ਰਜਿ: ਨੰ: PB/JL-124/2018-20
RNI Regd No. 23/1979

ਮੋਦੀ ਤੋਮਰ ਤੇ ਸ਼ਾਹ ਕਿਉਂ ਹੋਏ ਬੈਠੇ ਨੇ ਬੇਪ੍ਰਵਾਹ

BY admin / July 24, 2021
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਪਿਛਲੇ 9 ਮਹੀਨਿਆਂ ਤੋਂ ਨਿਰੰਤਰ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੋਵਾਂ ਵਲੋਂ ਆਪੋ-ਆਪਣੇ ਸਟੈਂਡ ‘ਤੇ ਅੜੇ ਰਹਿਣ ਕਾਰਨ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਗਰਮੀ, ਸਰਦੀ, ਮੀਂਹ ਅਤੇ ਹਨੇਰੀ ਵਿਚ ਕਿਸਾਨ ਪੰਜਾਬ ਤੇ ਹਰਿਆਣਾ ਵਿਚ ਸੈਂਕੜੇ ਥਾਵਾਂ ‘ਤੇ ਅਤੇ ਦਿੱਲੀ ਦੀਆਂ ਸਰਹੱਦਾਂ ਦੇ ਆਲੇ-ਦੁਆਲੇ ਲਗਾਤਾਰ ਧਰਨੇ ਦੇ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿਚ ਕਾਰਪੋਰੇਟ ਕੰਪਨੀਆਂ ਦੇ ਕਾਰੋਬਾਰੀ ਅਦਾਰਿਆਂ ਅਤੇ ਟੋਲ ਪਲਾਜ਼ਿਆਂ ‘ਤੇ ਵੀ ਕਿਸਾਨਾਂ ਵਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਰਾਜਾਂ ਵਿਚ ਕਿਸਾਨਾਂ ਵਲੋਂ ਭਾਜਪਾ ਦੇ ਦਫ਼ਤਰਾਂ ਅਤੇ ਸੀਨੀਅਰ ਭਾਜਪਾ ਆਗੂਆਂ ਦੇ ਘਰਾਂ ਦੇ ਸਾਹਮਣੇ ਵੀ ਧਰਨੇ ਦਿੱਤੇ ਜਾ ਰਹੇ ਹਨ ਅਤੇ ਰੋਸ ਪ੍ਰਗਟਾਵੇ ਕੀਤੇ ਜਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਦੋਵਾਂ ਰਾਜਾਂ ਵਿਚ ਇਕ ਤਰ੍ਹਾਂ ਨਾਲ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਸਾਰੀਆਂ ਹੀ ਰਾਜਨੀਤਕ ਸਰਗਰਮੀਆਂ ਠੱਪ ਕਰਕੇ ਰੱਖ ਦਿੱਤੀਆਂ ਹਨ। ਉਨ੍ਹਾਂ ਨੂੰ ਕਿਸੇ ਵੀ ਥਾਂ ‘ਤੇ ਪਾਰਟੀ ਮੀਟਿੰਗਾਂ ਜਾਂ ਰੈਲੀਆਂ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਹਰਿਆਣਾ ਵਿਚ ਤਾਂ ਅੰਦੋਲਨਕਾਰੀ ਕਿਸਾਨਾਂ ਵਲੋਂ ਭਾਜਪਾ ਤੇ ਜੇ.ਜੇ.ਪੀ. ਗੱਠਜੋੜ ਸਰਕਾਰ ਦੇ ਮੰਤਰੀਆਂ ਦੇ ਸਰਕਾਰੀ ਤੇ ਗ਼ੈਰ-ਸਰਕਾਰੀ ਦੌਰਿਆਂ ਦਾ ਵੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਕ ਤਰ੍ਹਾਂ ਨਾਲ ਹਰਿਆਣਾ ਵਿਚ ਭਾਜਪਾ ਦੀ ਰਾਜ ਸਰਕਾਰ ਠੱਪ ਹੋ ਕੇ ਰਹਿ ਗਈ ਹੈ।ਮੋਦੀ ਸਰਕਾਰ ਆਪਣੀ ਜਿੱਦ ਉਤੇ ਅੜ੍ਹੀ ਹੋਈ ਹੈ .ਕਾਨੂੰਨ ਰੱਦ ਕਰਨੇ ਆਪਣੀ ਮੁੱਛ ਦਾ ਸਵਾਲ ਸਮਝੀ ਬੈਠੀ ਹੈ .ਜੋ ਕਿ ਹਰਗਿਜ ਗਲਤ ਹੈ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨਾ ਕੋਈ ਗਲਤ ਗੱਲ ਨਹੀਂ ਹੈ .ਦੂਜੇ ਪਾਸੇ  ਜੇਕਰ ਕੇਂਦਰ ਸਰਕਾਰ ਵਲੋਂ ਨਵੇਂ ਸਿਰੇ ਤੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਇਸ ਦਾ ਹਾਂ-ਪੱਖੀ ਹੁੰਗਾਰਾ ਭਰਨਾ ਚਾਹੀਦਾ ਹੈ। ਕਿਉਂਕਿ ਕਿਸਾਨ ਅੰਦੋਲਨ ਹੁਣ ਇਕ ਅਜਿਹੇ ਪੜਾਅ ‘ਤੇ ਪਹੁੰਚ ਚੁੱਕਾ ਹੈ, । ਕਿਉਂਕਿ ਪਿਛਲੇ 9 ਮਹੀਨਿਆਂ ਤੋਂ ਬਹੁਤ ਹੀ ਸਖ਼ਤ ਹਾਲਾਤ ਵਿਚ ਕਿਸਾਨ ਧਰਨਿਆਂ ‘ਤੇ ਬੈਠੇ ਹਨ . 500 ਤੋਂ ਵੱਧ ਕਿਸਾਨ ਇਸ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਵੀ ਵਾਰ ਚੁੱਕੇ ਹਨ। ਬਿਨਾਂ ਸ਼ੱਕ ਕਿਸਾਨਾਂ ਦਾ ਧੀਰਜ ਵੀ ਹੁਣ ਵੱਡੀ ਹੱਦ ਤੱਕ ਟੁੱਟਦਾ ਜਾ ਰਿਹਾ ਹੈ। ਉਨ੍ਹਾਂ ਵਿਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਹੋ ਸਕਦਾ ਹੈ ਕਿ ਹੁਣ ਪੰਜਾਬ ਵਿਚ ਅਨੇਕਾਂ ਥਾਵਾਂ ‘ਤੇ ਭਾਜਪਾ ਆਗੂਆਂ ਦੇ ਨਾਲ-ਨਾਲ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦਾ ਵੀ ਕਿਸਾਨਾਂ ਨੇ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਇਕ ਤਰ੍ਹਾਂ ਨਾਲ ਸਾਰੇ ਰਾਜਨੀਤਕ ਦਲਾਂ ਨਾਲ ਕਿਸਾਨ ਅੰਦੋਲਨਕਾਰੀ ਟਕਰਾਓ ਵਿਚ ਆ ਸਕਦੇ ਹਨ। ਇਹ ਸਥਿਤੀ ਜਿਥੇ ਅਮਨ-ਕਾਨੂੰਨ ਦੇ ਪੱਖ ਤੋਂ ਰਾਜ ਲਈ ਚਿੰਤਾਜਨਕ ਹੋਵੇਗੀ, ਉਥੇ ਕਿਸਾਨ ਅੰਦੋਲਨ ਲਈ ਵੀ ਇਹ ਹਾਲਾਤ ਸਾਜ਼ਗਾਰ ਨਹੀਂ ਹੋਣਗੇ। ਇਸ ਲਈ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਪੈਦਾ ਹੋ ਰਹੀ ਇਸ ਸਥਿਤੀ ਵੱਲ ਖ਼ਾਸ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਅੰਦੋਲਨ ਨੂੰ ਹਰ ਹਾਲਤ ਵਿਚ ਪੁਰਅਮਨ ਅਤੇ ਅਨੁਸ਼ਾਸਨ ਵਿਚ ਰੱਖਣ ਲਈ ਸਪੱਸ਼ਟ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਭਾਜਪਾ ਜਾਂ ਹੋਰ ਪਾਰਟੀਆਂ ਦੇ ਆਗੂਆਂ ਤੋਂ ਇਕ ਨਿਸਚਿਤ ਦੂਰੀ ‘ਤੇ ਰਹਿ ਕੇ ਹੀ ਅਮਨ ਪੂਰਵਕ ਰੋਸ ਪ੍ਰਗਟ ਕਰਨਾ ਚਾਹੀਦਾ ਹੈ। ਕਾਨੂੰਨ ਹਰਗਿਜ਼ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿਸੇ ਵੀ ਰੂਪ ਵਿਚ ਇਸ ਅੰਦੋਲਨ ਦਾ ਹਿੰਸਕ ਹੋਣਾ ਭਾਈਚਾਰਕ ਸਾਂਝ ਨੂੰ ਵੱਡੀ ਢਾਹ ਲਾਏਗਾ ਅਤੇ ਅੰਦੋਲਨ ਦੀ ਵੀ ਇਹ ਅਸਫਲਤਾ ਹੀ ਮੰਨੀ ਜਾਏਗੀ।  ਭਾਜਪਾ ਆਗੂਆਂ ਨੂੰ ਵੀ ਭੜਕਾਊ ਬਿਆਨਬਾਜ਼ੀ ਤੋਂ ਸੰਕੋਚ ਕਰਨਾ ਚਾਹੀਦਾ ਹੈ।ਮੋਦੀ ਨੂੰ ਇਕ ਵਾਰ ਜ਼ਰੂਰ ਇਸ ਮਸਲੇ ਤੇ ਸੋਚਣਾ ਚਾਹੀਦਾ ਹੈ .ਇਹ ਗੱਲ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚਿੱਠੀ ਵਿੱਚ ਮੋਦੀ ਨੂੰ ਲਿੱਖ ਚੁਕੇ ਹਨ .ਕਿਸਾਨ ਬਹੁਤ ਸਬਰ ਨਾਲ ਜ਼ਬਰ ਦਾ ਮੁਕਾਬਲਾ ਕਰ ਚੁਕੇ ਹਨ .ਮੋਦੀ ਨੂੰ ਆਪਣੀ ਜਿੱਦ ਛੱਡਣੀ ਚਾਹੀਦੀ ਹੈ .ਇਸ ਵਿੱਚ ਕਿਸਾਨਾਂ ਦਾ ਵੀ ਭਲਾ ਤੇ ਦੇਸ਼ ਦਾ ਵੀ ਭਲਾ ਹੈ .ਅਗਰ ਅੰਦੋਲਨ ਇਸ ਤੋਂ  ਅੱਗੇ ਇਹ ਹੋਰ ਲਮਕਦਾ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਸਾਰੇ ਯਤਨਾਂ ਦੇ ਬਾਵਜੂਦ ਇਸ ਦਾ ਅਮਨ ਪੂਰਵਕ ਰਹਿਣਾ ਮੁਸ਼ਕਿਲ ਹੋ ਸਕਦਾ ਹੈ.ਮੋਦੀ ਤੋਮਰ ਤੇ ਸ਼ਾਹ ਜ਼ਰਾ ਧਿਆਨ ਦਿਉ ਏਨੇ ਨਾ ਹੋਵੋ ਬੇਪ੍ਰਵਾਹ
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ
ਸੰਪਰਕ - 7589155501