ਰਜਿ: ਨੰ: PB/JL-124/2018-20
RNI Regd No. 23/1979

ਹਮ ਬੁਰੇ ਠਹਿਰੇ ਤੋ ਅੱਛਾ ਕੌਨ ਹੈ?
 
BY admin / July 22, 2021
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਉਪਰ ਤੰਜ਼ ਕਿ ਮਤਲਬਪ੍ਰਸਤ ਸਿੱਧੂ ਵਰਗਾ ਇਨਸਾਨ ਪੰਜਾਬ ਦਾ ਵਫ਼ਾਦਾਰ ਕਿਵੇਂ ਹੋ ਸਕਦਾ ਹੈ, ਸੁਖਬੀਰ ਦੀ ਉਸਾਰੂ ਸੋਚ ਨਾਲ ਮੇਲ ਨਹੀਂ ਖਾਂਦਾ। ਸੁਖਬੀਰ ਜਿਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਉਹ ਪਰਿਵਾਰ ਯਾਨੀ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਸਿੱਖ ਸਿਆਸਤ ਦੀ ਰੂਹੇ ਰਵਾਂ ਹਨ। ਅਜਿਹੇ ਮਾਹੌਲ ਵਿੱਚ ਪਰਵਰਿਸ਼ ਪਾਉਣ ਵਾਲੇ ਸੁਖਬੀਰ ਜੇਕਰ ਕਿਸੇ ਦੀ ਵਫ਼ਾਦਾਰੀ ਉਪਰ ਸਵਾਲ ਉਠਾਉਂਦੇ ਹਨ ਤਾਂ ਅਜਿਹਾ ਕਹਿਕੇ ਉਹ ਆਪਣੀ ਸੋਚ ਨੂੰ ਸਵਾਲਾਂ ਵਿੱਚ ਖੜ੍ਹਾ ਕਰ ਰਹੇ ਹਨ। ਸੁਖਬੀਰ ਸਿਆਸੀ ਤੌਰ ’ਤੇ ਅਮੀਰ ਵਿਰਸੇ ਦੀ ਨੁਮਾਇੰਦਗੀ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਪਛਾਣ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦੇ ਰੂਪ ਵਿੱਚ ਹੈ। ਯਾਨੀ ਬੇਟਾ, ਪਿਤਾ ਕਰਕੇ ਜਾਣਿਆ ਜਾਂਦਾ ਹੈ। ਸੁਖਬੀਰ ਉੱਚੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਸਮਝਦੇ ਹਨ। ਇਸਦੇ ਬਾਵਜੂਦ ਜੇਕਰ ਉਹ ਨਵਜੋਤ ਸਿੱਧੂ ਦੀ ਵਫ਼ਾਦਰੀ ਉਪਰ ਸਵਾਲ ਉਠਾਕੇ ਉਹਨਾਂ ਦੀ ਛਵੀ ਖ਼ਰਾਬ ਕਰਨਾ ਚਾਹੁੰਦੇ ਹਨ ਤਾਂ ਇਹ ਕੰਮ ਉਹਨਾਂ ਦਾ ਨਹੀਂ। ਇਸਦਾ ਫੈਸਲਾ ਲੋਕਾਂ ਨੇ ਕਰਨਾ ਹੈ। ਸੁਖਬੀਰ ਨੇ ਜਿਸ ਤਰ੍ਹਾਂ ਦਲਿਤਾਂ ਅਤੇ ਹਿੰਦੂ ਭਾਈਚਾਰੇ ਨਾਲ ਹੱਥ ਮਿਲਾਇਆ ਇਹ ਉਹਨਾਂ ਦੀ ਉਦਾਰਵਾਦੀ ਸੋਚ ਨੂੰ ਦਰਸਾਉਂਦਾ ਹੈ। ਕੋਈ ਵੀ ਉਦਾਰਵਾਦੀ ਵਿਅਕਤੀ ਦੂਜਿਆਂ ਨੂੰ ਵਫ਼ਾ ਦੇ ਤਰਾਜ਼ੂ ਵਿੱਚ ਨਹੀਂ ਤੋਲਦਾ। ਸਿੱਧੂ ਮਤਲਬਪ੍ਰਸਤ ਹਨ, ਅਜਿਹਾ ਖ਼ਿਤਾਬ ਦੇਕੇ ਸੁਖਬੀਰ, ਸਿੱਧ ਦੀ ਕਿਸ ਹੱਦ ਤੱਕ ਕਦਰ-ਘਟਾਈ ਕਰਨ ਵਿੱਚ ਸਫ਼ਲ ਹੁੰਦੇ ਹਨ ਇਸ ਬਾਰੇ ਤਾਂ ਕੁੱਝ ਕਹਿਣਾ ਮੁਸ਼ਕਿਲ ਹੈ ਪਰ ਅਜਿਹਾ ਕਹਿਕੇ ਉਹ ਆਪਣੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਛੋਟਾ ਜ਼ਰੂਰ ਸਾਬਿਤ ਕਰ ਰਹੇ ਹਨ। ਇਹ ਠੀਕ ਹੈ ਕਿ ਨਵਜੋਤ ਸਿੱਧੂ ਭਾਜਪਾ ਤੋਂ ਕਾਂਗਰਸ ਵਿੱਚ ਆਏ। ਉਹਨਾਂ ਨੇ ਦਲਬਦਲੀ ਕੀਤੀ। ਜੇਕਰ ਦਲਬਦਲੀ ਕਰਨਾ ਮਤਲਬਪ੍ਰਸਤੀ ਹੈ ਤਾਂ ਅਨੇਕਾਂ ਲੀਡਰ ਮਤਲਬਪ੍ਰਸਤ ਹਨ ਜੋ ਰਾਤੋ ਰਾਤ ਆਪਣੀ ਪਛਾਣ ਬਦਲ ਲੈਂਦੇ ਹਨ। ਦਲਬਦਲੀ ਕਰਕੇ ਸਿੱਧੂ ਨੇ ਬੇਸ਼ਕ ਖ਼ੁਦਪ੍ਰਸਤੀ ਦਾ ਸਬੂਤ ਦਿਤਾ ਪਰ ਅੱਜ ਉਹ ਜਿਸ ਮੁਕਾਮ ’ਤੇ ਹਨ ਉਹ ਮੁਕਾਮ ਹਾਸਿਲ ਕਰਨ ਲਈ ਉਮਰਾਂ ਗੁਜ਼ਰ ਜਾਂਦੀਆਂ ਹਨ। ਸੁਖਬੀਰ ਅਤੇ ਸਿੱਧੂ ਦੋਵੇਂ ਯੁਵਾ ਲੀਡਰ ਹਨ। ਦੋਵੇਂ ਪੰਜਾਬ ਦਾ ਸਰਮਾਇਆ ਹਨ। ਲੋਕਾਂ ਨੂੰ ਉਹਨਾਂ ਉਪਰ ਵੱਡੀਆਂ ਆਸਾਂ ਹਨ। ਦੋਵੇਂ ਆਪੋ ਆਪਣੀ ਪਾਰਟੀ ਦੇ ਪ੍ਰਧਾਨ ਹਨ ਅਤੇ ਦੋਨਾਂ ਵਿਚਕਾਰ ਬਹੁਤ ਜਲਦੀ ਚੋਣ ਦੰਗਲ ਹੋਣ ਵਾਲਾ ਹੈ। ਹੋਰ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਅਤੇ ਟਕਸਾਲੀ ਅਕਾਲੀਆਂ ਦੀ ਪਾਰਟੀ ਡੈਮੋਕਰੇਟਿਕ ਅਕਾਲੀ ਦਲ ਵੀ ਹੈ ਪਰ ਅਸਲ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਹੈ। ਰਾਜਨੀਤੀ ਵਿੱਚ ਜੇ ਪਾਕੀਜ਼ਗੀ ਦਾ ਪ੍ਰਤੀਰੂਪ ਸਮਝੇ ਜਾਂਦੇ ਲੀਡਰਾਂ ਦੀ ਗੱਲ ਕਰੀਏ ਤਾਂ ਅਜਿਹਾ ਕੋਈ ਲੀਡਰ ਨਹੀਂ ਹੈ। ਪਾਕ-ਸਾਫ਼ ਛਵੀ ਕਾਇਮ ਕਰਨ ਲਈ ਆਪਣਾ ਸਭ ਕੁੱਝ ਤਿਆਗਣਾ ਪੈਂਦਾ ਹੈ। ਜੇ ਸਾਰੇ ਲੀਡਰਾਂ ਦੀ ਫ਼ਿਤਰਤ ਲਗਭਗ ਇਕੋ ਜਿਹੀ ਹੈ ਫਿਰ ਇਕ-ਦੂਜੇ ਨੂੰ ਮਤਲਬਪ੍ਰਸਤ ਕਹਿਣਾ ਸ਼ਾਇਦ ਠੀਕ ਨਹੀਂ। ਬਕੌਲ ਇਕ ਸ਼ਾਇਰ ‘‘ਹਮ ਬੁਰੇ ਠਹਿਰੇ ਤੋ ਅੱਛਾ ਕੌਨ ਹੈ।’’ ਸਿੱਧੂ ਨੇ ਹਾਲੇ ਆਪਣੇ ਸਫ਼ਰ ਦਾ ਆਗ਼ਾਜ਼ ਕੀਤਾ ਹੈ। ਸ਼ੁਰੂਆਤੀ ਦੌਰ ਵਿੱਚ ਉਹਨਾਂ ਨੂੰ ਮਤਲਬੀ ਕਹਿਕੇ ਸੁਖਬੀਰ ਜੇਕਰ ਆਪਣੇ ‘‘ਅੱਕਸ’’ ਵਿੱਚ ਨਿਖਾਰ ਲਿਆ ਸਕਦੇ ਹਨ ਤਾਂ ਸਿਆਸੀ ਨਜ਼ਰੀਏ ਤੋਂ ਇਹ ਠੀਕ ਹੈ ਪਰ ਅੱਜ ਤੱਕ ਅਜਿਹਾ ਕਦੀ ਨਹੀਂ ਹੋਇਆ ਕਿ ਕਿਸੇ ਦੇ ਮੱਥੇ ’ਤੇ ਬਦਨਾਮੀ ਦਾ ਟਿੱਕਾ ਲਗਾਕੇ ਕੋਈ ਪਾਕੀਜ਼ਗੀ ਦਾ ਮੁਜੱਸਮਾ ਬਣਿਆ ਹੋਵੇ। ਕਿਸੇ ਦੀ ਲਕੀਰ ਛੋਟੀ ਕਰਨ ਲਈ ਆਪਣੀ ਲਕੀਰ ਵੱਡੀ ਕੀਤੀ ਜਾਂਦੀ ਹੈ। ਰਾਜਨੀਤੀ ਵਿੱਚ ਬੇਸ਼ਕ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕ ਅਜਿਹੇ ਨਿੱਜੀ ਹਮਲਿਆਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ ਪਰ ਉਹ ਇਹਨਾਂ ਉੱਪਰ ਇਤਬਾਰ ਕਰਨ, ਇਹ ਜ਼ਰੂਰੀ ਨਹੀਂ। ਇਸ ਸੰਦਰਭ ਵਿੱਚ ਕਿਸੇ ਨੇ ਠੀਕ ਕਿਹਾ ਹੈ ‘‘ਉਹ ਕਿਹੋ ਜਿਹਾ ਹੈ ਇਹ ਨਾ ਵੇਖੋ, ਤੁਸੀਂ ਕਿਹੋ ਜਿਹੇ ਹੋ ਇਹ ਵੇਖੋ।’’