ਰਜਿ: ਨੰ: PB/JL-124/2018-20
RNI Regd No. 23/1979

62 ਵਿਧਾਇਕਾ ਨਾਲ ਗੁਰੂ ਵਲੋਂ ਪਾਰੀ ਸ਼ੁਰੂ
 
BY admin / July 21, 2021
ਅਮਿੰ੍ਰਤਸਰ, 21 ਜੁਲਾਈ, (ਨਿਰਮਲ ਸਿੰਘ ਚੌਹਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਸਮੇਂ ਕਾਂਗਰਸ ਦੇ 62 ਵਿਧਾਇਕ ਉਨ੍ਹਾਂ ਦੇ ਘਰ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਇਸ ਵਿਵਾਦ ਦੌਰਾਨ ਲਗਭਗ 62 ਕਾਂਗਰਸੀ ਵਿਧਾਇਕਾਂ ਦਾ ਸ੍ਰੀ ਸਿੱਧੂ ਦੇ ਨਾਲ ਖੜ੍ਹੇ ਹੋਣਾ ਉਨ੍ਹਾਂ ਲਈ ਵੱਡੀ ਤਾਕਤ ਅਤੇ ਸਮਰਥਨ ਦਾ ਪ੍ਰਗਟਾਵਾ ਹੈ। ਸ੍ਰੀ ਸਿੱਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਦਾ ਇਹ ਕਾਫਲਾ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਵਿਖੇ ਵੀ ਮੱਥਾ ਟੇਕਣ ਲਈ ਜਾਵੇਗਾ। ਇਸ ਤੋਂ ਪਹਿਲਾਂ ਅੰਮਿ੍ਰਤਸਰ ਪੁੱਜੇ ਨਵਜੋਤ ਸਿੱਧੂ ਦਾ ਕਾਂਗਰਸੀ ਸਮਰਥਕਾਂ ਨੇ ਪਟਾਕੇ ਚਲਾ, ਢੋਲ ਵਜਾ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਪੰਜਾਬ ਕਾਂਗਰਸ ਦਾ ਕਲੇਸ਼ ਅਜੇ ਮੁੱਕਿਆ ਨਹੀਂ। ਹੁਣ ਪਾਰਟੀ ਲੀਡਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਦੋ ਧੜਿਆਂ ਵਿੱਚ ਵੰਡੇ ਗਏ ਹਨ। ਕੈਪਟਨ ਧੜਾ ਕਹਿ ਰਿਹਾ ਹੈ ਕਿ ਸਿੱਧੂ ਪਹਿਲਾਂ ਜਨਤਕ ਮਾਫੀ ਮੰਗੇ ਫਿਰ ਉਨ੍ਹਾਂ ਨਾਲ ਚੱਲਾਂਗੇ। ਉਧਰ ਸਿੱਧੂ ਧੜੇ ਦੇ ਲੀਡਰ ਕਹਿ ਰਹੇ ਹਨ ਕਿ ਮਾਫੀ ਕਾਹਦੀ ਜਦੋਂ ਸਿੱਧੂ ਨੇ ਕੋਈ ਗਲਤ ਕੰਮ ਹੀ ਨਹੀਂ ਕੀਤਾ। ਅੱਜ ਅੰਮਿ੍ਰਤਸਰ ਪਹੁੰਚੇ ਲੀਡਰਾਂ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਸਿੱਧੂ ਨੂੰ ਕੋਈ ਮਾਫੀ ਮੰਗਣ ਦੀ ਲੋੜ ਨਹੀਂ। ਵਿਧਾਇਕ ਮਦਨ ਲਾਲ ਜਲਾਲਪੁਰ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ ਤੇ ਜੋਗਿੰਦਰਪਾਲ ਨੇ ਕਿਹਾ ਕਿ ਸਿੱਧੂ ਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਹੁਣ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਹਨ। ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਆਪਣਾ ਸਟੈਂਡ ਦੁਹਰਾਇਆ ਕਿ ਉਹ ਨਵਜੋਤ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਸੋਸਲ ਮੀਡੀਆ ‘ਤੇ ਉਨ੍ਹਾਂ ਖਿਲਾਫ ਕੀਤੇ ਅਪਮਾਨਜਨਕ ਹਮਲਿਆਂ ਲਈ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗ ਲੈਂਦੇ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਮੰਗਣ ਦੀਆਂ ਖਬਰਾਂ ਪੂਰੀ ਤਰ੍ਹਾਂ ਗਲਤ ਹਨ। ਕੋਈ ਵੀ ਸਮਾਂ ਨਹੀਂ ਲਿਆ ਗਿਆ ਤੇ ਨਾ ਹੀ ਰੁਖ ਵਿੱਚ ਕੋਈ ਤਬਦੀਲੀ ਹੈ। ਦੱਸ ਦਈਏ ਕਿ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਅੱਜ ਨਵਜੋਤ ਸਿੱਧੂ ਆਪਣੀ ਕਰਨ ਭੂਮੀ ਅੰਮਿ੍ਰਤਸਰ ਵਿਖੇ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਪ੍ਰਧਾਨ ਵਜੋਂ ਅੱਜ ਅੰਮਿ੍ਰਤਸਰ ਵਿੱਚ ਪਹਿਲੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਅੱਧਿਓਂ ਵੱਧ ਵਿਧਾਇਕ ਨਜਰ ਆਉਣਗੇ। ਇਸ ਦੇ ਨਾਲ ਹੀ ਸਿੱਧੂ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ। ਉਂਝ ਉਨ੍ਹਾਂ ਦੀ ਅਧਿਕਾਰਤ ਤੌਰ ‘ਤੇ ਮੀਟਿੰਗ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਏਗੀ। ਅਹਿਮ ਗੱਲ ਹੈ ਕਿ ਚੰਡੀਗੜ੍ਹ ਵਿੱਚ 22 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਸਬੰਧੀ ਫਰਮਾਨ ਨਵੀਂ ਦਿੱਲੀ ਤੋਂ ਪਾਰਟੀ ਹਾਈਕਮਾਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਲਈ ਸਾਰੇ ਕਾਂਗਰਸੀ ਆਗੂਆਂ, ਵਿਧਾਇਕਾਂ ਨੂੰ ਪ੍ਰਧਾਨ ਦੀ ਅਗਵਾਈ ‘ਚ ਲਾਮਬੰਦ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਤੈਅ ਹੈ ਕਿ ਹਾਈਕਮਾਨ ਸਾਰੇ ਵਿਧਾਇਕਾਂ ਤੇ ਸੀਨੀਅਰ ਲੀਡਰਾਂ ਨੂੰ ਸਿੱਧੂ ਨਾਲ ਤੋਰਨ ਲਈ ਆਪ ਅੱਗੇ ਆਈ ਹੈ। ਨਵੇਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਬਾਬਾ ਜੀ ਦਾ ਸ਼ੁੱਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਡੀ ਗਿਣਤੀ ‘ਚ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਨੇ ਸਮਰਥਕ ਮੌਜੂਦ ਹਨ। ਉਨ੍ਹਾਂ ਦੇ ਨਾਲ ਇਸ ਮੌਕੇ ਕਈ ਸਾਬਕਾ ਅਤੇ ਮੌਜੂਦਾ ਵਿਧਾਇਕ ਹਨ। ਇਸ ਮੌਕੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ। ਨਵਜੋਤ ਸਿੱਧੂ ਦੇ ਨਾਲ ਇਸ ਮੌਕੇ ਸੁਨੀਲ ਜਾਖੜ, ਕੁਲਬੀਰ ਜੀਰਾ, ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਦਵਿੰਦਰ ਘੁਬਾਇਆ, ਰਾਜਾ ਵੜਿੰਗ ਸਣੇ ਖਬਰਾਂ 60 ਦੇ ਕਰੀਬ ਵਿਧਾਇਕ ਮੌਜੂਦ ਹਨ। ਸਿੱਧੂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਰ ਅਤੇ ਹੋਰ ਧਾਰਮਿਕ ਸਥਾਨਾ ‘ਤੇ ਵੀ ਨਤਮਸਤਕ ਹੋਣਗੇ ਅਤੇ ਸਾਰੇ ਮੰਤਰੀ ਅਤੇ ਵਿਧਾਇਕ ਵੀ ਉਨ੍ਹਾਂ ਦੇ ਨਾਲ ਉਕਤ ਸਥਾਨਾਂ ‘ਤੇ ਜਾਣਗੇ। ਦੱਸ ਦੇਈਏ ਕਿ ਨਵਜੋਤ ਸਿੱਧੂ ਆਪਣੇ ਵਿਧਾਇਕਾਂ ਨਾਲ ਲਗਜਰੀ ਬੱਸਾਂ ਵਿੱਚ ਬੈਠ ਕੇ ਆਏ ਹਨ। ਨਵਜੋਤ ਦੇ ਪੈਰ ‘ਤੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਚੱਲਣ ‘ਚ ਮੁਸ਼ਕਲ ਹੋ ਰਹੀ ਹੈ। ਸਿੱਧੂ ਨੇ ਜਲ੍ਹਿਆਂਵਾਲਾ ਬਾਗ ਦੇ ਬਾਹਰ ਖੜ੍ਹੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਦੁਰਗਿਆਣਾ ਮੰਦਰ ਵਿਖੇ ਵੀ ਮੱਥਾ ਟੇਕਿਆ।