ਸਿੱਧੂ ਦੀਆਂ ‘ਸਿੱਧੀਆਂ’ ਨੂੰ ਕੌਣ ਜਾਣੇ!
ਆਖਿਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ ਪਰ ਬਣੇ ਬੜੇ ਔਖੇ ਹਨ। ਬੜੀ ਜਦੋ ਜਹਿਦ ਹੋਈ ਹੈ। ਅਣਗਿਣਤ ਮੀਟਿੰਗਾਂ ਹੋਈਆਂ ਤੇ ਬੇਲਿਹਾਜਾ ਬਹਿਸਾਂ ਹੋਈਆਂ ਹਨ। ਛੋਟੇ ਵੱਡੇ ਕਾਂਗਰਸੀ ਕਈ ਕਈ ਵਾਰ ਬੈਠੇ ਤੇ ਕਈ ਕਈ ਵਾਰ ਉੱਠੇ। ਸਸਪੈਂਸ ਬਣਦੇ ਰਹੇ ਤੇ ਢਹਿੰਦੇ ਰਹੇ। ਬਥੇਰੀ ‘ਸਿੱਧੂ ਸਿੱਧੂ‘ ਤੇ ‘ਕੈਪਟਨ ਕੈਪਟਨ‘ ਹੋ ਹਟੀ ਹੈ। ਆਖਿਰ ਸਿੱਧੂ ‘ਸਿਧ‘ ਹੋ ਗਿਆ ਹੈ। ਮੈਂ ਸਿਆਸੀ ਬੰਦਾ ਨਹੀਂ,ਇਸ ਲਈ ਅਜ ਦੇ ਕਾਲਮ ਵਿਚ ਸਿਆਸਤ ਨਾਲ ਸਬੰਧਤ ਚਰਚਾ ਨਹੀਂ ਕਰਾਂਗਾ। ਮੈਂ ਸਾਹਿਤਕ ਬੰਦਾ ਹਾਂ ਤੇ ਇਸ ਖੇਤਰ ਨਾਲ ਜੁੜੀਆਂ ਕੁਝ ਗੱਲਾਂ ਪਾਠਕਾਂ ਲਈ ਪੇਸ਼ ਕਰਦੇ ਹਾਂ। ਇਹ ਦਸਦਾ ਜਾਵਾਂ ਕਿ ਮਾਲਵੇ ਦਾ ਇਕ ਆਮ ਪੇਂਡੂ ਹਾਂ। ਮੈਂ ਰਿਕਸ਼ੇ ਵਾਲੇ ਦੀ ਬੋਲੀ ਤੋਂ ਲੈਕੇ ਆਟੋ ਵਾਲੇ, ਤੇ ਬਸ ਵਾਲੇ ਯਾਤਰੀ ਤੋਂ ਲੈਕੇ ਪਿੰਡ ਦੇ ਲੰਬੜਦਾਰ ਤੇ ਆਮ ਸੀਰੀ (ਦਿਹਾੜੀਦਾਰ) ਦੀ ਆਸ ਪਾਸ ਬਾਰੇ ਰਾਇ ਜਾਣਦਾ ਰਹਿੰਦਾ ਹਾਂ ਕਿ ਏਹ ਲੋਕ ਬਿਨਾ ਕਿਸੇ ਦੇ ਆਖੇ ਤੋਂ ਕਿਸ ਲੀਡਰ ਨੂੰ ਚਾਹੁੰਦੇ ਹਨ? ਉਹਦੇ ਬਾਰੇ ਕੀ ਸੋਚਦੇ ਨੇ! ਕੀ ਗੱਲਾਂ ਕਰਦੇ ਹਨ? ਜਦ ‘ਸਿੱਧੂ ਸਿੱਧੂ‘ ਹੁੰਦੀ ਸੁਣੀ, ਤਾਂ ਸੋਚਿਆ ਕਿ ਇਸ ਬੰਦੇ ਵਿਚ ਕੋਈ ਤਾਂ ਗੁਣ ਹੈ ਕਿ ਲੋਕ ਇਸ ਨੂੰ ਚਾਹੁੰਦੇ ਨੇ, ਇਹਦਾ ਨਾਂ ਲੈਂਦੇ ਨੇ ਕਿ ਇਹ ਅੱਗੇ ਆਵੇ। ਪਰ ਏਹਨੂੰ ਅਗੇ ਆਉਣ ਕੌਣ ਦੇਵੇ? ਉਘੇ ਸ਼ਾਇਰ ਡਾ ਜਗਤਾਰ ਦੇ ਬੋਲ ਹਨ:
ਹਰ ਮੋੜ ਤੇ ਸਲੀਬਾਂ, ਪੈਰ ਪੈਰ ਤੇ ਹਨੇਰਾ।
ਅਸੀਂ ਜਰਾ ਵੀ ਰੁਕੇ ਨਾ, ਸਾਡਾ ਵੀ ਵੇਖ ਜੇਰਾ।
ਉਸਦਾ ਜੇਰਾ ਤਕੜਾ ਹੈ। ਪੁਲਾਂਘ ਲੰਬੀ ਹੈ। ਸਲੀਬਾਂ ਹਟਾਉਣ ਦੇ ਸਮਰੱਥ ਹੈ। ਸਾਰੇ ਪੰਜਾਬ ਲਈ ਚਾਨਣ ਚਾਹੁੰਦਾ ਹੈ। ਖੈਰ! ***
ਮੈਂ ਸਿੱਧੂ ਦੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਹੋਣ ਵੇਲੇ ਦੀਆਂ ਕੁਛ ਗੱਲਾਂ ਪਾਠਕਾਂ ਨਾਲ ਸਾਝੀਆਂ ਕਰ ਲਵਾਂ, ਜੋ ਇਸ ਵੇਲੇ ਕਰਨੀਆਂ ਬਣਦੀਆਂ ਹਨ। ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਤਾਂ ਮਹਿਕਮੇ ਵੰਡਣ ਲੱਗੇ। ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪੁੱਛਣ ਲੱਗੇ ਕਿ ਨਵਜੋਤ, ਤੈਨੂੰ ਸਥਾਨਕ ਸਰਕਾਰਾਂ ਦੇ ਨਾਲ ਨਾਲ ਹੋਰ ਇਕ ਕਿਹੜਾ ਮਹਿਕਮਾ ਦੇਈਏ? ਸਿੱਧੂ ਨੇ ਆਪ ਕੈਪਟਨ ਸਾਹਿਬ ਤੋਂ ਮਹਿਕਮਾ ਮੰਗਿਆ ਕਿ ਸਰ,ਮੈਨੂੰ ਕਲਚਰ ਤੇ ਟੂਰਿਜਮ ਵਿਭਾਗ ਦੇਵੋ,ਮੈਂ ਸੇਵਾ ਕਰਨੀ ਚਾਹੁੰਦਾ ਹਾਂ। ਇਹ ਵਿਭਾਗ ਤੇ ਭਾਸ਼ਾ ਵਿਭਾਗ ਲੈਣ ਤੋਂ ਹਰ ਕੋਈ ਮੰਤਰੀ ਡਰਦਾ ਹੈ, ਇਹਨਾਂ ਵਿਭਾਗਾਂ ਵਾਸਤੇ ਨਾ ਬੱਝਵਾਂ ਬੱਜਟ ਹੈ। ਨਾ ਨੀਤੀ ਹੈ। ਨਾ ਢਾਂਚਾ ਹੈ। ਭਾਵੇਂ ਸਿੱਧੂ ਮਸਾਂ ਡੇਢ ਸਾਲ ਤੱਕ ਮੰਤਰੀ ਰਹੇ ਪਰ ਉਨਾਂ ਨੇ ਕਲਚਰ ਤੇ ਟੂਰਿਜ਼ਮ ਵਾਸਤੇ ਵਿਸ਼ੇਸ਼ ਫੰਡ ਵੀ ਰਖਵਾਏ ਤੇ ਆਪ ਰੁਚੀ ਲੈਕੇ ਕੰਮ ਵੀ ਕਰਵਾਏ। ਜਦ ਉਨਾ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਲਾਇਆ ਤਾਂ ਸਾਹਿਤਕ ਖੇਤਰ ਵਿਚ ਸਿੱਧੂ ਦੇ ਇਸ ਯਤਨ ਨੂੰ ਸਲਾਹਿਆ ਗਿਆ। ਉਨਾ ਪੰਜਾਬ ਦੇ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਇਕੱਠੇ ਕਰਕੇ ਪੰਜਾਬ ਭਵਨ ਵਿਚ ਦਸ ਮੀਟਿੰਗਾਂ ਕੀਤੀਆਂ ਤੇ ਸਾਹਿਤ, ਸਭਿਆਚਾਰ, ਕਲਾ ਤੇ ਸੰਗੀਤ ਬਾਰੇ ਹਰੇਕ ਦੀ ਰਾਇ ਲਈ ਗਈ। ਅਸ਼ਲੀਲ ਗਾਇਕੀ ਨੂੰ ਰੋਕਣ ਵਾਸਤੇ ਜਦ ਉਹ ਇਕ ਕਮਿਸ਼ਨ ਬਣਾਉਣ ਲੱਗੇ ਤਾਂ ਕਲਾਕਾਰ ਤੇ ਲੇਖਕ ਹੀ ਆਪੋ ਵਿਚ ਬਹਿਸ ਪਏ ਤੇ ਗੱਲ ਕਿਸੇ ਸਿੱਟੇ ਉਤੇ ਨਾ ਅੱਪੜੀ। ਮੈਂ ਇਨਾ ਸਾਰੀਆਂ ਮੀਟਿੰਗਾਂ ਵਿੱਚ ਹਾਜਰ ਰਿਹਾ ਤੇ ਇਕ ਮੀਟਿੰਗ ਵਿਚ ਸਿੱਧੂ ਨੇ ਅਜਿਹੀ ਦਰਿਆ ਦਿਲੀ ਦਿਖਾਈ ਕਿ ਹਰ ਪਾਸਿਓਂ ਉਹਦੀ ਤਾਰੀਫ ਹੋਈ ਤੇ ਵਿਰੋਧੀ ਵੀ ਇਸ ਕਾਰਜ ਨੂੰ ਚੰਗਾ ਆਖਕੇ ਸਲਾਹੁਤਾ ਕਰ ਗਏ। ਹੋਇਆ ਇਹ ਕਿ ਫੋਰਟਿਸ ਹਸਪਤਾਲ ਵਿਚ ਦਾਖਲ ਕੈਂਸਰ ਨਾਲ ਜੂਝ ਰਹੇ ਸ਼੍ਰੋਮਣੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਮੱਦਦ ਵਾਸਤੇ ਮੈਂ ਮੀਟਿੰਗ ਵਿਚ ਬੋਲ ਦਿੱਤਾ। ਸਿੱਧੂ ਸਾਹਿਬ ਨੇ ਆਖਿਆ, “ ਸਰਕਾਰੀ ਪੌਲਿਸੀ ਤਾਂ ਹੈ ਨਹੀਂ ਪਰ ਆਹ ਚੁੱਕ ਮੇਰੀ ਚੈਕ ਬੁੱਕ ਤੇ ਭਰ ਲੈ ਆਪੇ।“ ਸੋ, ਬਣਦਾ ਖਰਚਾ 9 ਲੱਖ ਉਨਾ ਆਪਣੇ ਕੋਲੋਂ ਹੀ ਦੇ ਦਿੱਤਾ। ਜਦ ਸਿੱਧੂ ਨੂੰ ਫਰੀਦਕੋਟ ਵਿਖੇ ‘ਬਾਬਾ ਫਰੀਦ ਇਮਾਨਦਾਰੀ ਐਵਾਰਡ‘ ਮਿਲਿਆ, ਤਾਂ ਮੈਂ ਮੰਚ ਸੰਚਾਲਨ ਕਰ ਰਿਹਾ ਸਾਂ। ਕੰਨ ਕੋਲ ਮੂੰਹ ਕਰਕੇ ਪੁੱਛਣ ਲੱਗੇ ਕਿ ਇਹ ਇਨਾਮ ਦੇ ਪੈਸੇ ਗੁਰੂ ਘਰ ਦੇ ਆਪਾਂ (ਇਕ ਲੱਖ ਰੁਪਏ) ਘਰ ਨਹੀਂ ਲਿਜਾਣੇ। ਦੱਸੋ ਕਿਸ ਲੋੜਵੰਦ ਨੂੰ ਦੇਣੇ ਹਨ? ਤੇ ਇਕ ਲੱਖ ਆਪਣੇ ਕੋਲੋਂ ਹੋਰ ਪਾ ਦਿੰਦੇ ਹਾਂ। ਕੋਲ ਬੈਠੇ ਉਨਾ ਦੇ ਪੀ ਆਰ ਓ ਨਵਦੀਪ ਗਿੱਲ ਨੂੰ ਚੰਗੀ ਗੱਲ ਸੁੱਝੀ। ਉਹ ਆਖਣ ਲੱਗਾ, “ ਸਰ, ਰਾਸ਼ਟਰਪਤੀ ਐਵਾਰਡ ਜੇਤੂ ਸ਼ਰੋਮਣੀ ਢਾਡੀ ਈਦੂ ਸ਼ਰੀਫ ਬਹੁਤ ਬਿਮਾਰ ਹੈ ਤੇ ਆਰਥਿਕ ਹਾਲਤ ਮਾੜੀ ਹੈ।“ ਸਿੱਧੂ ਸਾਹਬ ਸਿੱਧੇ ਈਦੂ ਸ਼ਰੀਫ ਕੋਲ ਦੋ ਲੱਖ ਰੁਪਏ ਭੇਟ ਕਰਨ ਉਨਾ ਦੇ ਘਰ ਪਹੁੰਚ ਗਏ। ਕਣਕ ਸੜੀ ਤੋਂ ਕਿਸਾਨਾਂ ਨੂੰ ਪੱਚੀ ਲੱਖ ਰੁਪਏ ਆਪਣੀ ਜੇਬ ਵਿਚੋਂ ਦੇ ਆਏ। ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦਾ ਬਿਜਲੀ ਬਿੱਲ ਭਰਕੇ ਕੱਟਿਆ ਕੁਨੈਕਸ਼ਨ ਲਗਵਾ ਆਏ।
ਮੇਰੀ ਉਚੇਚੀ ਡਿਊਟੀ ਲਗਾਈ ਕਿ ਪੰਜਾਬ ਦੇ ਲੋੜਵੰਦ ਤੇ ਰੁਲ ਰਹੇ ਕਲਾ ਨਾਲ ਸਬੰਧਿਤ ਲੋਕਾਂ ਦੀ ਇਕ ਸੂਚੀ ਤਿਆਰ ਕਰਕੇ ਦੇਵਾਂ। ਜਦ ਤਕ ਸੂਚੀ ਬਣੀ, ਮਾੜੀ ਕਿਸਮਤ ਕਿ ਉਹ ਮੰਤਰੀ ਪਦ ਛੱਡ ਗਏ। ਹੁਣ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ ਤੇ ਸਿਆਸਤ ਨਾਲ ਸਬੰਧਤ ਲੋਕਾਂ ਤੋ ਬਿਨਾਂ ਕਲਾ ਤੇ ਸਾਹਿਤ ਨਾਲ ਜੁੜੇ ਹੋਏ ਲੋਕ ਵੀ ਪ੍ਰਸੰਨ ਹੋਏ ਹਨ ਤੇ ਉਨਾ ਲੋਕਾਂ ਨੂੰ ਆਸ ਬੱਝੀ ਹੈ ਕਿ ਪੰਜਾਬ ਦੇ ਕਲਾਤਮਿਕ ਖਜਾਨੇ ਨੂੰ ਭਰਪੂਰ ਕਰਨ ਵਿਚ ਆਪਣਾ ਅਹਿਮ ਯੋਗਦਾਨ ਦੇਣਗੇ।
ਨਿੰਦਰ ਘੁਗਿਆਣਵੀ