ਰਜਿ: ਨੰ: PB/JL-124/2018-20
RNI Regd No. 23/1979

ਬਹਾਦਰੀ ਅਤੇ ਵੀਰਤਾ ਦੀ ਮਿਸਾਲ ਚੰਦਰ ਸ਼ੇਖਰ ਅਜ਼ਾਦ

BY admin / July 22, 2021
ਜੇਕਰ ਇਸ ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦੇਸ਼ ਨੂੰ ਅੰਗਰੇਜ਼ੀ ਹਕੂਮਤ ਦੀਆਂ ਜੰਜੀਰਾਂ ਚੋਂ ਮੁਕਤ ਕਰਵਾਉਣ ਲਈ ਅਨੇਕਾਂ ਵੀਰ ਯੋਧਿਆਂ ਨੇ ਆਪਣੀ ਕੀਮਤੀ ਕੁਰਬਾਨੀ ਦਿੱਤੀ ਅਤੇ ਇਸ ਗੁਲਾਮੀ ਦੀਆਂ ਜੰਜੀਰਾਂ ਵਿੱਚੋਂ ਗੁਲਾਮ ਦੇਸ਼ ਨੂੰ ਅਜ਼ਾਦੀ ਦੇ ਰਾਹ ਤੇ ਲਿਆ ਕੇ ਸਵੱਛ ਬਣਾਇਆ। ਅੱਜ ਵਿਚਾਰ ਕਰਨਾਂ ਜਾ ਰਹੇ ਹਾਂ ਉਸ ਵੀਰ ਬਹਾਦਰ ਯੋਧੇ ਤੇ ਜਿਸਨੇ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਹਿੱਲਾ ਦਿੱਤੀਆਂ ਅਤੇ ਗੁਲਾਮੀ ਦੀਆਂ ਜੰਜੀਰਾਂ ਤੋੜ ਹਮੇਸ਼ਾਂ ਅਜ਼ਾਦ ਰਹੇ। ਗੱਲ ਕਰ ਰਹੇ ਹਾਂ ਚੰਦਰ ਸ਼ੇਖਰ ਅਜ਼ਾਦ ਦੀ। ਜਿਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦੀ ਸਵੱਛ ਦੇਸ਼ ਮਿਸਾਲ ਦਿੰਦਾ ਹੈ। ਉਨ੍ਹਾਂ ਵੱਲੋਂ ਦਿੱਤੀ ਗਈ ਉਦਾਹਰਣ ਬਹੁਤ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਇਹ ਜ਼ਿੰਦਗੀ ਖੁੱਲ੍ਹ ਕੇ ਜਿਉੂਂਣੀ ਹੈ ਤਾਂ ਕਦੇ ਕਿਸੇ ਦੀ ਗੁਲਾਮੀ ਨਾ ਕਰੋ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਗੁਲਾਮ ਬਣ ਜਾਂਦੇ ਹੋ ਤਾਂ ਗੁਲਾਮ ਬਣ ਕੇ ਹੀ ਰਹਿ ਜਾਂਦੇ ਹੋ। ਇਸ ਲਈ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਅਜਾਦ ਬਣਾਓ। ਇਸ ਦੇ ਨਾਲ ਹੀ ਚੰਦਰ ਸ਼ੇਖਰ ਅਜ਼ਾਦ ਨਿਡਰ ਅਤੇ ਬਹਾਦਰ ਸਨ। ਕਿਉਂਕਿ ਕਈ ਵਾਰ ਅੰਗਰੇਜ਼ੀ ਹਕੂਮਤ ਵੱਲੋਂ ਉਹਨਾਂ ਨੂੰ ਗਿ੍ਰਫ਼ਤਾਰ ਕਰਨਾ ਚਾਹਿਆ। ਪਰੰਤੂ ਹਰ ਵਾਰ ਉਹ ਨਾਕਾਮ ਰਹੇ। ਕਿਉਂਕਿ ਉਨ੍ਹਾਂ ਵਿੱਚ ਜਜਬੇ ਅਤੇ ਵੀਰਤਾ ਦੀ ਲਹਿਰ ਬੇਮਿਸਾਲ ਸੀ। ਉਹਨਾਂ ਨੂੰ ਬਚਪਨ ਤੋਂ ਹੀ ਨਿਸ਼ਾਨੇਬਾਜ਼ੀ ਦਾ ਬਹੁਤ ਸ਼ੌਕ ਸੀ ਅਤੇ ਆਪਣੇ ਦੇਸ਼ ਲਈ ਕੁਝ ਕਰ ਦਿਖਾਉਣ ਦੀ ਚਾਹਨਾ ਸੀ। ਆਪਣੇ ਜੀਵਨ ਵਿੱਚ ਉਨ੍ਹਾਂ ਨੂੰ ਕਈ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਜਦੋਂ ਅੰਗਰੇਜ਼ੀ ਹਕੂਮਤ ਵੱਲੋਂ ਸ. ਭਗਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਤਾਂ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨ੍ਹੀ। ਅੰਗਰੇਜ਼ੀ ਹਕੂਮਤ ਦੇ ਨੱਕ ਵਿੱਚ ਦਮ ਕਰਦੇ ਰਹੇ। ਸਵੱਛ ਅਤੇ ਅਜ਼ਾਦ ਦੇਸ਼ ਬਣਾਉਣ ਲਈ ਯਤਨ ਕਰਦੇ ਰਹੇ। ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਬਰਤਾਨਵੀ ਰਾਜ ਨੂੰ ਖ਼ਤਮ ਕਰਕੇ ਅਜ਼ਾਦ ਦੇਸ਼ ਬਣਾਉਣਾ ਸੀ। ਜਿਸ ਵਿੱਚ ਦੇਸ਼ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਨਾ ਸਹਿਣ ਕਰਕੇ ਸਵੱਛਤਾ ਭਰਿਆ ਜੀਵਨ ਬੀਤਾ ਸਕੇ ਅਤੇ ਦੇਸ਼ ਦੇ ਹਰੇਕ ਨਾਗਰਿਕ ਨੂੰ ਨਿਡਰਤਾ ਨਾਲ ਜਿਉੂਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਹਰੇਕ ਨਾਗਰਿਕ ਇੱਕ ਮਿੱਕ ਹੋ ਕੇ ਦੇਸ਼ ਲਈ ਕੁੱਝ ਕਰ ਦਿਖਾਏ। ਚੰਦ ਸ਼ੇਖਰ ਅਜ਼ਾਦ ਵੱਲੋਂ ਦਿੱਤੀਆਂ ਇਹ ਸਿੱਖਿਆਵਾਂ ਹਰ ਦੇਸ਼ ਪ੍ਰੇਮੀ ਦੇ ਮਨ੍ਹਾਂ ਵਿੱਚ ਜ਼ਜਬਾ ਪੈਦਾ ਕਰਦੀਆਂ ਹਨ। ਅੰਗਰੇਜ਼ੀ ਹਕੂਮਤ ਦੇ ਦਿਲਾਂ ਵਿੱਚ ਚੰਦਰ ਸ਼ੇਖਰ ਅਜ਼ਾਦ ਦਾ ਇਨ੍ਹਾਂ ਖੌਫ਼ ਸੀ ਕਿ ਜਦੋਂ ਕਿਸੇ ਖ਼ਬਰੀ ਦੁਆਰਾ ਅੰਗਰੇਜ਼ੀ ਹਕੂਮਤ ਨੂੰ ਇਹ ਸੂਚਨਾ ਦਿੱਤੀ ਗਈ ਕਿ ਚੰਦਰ ਸ਼ੇਖਰ ਅਜ਼ਾਦ ਇਲਾਹਾਬਾਦ ਵਿਖੇ ਐਲਫ਼ਡਡ ਪਾਰਕ ਵਿੱਚ ਹਨ ਤਾਂ ਅੰਗਰੇਜ਼ੀ ਹਕੂਮਤ ਵੱਲੋਂ ਉਹਨਾਂ ਨੂੰ ਗਿ੍ਰਫ਼ਤਾਰ ਕਰਨ ਲਈ ਫ਼ੌਜ ਭੇਜ ਦਿੱਤੀ ਗਈ। ਜਦੋਂ ਅੰਗਰੇਜ਼ੀ ਫ਼ੌਜ ਵੱਲੋਂ ਪਾਰਕ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਤਾਂ ਚੰਦਰ ਸ਼ੇਖਰ ਅਜ਼ਾਦ ਵੱਲੋਂ ਅੰਗਰੇਜ਼ੀ ਫ਼ੌਜ ਤੇ ਦਲੇਰੀ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੀ ਪਿਸਤੌਲ ਵਿੱਚੋਂ ਨਿਕਲੀਆਂ ਗੋਲੀਆਂ ਨਾਲ ਕਈ ਅੰਗਰੇਜ਼ੀ ਸੈਨਿਕ ਮਾਰੇ ਗਏ। ਚੰਦਰ ਸ਼ੇਖਰ ਅਜ਼ਾਦ ਇਨ੍ਹੇ ਦਲੇਰ ਸਨ ਕਿ ਇਨ੍ਹੀ ਫ਼ੌਜ ਦੇ ਬਾਵਜੂਦ ਫ਼ੌਜ ਦਾ ਇਕ ਵੀ ਸੈਨਿਕ ਉਹਨਾਂ ਦੇ ਕਰੀਬ ਨਹੀਂ ਆ ਸਕਿਆ। ਜਦੋਂ ਪਿਸਤੋਲ ਵਿੱਚ ਆਖਰੀ ਗੋਲੀ ਰਹਿ ਗਈ ਤਾਂ ਉਹਨਾਂ ਆਪਣੇ ਹਮੇਸ਼ਾ ਅਜ਼ਾਦ ਰਹਿਣ ਦੇ ਵਚਨ ਨੂੰ ਪੂਰਾ ਕੀਤਾ ਅਤੇ ਜ਼ਮੀਨ ਤੋਂ ਮਿੱਟੀ ਮੱਥੇ ਤੇ ਲਾ ਕੇ ਭਾਰਤ ਮਾਤਾ ਕੀ ਜੈ ਦਾ ਨਾਆਰਾ ਲਾਇਆ ਅਤੇ ਆਖ਼ਰੀ ਗੋਲੀ ਆਪਣੇ ਮੱਥੇ ਵਿੱਚ ਦਾਗ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਸ਼ਹਾਦਤ ਹੋਈ ਅਤੇ ਉਨ੍ਹਾਂ ਆਪਣੇ ਹਮੇਸ਼ਾ ਅਜ਼ਾਦ ਰਹਿਣ ਦੇ ਵਚਨ ਨੂੰ ਪੂਰਾ ਕੀਤਾ। ਅੰਗਰੇਜ਼ੀ ਹਕੂਮਤ ਉਨ੍ਹਾਂ ਦੀ ਸ਼ਹਾਦਤ ਹੋਣ ਤੇ ਵੀ ਹੋਲੀ ਹੋਲੀ ਉਹਨਾਂ ਦੇ ਕੋਲ ਪਹੁੰਚੀ। ਕਿਉਂਕਿ ਅੰਗਰੇਜ਼ੀ ਹਕੂਮਤ ਦੇ ਦਿਲਾਂ ਵਿੱਚ ਚੰਦਰ ਸ਼ੇਖਰ ਅਜ਼ਾਦ ਦਾ ਖ਼ੌਫ ਹੀ ਬਹੁਤ ਸੀ। ਇਸ ਲਈ ਚੰਦਰ ਸ਼ੇਖਰ ਅਜ਼ਾਦ ਆਪਣੀ ਬਹਾਦਰੀ ਅਤੇ ਵੀਰਤਾ ਦੀ ਮਿਸਾਲ ਹਨ ਅਤੇ ਦੇਸ਼ ਦੇ ਨਾਗਰਿਕਾਂ ਦੇ ਦਿਲਾਂ ਵਿੱਚ ਜ਼ਜਬਾ ਪੈਦਾ ਕਰਨ ਵਾਲੇ ਕ੍ਰਾਂਤੀਕਾਰੀ ਯੋਧਾ ਹਨ। ਸਲਾਮ ਏ ਇਸ ਵੀਰ ਬਹਾਦਰ ਯੋਧੇ ਨੂੰ। ਜੈ ਹਿੰਦ॥
 
ਅਜ਼ਾਦ ਸਿੱਧੂ ਭੁਲੱਥ
ਸੰਪਰਕ - 99156-60345