ਰਜਿ: ਨੰ: PB/JL-124/2018-20
RNI Regd No. 23/1979

ਸ਼ਾਇਰਾਂ ਦਾ ਸ਼ਾਇਰ-ਸ਼ਿਵ ਬਟਾਲਵੀ

BY admin / July 23, 2021
ਸ਼ਾਇਰਾਂ ਦੇ ਸਿਤਾਰਿਆਂ ’ਚ ਚੰਦਰਮਾ ਵਾਂਗ ਚਮਕਣ ਵਾਲਾ ਨਾਂ ਹੈ ਸ਼ਿਵ ਬਟਾਲਵੀ, ਜਿਸ ਨੰੂ ਬਹੁਤ ਘੱਟ ਸਮੇਂ ’ਚ ਉਹ ਮਾਣ-ਸਨਮਾਨ ਹਾਸਿਲ ਹੋਇਆ ਜੋ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ। ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਸ਼ੱਕਰ ਗੜ ਵਿਖੇ ਬਸੰਤਰ ਨਦੀ ਦੇ ਕਿਨਾਰੇ ਪਿੰਡ ਲੋਹਟੀਆਂ ਵਿਖੇ ਪੰਡਤ ਕਿ੍ਰਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਹੋਇਆ। ਪੜਾਈ ’ਚ ਜ਼ਿਆਦਾ ਦਿਲਚਸਪੀ ਨਾ ਹੋਣ ਦੇ ਬਾਵਜੂਦ ਚੌਥੀ ਜਮਾਤ ’ਚੋਂ ਵਜ਼ੀਫ਼ਾ ਹਾਸਲ ਕੀਤਾ। ਉਪਰੰਤ ਅਗਲੀ ਵਿੱਦਿਆ ਪ੍ਰਾਪਤੀ ਲਈ ਡੇਰਾ ਬਾਬਾ ਨਾਨਕ ਚਲਾ ਗਿਆ, ਜਿੱਥੇ ਉਸ ਦੇ ਪਿਤਾ ਪਟਵਾਰੀ ਸਨ।  1947 ਦਾ ਹੱਲਿਆਂ ਦਾ ਦਿ੍ਰਸ਼ ਦੇਖ ਕੇ ਉਸ ਦਾ ਸੀਨਾ ਕੁਰਲਾ ਉੱਠਿਆ ਤੇ ਉਹ ਵਾਪਸ ਆਪਣੇ ਪਿੰਡ ਲੋਹਟੀਆਂ ਆ ਗਿਆ। 1949 ’ਚ ਸ਼ਿਵ ਦੇ ਪਿਤਾ ਦੀ ਬਦਲੀ ਹੋ ਜਾਣ ਕਾਰਨ ਉਹ ਬਟਾਲੇ ਆ ਗਏ। ਦਸਵੀਂ ਪਾਸ ਕਰਨ ਉਪਰੰਤ ਉਹ ਐਫ.ਐਸ.ਸੀ. ਕਰਨ ਲਈ ਬੇਰਿੰਗ ਕਿ੍ਰਸਚੀਅਨ ਕਾਲਜ ’ਚ ਦਾਖ਼ਲ ਹੋ ਗਿਆ। ਕੱੁਝ ਸਮਾਂ ਉਹ ਕਾਦੀਆਂ, ਨਾਭਾ ਤੇ ਪਾਲਮਪੁਰ ਵਿਖੇ ਵੀ ਪੜਿਆ। ਨਾਭੇ ਪੜਦਿਆਂ ਉਸ ਦੀ ਲੋਕਪਿ੍ਰਆ ਵਧਣ ਲੱਗੀ। ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਕਾਲਜ ਛੱਡ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਸ਼ਿਵ ਦਾ ਦਾਖਲਾ ਪਾਲਮਪੁਰ ਨੇੜਲੇ ਸ਼ਹਿਰ ਬੈਜ਼ਨਾਥ ਵਿਖੇ ਡਿਪਲੋਮਾ ਕਾਲਜ ’ਚ ਕਰਵਾ ਦਿੱਤਾ, ਪਰ ਉਸ ਦਾ ਮਨ ਪੜਾਈ ਤੋਂ ਦੂਰ ਹੀ ਰਿਹਾ। ਇਸੇ ਦੌਰਾਨ ਕਲਾਨੌਰ ਨੇੜਲੇ ਪਿੰਡ ਅਰਲੀ ਭੰਨ ’ਚ ਉਹ ਪਟਵਾਰੀ ਲੱਗ ਗਿਆ, ਪਰ ਇਹ ਕਿੱਤਾ ਵੀ ਉਸ ਦੇ ਮਨ ਨੂੰ ਰਾਸ ਨਾ ਆਇਆ। ਗੱਲ ਕੀ, ਪ੍ਰੇਮ ਨਗਰ ਬਟਾਲਾ ਅਤੇ ਸਟੇਟ ਬੈਂਕ ਇੰਡੀਆ ਚੰਡੀਗੜ ਦੀ ਕਲਰਕੀ ਵੀ ਉਸ ਦੀ ਵਹਿੰਦੀ ਕਲਮ ਦੀ ਰਵਾਨਗੀ ’ਚ ਰੁਕਾਵਟ ਨਾ ਬਣ ਸਕੀ। 
ਵਾਰਿਸ ਸ਼ਾਹ ਤੋਂ ਬਾਅਦ ਮਹਿਫ਼ਲਾਂ ਦਾ ਸ਼ਿੰਗਾਰ ਬਣਨ ਵਾਲਾ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸਿਰਫ਼ ਸ਼ਿਵ ਬਟਾਲਵੀ ਹੀ ਸੀ। ਆਜ਼ਾਦੀ ਤੋਂ ਬਾਅਦ ਬਟਾਲੇ ਆਉਣ ਕਾਰਨ ਉਹ ਸ਼ਿਵ ਕੁਮਾਰ ਤੋਂ ਸ਼ਿਵ ਬਟਾਲਵੀ ਬਣ ਗਿਆ। ਅਮਰਜੀਤ ਗੁਰਦਾਸਪੁਰੀ ਅਨੁਸਾਰ ਸ਼ਿਵ ਨੇ ਆਪਣੇ ਘਰ ਨਾਲੋਂ ਜ਼ਿਆਦਾ ਰਾਤਾਂ ਆਪਣੇ ਮਿੱਤਰ ਬੇਲੀਆਂ ਦੇ ਘਰ ਗੁਜ਼ਾਰੀਆਂ। ਇਹ ਵੀ ਕਹਿੰਦੇ ਨੇ ਕਿ ਜਿਸ ਕੁੜੀ ਨੂੰ ਸ਼ਿਵ ਨੇ ਇਸ਼ਕ ਕੀਤਾ, ਉਹ ਉਸ ਨੂੰ ਛੱਡ ਕੇ ਵਿਦੇਸ਼ ਚਲੀ ਗਈ ਤੇ ਉਸੇ ਵਿਛੋੜੇ ਨੇ ਕਲਮ ਦਾ ਰੂਪ ਲੈ ਲਿਆ, ਜਿਸ ਸਦਕਾ ਉਸ ਨੂੰ ‘ਬਿਰਹਾ ਦਾ ਸੁਲਤਾਨ’ ਸ਼ਾਇਰ ਹੋਣ ਦਾ ਖ਼ਿਤਾਬ ਮਿਲਿਆ। 
1965 ’ਚ ‘ਸੌਂਕਣ ਮੇਲੇ ਦੀ’ ਫ਼ਿਲਮ ਦੇ ਗੀਤ ਲਿਖਣ ਬਦਲੇ ਉਸ ਨੂੰ ਸ਼ੀਲਡ ਮਿਲੀ। 1968 ਦੇ ਅਕਤੂਬਰ ਮਹੀਨੇ ਉਹ ਬਟਾਲੇ ਦਾ ਪ੍ਰੇਮ ਨਗਰ ਛੱਡ ਆਪਣਾ ਵਹੁਟੀ ਅਰੁਣਾ ਨਾਲ ਚੰਡੀਗੜ ਚਲਾ ਗਿਆ। 1960 ਤੋਂ 1973 ਤੱਕ ਦੇ ਉਸ ਦੇ ਕਾਵਿ ਸਫ਼ਰ ਦੌਰਾਨ ਉਸ ਨੇ 11 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਸ ਨੇ ਆਪਣਾ ਪਲੇਠਾ ਕਾਵਿ ਸੰਗ੍ਰਹਿ ‘ਪੀੜਾਂ ਦੀ ਪਰਾਗਾ’ 1960 ’ਚ ਲਿਖਿਆ। 1961 ’ਚ ਉਸ ਦੀ ਦੂਜੀ ਕਾਵਿ ਪੁਸਤਕ ‘ਲਾਜਵੰਤੀ’ ਪ੍ਰਕਾਸ਼ਿਤ ਹੋਈ ਅਤੇ 1962 ’ਚ ਤੀਜੀ ਪੁਸਤਕ ‘ਆਟੇ ਦੀਆਂ ਚਿੜੀਆਂ’ ਬਾਜ਼ਾਰ ’ਚ ਆਈ। ਇਸੇ ਲੜੀ ਤਹਿਤ 1963 ’ਚ 25 ਨਜ਼ਮਾਂ, ਗੀਤਾਂ ਤੇ ਗ਼ਜ਼ਲਾਂ ਨਾਲ ਸ਼ਿੰਗਾਰੀ ਚੌਥੀ ਪੁਸਤਕ ‘ਮੈਨੂੰ ਵਿਦਾ ਕਰੋ’ ਤੋਂ ਬਾਅਦ ਅਗਲੇ ਸਾਲ 1964 ’ਚ 27 ਰਚਨਾਵਾਂ ਵਾਲੀ ‘ਦਰਦਮੰਦਾਂ ਦੀਆਂ ਆਹੀਂ’ ਵੀ ਆ ਚੁੱਕੀ ਸੀ। 1964 ’ਚ ਹੀ ਸ਼ਿਵ ਨੇ ਛੇਵੀਂ ਪੁਸਤਕ ‘ਬਿਰਹਾ ਤੂੰ ਸੁਲਤਾਨ’ ਨਾਲ ਹਾਜ਼ਰੀ ਲਵਾਈ। ਪੁਸਤਕ ਪ੍ਰਕਾਸ਼ਨ ਦੀ ਨਿਰੰਤਰਤਾ ਜਾਰੀ ਰੱਖਦਿਆਂ ਸ਼ਿਵ ਦੀ 1965 ’ਚ ਆਈ ਸੱਤਵੀਂ ਪੁਸਤਕ ‘ਲੂਣਾ’ ਨੂੰ ‘ਸਾਹਿਤ ਅਕਾਦਮੀ ਪੁਰਸਕਾਰ’ ਨਾਲ ਨਿਵਾਜਿਆ ਗਿਆ। ਉਸ ਤੋਂ ਬਾਅਦ 1970 ’ਚ 8ਵੀਂ ਪੁਸਤਕ ‘ਮੈਂ ਤੇ ਮੈਂ’, 1971 ’ਚ ਨੌਵੀਂ  ‘ਆਰਤੀ’, ਦਸਵੀਂ ‘ਸੋਗ’ ਅਤੇ ਗਿਆਰਵੀਂ ਤੇ ਆਖ਼ਰੀ  ਕਾਵਿ  ਸੰਗਿ੍ਰਹ ‘ਅਲਵਿਦਾ’ ਹੈ। ਉਸ ਦੀਆਂ ਦੋ ਪੁਸਤਕਾਂ ਉਸ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ। ਸ਼ਿਵ ਬਟਾਲਵੀ ਅਨੁਸਾਰ ਨਿੰਦਿਆ ਤੇ ਪ੍ਰਸੰਸਾ ਦੋ ਵਫ਼ਾਦਾਰ ਮਹਿਬੂਬਾਂ ਵਾਂਗ ਸਾਡੇ ਅੰਗ-ਸੰਗ ਰਹਿੰਦੀਆਂ ਹਨ। ਪ੍ਰੇਮ ਸੰਬੰਧਾਂ ’ਚੋਂ ਪੈਦਾ ਹੋਈ ਵਿਆਕੁਲਤਾ ਉਸ ਦੇ ਕਾਵਿ ਸੰਸਾਰ ਦਾ ਧੁਰਾ ਹੈ। ਉਹ ਪੰਜਾਬੀ ਸਾਹਿਤ ਜਗਤ ’ਚ ਕਵੀਆਂ ਦਾ ਕਵੀ ਤੇ ਗੀਤਕਾਰਾਂ ਦਾ ਗੀਤਕਾਰ ਹੋ ਨਿੱਬੜਿਆ। ਪੰਜਾਬੀ ਕਵਿਤਾ ਦਾ ਅਮਿੱਟ ਹਸਤਾਖ਼ਰ, ਪਿਆਰ, ਮੌਤ ਤੇ ਬਿਰਹਾ ਦਾ ਸੁਲਤਾਨ ਕਵੀ ਸੀ ਸ਼ਿਵ। ਉਸ ਦੇ ਸਮਕਾਲੀ ਕਵੀਆਂ ਵੱਲੋਂ ਰਸਾਲਿਆਂ ’ਚ ਉਸ ਦੇ ਖ਼ਿਲਾਫ਼ ਲਿਖਣ ਤੇ ਸਟੇਜਾਂ ’ਤੇ ਬੋਲਣ ਦੇ ਬਾਵਜੂਦ ਵੀ ਕੋਈ ਮੁਸ਼ਾਇਰਾ ਉਸ ਬਿਨ ਸੰਪੂਰਨ ਜਾਂ ਮੁਕੰਮਲ ਨਹੀਂ ਸੀ ਸਮਝਿਆ ਜਾਂਦਾ। ਉਸ ਅਨੁਸਾਰ ਆਪਣਾ ਸਭ ਤੋਂ ਵੱਡਾ ਨਿੰਦਕ ਤੇ ਪ੍ਰਸੰਸਕ ਉਹ ਆਪ ਹੀ ਸੀ। ਉਸ ਨੇ ਆਪਣਾ ਮਰਨਾ ਜਵਾਨੀ ’ਚ ਹੀ ਮਿੱਥ ਲਿਆ ਸੀ। ਘੋਰ ਨਿਰਾਸ਼ਾ ਦੇ ਆਲਮ ’ਚ ਸ਼ਿਵ ਨੇ ਕੁੱਤੇ, ਲੁੱਚੀ ਧਰਤੀ ਤੇ ਫਾਂਸੀ ਵਰਗੀਆਂ ਕਵਿਤਾਵਾਂ ਲਿਖੀਆਂ। ਆਪਣਾ ਚੜਾਈ ਦੇ ਸਮੇਂ ਸ਼ਿਵ ਬਟਾਲਵੀ ਵਿਸ਼ਵ ਪੰਜਾਬੀ ਕਾਨਫ਼ਰੰਸ ’ਚ ਭਾਗ ਲੈਣ ਲਈ ਲੰਡਨ ਗਿਆ, ਜਿੱਥੇ ਉਸ ਦੇ ਮਿੱਤਰਾਂ ਤੇ ਪ੍ਰਸੰਸਕਾਂ ਨੇ ਉਸ ਨੂੰ ਸਿਰੇ ਦਾ ਸ਼ਰਾਬੀ ਬਣਾ ਦਿੱਤਾ। ਉਹ ਸ਼ਿਵ ਨੂੰ ਸ਼ਰਾਬ ਪਿਲਾਈ ਜਾਂਦੇ ਤੇ ਸ਼ਿਵ ਉਨਾਂ ਨੂੰ ਲਗਾਤਾਰ ਕਵਿਤਾਵਾਂ ਸੁਣਾਉਂਦਾ ਰਹਿੰਦਾ। ਸ਼ਰਾਬ ਉਸ ਦੇ ਖ਼ੂਨ ’ਚ ਇਸ ਕਦਰ ਰਚ ਗਈ ਕਿ ਇਹੀ ਸ਼ਰਾਬ ਉਸ ਦੇ ਜਿਗਰ ਨੂੰ ਲੈ ਬੈਠੀ। ਦਿਨੋਂ ਦਿਨ ਉਸ ਦੀ ਸਿਹਤ ’ਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਉਸ ਦੇ ਮਨ ਅੰਦਰਲੇ ਬਾਗ਼ੀ ਵਿਚਾਰਾਂ ਦੀ ਅੱਗ ਨੂੰ ਉਹ ਸ਼ਰਾਬ ਨਾਲ ਬੁਝਾਉਣ ਦੀ ਕੋਸ਼ਿਸ਼ ਕਰਦਾ। ਸ਼ਰਾਬ ਪੀਣ ਮਗਰੋਂ ਉਹ ਹੋਰ ਜ਼ਿਆਦਾ ਨਿਮਰ ਹੋ ਜਾਂਦਾ। ਦਿਲ ਦੇ ਕਿਸੇ ਕੋਨੇ ਦੇ ਖ਼ਲਾਅ ਨੂੰ ਭਰਨ ਦੀ ਕੋਸ਼ਿਸ਼ ’ਚ ਸ਼ਰਾਬ ਪੀ ਕੇ ਉਹ ਹੋਰ ਕਵਿਤਾਵਾਂ ਲਿਖਦਾ ਰਹਿੰਦਾ। ਉਸ ਸਮੇਂ ਹੋਣ ਵਾਲੇ ਕਵੀ ਦਰਬਾਰਾਂ ’ਚ ਅੱਲੜ ਮੁਟਿਆਰਾਂ ਵੱਲੋਂ ਸ਼ਿਵ ਦੀ ਮੌਜੂਦਗੀ ਜਾਂ ਸ਼ਮੂਲੀਅਤ ਦੀ ਖ਼ਾਸ ਸਿਫ਼ਾਰਸ਼ ਹੁੰਦੀ ਸੀ। ਸ਼ਿਵ ਦੀ ਇੱਕ ਝਲਕ ਪੈਂਦਿਆਂ ਹੀ ਉਨਾਂ ਦੇ ਸੂਹੇ ਚਿਹਰੇ ਹੋਰ ਸੁਰਖ਼ ਹੋ ਜਾਂਦੇ ਸਨ। ਅੱਜ ਵੀ ਉਹ ਮੁਟਿਆਰਾਂ, ਜੋ ਆਪਣੀ ਪਿਛਲੀ ਉਮਰੇ ਧਰਤੀ ਦੇ ਕਿਸੇ ਕੋਨੇ ’ਚ ਬੈਠੀਆਂ ਹੋਣਗੀਆਂ, ਦੇ ਮਨਾਂ ’ਚ ਸ਼ਿਵ ਦਾ ਖ਼ਿਆਲ ਆਉਂਦਿਆਂ ਹੀ ਸਰਸ਼ਾਰ ਹੋ ਉੱਠਦੀਆਂ ਹੋਣਗੀਆਂ। ਸ਼ਿਵ ਕਹਿੰਦੈ ਕਿ ਸੈਂਕੜੇ ਔਰਤਾਂ ਉਸ ਦੀ ਜ਼ਿੰਦਗੀ ’ਚ ਆਈਆਂ ਪਰ ਉਨਾਂ ’ਚ ਸੰਪੂਰਨ ਔਰਤ ਕੋਈ ਨਹੀਂ ਮਿਲੀ। ਉਹ ਬਿਗਾਨਗੀ ’ਚੋਂ ਆਪਣਾ ਪਣ ਲੱਭਦਾ ਰਿਹਾ ਅਤੇ ਆਪਣਿਆਂ ’ਚੋਂ ਉਸ ਨੂੰ ਬਿਗਾਨੇ ਪਨ ਦੀ ਝਲਕ ਦਿਸਦੀ ਰਹੀ। 
ਆਖ਼ਰੀ ਵਾਰ ਚੰਡੀਗੜ ਛੱਡਣ ਲੱਗਿਆਂ ਆਪਣੀ ਘਰਵਾਲੀ ਅਰੁਣਾ ਤੇ ਬੱਚਿਆਂ ਨਾਲ ਟੈਕਸੀ ’ਚ ਵਾਪਸ ਆਉਂਦਿਆਂ ਦੇ ਸ਼ਿਵ ਦੇ ਦਿਲ-ਦਿਮਾਗ ’ਚ ਪਤਾ ਨਹੀਂ ਕੀ ਆਇਆ ਕਿ ਸੈਕਟਰ 22 ਦੇ ਚੌਕ ਵਿਚ ਕਾਰ ਰੁਕਵਾ ਕੇ ਥੱਲੇ ਉੱਤਰ ਗਿਆ ਅਤੇ ‘ਕਦੇ ਵੀ ਮੁੜ ਤੇ ਨਹੀਂ ਆਉਣਾ ਇਸ ਪੱਥਰਾਂ ਦੇ ਸ਼ਹਿਰ ਵਿਚ’ ਕਹਿੰਦਿਆਂ ਉੱਥੇ ਥੁੱਕ ਕੇ ਉਸ ਨੇ ਆਪਣੇ ਦਿਲ ਦੀ ਭੜਾਸ ਕੱਢੀ ਸੀ। ਅੰਤ 6 ਮਈ 1973 ਦੇ ਕਾਲੇ ਐਤਵਾਰ ਨੂੰ ਅਰੁਣਾ ਦੇ ਘਰ ਵਿਖੇ ਸ਼ਿਵ ਬਟਾਲਵੀ ਦੀ ਵਿਲਕਦੀ ਤੇ ਕਲਪਦੀ ਆਤਮਾ ਤੇ ਰੂਹ ਸਦਾ ਲਈ ਸ਼ਾਂਤ ਹੋ ਗਈ ਅਤੇ ਉਸ ਦਾ ਨਾਂ ਪੰਜਾਬੀ ਸਾਹਿਤ ਜਗਤ ’ਚ ਹਮੇਸ਼ਾ ਲਈ ਅਮਰ ਹੋ ਗਿਆ। ਯਕੀਨਨ, ਜੇ 37 ਸਾਲ ਦੇ ਭਰ ਉਮਰੇ ਮੌਤ ਦਾ ਕਾਲ ਉਸ ਨੂੰ ਨਾ ਖੋਂਹਦਾ ਤਾਂ ਅੱਜ ਪੰਜਾਬੀ ਕਵਿਤਾ, ਪੰਜਾਬੀ ਸਾਹਿਤ ਦੀ ਤਸਵੀਰ ਕੱੁਝ ਹੋਰ ਹੁੰਦੀ।
]ਅਮਰਬੀਰ ਸਿੰਘ ਚੀਮਾ
ਸਰਹਿੰਦ, ਜ਼ਿਲਾ ਫ਼ਤਿਹਗੜ੍ਹ ਸਾਹਿਬ 
ਮੋਬਾਈਲ ਨੰ: 9888940211