ਨੁਮਾਇੰਦਿਆਂ ਦਾ ਇਕੱਠ ਕਰ ਕੇ ਬਣਾਏ ਗਏ ਵਿਸ਼ਵ ਪੱਧਰੀ ਸੰਗਠਨ ਸੰਯੁਕਤ ਰਾਸ਼ਟਰ ਸੰਘ ਨੂੰ ਇਸ ਵਿਸ਼ਵ-ਵਿਆਪੀ ਸਮੱਸਿਆ ਦੀ ਭਾਰੀ ਚਿੰਤਾ ਹੈ ਤੇ ਇਸੇ ਚਿੰਤਾ ਤਹਿਤ 2014 ’ਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ ਹਰ ਸਾਲ 15 ਜੁਲਾਈ ਨੂੰ ‘ਵਿਸ਼ਵ ਯੂਥ ਸਕਿੱਲਜ਼ ਡੇਅ’ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਹਰ ਸਾਲ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਉੱਦਮ ਕੀਤੇ ਜਾ ਸਕਣ ਤੇ ਲੋੜੀਂਦੇ ਕਦਮ ਚੁੱਕੇ ਜਾ ਸਕਣ।
ਇਸ ਦਿਵਸ ਮੌਕੇ ਵਿਸ਼ਵ ਪੱਧਰ ’ਤੇ ਨੌਜਵਾਨਾਂ, ਤਕਨੀਕੀ ਤੇ ਕਿੱਤਾਮੁਖੀ ਸਿੱਖਿਆ ਸੰਸਥਾਵਾਂ, ਨੌਕਰੀਦਾਤਾ ਸੰਗਠਨਾਂ ਤੇ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਨੀਤੀਘਾੜਿਆਂ ਦਰਮਿਆਨ ਸੰਵਾਦ ਰਚਾਇਆ ਜਾਂਦਾ ਹੈ ਤੇ ਬੇਕਾਰੀ ਨੂੰ ਠੱਲ੍ਹ ਪਾਉਣ ਹਿੱਤ ਰਸਤੇ ਕੱਢੇ ਜਾਂਦੇ ਹਨ। ਕੌੜਾ ਸੱਚ ਇਹ ਵੀ ਹੈ ਕਿ ਕੋਵਿਡ-19 ਦੁਆਰਾ ਸਾਲ 2020 ਤੋਂ ਦੁਨੀਆਂ ਭਰ ’ਚ ਮਚਾਈ ਗਈ ਤਬਾਹੀ ਨੇ ਬੇਰੁਜ਼ਗਾਰਾਂ ਦੀ ਸੰਖਿਆ ’ਚ ਭਾਰੀ ਵਾਧਾ ਕਰਦਿਆਂ ਬੇਕਾਰੀ ਘੱਟ ਕਰਨ ਦੇ ਸਾਰੇ ਯਤਨਾਂ ’ਤੇ ਪਾਣੀ ਫੇਰ ਦਿੱਤਾ ਹੈ। ਹਾਲਾਤ ਠੀਕ ਹੋਣ ’ਚ ਜਿੰਨਾ ਜ਼ਿਆਦਾ ਵਕਤ ਲੱਗ ਰਿਹਾ ਹੈ, ਬੇਕਾਰੀ ਦੇ ਕਾਲੇ ਨਾਗ ਦਾ ਡੰਗ ਓਨਾ ਹੀ ਤਿੱਖਾ ਹੁੰਦਾ ਜਾ ਰਿਹਾ ਹੈ।
ਦਰਅਸਲ ਸੰਯੁਕਤ ਰਾਸ਼ਟਰ ਸੰਘ ਦਾ ਇਹ ਮੰਨਣਾ ਹੈ ਕਿ ਬਦਲਦੀਆਂ ਵਿੱਦਿਅਕ ਨੀਤੀਆਂ ਤੇ ਸਮਾਜਿਕ ਹਾਲਾਤਾਂ ਦੇ ਮੱਦੇਨਜ਼ਰ ਹਰ ਪੜ੍ਹੇ-ਲਿਖੇ ਨੌਜਵਾਨ ਨੂੰ ਸਰਕਾਰੀ ਜਾਂ ਨਿੱਜੀ ਖੇਤਰ ’ਚ ਨੌਕਰੀਆਂ ਮੁਹੱਈਆ ਕਰਵਾਉਣਾ ਕਿਸੇ ਵੀ ਮੁਲਕ ਲਈ ਸੰਭਵ ਨਹੀਂ ਹੈ। ਇਸ ਲਈ ਹਰ ਮੁਲਕ ਨੂੰ ਸਕੂਲੀ ਤੇ ਕਾਲਜੀ ਵਿੱਦਿਆ ਨੂੰ ਤਕਨੀਕੀ ਤੇ ਕਿੱਤਾਮੁਖੀ ਬਣਾਉਣਾ ਪਵੇਗਾ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਲਈ ਲੱਗੀਆਂ ਲੰਮੀਆਂ ਕਤਾਰਾਂ ’ਚੋਂ ਕੱਢ ਕੇ ਸਵੈ-ਰੁਜ਼ਗਾਰ ਤੇ ਆਤਮ-ਨਿਰਭਰਤਾ ਵੱਲ ਤੋਰਿਆ ਜਾ ਸਕੇ। 2016 ’ਚ ਦੁਨੀਆ ਭਰ ਅੰਦਰ ਚੰਗੀ ਸਿੱਖਿਆ, ਸਿਖਲਾਈ ਤੇ ਢੁੱਕਵੇਂ ਰੁਜ਼ਗਾਰ ਤੋਂ ਵਾਂਝੇ ਨੌਜਵਾਨਾਂ ਦੀ ਸੰਖਿਆ 259 ਮਿਲੀਅਨ ਸੀ, ਜੋ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2021 ’ਚ ਵੱਧ ਕੇ 273 ਮਿਲੀਅਨ ਹੋ ਚੁੱਕੀ ਹੈ। ਇਕ ਸਰਵੇਖਣ ਅਨੁਸਾਰ 1997 ਤੋਂ ਲੈ ਕੇ 2017 ਤਕ ਦੇ 20 ਸਾਲਾਂ ’ਚ ਨੌਜਵਾਨਾਂ ਦੀ ਸੰਖਿਆ ’ਚ 139 ਮਿਲੀਅਨ ਦਾ ਵਾਧਾ ਹੋਇਆ ਸੀ, ਜਦੋਂਕਿ ਰੁਜ਼ਗਾਰ ’ਤੇ ਲੱਗੇ ਨੌਜਵਾਨਾਂ ਦੀ ਸੰਖਿਆ ’ਚ 58.7 ਮਿਲੀਅਨ ਗਿਰਾਵਟ ਦਰਜ ਕੀਤੀ ਗਈ ਸੀ।
ਵਿਜੈ ਗਰਗ
ਸਾਬਕਾ ਪੀਈਐਸ-1
ਸੇਵਾ ਮੁਕਤ ਪਿ੍ੰਸਪਲ, ਮਲੋਟ