ਰਜਿ: ਨੰ: PB/JL-124/2018-20
RNI Regd No. 23/1979

ਮਾਲਵੇ ਦੇ ਗੁਰਮਤਿ ਪ੍ਰਚਾਰਕ-ਭਾਈ ਰੂਪ ਚੰਦ

BY admin / July 24, 2021
ਬਰਸੀ ’ਤੇ ਵਿਸ਼ੇਸ਼
ਮਾਲਵੇ ਦੇ ਗੁਰਮਤਿ ਪ੍ਰਚਾਰਕ ਭਾਈ ਰੂਪ ਚੰਦ ਦਾ ਜਨਮ 15 ਵੈਸਾਖ ਸੰਮਤ  1671 ਬਿਕਰਮੀ ਸੰਨ 1614 ਈ: ਨੂੰ ਪਿੰਡ ਤੁਕਲਾਣੀ ਵਿਖੇ ਮਾਤਾ ਸੁੂਰਤੀ ਦੀ ਕੁਖੋਂ ਅਤੇ ਭਾਈ ਪਿਤਾ ਸਾਧੂ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇੱਕ ਸਾਲ ਦੀ ਉਮਰ ਵਿੱਚ ਭਾਈ ਰੂਪ ਚੰਦ ਜੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੋਈ। ਮਹਾਨ ਕੋਸ਼ ਦੇ ਕਰਤਾ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਲਕ ਦੇ ਜਨਮ ਹੋਣ ਤੇ ਮਾਤਾ-ਪਿਤਾ ਉਸ ਨੂੰ ਲੈ ਕੇ ਗੁਰੂ (ਹਰਿਗੋਬਿੰਦ ਸਾਹਿਬ) ਜੀ ਦੇ ਹਜ਼ੂਰ ਪੁੱਜੇ। ਛੇਵੇਂ ਸਤਿਗੁਰੂ ਨੇ ਚਰਣਾਮਿ੍ਰਤ ਦੇ ਕੇ ਬਾਲਕ ਦਾ ਨਾਂ ਰੂਪ ਚੰਦ ਰੱਖਿਆ। ਮਾਤਾ ਸੂਰਤੀ ਨੇ ਬਾਲਕ ਨੂੰ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦਿਆਂ ਲੋਰੀਆਂ ਦਿੱਤੀਆਂ। ਗੁਰਬਾਣੀ ਰੂਪੀ ਗੁਰੂ ਦਾ ਹੱਥ ਮਾਤਾ ਹਮੇਸ਼ਾਂ ਬਾਲਕ ਦੇ ਸਿਰ ਤੇ ਰੱਖਦੀ। ਆਪ ਦੇ ਮਾਤਾ-ਪਿਤਾ ਦਾ ਉਦੇਸ਼ ਸੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇਹਨਾਂ ਅਸੂਲਾਂ ਦੀ ਪਾਣ ਭਾਈ ਰੂਪ ਚੰਦ ਨੂੰ ਚੜ੍ਹਦੀ ਗਈ।
ਹਾੜੀਆਂ ਦੇ ਦਿਨਾਂ ਵਿੱਚ ਇੱਕ ਦਿਨ ਦੋਵੇਂ ਪਿਉ-ਪੁੱਤਰ ਖੇਤਾਂ ਵਿੱਚ ਫ਼ਸਲ ਵੱਢਣ ਦਾ ਕੰਮ ਕਰ ਰਹੇ ਸਨ। ਖੇਤੀ ਦਾ ਕੰਮ ਕਰਦਿਆਂ ਭਾਈ ਸਾਧੂ ਸਿੰਘ ਤੇ ਉਹਨਾਂ ਦੇ ਪੁੱਤਰ ਭਾਈ ਰੂਪ ਚੰਦ ਨੂੰ ਪਿਆਸ ਲੱਗੀ। ਪਿਆਸ ਬੁਝਾਉਣ ਲਈ ਖੇਤਾਂ ਵਿੱਚ ਜੰਡ ਦੇ ਦਰਖ਼ਤ ’ਤੇ ਮਸ਼ਕ ਟੰਗੀ ਹੋਈ ਸੀ। ਹਵਾ ਚੱਲਣ ਕਰਕੇ ਪਾਣੀ ਠੰਢਾ ਹੋ ਗਿਆ। ਉਹਨਾਂ ਘੜੇ ਦਾ ਠੰਢਾ ਪਾਣੀ ਪੀਣ ਤੋਂ ਪਹਿਲਾਂ ਛੇਵੇਂ ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਪਹਿਲਾਂ ਗੁਰੂ ਜੀ ਪਾਣੀ ਪੀਣ, ਪਿੱਛੋਂ ਅਸੀਂ ਪੀਵਾਂਗੇ। ਘੜੇ ਕੋਲ ਹੀ ਫੁੱਲਾਂ ਦੇ ਹਾਰ ਪਰੋ ਕੇ ਰੱਖ ਦਿੱਤੇ। ਇਹਨਾਂ ਦਿਨਾਂ ਵਿੱਚ ਹੀ ਗੁਰੂ ਸਾਹਿਬ ਆਪਣੇ ਸਾਂਢੂ ਸਾਂਈ ਦਾਸ ਕੋਲ ਡਰੋਲੀ ਆਏ ਹੋਏ ਸਨ ਤੇ ਉਸ ਦੇ ਘਰ ਭਾਗ ਲਾ ਰਹੇ ਸਨ। ਅਰਦਾਸ ਸੁਣਦਿਆਂ ਹੀ ਸਿਖਰ ਤਪਦੀ ਦੁਪਹਿਰ ਬਗ਼ੈਰ ਕਿਸੇ ਨੂੰ ਦੱਸੇ ਘੋੜਾ ਭਜਾਈ ਗੁਰੂ ਹਰਿਗੋਬਿੰਦ ਸਾਹਿਬ ਤੁਕਲਾਣੀ ਪਹੁੰਚ ਗਏ। ਭਾਈ ਸਾਧੂ ਸਿੰਘ ਤੇ ਭਾਈ ਰੂਪ ਚੰਦ ਖੇਤ ਵਿੱਚ ਬੇਹੋਸ਼ ਪਏ ਸਨ। ਗੁਰੂ ਜੀ ਨੇ ਦਰਖ਼ਤ ਤੋਂ ਪਾਣੀ ਦੀ ਮਸ਼ਕ ਲਾਹੀ ਅਤੇ ਉਹਨਾਂ ਦੇ ਮੂੰਹ ਤੇ ਛਿੱਟੇ ਮਾਰ ਕੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ। ਗੁਰੂ ਜੀ ਨੇ ਉਹਨਾਂ ਹੱਥੋਂ ਜਲ ਛਕਿਆ ਅਤੇ ਭਾਈ ਰੂਪ ਚੰਦ ਤੇ ਉਸ ਦੇ ਪਿਤਾ ਨੂੰ ਜਲ ਛਕਾਇਆ।
ਗੁਰੂ ਜੀ ਨੇ ਜੰਡ ਹੇਠੋਂ ਇੱਕ ਤੀਰ ਛੱਡਦੇ ਹੋਏ ਕਿਹਾ ਕਿ ਜਿਸ ਸਥਾਨ ਤੇ ਇਹ ਤੀਰ ਡਿੱਗੇਗਾ, ਉੱਥੇ ਨਵਾਂ ਪਿੰਡ ਵਸਾ ਲਵੋ। ਜਿਸ ਸਥਾਨ ’ਤੇ ਤੀਰ ਡਿੱਗਿਆ। ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਦੇ ਨਾਂ ਤੇ ਆਪਣੇ ਹੱਥੀਂ ਮੋੜ੍ਹੀ ਗੱਡੀ। ਭਾਈ ਰੂਪ ਚੰਦ ਦੇ ਨਾਂ ਤੇ ਭਾਈ ਰੂਪਾ ਪਿੰਡ ਸੰਮਤ 1688 ਬਿਕਰਮੀ ਸੰਨ 1631 ਈ: ਵਿੱਚ ਆਬਾਦ ਕਰਵਾਇਆ। ਬਠਿੰਡਾ ਜ਼ਿਲ੍ਹੇ ਦਾ ਇਹ ਇਤਿਹਾਸਿਕ ਪਿੰਡ ਹੈ। ਗੁਰੂ ਸਾਹਿਬ ਇੱਥੇ 6 ਮਹੀਨੇ, 9 ਦਿਨ, 9 ਪਲ, 9 ਘੜੀਆਂ ਠਹਿਰੇ। ਭਾਈ ਰੂਪ ਚੰਦ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਭਾਈ ਰੂਪ ਚੰਦ ਨੂੰ ‘ਭਾਈ’ ਦੀ ਉਪਾਧੀ ਦਿੱਤੀ। ਉਥੋਂ ਵਿਦਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਇੱਕ ਕਿ੍ਰਪਾਨ ਅਤੇ ਇੱਕ ਚੋਲਾ ਪਹਿਨਣ ਦੀ ਬਖ਼ਸ਼ਿਸ਼ ਕੀਤੀ ਪਰ ਭਾਈ ਰੂਪ ਚੰਦ ਸ਼ਰਧਾ ਵੱਸ ਦੋਵੇਂ ਦਾਤਾਂ ਸਿਰ ਤੇ ਰੱਖ ਕੇ ਖੜ੍ਹਾ ਰਿਹਾ। ਗੁਰੂ ਜੀ ਨੇ ਇੱਕ ਹੋਰ ਵਰ ਦਿੱਤਾ ਤੇਰੀ ਜ਼ਬਾਨ ਵਿੱਚ ਵੀ ਤਲਵਾਰ ਜਿੰਨੀ ਸ਼ਕਤੀ ਹੋਵੇਗੀ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਖੰਡਾ ਅਤੇ ਲੰਗਰ ਵਰਤਾਉਣ ਲਈ ਇੱਕ ਕੜਛਾ ਭਾਈ ਰੂਪ ਚੰਦ ਨੂੰ ਪ੍ਰਦਾਨ ਕੀਤਾ। ਇਹ ਦੋਵੇਂ ਹੁਣ ਬਾਗੜੀਆਂ ਸਨਮਾਨ ਨਾਲ ਰੱਖੇ ਹੋਏ ਹਨ।
ਭਾਈ ਰੂਪ ਚੰਦ ਦਾ ਵਿਆਹ ਇੱਕ ਪੂਰਨ ਗੁਰਸਿੱਖ ਲੜਕੀ ਨਾਲ ਹੋਇਆ। ਗ੍ਰਹਿਸਥ ਜੀਵਨ ਵਿੱਚ ਵਿਚਰਦਿਆਂ ਵੀ ਸਾਧਸੰਗਤ ਦੀ ਸੇਵਾ ਕਰਦੇ, ਬਾਣੀ ਪੜ੍ਹਦੇ ਤੇ ਸੁਣਾਉਂਦੇ। ਭਾਈ ਰੂਪ ਚੰਦ ਦੇ ਗ੍ਰਹਿ ਵਿਖੇ ਸੱਤ ਪੁੱਤਰਾਂ ਨੇ ਜਨਮ ਲਿਆ। ਭਾਈ ਨੰਦ, ਭਾਈ ਮਹਾਂ ਨੰਦ, ਭਾਈ ਪਰਮ ਸਿੰਘ, ਭਾਈ ਧਰਮ ਸਿੰਘ, ਭਾਈ ਸੂਰਤੀਆ, ਭਾਈ ਸੁੱਖਾ ਨੰਦ ਤੇ ਭਾਈ ਕਰਮ ਚੰਦ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ’ਚੋਂ ਨਿਕਲ ਕੇ ਦੀਨੇ ਕਾਂਗੜ ਪਹੁੰਚੇ ਤਾਂ ਉੱਥੇ ਜਾ ਕੇ ਭਾਈ ਰੂਪ ਚੰਦ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਆਪਣੇ ਦੋ ਪੁੱਤਰ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਗੁਰੂ ਜੀ ਨੂੰ ਅਰਪਣ ਕਰ ਦਿੱਤੇ। ਇਹ ਦੋਵੇਂ ਪੁੱਤਰ ਗੁਰੂ ਜੀ ਨਾਲ ਦੱਖਣ ਵੱਲ ਗਏ। ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮਿ੍ਰਤ ਛਕਿਆ ਤੇ ਗੁਰੂ ਜੀ ਨਾਲ ਅੱਗੇ ਹੋ ਕੇ ਹਰ ਮੈਦਾਨ ਵਿੱਚ ਜੰਗ ਲੜੀ। ਬਾਅਦ ਵਿੱਚ ਇਹਨਾਂ ਦੋਹਾਂ ਭਰਾਵਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਬੀਰਤਾ ਦੇ ਜੌਹਰ ਵਿਖਾਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੋਹਾਂ ਭਰਾਵਾਂ ਨੂੰ ਵਿਦਾ ਕਰਨ ਵੇਲੇ ਇੱਕ ਤਲਵਾਰ, ਪੋਥੀ, ਇੱਕ ਛੋਟੀ ਕਰਦ, ਇੱਕ ਛੋਟਾ ਖੰਡੇ ਦੀ ਬਖ਼ਸ਼ਿਸ਼ ਕੀਤੀ। ਬਾਬਾ ਬੰਦ ਸਿੰਘ ਬਹਾਦਰ ਨੇ ਵੀ ਖ਼ੁਸ਼ੀ ਵਿੱਚ ਆ ਕੇ ਦੋਹਾਂ ਭਰਾਵਾਂ ਨੂੰ ਇੱਕ ‘ਮੋਹਰ’ ਦਿੱਤੀ। ਬਾਕੀ ਪੰਜੇ ਭਰਾ ਪਿੰਡ ਵਿੱਚ ਹੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਕਿਰਤ ਕਰਕੇ ਛਕਦੇ ਤੇ ਛਕਾਉਂਦੇ ਰਹੇ।
ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਵਾਲੀ ਜੰਗ ਦੀ ਫ਼ਤਿਹ ਪਿੱਛੋਂ ਪਿੰਡ ਭਾਈ ਰੂਪਾ ਵਿਖੇ ਦਰਸ਼ਨ ਦਿੱਤੇ। ਇੱਥੇ ਗੁਰੂ ਸਾਹਿਬ ਨੇ ਭਾਈ ਰੂਪ ਚੰਦ ਤੋਂ ਮਿੱਸਾ ਪ੍ਰਸ਼ਾਦਾ, ਦਹੀਂ, ਮੱਖਣ ਛਕ ਕੇ ਭਾਈ ਕਿਆਂ ਨੂੰ ਲੰਗਰ ਚਲਾਉਣ ਦਾ ਵਰ ਦਿੱਤਾ। ਜਦੋਂ ਭਾਈ ਰੂਪ ਚੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ ਮਿਲੀ ਤਾਂ ਗੁਰਮਤਿ ਦੇ ਮਹਾਨ ਪ੍ਰਚਾਰਕ, ਬ੍ਰਹਮ-ਗਿਆਨੀ ਭਾਈ ਰੂਪ ਚੰਦ ਜੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਵਣ ਵਦੀ1, ਸੰਮਤ 1766 ਬਿਕਰਮੀ ਸੰਨ 1709 ਈ: ਨੂੰ 95 ਸਾਲ ਦੀ ਉਮਰ ਭੋਗ ਕੇ ਗੁਰੂ ਜੀ ਦੀ ਯਾਦ ਵਿੱਚ ਸੱਚ-ਖੰਡ ਪਿਆਨਾ ਕਰ ਗਏ।
 
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
5- 0.
 
(ਲੁਧਿਆਣਾ)