ਰਜਿ: ਨੰ: PB/JL-124/2018-20
RNI Regd No. 23/1979

ਜਨਤਾ ਦੀ ਚੁੱਪ ਦਾ ਨਾਜਾਇਜ਼ ਫਾਇਦਾ ਨਾ ਚੁੱਕਣ ਸਰਕਾਰਾਂ

BY admin / July 26, 2021
ਜਦੋਂ ਦੇਸ਼ ਵਿਚ ਵੋਟਾਂ ਪੈਦੀਆਂ ਹਨ ਚਾਹੇ ਉਹ ਕੇਂਦਰ ਸਰਕਾਰ ਦੀ ਚੋਣ ਵਾਸਤੇ ਹੋਵੇ ਜਾਂ ਰਾਜ ਸਰਕਾਰਾਂ ਵਾਸਤੇ। ਵੱਖ-ਵੱਖ ਪਾਰਟੀਆਂ ਵਲੋਂ ਲੋਕਾਂ ਨਾਲ ਤਰਾਂ-ਤਰਾਂ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਲੋਕਾਂ ਨਾਲ ਵਾਅਦਾ ਵੀ ਕੀਤਾ ਜਾਂਦਾ ਹੈ ਕਿ ਉਹ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਵਧੀ ਹੋਈ ਮਹਿੰਗਾਈ ਅਤੇ ਹੋਰਨਾਂ ਸਮੱਸਿਆਵਾਂ ਦਾ ਹੱਲ ਬਿਨਾਂ ਕਿਸੇ ਭੇਦਭਾਵ ਦੇ ਕੀਤਾ ਜਾਵੇਗਾ ਪਰੰਤੂ ਜਦੋਂ ਸਰਕਾਰ ਬਣ ਜਾਂਦੀ ਹੈ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਂਦੇ ਹਨ ਅਤੇ ਜਨਤਾ ਲਈ ਮਹਿੰਗਾਈ ਹੋਰ ਵਧ ਜਾਂਦੀ ਹੈ ਅਤੇ ਪਹਿਲਾਂ ਦੀਆਂ ਸਮੱਸਿਆਵਾਂ ਚਾਹੇ ਉਹ ਬੇਰੋਜ਼ਗਾਰੀ ਹੋਵੇ, ਨਸ਼ਾ ਹੋਵੇ ਤੇ ਹੋਰ ਸਮੱਸਿਆਵਾਂ ਹੋਣ ਉਹ ਤਾਂ ਕਾਇਮ ਰਹਿੰਦੀਆਂ ਹੀ ਹਨ ਨਾਲ ਦੇ ਨਾਲ ਹੋਰ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਜਨਤਾ ਨੂੰ ਸਮਝ ਨਹੀਂ ਆਉਂਦੀ ਕਿ ਉਨਾਂ ਗਲਤ ਕੀਤਾ ਜਾਂ ਸਹੀ। ਆਪਣੇ ਕੀਤੇ ਵਾਅਦਿਆਂ ਅਤੇ ਦਾਅਵਿਆਂ ਨੂੰ ਪੂਰਾ ਨਾ ਕਰਨ ਦੀ ਸੂਰਤ ਵਿਚ ਪਿਛਲੀ ਸਰਕਾਰ ਨੂੰ ਸਬਕ ਸਿਖਾਉਣਾ ਜਰੂਰੀ ਸੀ ਪਰੰਤੂ ਜਿਨਾਂ ਨੂੰ ਸੱਤਾ ਦੀ ਚਾਬੀ ਫੜਾਈ ਉਹ ਤਾਂ ਪਹਿਲੀਆਂ ਸਰਕਾਰਾਂ ਨਾਲੋਂ ਵੀ ਹੇਠਲੇ ਦਰਜ਼ੇ ਦੀਆਂ ਨਿਕਲੀਆਂ। ਕੇਂਦਰ ਸਰਕਾਰ ਜਿਹੜੀ ਕਿ ਫਿਰ ਦੁਬਾਰਾ ਰਿਪਿਟ ਹੋਈ ਹੈ ਉਹਨੇ ਤਾਂ ਬਿਲਕੁੱਲ ਹੱਦ ਹੀ ਮੁੱਕਾ ਛੱਡੀ। ਪੈਟੋਰਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਚੁੱਕੀ ਹੈ ਅਤੇ ਡੀਜ਼ਲ ਵੀ ਤੇਜ਼ੀ ਨਾਲ 100 ਦਾ ਆਕੰੜੇ ਨੂੰ ਛੁਹਣ ਲਈ ਤਿਆਰ ਹੈ। ਇਨਾਂ ਪਦਾਰਥਾਂ ਦੀਆਂ ਕੀਮਤਾਂ ਵੱਧਣ ਦੇ ਕਾਰਨ ਹੋਰਨਾਂ ਚੀਜਾਂ ਦੀਆਂ ਕੀਮਤਾਂ ਵਿਚ ਆਪਣੇ ਹੀ ਵਾਧਾ ਹੋ ਜਾਂਦਾ ਹੈ। ਜਨਤਾ ਇਸ ਵੇਲੇ ਕੁਝ ਸਮਝਣ ਵਿਚ ਅਸਮਰਥ ਨਜ਼ਰ ਆਉਂਦੀ ਹੈ ਅਤੇ ਚੁੱਪ ਹੈ। ਸਰਕਾਰਾਂ ਇਸ ਚੁੱਪ ਦਾ ਇਨਾਂ ਕੁ ਨਾਜ਼ਾਇਜ਼ ਫਾਇਦਾ ਲੈ ਰਹੀਆਂ ਹਨ ਕਿ ਪੁੱਛੋ ਹੀ ਕੁਝ ਨਾ। ਗੱਲ ਕੀਤੀ ਜਾਵੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ। ਜਦੋਂ ਪਿਛਲੀ ਟਰਮ ਸੀ ਤਾਂ ਦੇਸ਼ ਦੇ ਪ੍ਰਧਾਨਮੰਤਰੀ ਸਾਹਿਬ ਜਿਆਦਾਤਰ ਵਿਦੇਸ਼ੀ ਦੌਰਿਆ ’ਤੇ ਰਹੇ ਅਤੇ ਸਰਕਾਰ ਵਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਸਾਹਿਬ ਦੇ ਵਿਦੇਸ਼ੀ ਦੌਰਿਆਂ ਦਾ ਆਉਣ ਵਾਲੇ ਸਮੇਂ ਦੇ ਲਾਭ ਹੋਵੇਗਾ। ਮਹਿੰਗਾਈ ਵੀ ਆਪਣੀ ਰਫਤਾਰ ਨਾਲ ਵਧਦੀ ਰਹੀ। 370, ਨੋਟਵੰਦੀ, ਜੀ.ਐਸ.ਟੀ. ਨੂੰ ਲੈ ਕੇ ਇਸ ਤਰਾਂ ਦਾ ਪ੍ਰਚਾਰ ਕੀਤਾ ਗਿਆ ਕਿ ਇਨਾਂ ਦੇ ਦੇਸ਼ ਵਿਚ ਲਾਗੂ ਹੋਣ ਨਾਲ ਦੇਸ਼ ਤਰੱਕੀ ਦੇ ਰਸਤੇ ਤੇ ਆ ਜਾਵੇਗਾ। ਇਸੇ ਤਰਾਂ 5 ਸਾਲ ਬੀਤ ਗਏ। ਹੁਣ ਫਿਰ ਦੁਬਾਰਾ ਜਨਤਾ ਨੇ ਸੱਤਾ ਦੀ ਚਾਬੀ ਦੇਣ ’ਤੇ ਸਰਕਾਰ ਤਾਂ ਜਿਸ ਤਰਾਂ ਹੱਥ ’ਤੇ ਹੱਥ ਰੱਖ ਕੇ ਬੈਠ ਹੀ ਗਈ ਹੈ। ਮਹਿੰਗਾਈ ਦੇ ਵਿਸ਼ੇ ’ਤੇ ਕੁਝ ਕਰਨਾ ਤਾਂ ਦੂਰ ਦੀ ਗੱਲ ਇਹ ਕਹਿ ਕੇ ਆਪਣਾ ਪਲਾ ਝਾੜ ਦਿੱਤਾ ਕਿ ਸਾਡੇ ਹੱਥ ਕੁਝ ਨਹੀਂ ਹੈ ਸਾਰਾ ਕੁਝ ਕੰਪਨੀਆਂ ਦੇ ਹੱਥ ਹੈ। ਸੋਚਣ ਵਾਲੀ ਗੱਲ ਹੈ ਕਿ ਫਿਰ ਸੱਤਾ ਵੀ ਕੰਪਨੀਆਂ ਦੇ ਹਵਾਲੇ ਕਰ ਦਿਓ। ਜਨਤਾ ਨੂੰ ਸਹੁੂਲਤਾਂ ਦੇਣਾ, ਉਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਤੇ ਹਲ ਕਰਨਾ ਸਰਕਾਰਾਂ ਦੀ ਜਿਮੇਵਾਰੀ ਹੁੰਦੀ ਹੈ। ਦੇਸ਼ ਦੇ ਕਿਸਾਨ ਜੋ ਕਿ ਕਾਫੀ ਲੰਬੇ ਸਮੇਂ ਤੋਂ ਧਰਨਿਆਂ ਤੇ ਬੈਠੇ ਹੋਏ ਹਨ ਉਨਾਂ ਨਾਲ ਪਹਿਲਾਂ ਦਾ ਗੱਲਬਾਤ ਚਲਦੀ ਰਹੀ ਫਿਰ ਸਰਕਾਰ ਨੇ ਉਨਾਂ ਤੋਂ ਮੁੱਖ ਹੀ ਇਸ ਤਰਾਂ ਮੋੜ ਲਿਆ ਕਿ ਜਿਵੇਂ ਉਹ ਇਸ ਦੇਸ਼ ਦੇ ਵਾਸੀ ਨਹੀਂ ਬਲਕਿ ਹੋਰ ਕਿਸੇ ਦੇਸ਼ ਦੇ ਵਾਸੀ ਹੋਣ। ਆਪਣੇ ਆਪ ਨੂੰ ਠੀਕ ਸਾਬਿਤ ਕਰਨ ਲਈ ਸਰਕਾਰ ਜਿਨਾਂ ਜੋਰ ਲਗਾ ਰਹੀ ਹੈ ਜੇਕਰ ਉਸ ਨਾਲੋਂ ਅੱਧਾ ਜੋਰ ਵੀ ਉਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤਾ ਜਾਵੇ ਤਾਂ ਮਾਹੌਲ ਠੀਕ ਹੋ ਸਕਦਾ ਹੈ। ਹੁਣ ਗੱਲ ਕਰਦੇ ਹਾਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ। ਕੀਤਾ ਇਸ ਸਰਕਾਰ ਨੇ ਵੀ ਕੁਝ ਨਹੀਂ। ਸਾਢੇ ਚਾਰ ਸਾਲ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘਟਾਉਣ ਦੀ ਵਜਾਏ ਵਧਾਇਆ ਅਤੇ ਜਦੋਂ ਥੋੜਾ ਸਮਾਂ ਰਹਿ ਗਿਆ ਹੈ ਤਾਂ ਕੈਪਟਨ ਤੇ ਸਿੱਧੂ ਦੀ ਇਕ ਕੁਸ਼ਤੀ ਜਿਹੀ ਕਰਵਾ ਕੇ ਜਨਤਾ ਨੂੰ ਮੁੱਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਸਿੱਧੂ ਦੀ ਕਾਂਗਰਸ ਪ੍ਰਧਾਨਗੀ ਨੂੰ ਇਸ ਤਰਾਂ ਪੇਸ਼ ਕੀਤਾ ਗਿਆ ਕਿ ਉਹ ਕਿਸੇ ਪਾਰਟੀ ਦਾ ਪ੍ਰਧਾਨ ਨਹੀਂ ਬਲਕਿ ਪੰਜਾਬ ਦਾ ਮੁੱਖ ਮੰਤਰੀ ਹੀ ਬਣ ਗਿਆ ਹੋਵੇ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਇਸ ਤਰਾਂ ਦਾਅਵੇ ਕੀਤੇ ਕਿ ਜਿਸ ਤਰਾਂ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾ ਕੇ ਹੀ ਸਾਹ ਲਵੇਗਾ। ਮਸਲਾ ਇਥੇ ਆ ਕੇ ਖਤਮ ਹੁੰਦਾ ਹੈ ਕਿ ਕਿਸੇ ਦੇ ਪ੍ਰਧਾਨ ਬਣਨ ਨਾਲ, ਦੇਸ਼ ਦੇ ਪ੍ਰਧਾਨਮੰਤਰੀ ਦੇ ਵਿਦੇਸ਼ੀ ਦੌਰਿਆਂ ਨਾਲ, ਮਹਿੰਗਾਈ ਦੇ ਮੁੱਦੇ ਤੇ ਚੁੱਪ ਰਹਿਣ ਨਾਲ, ਰਾਜਨੀਤਿਕ ਪਾਰਟੀਆਂ ਵਲੋਂ ਇਕ ਦੂਸਰੇ ਤੇ ਦੋਸ਼ ਲਾਉਣ ਨਾਲ ਜਨਤਾ ਨੂੰ ਕੀ ਲਾਭ ਹੋਣ ਵਾਲਾ ਹੈ। ਜਨਤਾ ਨੇ ਤਾਂ ਦੇਸ਼ ਦੇ ਭਲੇ , ਸੁੱਖ ਸਹੂਲਤਾਂ ਅਤੇ ਦੇਸ਼ ਨੂੰ ਸਮਾਜਿਕ ਤੌਰ ਅਤੇ ਆਰਥਿਕ ਤੌਰ ’ਤੇ ਮਜ਼ਬੂਤੀ ਦੇਣ ਲਈ ਸੱਤਾ ਭਾਜਪਾ ਦੀ ਅਗਵਾਈ ਵਿਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਵਿਚ ਕਾਂਗਰਸ ਦੀ ਅਗਵਾਈ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸੌਪੀ ਹੁਣ ਇਹ ਸਰਕਾਰਾਂ ਜਨਤਾ ਨੂੰ ਸੁੱਖ ਸਹੂਲਤਾਂ ਦੇਣ ਲਈ ਕੰਮ ਕਰਨ ਅਤੇ  ਜਨਤਾ ਦੀ ਚੁੱਪੀ ਦਾ ਨਾਜ਼ਾਇਜ਼ ਫਾਇਦਾ ਨਾ ਚੁੱਕਣ ਨਹੀਂ ਤਾਂ ਜਦੋਂ ਅੱਕੀ ਹੋਈ ਜਨਤਾ ਜਦੋਂ ਖੜੀ ਹੋ ਗਈ ਤਾਂ ਫਿਰ ਸਰਕਾਰਾਂ ਨੂੰ ਉਨਾਂ ਸੰਭਾਲਣਾ ਬਹੁਤ ਮੁਸ਼ਕਿਲ ਹੋਵੇਗਾ ਕਿਉਂਕਿ ਜਨਤਾ ਇਸ ਵੇਲੇ ਵੀ ਮਰੀ ਹੋਈ ਹੈ ਤੇ ਉਨਾਂ ਹਾਲਾਤ ਦੇ ਵਿਚ ਵੀ ਮਰਨਾ ਹੀ ਹੋਵੇਗਾ। 
ਮਨਪ੍ਰੀਤ ਸਿੰਘ ਮੰਨਾ

 
ਪਿੰਡ ਚਿਪੜਾ
ਜ਼ਿਲਾ ਹੁਸ਼ਿਆਰਪੁਰ। 
ਸੰਪਰਕ - 07814800439