ਰਜਿ: ਨੰ: PB/JL-124/2018-20
RNI Regd No. 23/1979

ਆਓ ਮਿਲੀਏ ਛੇ ਫੁੱਟ ਲੰਮੇ ਵਾਲਾਂ ਵਾਲੀ ਸਿਮਰਨਜੀਤ ਕੌਰ ਨੂੰ

BY admin / July 26, 2021
 
]ਪਰਵਦਗਾਰ ਨੇ ਇਸ ਦੁਨੀਆਂ ਉੱਪਰ ਅਨੇਕਾਂ ਲੋਕਾਂ ਨੂੰ ਮਨੁੱਖੀ ਜਾਮੇ ਦੇ ਵਿੱਚ ਇਨਸਾਨ ਬਣਾ ਕੇ ਭੇਜਿਆ ਹੈ। ਸਾਰੇ ਇਨਸਾਨਾਂ ਨੂੰ ਪੂਰਨ ਤੌਰ ਉੱਤੇ ਸਰੀਰ ਦੇ ਅੰਗਾਂ ਨਾਲ ਨਿਵਾਜਿਆ ਹੈ।ਚਾਹੇ ਔਰਤ ਹੋਵੇ ਜਾਂ ਮਰਦ ਹਰ ਇਕ ਦੇ ਸਿਰ ਦੇ ਵਾਲ਼ ਆਪਣੇ ਆਪ ਵਿੱਚ ਖਾਸ ਮਹੱਤਤਾ ਰੱਖਦੇ ਹੁੰਦੇ ਹਨ। ਲੜਕੀਆਂ ਮੁਟਿਆਰਾਂ ਔਰਤਾਂ ਨੂੰ ਤਾਂ ਆਪਣੇ ਸਿਰ ਦੇ ਵਾਲਾਂ ਉਤੇ ਵਧੇਰਾ ਹੀਂ ਮਾਣ ਹੁੰਦਾ ਹੈ।ਹਰ ਲੜਕੀ ਦਾ ਸ਼ੌਕ ਹੁੰਦਾ ਹੈ ਕਿ ਉਸ ਦੇ ਸਿਰ ਦੇ ਵਾਲ਼ ਆਪਣੇ ਆਪ ਵਿੱਚ ਸਭ ਤੋਂ ਅਲੱਗ ਤੇ ਸਭ ਤੋਂ ਲੰਮੇ ਹੋਣ।ਕਈ ਬੱਚਿਆਂ ਦੇ ਬਚਪਨ ਤੋਂ ਹੀ ਵਾਲ਼ ਬਹੁਤ ਲੰਮੇ ਹੁੰਦੇ ਹਨ ਤੇ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਸਾਂਭਦੇ ਹਨ।ਗੱਲ ਕੀ ਵਾਲ਼ ਕੁਦਰਤੀ ਤੌਰ ਉੱਤੇ ਇੱਕ ਅਨਮੋਲ ਤੋਹਫ਼ਾ ਹੈ। ਪੁਰਾਤਨ ਸਮੇਂ ਤੋਂ ਹੀ ਵਾਲਾਂ ਦੇ ਉੱਪਰ ਅਨੇਕਾਂ ਤਰ੍ਹਾਂ ਦੀਆਂ ਲੋਕ ਬੋਲੀਆਂ ਗੀਤ ਮੁਹਾਵਰੇ ਆਦਿ ਬਣੇ ਹਨ।
ਆਪਣੇ ਵਾਲਾਂ ਕਰਕੇ ਛੋਟੀ ਉਮਰ ਤੋਂ ਹੀ ਮਸਹੂਰ ਹੋਈ ਹੈ ਸਾਹਨੇਵਾਲ ਦੀ ਲੜਕੀ ਸਿਮਰਨਜੀਤ ਕੌਰ ਜਿਸ ਦੇ ਸਿਰ ਦੇ ਵਾਲਾਂ ਦੀ ਲੰਬਾਈ ਛੇ ਫੁੱਟ ਦੋ ਇੰਚ ਹੈ ਤੇ ਉਸ ਲੜਕੀ ਦਾ ਆਪਣਾ ਕੱਦ ਪੰਜ ਫੁੱਟ ਇੱਕ ਦੋ ਇੰਚ ਹੈ।ਸਿਮਰਜੀਤ ਕੌਰ ਪਿਤਾ ਸਵ. ਰਵੀ ਕੁਮਾਰ ਤੇ ਮਾਤਾ ਜਸਵੀਰ ਕੌਰ ਉਮਰ ਅਠਾਰਾਂ ਸਾਲ ਦੀ ਹੋਣਹਾਰ ਲੜਕੀ ਹੈ। ਰੇਲਵੇ ਸਟੇਸ਼ਨ ਨਜ਼ਦੀਕ ਵਿਸ਼ਵਕਰਮਾ ਮੰਦਰ ਸਾਹਨੇਵਾਲ ਦੀ ਰਹਿਣ ਵਾਲੀ ਹੈ।ਇਸ ਵੇਲੇ ਗੌਰਮਿੰਟ ਕਾਲਜ ਲੁਧਿਆਣਾ ਵਿੱਚ  ਬੀ ਏ ਦੂਜੇ ਸਾਲ ਦੀ ਵਿਦਿਆਰਥਣ ਹੈ।ਸਿਮਰਨਜੀਤ ਕੌਰ ਦੀ ਨਾਨੀ ਮਹਿੰਦਰ ਕੌਰ ਦੇ ਵਾਲ ਬਹੁਤ ਲੰਮੇ ਸਨ ਤੇ ਉਸ ਦੀ ਮਾਤਾ ਜਸਵੀਰ ਕੌਰ ਦੇ ਵਾਲ ਤਾਂ ਆਮ ਦੀ ਤਰ੍ਹਾਂ ਹੀ ਹਨ।ਸਵਰਨਜੀਤ ਦੀ ਮਾਤਾ ਨੇ ਦੱਸਿਆ ਕਿ ਮੇਰੇ ਪਿਤਾ ਜੀ ਪੁਰਾਤਨ ਸਮੇਂ ਤੋਂ ਦੇਸੀ ਵੈਦ ਹਕੀਮ ਦਾ ਕੰਮ ਕਰਦੇ ਸਨ  ਉਨ੍ਹਾਂ ਦੇ ਦੱਸੇ ਹੋਏ ਦੇਸੀ ਨੁਕਤਿਆਂ ਨਾਲ ਹੀ ਸਿਮਰਜੀਤ ਕੌਰ ਦੇ ਸਿਰ ਦੇ ਵਾਲ਼ ਵਧੇ ਹਨ ਤੇ ਅਸੀਂ ਬਿਲਕੁਲ ਦੇਸੀ ਤਰੀਕੇ ਦਾ ਖਾਣ ਪੀਣ ਵਰਤਦੇ ਹਾਂ। ਦੇਸੀ ਘੀ ਘੁਮਾਰ ਜਿਸ ਨੂੰ ਐਲੋਵੀਰਾ ਕਿਹਾ ਜਾਂਦਾ ਹੈ ,ਨਿੰਮ ਕੜ੍ਹੀ ਪੱਤਾ ਮੇਥੇ ਕਲੌਂਜੀ ਤੇ ਹੋਰ ਚੀਜਾਂ ਦੇ ਮਿਸ਼ਰਣ ਨੂੰ ਨਾਰੀਅਲ ਦੇ ਤੇਲ ਵਿੱਚ ਬਣਾ ਕੇ ਵਾਲਾਂ ਉੱਤੇ ਤੇ ਲਾਇਆ ਜਾਂਦਾ ਹੈ।ਬਿਲਕੁਲ ਸ਼ੁੱਧ ਦੇਸੀ ਚੀਜਾਂ ਦੇ ਮਿਸ਼ਰਣ ਤੋਂ ਤੇਲ ਕਾਰਨ ਹੀਂ ਲੜਕੀ ਸਿਮਰਨਜੀਤ ਕੌਰ ਦੇ ਵਾਲ਼ ਇੰਨੇ ਲੰਮੇ ਹਨ। ਸਿਮਰਨਜੀਤ ਕੌਰ ਜਦੋਂ ਵਾਲ਼ ਖੋਲ੍ਹ ਕੇ ਆਪਣੇ ਵਾਲਾਂ ਦਾ ਪ੍ਰਦਰਸ਼ਨ ਕਰਦੀ ਹੈ ਤਾਂ ਉਸ ਦੇ ਵਾਲ਼ ਧਰਤੀ ਉੱਤੇ ਘਿਸਰਦੇ ਹਨ ਕਿਉਂ ਕਿ ਸਿਮਰਜੀਤ ਦਾ ਕੱਦ ਪੰਜ ਫੁੱਟ ਇੱਕ ਦੋ ਇੰਚ ਹੈ ਤੇ ਵਾਲਾਂ ਦੀ ਲੰਬਾਈ ਛੇ ਫੁੱਟ ਦੋ ਇੰਚ ਹੈ।
ਸਿਮਰਨਜੀਤ ਨੇ ਦੱਸਿਆ ਕਿ ਮੇਰੇ ਵਾਲਾਂ ਦੀ ਜੋ ਕੁਦਰਤੀ ਸੌਗਾਤ ਮੈਨੂੰ ਮਿਲੀ ਹੈ ਇਸ ਨੂੰ ਸਾਂਭ ਸੰਭਾਲ ਕੇ ਇੱਥੋਂ ਤਕ ਲੈ ਕੇ ਆਉਣ ਵਿਚ ਮੇਰੀ ਮਾਤਾ ਜਸਬੀਰ ਕੌਰ ਦਾ ਸਭ ਤੋਂ ਵੱਡਾ ਹੱਥ ਹੈ। ਮੇਰੇ ਲੰਮੇ ਵਾਲਾਂ ਦਾ ਰਾਜ਼ ਮੇਰੀ ਮਾਤਾ ਹੀ ਹੈ।ਵਾਲ਼ ਲੜਕੀਆਂ ਤੇ ਔਰਤਾਂ ਦਾ ਖੂਬਸੂਰਤ ਗਹਿਣਾ ਮੰਨਿਆ ਜਾਂਦਾ ਹੈ। ਫੈਸ਼ਨ ਦੇ ਯੁੱਗ ਵਿੱਚ ਆ ਕੇ ਲੜਕੀਆਂ ਆਪਣੇ ਸਿਰ ਦੇ ਵਾਲ਼ ਧੜਾ ਧੜ ਕਟਵਾ ਰਹੀਆਂ ਹਨ ਪਰ ਸਿਮਰਨ ਜੀਤ ਕੌਰ ਜਿਹੀ ਉਹ ਲੜਕੀ ਵੀ ਹੈ ਜਿਸ ਨੇ ਵਾਲਾਂ ਨੂੰ ਆਪਣੀ ਆਨ ਬਾਨ ਸ਼ਾਨ ਸਮਝਿਆ ਹੈ।ਲੰਮੇ ਵਾਲਾਂ ਦੇ ਸਦਕਾ ਸਿਮਰਨਜੀਤ ਕੌਰ ਦੀ ਵੱਖਰੀ ਪਛਾਣ ਹੈ।ਉਸ ਦੇ ਕਾਲਜ ਵਿੱਚ ਵੀ ਅਧਿਆਪਕ ਸਾਥੀ ਵਿਦਿਆਰਥਣਾਂ ਉਸ ਦੇ ਲੰਮੇ ਵਾਲਾਂ ਕਾਰਨ ਬਹੁਤ ਪ੍ਰਭਾਵਤ ਹੁੰਦੀਆਂ ਹਨ।ਲੰਮੇ ਵਾਲਾਂ ਦੀ ਬਦੌਲਤ ਹੀ ਪਿੰਡ ਰਾਮਪੁਰ ਵਿੱਚ ਹੁੰਦੇ ਟੂਰਨਾਮੈਂਟ ਤੇ  ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ।
ਧਾਰਮਕ ਤੇ ਸਮਾਜਸੇਵੀ ਜਥੇਬੰਦੀਆਂ ਤੋਂ ਇਲਾਵਾ ਵਾਲਾਂ ਲਈ ਤੇਲ ਬਣਾਉਣ ਵਾਲੀਆਂ ਕੰਪਨੀਆਂ ਜਾਂ ਫਲਿਮੀ ਪੰਜਾਬੀ ਗੀਤਾਂ ਤੇ ਹੋਰ ਫੈਸ਼ਨ ਸ਼ੋਆਂ ਆਦਿ ਵਿਚ ਸਿਮਰਨ ਜੀਤ ਕੌਰ ਦੇ ਵਾਲਾਂ ਦਾ ਪ੍ਰਦਰਸ਼ਨ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਸਿਮਰਨਜੀਤ ਨੂੰ ਵੇਖ ਕੇ ਹੋਰ ਬੱਚੇ ਵੀ ਆਪਣੇ ਧਾਰਮਿਕ ਵਿਰਸੇ ਵਾਲ਼ਾ ਆਦਿ ਨੂੰ ਸਾਂਭਣ ਵਿੱਚ ਰੁਚੀ ਰੱਖਣ।ਜਿਸ ਤਰ੍ਹਾਂ ਸਿਮਰਨਜੀਤ ਕੌਰ ਖ਼ੁਦ ਤੇ ਉਸ ਦੀ ਮਾਤਾ ਨੂੰ ਆਪਣੀ ਬੇਟੀ ਦੇ ਵਾਲ਼ ਰੱਖਣ ਦਾ ਸ਼ੌਂਕ ਹੈ, ਉਨ੍ਹਾਂ ਦਾ ਇਹ ਸ਼ੌਂਕ ਇਸੇ ਤਰ੍ਹਾਂ ਵਧਦਾ ਫੁੱਲਦਾ ਰਹੇ ਇਹ ਸਿਮਰਨਜੀਤ ਕੌਰ ਆਪਣੇ ਵਾਲਾਂ ਉੱਤੇ ਮਾਣ ਕਰਦੀ ਰਹੇ ।
ਬਲਬੀਰ ਸਿੰਘ ਬੱਬੀ
ਸੰਪਰਕ - 7009107300
]