ਰਜਿ: ਨੰ: PB/JL-124/2018-20
RNI Regd No. 23/1979

ਤੰਗ-ਦਿਲੀ ਦੀ ਇੰਤਹਾ...

BY admin / July 25, 2021
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੇ ਬਿਆਨਾਂ ਕਾਰਣ ਅਕਸਰ ਵਿਵਾਦਾਂ ਵਿੱਚ ਆ ਜਾਂਦੇ ਹਨ। ਅਜਿਹਾ ਨਹੀਂ ਕਿ ਉਹ ਜੋ ਕਹਿੰਦੇ ਹਨ ਉਸ ਵਿੱਚ ਤਰਕ ਨਹੀਂ ਹੁੰਦਾ ਫਿਰ ਵੀ ਉਹਨਾਂ ਦੀ ਹਰ ਗੱਲ ਨੂੰ ਤਰਕਹੀਨ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਖ਼ਾਸ ਤੌਰ ’ਤੇ ਭਾਜਪਾ ਦੇ ਲੀਡਰ ਰਾਹੁਲ ਗਾਂਧੀ ਦਾ ਕੋਈ ਵੀ ਬਿਆਨ ਆਉਣ ’ਤੇ ਉਸਨੂੰ ਵਿਵਾਦ ਦਾ ਵਿਸ਼ਾ ਬਣਾਉਣ ਲਈ ਅੱਗੇ ਆ ਜਾਂਦੇ ਹਨ। ਬੀਤੇ ਦਿਨ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘‘ਅੰਬਾਂ’’ ਬਾਰੇ ਆਖਿਆ ਕਿ ਉਹਨਾਂ ਨੂੰ ਯੂ.ਪੀ ਦੇ ਅੰਬ ਪੰਸਦ ਨਹੀਂ। ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇ ਅੰਬ ਚੰਗੇ ਲੱਗਦੇ ਹਨ। ਗੱਲ ਮਾਮੂਲੀ ਸੀ ਪਰ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸਨੂੰ ਮੁੱਦਾ ਬਣਾਕੇ ਰਾਹੁਲ ਗਾਂਧੀ ਉਪਰ ਵੰਡਪਾਉੂ ਸੋਚ ਦਾ ਧਾਰਣੀ ਕਰਾਰ ਦੇ ਦਿੱਤਾ। ਯੋਗੀ ਨੇ ਕਿਹਾ ਕਿ ਰਾਹੁਲ ਗਾਂਧੀ ਉਪਰ ਵੱਖਵਾਦੀ ਸੰਸਕਾਰ ਏਨੇ ਹਾਵੀ ਹਨ ਕਿ ਉਹ ਫਲਾਂ ਵਿੱਚ ਵੀ ਖੇਤਰਵਾਦ ਪੈਦਾ ਕਰ ਰਹੇ ਹਨ। ਵੇਖਿਆ ਜਾਵੇ ਤਾਂ ਯੋਗੀ ਨੇ ਜੋ ਆਖਿਆ, ਉਹਨਾਂ ਲਈ ਅਜਿਹਾ ਕਹਿਣਾ ਬਣਦਾ ਹੈ ਕਿਉਂਕਿ ਜਲਦੀ ਹੀ ਯੂ.ਪੀ ਵਿੱਚ ਚੋਣਾਂ ਹੋਣੀਆਂ ਹਨ ਅਤੇ ਉਹ ਯੂ.ਪੀ ਦੇ ਖ਼ਿਲਾਫ਼ ਭਾਵੇਂ ਉਥੋਂ ਦੇ ਫਲ ਹੀ ਹੋਣ, ਕੋਈ ਗੱਲ ਸੁਣਨਾ ਪਸੰਦ ਨਹੀਂ ਕਰਦੇ। ਅੰਬਾਂ ਦੀ ਗੱਲ ਤੋਂ ਮਸ਼ਹੂਰ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਇੱਕ ਕਿੱਸਾ ਯਾਦ ਆ ਗਿਆ। ਗ਼ਾਲਿਬ ਅਤੇ ਉਹਨਾਂ ਦੇ ਕੁੱਝ ਮਿੱਤਰ ਮਿਲਕੇ ਅੰਬਾਂ ਦਾ ਸੁਆਦ ਮਾਣ ਰਹੇ ਸਨ। ਗ਼ਾਲਿਬ ਦੇ ਇਕ ਮਿੱਤਰ ਨੇ ਕਿਹਾ ਕਿ ਉਹ ਅੰਬ ਨਹੀਂ ਖਾਂਦਾ ਕਿਉਂਕਿ ਅੰਬ ਵੀ ਕੋਈ ਖਾਣ ਵਾਲੀ ਚੀਜ਼ ਹੈ? ਅੰਬ ਤਾਂ ਗਧੇ ਵੀ ਨਹੀਂ ਖਾਂਦੇ। ਮਿਰਜ਼ਾ ਗ਼ਾਲਿਬ ਜੋ ਬਹੁਤ ਹਾਜ਼ਿਰ ਜਵਾਬ ਸਨ, ਨੇ ਆਖਿਆ, ਤੁਸੀਂ ਠੀਕ ਕਹਿੰਦੇ ਹੋ, ਗਧੇ ਅੰਬ ਨਹੀਂ ਖਾਂਦੇ। ਗ਼ਾਲਿਬ ਨੇ ਇਕ ਫ਼ਿਕਰੇ ਨਾਲ ਆਪਣੇ ਮਿੱਤਰ ਨੂੰ ਜੋ ਅੰਬਾਂ ਦਾ ਵਿਰੋਧ ਕਰ ਰਿਹਾ ਸੀ, ਇਨਸਾਨ ਤੋਂ ਗਧਾ ਬਣਾ ਦਿੱਤਾ। ਅੱਜ ਸਾਡੇ ਵਿਚਕਾਰ ਗ਼ਾਲਿਬ ਨਹੀਂ ਵਰਨਾ ਉਹ ਯੋਗੀ ਦੇ ਬਿਆਨ ਨੂੰ ਪਤਾ ਨਹੀਂ ਕਿਹੋ ਜਿਹਾ ਮੋੜ ਦੇ ਦਿੰਦੇ। ਰਾਹੁਲ ਗਾਂਧੀ ਨੇ ਤਾਂ ਆਪਣੇ ਸੁਆਦ ਦੀ ਗੱਲ ਕੀਤੀ ਸੀ। ਯੋਗੀ ਆਦਿਤਿਆਨਾਥ ਨੇ ਉਸਨੂੰ ਵੰਡਪਾਉੂ ਸੋਚ ਨਾਲ ਜੋੜਕੇ ਰਾਹੁਲ ਗਾਂਧੀ ਨੂੰ ਨਿਸ਼ਾਨੇ ਉਪਰ ਲੈ ਆਂਦਾ। ਕੀ ਭਾਰਤ ਵਿੱਚ ਆਪਣੀ ਪਸੰਦ ਦਾ ਇਜ਼ਹਾਰ ਕਰਨਾ ਗ਼ਲਤ ਹੈ? ਹੁਣ ਤੱਕ ਤਾਂ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਬੋਲਣਾ ਦੇਸ਼ ਧੋ੍ਰਹ ਸਮਝਿਆ ਜਾਂਦਾ ਸੀ, ਕੀ ਹੁਣ ਲੋਕਾਂ ਦੀ ਪਸੰਦ ਉਪਰ ਵੀ ਪਹਿਰਾ ਹੈ? ਕੇਂਦਰੀ ਮੰਤਰੀ ਅਤੇ ਹੋਰ ਲੀਡਰ ਸਰਕਾਰ ਦੀ ਗੱਲ ਕਰਨਗੇ, ਇਹ ਗੱਲ ਤਾਂ ਸਮਝ ਆਉਂਦੀ ਹੈ ਪਰ ਜਦ ਭਾਜਪਾ ਲੀਡਰ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਕਹਿਣ ਕਿ ਇਜ਼ਰਾਈਲੀ ਸਾਫ਼ਟਵੇਅਰ ਰਾਹੀਂ ਫੋਨ ਟੈਪ ਕਰਕੇ ਜੋ ਜਾਸੂਸੀ ਹੁੰਦੀ ਰਹੀ ਹੈ ਉਸਤੋਂ ਸਰਕਾਰ ਆਪਣੇ ਉਪਰ ਲੱਗ ਰਹੇ ਦੋਸ਼ਾਂ ਤੋਂ ਬਚ ਨਹੀਂ ਸਕਦੀ। ਜਾਸੂਸੀ ਦਾ ਮਾਮਲਾ ਜਿਸਨੇ ਪਾਰਲੀਮੈਂਟ ਦੀ ਕਾਰਵਾਈ ਠੱਪ ਕਰਕੇ ਰੱਖ ਦਿੱਤੀ, ਸਰਕਾਰ ਦੇ ਕਹਿਣ ਮੁਤਾਬਕ ਵਿਰੋਧੀਆਂ ਦਾ ਝੂਠਾ ਦੋਸ਼ ਹੈ ਪਰ ਭਾਜਪਾ ਦਾ ਇਕ ਸੀਨੀਅਰ ਲੀਡਰ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਿਹਾ ਹੈ। ਇਸ ਤਰ੍ਹਾਂ   ਦੇ ਹੋਰ ਕਈ ਮਾਮਲੇ ਹਨ ਜਿਹਨਾਂ ਵਿੱਚ ਸਰਕਾਰ ਬਹੁਤ ਬੁਰੀ ਤਰ੍ਹਾਂ ਘਿਰੀ ਹੋਈ ਹੈ। ਇਸਦੇ ਬਾਵਜੂਦ ਜੇ ਸਰਕਾਰ ਆਪਣੇ ਆਪਨੂੰ ‘‘ਕਲੀਨ ਚਿੱਟ’’ ਦੇ ਰਹੀ ਹੈ ਤਾਂ ਸੱਚ ਅਤੇ ਝੁੂਠ ਦਾ ਨਿਤਾਰਾ ਕਿਵੇਂ ਹੋਵੇਗਾ? ਉਸ ਵੇਲੇ ਬੜੀ ਹੈਰਾਨੀ ਹੁੰਦੀ ਹੈ ਜਦ ਆਰ.ਐਸ.ਐਸ ਮੁਖੀ ਮੋਹਨ ਭਾਗਵਤ ਕਹਿੰਦੇ ਹਨ ਕਿ ਲੋਕਰਾਜੀ ਕਦਰਾਂ-ਕੀਮਤਾਂ ਸਾਨੂੰ ਦੂਜੇ ਦੇਸ਼ਾਂ ਤੋਂ ਸਿੱਖਣ ਦੀ ਲੋੜ ਨਹੀਂ ਕਿਉਂਕਿ ਇਹ ਸਾਡੇ ਖੂਨ ਵਿੱਚ ਹਨ। ਮੋਹਨ ਭਾਗਵਤ ਜਿਸ ਵਿਚਾਰਧਾਰਾ ਦਾ ਦੇਸ਼ ਵਿੱਚ ਪ੍ਰਚਾਰ ਕਰ ਰਹੇ ਹਨ ਯੋਗੀ ਆਦਿਤਿਆਨਾਥ ਉਸ ਮੁਹਿੰਮ ਦੇ ਮੋਹਰੀਆਂ ਵਿੱਚ ਸ਼ਾਮਿਲ ਹਨ। ਇਸੇ ਵਿਚਾਰਧਾਰਾ ਦਾ ਯੋਗੀ ਉਪਰ ਅਸਰ ਹੈ ਕਿ ਉਹਨਾਂ ਨੂੰ ਅੰਬ ਦੇ ਸੁਆਦ ਬਾਰੇ ਰਾਹੁਲ ਗਾਂਧੀ ਦਾ ਬਿਆਨ ਹਜ਼ਮ ਨਹੀਂ ਹੋਇਆ। ਇਸ ਸਬੰਧ ਵਿੱਚ ਸਾਡਾ ਕਹਿਣਾ ਹੈ ਕਿ ਫਲਾਂ ਬਾਰੇ ਕਿਸੇ ਦੀ ਪਸੰਦ ਨੂੰ ਵੰਡ ਪਾਊੁ ਨਜ਼ਰੀਏ ਤੋਂ ਨਹੀਂ ਵੇਖਣਾ ਚਾਹੀਦਾ। ਅੰਬ ਯੂ.ਪੀ ਦਾ ਹੋਵੇ ਜਾਂ ਆਂਧਰਾ ਪ੍ਰਦੇਸ਼ ਦਾ, ਉਹ ਹੈ ਤਾਂ ਅੰਬ ਪਸੰਦ ਆਪੋ-ਆਪਣੀ ਹੋ ਸਕਦੀ ਹੈ। ਕੀ ਇਕ ਘਰ ਵਿੱਚ ਰਹਿਣ ਵਾਲਿਆਂ ਦੀ ਪਸੰਦ ਵਿੱਚ ਫ਼ਰਕ ਨਹੀਂ ਹੁੰਦਾ?