ਰਜਿ: ਨੰ: PB/JL-124/2018-20
RNI Regd No. 23/1979

ਸਿਹਤ ਮੰਤਰਾਲੇ ਦਾ ਬਿਆਨ- ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ ਕੋਈ ਮੌਤ
 
BY admin / July 21, 2021
ਨਵੀਂ ਦਿੱਲੀ, 21 ਜੁਲਾਈ, (ਯੂ.ਐਨ.ਆਈ.)- ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਣ ਪਵਾਰ ਨੇ ਮੰਗਲਵਾਰ ਨੂੰ ਰਾਜਸਭਾ ‘ਚ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਆਕਸੀਜਨ ਦੀ ਘਾਟ ਕਾਰਨ ਕਿਸੇ ਮਰੀਜ਼ ਦੀ ਮੌਤ ਦੀ ਖ਼ਬਰ ਨਹੀਂ ਹੈ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਦੱਸਿਆ ਕਿ ਫ਼ਿਲਹਾਲ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਮੰਗ ਅਚਾਨਕ ਵੱਧ ਗਈ ਸੀ। ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਇਸ ਜੀਵਨ ਰੱਖਿਅਕ ਗੈਸ ਦੀ ਮੰਗ 3095 ਮੀਟਿ੍ਰਕ ਟਨ ਸੀ, ਜੋ ਕਿ ਦੂਜੀ ਲਹਿਰ ਦੌਰਾਨ ਵੱਧ ਕੇ ਕਰੀਬ 9000 ਮੀਟਿ੍ਰਕ ਟਨ ਹੋ ਗਈ। ਦਰਅਸਲ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਦੂਜੀ ਲਹਿਰ ਦੌਰਾਨ ਆਕਸੀਜਨ ਨਾ ਮਿਲ ਸਕਣ ਦੀ ਵਜ੍ਹਾ ਕਰ ਕੇ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਗਈ ਹੈ? ਪਵਾਰ ਨੇ ਦੱਸਿਆ ਕਿ ਸਿਹਤ ਸੂਬੇ ਦਾ ਵਿਸ਼ਾ ਹੈ। ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਬਾਰੇ ਕੇਂਦਰ ਨੂੰ ਰੋਜ਼ਾਨਾ ਸੂਚਨਾ ਦਿੰਦੇ ਹਨ। ਉਨ੍ਹਾਂ ਮੁਤਾਬਕ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨਿਯਮਿਤ ਰੂਪ ਨਾਲ ਕੇਂਦਰ ਨੂੰ ਕੋਵਿਡ ਮਾਮਲਿਆਂ ਅਤੇ ਇਸ ਦੀ ਵਜ੍ਹਾ ਤੋਂ ਹੋਈ ਮੌਤ ਬਾਰੇ ਸੂਚਨਾ ਦਿੰਦੇ ਹਨ। ਫ਼ਿਲਹਾਲ, ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਆਕਸੀਜਨ ਦੀ ਘਾਟ ‘ਚ ਕਿਸੇ ਦੀ ਵੀ ਜਾਨ ਦੀ ਖ਼ਬਰ ਨਹੀਂ ਦਿੱਤੀ ਹੈ। ਓਧਰ ਕਾਂਗਰਸ ਨੇ ਸਿਹਤ ਰਾਜ ਮੰਤਰੀ ‘ਤੇ ਇਹ ਗਲਤ ਸੂਚਨਾ ਦੇ ਕੇ ਸੰਸਦ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਕਿ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਕਾਂਗਰਸ ਨੇਤਾ ਕੇ. ਸੀ. ਵੇਣੂਗੋਪਾਲ ਨੇ ਕਿਹਾ ਕਿ ਉਹ ਮੰਤਰੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਨੋਟਿਸ ਲਿਆਉਣਗੇ ਕਿਉਂਕਿ ਉਨ੍ਹਾਂ ਨੇ ਸੰਸਦ ਨੂੰ ਗੁਮਰਾਹ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਵਿਚ ਸੰਵੇਦਨਸ਼ੀਲਤਾ ਅਤੇ ਸੱਚਾਈ ਦੀ ਭਾਰੀ ਕਮੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਸਿਰਫ ਆਕਸੀਜਨ ਦੀ ਹੀ ਕਮੀ ਨਹੀਂ ਸੀ। ਸੰਵੇਦਨਸ਼ੀਲਤਾ ਅਤੇ ਸੱਚਾਈ ਦੀ ਭਾਰੀ ਕਮੀ ਉਦੋਂ ਵੀ ਸੀ, ਅੱਜ ਵੀ ਹੈ।