ਰਜਿ: ਨੰ: PB/JL-124/2018-20
RNI Regd No. 23/1979

ਕਈ ਮਹੀਨਿਆਂ ਬਾਅਦ ਫਿਰ ਲੱਗਣਗੀਆਂ ਸਕੂਲਾਂ ਵਿੱਚ ਬੱਚਿਆਂ ਦੀਆਂ ਰੌਣਕਾਂ

BY admin / July 21, 2021
(10ਵੀਂ ਤੋਂ 12ਵੀਂ ਤੱਕ ਸਕੂਲ 26 ਜੁਲਾਈ ਤੋਂ ਖੁਲਣਗੇ)
(ਪ੍ਰੀ ਪ੍ਰਾਇਮਰੀ ਤੋਂ ਨੌਵੀਂ ਤੱਕ ਦੇ ਸਕੂਲ ਵੀ ਜਲਦੀ ਖੋਲਣ ਦੀ ਮੰਗ)
(ਜੇ ਸਭ ਕੁਝ ਠੀਕ ਰਿਹਾ ਤਾਂ 2 ਅਗਸਤ ਤੋਂ ਖੁਲਣਗੇ ਸਾਰੀਆਂ ਜਮਾਤਾਂ ਦੇ ਸਕੂਲ)
ਕਰੋਨਾ ਮਹਾਂਮਾਰੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਬੰਦ ਪਏ ਸਮੂਹ ਪਾ੍ਰਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਫਿਰ ਤੋਂ ਵਿਦਿਆਰਥੀਆਂ ਦੀਆਂ ਰੌਣਕਾਂ ਲੱਗਣਗੀਆਂ। ਜਿਸ ਕਰਕੇ  ਸਕੂਲਾਂ ਵਿੱਚ ਸੰੁਨੇ ਪਏ ਵਿਹੜੇ, ਦਰੱਖਤ, ਫੁੱਲ, ਕਮਰੇ, ਬਿਲਡਿੰਗਾਂ,ਗਰਾਊਂਡ, ਕੰਧਾਂ ਤੇ ਫਿਰ ਤੋਂ ਬਹਾਰ ਆਵੇਗੀ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 10ਵੀਂ ਤੋਂ ਬਾਰਵੀਂ ਜਮਾਤ ਤੱਕ ਸਮੂਹ ਸਕੂਲ 26 ਜੁਲਾਈ 2021 ਤੋਂ ਸਵੇਰੇ 8 ਵਜੇ ਤੋ ਦੁਪਿਹਰ 2 ਵਜੇ ਤੱਕ ਖੋਲਣ ਦੇ ਫੈਸਲੇ ਦਾ ਸਭ ਨੇ ਸਵਾਗਤ ਕੀਤਾ ਹੈ, ਅਗਰ ਸਭ ਕੁਝ ਠੀਕ ਠਾਕ ਰਿਹਾ ਤਾਂ ਬਾਕੀ ਸਾਰੀਆਂ ਜਮਾਤਾਂ ਦੇ ਸਕੂਲ ਵੀ 2 ਅਗਸਤ 2021 ਤੋਂ ਖੋਲਣ ਦਾ ਐਲਾਨ ਕੀਤਾ। ਹਰ ਇੱਕ ਵਿਦਿਆਰਥੀ, ਮਾਪੇ, ਆਮ ਲੋਕਾਂ ਅਤੇ ਅਧਿਆਪਕਾਂ ਨੇ ਸਰਕਾਰ ਦੇ ਇਸ ਫੈਸਲੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਸਮੁੱਚੇ ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਦਾ ਹੁਣ ਬਿਲਕੁਲ ਖਾਤਮਾ ਹੋਵੇ ਅਤੇ ਦੁਆਰਾ ਕਦੇ ਵੀ ਇਸ ਤਰਾਂ ਦੀ ਆਫ਼ਤ ਨਾਂ ਆਵੇ। ਵਿਦਿਆਰਥੀਆਂ ਨੂੰ ਮਾਪਿਆਂ ਤੋਂ ਲਿਖਤੀ ਰੂਪ ਵਿੱਚ ਸਕੂਲ ਆਉਣ ਦੀ ਸਹਿਮਤੀ ਉਪਰੰਤ ਹੀ ਕਲਾਸਾਂ ਲਗਾਉਣ ਦੀ ਆਗਿਆ ਹੋਵੇਗੀ। 
ਹੁਣ ਪੂਰੇ ਦੇਸ਼ ਅੰਦਰ ਕਿਉਂਕਿ ਲਗਭਗ ਸਭ ਕੰਮ ਕਾਰ ਸ਼ੁਰੂ ਹੋ ਚੁੱਕੇ ਸਨ, ਸਿਰਫ਼ ਸਕੂਲ ਹੀ ਬੰਦ ਸਨ ਜਿਸ ਕਾਰਨ ਲੋਕ ਚਾਹੁੰਦੇ ਸਨ ਕਿ ਸਕੂਲ ਵੀ ਜਲਦੀ ਖੋਲੇ ਜਾਣ, ਹੁਣ ਸਰਕਾਰ ਵੱਲੋਂ ਸਕੂਲ ਖੋਲਣ ਦੇ ਐਲਾਨ ਨਾਲ ਹਰ ਇੱਕ ਪੰਜਾਬੀ ਦੇ ਚਿਹਰੇ ਤੇ ਖੁਸ਼ੀ ਆਈ ਹੈ, ਵਿਦਿਆਰਥੀ ਅਤੇ ਮਾਪੇ ਬਹੁਤ ਹੀ ਖੁਸ਼ ਹਨ ਕਿ ਉਹਨਾਂ ਨੂੰ ਸਕੂਲਾਂ ਵਿੱਚ ਹਾਜਰ ਹੋ ਕੇ, ਦੋਸਤਾਂ ਨੂੰ, ਅਧਿਆਪਕਾਂ ਨੂੰ ਮਿਲਕੇ ਸਿੱਖਿਆ ਗ੍ਰਹਿਣ ਕਰਨ ਦਾ ਅਵਸਰ ਮਿਲੇਗਾ। ਹੁਣ ਮਾਪੇ ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਤਿਆਰ ਬੈਠੇ ਹਨ। ਇਸੇ ਤਰਾਂ ਸਰਕਾਰ ਨੂੰ ਨਰਸਰੀ ਜਮਾਤ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਸਕੂਲ ਜਲਦੀ ਖੋਲਣ ਦਾ ਐਲਾਨ ਕਰਨਾ ਚਾਹੀਦਾ ਹੈ ਕਿਉਂਕਿ ਹਰ ਇਕ ਇਨਸਾਨ, ਮਾਪੇ, ਬੱਚੇ ਕਰੋਨਾ ਮਹਾਂਮਾਰੀ ਦੇ ਭੈਅ ਤੋਂ ਘਰ ਬੈਠ ਕੇ ਅੱਕ ਚੁੱਕੇ ਹਨ। ਸਭ ਸੂਝਵਾਨ ਹਨ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈੇ ਬੱਚਿਆਂ ਦੇ ਮਾਸਕ ਲਗਾ ਕੇ, ਸੈਨੇਟਾਈਜਰ ਆਦਿ ਦੇ ਕੇ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਗੇ ।
ਵਿਕਸਿਤ ਦੇਸ਼ਾਂ ਨੇ ਮਹਾਂਮਾਰੀ ਦੇ ਨਾਲ ਨਿਪਟਦਿਆਂ ਇਹ ਯਕੀਨੀ ਬਣਾਇਆ ਕਿ ਕਿਸੇ ਵੀ ਹਾਲਤ ਵਿੱਚ ਸਕੂਲ ਬੰਦ ਨਹੀਂ ਹੋਣੇ ਚਾਹੀਦੇ। ਬਹੁਤੇ ਮੁਲਕਾਂ ਵਿੱਚ ਸਕੂਲ ਪਹਿਲਾਂ ਹੀ ਖੁੱਲੇ ਹੋਏ ਨੇ ਕਿਉਂਕਿ ਸਾਇੰਸਦਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਕਰੋਨਾ ਦੇ ਛੋਟੇ ਬੱਚਿਆਂ ਤੇ ਪ੍ਰਭਾਵ ਨਾਂ-ਮਾਤਰ ਹਨ। ਕੁੁਝ ਕੁੁ ਨੂੰ ਛੱਡ ਕੇ ਬਹੁੁਤੇ ਲੋਕ ਸਮਾਜਿਕ ਤੌਰ ਤੇ ਇਹ ਸਮਝਦੇ ਹਨ ਕਿ ਬੱਚਿਆਂ ਨੂੰ ਸਕੂਲੋਂ ਬਾਹਰ ਰੱਖਣ ਦੇ ਨਤੀਜੇ ਕਰੋਨਾ ਦੇ ਅਸਰ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੋਣਗੇ। ਜੇ ਬੱਚੇ ਮੱੁਢਲੀ ਪੜਾਈ ਨਾਲ਼ੋਂ ਇਕ ਵਾਰ ਟੱੁਟ ਗਏ ਤਾਂ ਸ਼ਾਇਦ ਦੁੁਬਾਰਾ ਜੋੜਨਾ ਸੰਭਵ ਨਾ ਹੋਵੇ ਤੇ ਆਉਣ ਵਾਲੇ ਦਹਾਕਿਆਂ ਵਿੱਚ ਇਸਦੇ ਅਸਰ ਆਰਥਿਕ ਬਹਾਲੀ ਤੇ ਸਿੱਧੇ ਦਿਸਣਗੇ। ਆਨਲਾਈਨ ਪੜਾਈ ਲਈ ਮਜਬੂਰਨ ਵਿਦਿਆਰਥੀ ਮੋਬਾਇਲ ਫੋਨਾਂ ਦੇ ਆਦੀ ਹੋ ਗਏ ਨਤੀਜੇ ਵਜੋਂ ਕਈਆਂ ਦੇ ਐਨਕਾਂ ਲੱਗ ਗਈਆਂ, ਕਈ ਬੱਚੇ ਗਲਤ ਆਦਤਾਂ ਦੇ ਸ਼ਿਕਾਰ ਹੋ ਗਏ। 
ਅੱਜ ਪੰਜਾਬ ਦੇ ਭਖਦੇ ਮੱੁਦਿਆਂ ਤੇ ਬਹੁੁਤ ਸਾਰੀਆਂ ਆਨਲਾਈਨ ਵਿਚਾਰ ਚਰਚਾਵਾਂ ਹੋ ਰਹੀਆਂ ਹਨ ਪਰ ਮੈਨੂੰ ਇਹ ਦੇਖ ਕੇ ਹੈਰਾਨੀ ਹੰੁਦੀ ਹੈ ਅਜੇ ਤੱਕ ਪੰਜਾਬ ਦੇ ਬੱੁਧੀ-ਜੀਵੀਆਂ ਨੇ ਸਕੂਲ ਬੰਦ ਦੇ ਮਸਲੇ ਤੇ ਕੋਈ ਵੱਡੇ ਪੱਧਰ ਤੇ ਸੰਵਾਦ ਨਹੀਂ ਰਚਾਇਆ। 
ਮੈਂ ਖ਼ਾਸ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆ ਲਈ ਫਿਕਰਮੰਦ ਹਾਂ ਜਿੰਨਾ ਦੇ ਦਿਹਾੜੀਦਾਰ ਮਾਂ ਪਿਓ ਇੰਟਰਨੈਟ ਰਾਹੀਂ ਬੱਚਿਆਂ ਨੂੰ ਨਹੀਂ ਪੜਾ ਸਕਦੇ। ਇਹ ਬੱਚੇ ਅਕਸਰ ਘਰਾਂ ਵਿੱਚ ਇੰਟਰਨੈੱਟ ਤੇ ਟੈਬਲੇਟਸ ਜਾਂ ਲੈਪਟਾਪ ਅਤੇ ਮੋਬਾਇਲ ਫੋਨਾਂ ਤੋਂ ਵਾਂਝੇ ਹਨ। ਬੇਸ਼ੱਕ ਸਰਕਾਰ ਵੱਲੋਂ ਬਾਰਵੀਂ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡ ਕੇ ਵਧੀਆ ਉਪਰਾਲਾ ਕੀਤਾ ਹੈ ਪਰ ਬਾਕੀ ਜਮਾਤਾਂ ਦੇ ਗਰੀਬ ਬੱਚੇ ਅਜੇ ਵੀ ਮੋਬਾਇਲਾਂ ਆਦਿ ਤੋਂ ਵਾਂਝੇ ਹਨ। ਉਹਨਾਂ ਤੇ ਸਕੂਲ ਬੰਦ ਹੋਣ ਦੇ ਲੰਮੇਰੇ ਪ੍ਰਭਾਵ ਪੈਣਗੇ। ਜੇ ਇਸ ਪਾਸੇ ਅਸੀਂ ਧਿਆਨ ਨਾ ਦਿੱਤਾ ਤਾਂ ਬਹੁੁਤੇ ਬੱਚੇ ਪੱਕੇ ਤੋਰ ਤੇ ਸਕੂਲ ਛੱਡ ਘਰਾਂ ਜਾਂ ਬਾਹਰ ਦੇ ਕੰਮਾਂ ਕਾਰਾਂ ਵਿੱਚ ਲੱਗ ਜਾਣਗੇ ਤੇ ਪੜਾਈ ਤੋਂ ਵਾਂਝੇ ਰਹਿ ਜਾਣਗੇ। ਮੈਂ ਅਧਿਆਪਕ ਵਰਗ ਦੀ ਬਹੁੁਤ ਕਦਰ ਕਰਦਾਂ, ਮੈਂ ਖ਼ੁੁਦ ਸਰਕਾਰੀ ਅਧਿਆਪਕ ਹਾਂ। ਮੈਨੂੰ ਇਹ ਵੀ ਪਤਾ ਕਿ ਕਰੋਨਾ ਮਹਾਂਮਾਰੀ ਦੋਰਾਨ ਸਰਕਾਰ ਨੇ ਅਧਿਆਪਕਾਂ ਨੂੰ ਬਹੁੁਤ ਮਸ਼ਰੂਫ ਰੱਖਿਆ ਗਿਆ, ਵਿਦਿਆਰਥੀ ਸਕੂਲਾਂ ਵਿੱਚ ਨਾਂ ਹੋਣ ਦੇ ਬਾਵਜੂਦ ਸਰਕਾਰ ਦੇ ਹੁਕਮਾਂ ਅਨੁਸਾਰ ਅਧਿਆਪਕ ਲਗਾਤਾਰ ਹੀ ਸਕੂਲਾਂ ਵਿੱਚ ਆਪਣੀ ਡਿਊਟੀ ਤੇ ਆ ਰਹੇ ਹਨ। ਆਨਲਾਈਨ ਪੜਾਈ ਵੀ ਸਰਕਾਰ ਦੇ ਹੁਕਮਾਂ ਅਨੁਸਾਰ ਅਧਿਆਪਕਾਂ ਵੱਲੋਂ ਜਾਰੀ ਰੱਖੀ ਗਈ ਤਾਂ ਕਿ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾਂ ਹੋਵੇ ਜੋ ਕਿ ਹੁਣ ਵੀ ਜਾਰੀ ਰਹੇਗੀ। ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਅਧਿਆਪਕ ਵਿਭਾਗ ਦੇ ਕੰਮਾਂ ਲਈ ਅਤੇ ਆਨਲਾਈ ਐਕਟੀਵਿਟੀਆਂ ਵਿਦਿਆਰਥੀਆਂ ਤੋਂ ਕਰਵਾਉਣ ਵਿੱਚ ਰੁੱਝੇ ਰਹੇ। ਪਰ ਇਹ ਅਸੀਂ ਸਭ ਭਲੀ ਭਾਂਤ ਜਾਣਦੇ ਹਾਂ ਕਿ ਆਨਲਾਈਨ ਪੜਾਈ ਦਾ ਲਾਭ ਸਿਰਫ 50 ਤੋਂ 60% ਫੀਸਦੀ ਵਿਦਿਆਰਥੀ ਹੀ ਬੜੀ ਮੁਸ਼ਕਲ ਨਾਲ ਲੈ ਪਾਏ ਹਨ, ਜੋ ਬੱਚੇ ਆਰਥਿਕ ਪੱਖੋਂ ਤੇ ਪੜਾਈ ਪੱਖੋਂ ਕਮਜ਼ੋਰ ਹਨ ਉਹਨਾਂ ਦਾ ਬਹੁਤ ਹੀ ਜਿਆਦਾ ਪੜਾਈ ਦਾ ਨੁਕਸਾਨ ਹੋਇਆ ਹੈ। 
ਮੈਂ 2020-21 ਅਤੇ 2021-22 ਸੈਸ਼ਨਾਂ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਗਿਣਤੀ ਦੇਖ ਰਿਹਾ ਸੀ ਤਾਂ ਇਹ ਦੇਖ ਕੇ ਚੰਗਾ ਲੱਗਾ ਕਿ ਸਰਕਾਰੀ ਸਕੂਲਾਂ ਵਿੱਚ ਇਸ ਵਾਰ ਗਿਣਤੀ ਵਧੀ ਹੈ, ਲੋਕ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਰੱੁਖ ਕਰ ਰਹੇ ਹਨ। ਸਿੱਖਿਆ ਵਿਭਾਗ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣ ਲਈ ਭਰਭੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਦੀ ਸਖਤ ਮਿਹਨਤ ਅਤੇ ਹਿੰਮਤ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਭਾਰਤ ਦਾ ਨੰਬਰ ਇੱਕ ਸੂਬਾ ਚੁਣਿਆ ਗਿਆ ਹੈ ਜਿਸ ਲਈ ਸਭ ਅਧਿਆਪਕ ਵਧਾਈ ਦੇ ਪਾਤਰ ਹਨ। ਲਾਕ ਡਾਊਨ ਦੌਰਾਨ ਵੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਆਨਲਾਈਨ ਅਤੇ ਡੀ ਡੀ ਪੰਜਾਬੀ ਚੈਨਲ ਰਾਹੀਂ ਵੱਖ ਵੱਖ ਵਿਸ਼ਿਆਂ ਦੀ ਪੜਾਈ ਨੂੰ ਜਾਰੀ ਰੱਖਿਆ ਗਿਆ ਜਿਸ ਦਾ ਲਾਭ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਵੀ ਲਿਆ। ਅਧਿਆਪਕਾਂ ਵੱਲੋਂ ਜੂਮ ਐਪ ਦੇ ਮਾਧਿਅਮ ਨਾਲ ਵੀ ਆਨਲਾਈਨ ਕਲਾਸਾਂ ਲਗਾਈਆਂ ਗਈਆ ਅਤੇ ਆਨਲਾਈਨ ਟੈਸਟ ਵੀ ਲਏ ਗਏ ਤਾਂ ਕਿ ਬੱਚੇ ਪੜਾਈ ਨਾਲ ਜੁੜੇ ਰਹਿਣ। 
ਆਓ ਸਾਰੇ ਹਿੰਮਤ ਕਰੀਏ ਕਿ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਸਾਰੀਆਂ ਜਮਾਤਾਂ ਦੀ ਪੜਾਈ ਪਹਿਲਾਂ ਦੀ ਤਰਾਂ ਬਹਾਲ ਕਰ ਸਕੀਏ। ਸਮੂਹ ਮਾਪੇ ਤੇ ਵਿਦਿਆਰਥੀ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਸਹਿਯੋਗ ਦੇਣ, ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਦੇ ਹੋਏ ਮਾਸਕ ਆਦਿ ਪਹਿਣ ਕੇ ਹੀ ਸਕੂਲ ਜਾਣ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣ, ਸੈਨੇਟਾਈਜਰ ਦੀ ਵਰਤੋਂ ਯਕੀਨੀ ਬਣਾਉਣ, ਅਧਿਆਪਕਾਂ ਤੋਂ ਵਧੀਆ ਢੰਗ ਨਾਲ ਸਿੱਖਿਆ ਗ੍ਰਹਿਣ ਕਰਕੇ ਸਿੱਖਿਆ ਵਿਭਾਗ ਦੇ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਕਾਮਯਾਬ ਕਰਨ। 
ਪ੍ਰਮੋਦ ਧੀਰ (ਜੈਤੋ)
ਕੰਪਿਊਟਰ ਅਧਿਆਪਕ
ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਸੰਪਰਕ - 98550-31081