ਰਜਿ: ਨੰ: PB/JL-124/2018-20
RNI Regd No. 23/1979

ਸੰਸਦ ਦੀ ਗਰਿਮਾ ਫਿਰ ਖ਼ਤਰੇ ਵਿੱਚ

BY admin / July 21, 2021
ਪਾਰਲੀਮੈਂਟ ਦਾ ਬਰਖਾ ਰੁੱਤ ਸਮਾਗਮ ਜੋ 19 ਜੁਲਾਈ ਤੋਂ ਸ਼ੁਰੂ ਹੋਇਆ ਅਤੇ 13 ਅਗਸਤ ਤੱਕ ਚੱਲਣਾ ਹੈ, ਪਿਛਲੇ ਸਮਾਗਮ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਟਕਰਾਅ ਵਾਲੇ ਮਾਹੌਲ ਵਿੱਚ ਘਿਰ ਗਿਆ ਹੈ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬਦਲੀ ਮੀਟਿੰਗ ਵਿੱਚ ਆਖਿਆ ਸੀ ਕਿ ਸਰਕਾਰ, ਵਿਰੋਧੀ ਲੀਡਰਾਂ ਵੱਲੋਂ ਉਠਾਏ ਜਾਣ ਵਾਲੇ ਹਰ ਮੁੱਦੇ ਉਪਰ ਚਰਚਾ ਕਰਨ ਲਈ ਤਿਆਰ ਹੈ ਪਰ ਜੋ ਕੁੱਝ ਵੇਖਣ ਨੂੰ ਮਿਲ ਰਿਹਾ ਹੈ ਉਸਤੋਂ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਦਾ ਭਰੋਸਾ ਕੇਵਲ ਇਕ ਰਸਮ ਸੀ ਕਿਉਂਕਿ ਸਰਕਾਰ, ਵਿਰੋਧੀ ਲੀਡਰਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਮੈਂਬਰਾਂ ਨੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਕਿਸਾਨਾਂ ਅਤੇ ਵਿਰੋਧੀਆਂ ਦੇ ਫੋਨ ਟੈਪ ਕੀਤੇ ਜਾਣ ਸਮੇਤ ਵੱਖ-ਵੱਖ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਵੱਲੋਂ ਹਾਂ ਪੱਖੀ ਜਵਾਬ ਨਾ ਮਿਲਣ ਕਾਰਣ ਹੰਗਾਮਾ ਹੋਇਆ ਅਤੇ ਸਦਨ ਉਠਾਉਣੇ ਪਏ। ਪਾਰਲੀਮੈਂਟ ਵਿੱਚ ਜਦ ਅਕਾਲੀ ਮੈਂਬਰਾਂ ਨੂੰ ਕਿਸਾਨਾਂ ਦਾ ਮੁੱਦਾ ਉਠਾਉਣ ਦੀ ਇਜਾਜ਼ਤ ਨਾ ਮਿਲੀ ਤਾਂ ਉਹਨਾਂ ਨੇ ਸੰਸਦ ਦੇ ਬਾਹਿਰ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਵੱਲੋਂ ਕੋਰੋਨਾ ਮਹਾਂਮਾਰੀ ਦੇ ਸਬੰਧ ਵਿੱਚ ਜੋ ਮੀਟਿੰਗ ਬੁਲਾਈ ਗਈ ਸੀ ਉਸਦਾ ਮੁੱਖ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਗਿਆ ਬਾਈਕਾਟ, ਸਰਕਾਰ ਦੀ ਵਿਰੋਧੀਆਂ ਪ੍ਰਤੀ ਅਸਹਿਯੋਗ ਦੀ ਨੀਤੀ ਨੂੰ ਦਰਸਾਉਂਦਾ ਹੈ। ਸਰਕਾਰ ਪਾਰਲੀਮੈਂਟ ਵਿੱਚ ਵਿਰੋਧੀਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਦਿੰਦੀ ਅਤੇ ਪਾਰਲੀਮੈਂਟ ਤੋਂ ਬਾਹਿਰ ਮੋਦੀ ਆਪਣੀ ਸਰਕਾਰ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦੇਣ ਲਈ ਵਿਰੋਧੀਆਂ ਦੀ ਮੀਟਿੰਗ ਬੁਲਾਉਂਦੇ ਹਨ। ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਹੈ ਕਿ ਵਿਰੋਧੀ ਪਾਰਟੀਆਂ ਸਰਕਾਰ ਦੀ ਵੱਖ-ਵੱਖ ਮਾਮਲਿਆਂ ਵਿੱਚ ਕਾਮਯਾਬੀ ਨੂੰ ਤਸਲੀਮ ਕਰਨ ਲਈ ਤਿਆਰ ਨਹੀਂ। ਉਹ ਅਜਿਹਾ ਕਹਿ ਸਕਦੇ ਹਨ ਪਰ ਇਸਦੇ ਨਾਲ ਉਹਨਾਂ ਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਵਿਰੋਧੀ ਪਾਰਟੀਆਂ ਜੇ ਪਾਰਲੀਮੈਂਟ ਵਿੱਚ ਹੰਗਾਮਾ ਕਰਦੀਆਂ ਹਨ ਤਾਂ ਇਸਦੇ ਲਈ ਸਰਕਾਰ ਜਵਾਬਦੇਹ ਹੈ ਜੋ ਆਪਣੀਆਂ ਨਾਕਾਮੀਆਂ ਦੇ ਖ਼ਿਲਾਫ਼ ਇਕ ਸ਼ਬਦ ਵੀ ਸੁਣਨ ਲਈ ਤਿਆਰ ਨਹੀਂ। ਸਰਕਾਰ ਜੇਕਰ ਦਾਅਵਾ ਕਰਦੀ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਉਪਰ ਉਸਦੇ ਵਿਆਪਕ ਪ੍ਰਬੰਧਾਂ ਕਾਰਣ ਕਾਬੂ ਪਾਇਆ ਗਿਆ ਤਾਂ ਉਸਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਆਕਸੀਜਨ ਦੀ ਘਾਟ ਕਾਰਣ ਜੋ ਮੌਤਾਂ ਹੋਈਆਂ ਉਸਦੇ ਲਈ ਜ਼ਿੰਮੇਵਾਰ ਸਰਕਾਰ ਹੈ। ਗੰਗਾ ਵਿੱਚ ਬੇਸ਼ੁਮਾਰ ਲਾਸ਼ਾਂ ਦਾ ਵਹਿਣਾ ਵੀ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਇਹ ਵੱਖਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀਂ ਆਪਣੀ ਵਾਰਾਨਸੀ ਦੀ ਫੇਰੀ ਦੌਰਾਨ ਕੋਰੋਨਾ ਉਪਰ ਕਾਬੂ ਪਾਉਣ ਲਈ ਯੂ.ਪੀ ਦੇ ਮੁੱਖ ਮੰਤਰੀ ਯੋਗੀ   ਆਦਿਤਿਆਨਾਥ ਦੀ ਭਰਪੂਰ ਸ਼ਲਾਘਾ ਕੀਤੀ। ਇਹ ਠੀਕ ਹੈ ਕਿ ਦੇਸ਼ ਦੀ ਜ਼ਿਆਦਾ ਅਬਾਦੀ ਕਾਰਣ ਮਸਲੇ ਵੀ ਉਸੇ ਹਿਸਾਬ ਨਾਲ ਵੱਡੇ ਹਨ ਅਤੇ ਇਹਨਾਂ ਨੂੰ ਹੱਲ ਕਰਨ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੈਦਾ ਹੁੰਦੀਆਂ ਹਨ ਪਰ ਵਾਰ-ਵਾਰ ਕਹਿਣਾ ਕਿ ਸਰਕਾਰ ਆਪਣੇ ਤੌਰ ’ਤੇ ਮਸਲੇ ਹੱਲ ਕਰਨ ਦੇ ਸਮਰੱਥ ਹੈ ਇਸ ਨਾਲ ਇਤਫ਼ਾਕ ਨਹੀਂ ਕੀਤਾ ਜਾ ਸਕਦਾ। ਕਈ ਮਸਲੇ ਵਿਰੋਧੀਆਂ ਦੇ ਸਹਿਯੋਗ ਬਿਨਾਂ ਹੱਲ ਨਹੀਂ ਕੀਤੇ ਜਾ ਸਕਦੇ। ਡਾਕਟਰ ਹਰਸ਼ਵਰਧਨ, ਰਵੀ ਸ਼ੰਕਰ ਪ੍ਰਸ਼ਾਦ ਅਤੇ ਕਈ ਹੋਰ ਮੰਤਰੀਆਂ ਨੂੰ ਵਜ਼ਾਰਤ ’ਚੋਂ ਕੱਢਣ ਦਾ ਮਤਲਬ ਹੈ ਕਿ ਇਹਨਾਂ ਮੰਤਰੀਆਂ ਦੀ ਅਗਵਾਈ ਵਿੱਚ ਇਹਨਾਂ ਦੇ ਮਹਿਕਮਿਆਂ ਦੀ ਕਾਰਗੁਜ਼ਾਰੀ ਤੱਸਲੀਬਖ਼ਸ਼ ਨਹੀਂ ਸੀ। ਯਾਨੀ ਇਹਨਾਂ ਮਹਿਕਮਿਆਂ ਦੇ ਕੰਮ ਵਿੱਚ ਸਰਕਾਰ ਫੇਹਲ ਹੋਈ। ਇਸਦੇ ਬਾਵਜੂਦ ਜੇ ਸਰਕਾਰ, ਆਪਣੇ ਸੁਸ਼ਾਸਨ ਦਾ ਰਾਗ ਅਲਾਪਦੀ ਹੈ ਤਾਂ ਵਿਰੋਧੀ ਪਾਰਟੀਆਂ ਉਸਨੂੰ ਸੁਣਨਾ ਕਿਵੇਂ ਗਵਾਰਾ ਕਰਨਗੀਆਂ? ਇਸ ਸੰਦਰਭ ਵਿੱਚ ਸਾਡਾ ਕਹਿਣਾ ਹੈ ਕਿ ਪਾਰਲੀਮੈਂਟ ਲੋਕਤੰਤਰ ਦਾ ਮੰਦਿਰ ਹੈ। ਸਾਲ ਵਿੱਚ ਤਿੰਨ ਵਾਰ ਪਾਰਲੀਮੈਂਟ ਦੇ ਸਮਾਗਮ ਹੁੰਦੇ ਹਨ। ਬਜਟ ਸਮਾਗਮ, ਬਰਖਾ ਰੁੱਤ ਅਤੇ ਸਰਦਰੁੱਤ ਸਮਾਗਮ। ਲੋਕ ਬੜੀ ਉਤਸੁਕਤਾ ਨਾਲ ਇਹਨਾਂ ਸਮਾਗਮਾਂ ਦੀ ਉਡੀਕ ਕਰਦੇ ਹਨ ਕਿਉਂਕਿ ਇਹਨਾਂ ਵਿੱਚ ਉਹਨਾਂ ਨਾਲ ਜੁੜੇ ਮਸਲੇ ਉਠਾਏ ਜਾਂਦੇ ਹਨ। ਪਰ ਸੰਸਦ ਵਿੱਚ ਜਦ ਹੰਗਾਮਿਆਂ ਦਾ ਸ਼ੋਰ ਸੁਣਾਈ ਦਿੰਦਾ ਹੈ ਤਾਂ ਹਰ ਵਿਅਕਤੀ ਇਹ ਕਹਿਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਸੰਸਦ ਦਾ ਨਿਰਾਦਰ ਹੈ। ਸੰਸਦ ਪ੍ਰਤੀ ਲੋਕਾਂ ਦਾ ਸਤਿਕਾਰ ਉਸ ਵੇਲੇ ਖ਼ਤਮ ਹੋ ਜਾਂਦਾ ਹੈ ਜਦ ਹਾਕਮ ਜਮਾਤ, ਵਿਰੋਧੀਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣ ਦੀ ਬਜਾਏ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ। ਕੇਵਲ ਸਰਕਾਰ ਦੇ ਗੁਣਗਾਨ ਲਈ ਸੰਸਦ ਨਹੀਂ ਬਣੀ। ਜੇ ਸਰਕਾਰ ਸੰਸਦ ਉੱਪਰ ਵੀ ਆਪਣਾ ‘‘ਏਕਾਧਿਕਾਰ’’ ਸਮਝਦੀ ਹੈ ਫਿਰ ਸਮਾਗਮ ਬੁਲਾਉਣ ਦਾ ਕੋਈ ਮਤਲਬ ਨਹੀਂ। ਸਰਕਾਰ ਉਂਝ ਵੀ ਤਾਂ ਇਕਤਰਫ਼ਾ ਫੈਸਲੇ ਕਰ ਰਹੀ ਹੈ। ਨਾਦਰਸ਼ਾਹੀ ਸੋਚ ਨੂੰ ਲੋਕਰਾਜੀ ਲਿਬਾਸ ਪਹਿਨਾਉਣ ਦੀ ਕੀ ਲੋੜ ਹੈ?