ਰਜਿ: ਨੰ: PB/JL-124/2018-20
RNI Regd No. 23/1979

‘‘ਉਮੀਦ’’ ਦੀ ਅਹਿਮੀਅਤ ਸਮਝਣ ਦੀ ਲੋੜ

BY admin / July 26, 2021
ਮੀਦ ’ਤੇ ਦੁਨੀਆਂ ਜਿਉਂਦੀ ਹੈ। ਇਹ ਅਜਿਹੀ ਸੱਚਾਈ ਹੈ ਜੋ ਹਰ ਜਗ੍ਹਾ ਸਾਨੂੰ ਵੇਖਣ ਨੂੰ ਮਿਲਦੀ ਹੈ। ਉਮੀਦ ਜਿੱਥੇ ਜ਼ਿੰਦਗੀ ਵਿੱਚ ਗਤੀ ਪੈਦਾ ਕਰਦੀ ਹੈ ਉਥੇ ਨਾਉਮੀਦੀ, ਕਿਸੇ ਸਰਾਪ ਤੋਂ ਘੱਟ ਨਹੀਂ। ਖ਼ਾਸ ਤੌਰ ’ਤੇ ਰਾਜਨੀਤੀ ਵਿੱਚ ਉਮੀਦ ਦੀ ਬਹੁਤ ਅਹਿਮੀਅਤ ਹੈ। ਚੋਣਾਂ ਵਿੱਚ ਹਾਰਨ ਵਾਲੀ ਪਾਰਟੀ ਇਸ ਉਮੀਦ ਨਾਲ ਆਪਣਾ ਹੌਸਲਾ ਬੁਲੰਦ ਰੱਖਦੀ ਹੈ ਕਿ ਅਗਲੀ ਵਾਰ ਉਸਦੀ ਜਿੱਤ ਪੱਕੀ ਹੈ। ਇਸ ਸਬੰਧ ਵਿੱਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੂੰ ਉਮੀਦ ਹੈ ਕਿ ਅਗਲੇ ਸਾਲ ਪੰਜਾਬ ਵਿੱਚ ਉਹਨਾਂ ਦੀ ਪਾਰਟੀ ਦੀ ਜਿੱਤ ਲੱਗਭਗ ਤੈਅ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪਾਰਟੀ ਵਿੱਚ ਜੋ ਹਿੱਲਜੁੱਲ ਹੋਈ ਹੈ ਇਹ ਹੋਰ ਤੇਜ਼ ਹੋਵੇਗੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਕਾਂਗਰਸ ਨੂੰ ‘‘ਲਾਫ਼ਟਰ ਸ਼ੋਅ’’ ਵਾਂਗ ਵੇਖਣ ਲੱਗ ਪਏ ਹਨ। ਅਜਿਹੀ ਪਾਰਟੀ ਉਪਰ ਕੌਣ ਇਤਬਾਰ ਕਰੇਗਾ। ਅਕਾਲੀ ਦਲ ਬਾਰੇ ਚੀਮਾ ਨੇ ਆਖਿਆ ਕਿ ਬੇਅਦਬੀ ਅਤੇ ਹੋਰ ਮੁੱਦਿਆਂ ’ਤੇ ਅਕਾਲੀ ਦਲ ਆਪਣਾ ਵਿਸ਼ਵਾਸ ਗੁਆ ਬੈਠਾ ਹੈ। ਇਸ ਲਈ ਅਕਾਲੀਆਂ ਨੂੰ ਸੱਤਾ ਵਿੱਚ ਆਉਣ ਬਾਰੇ ਸੋਚਣਾ ਛੱਡ ਦੇਣਾ ਚਾਹੀਦਾ ਹੈ। ਇਸ ਸਬੰਧ ਵਿੱਚ ਸਾਡਾ ਮੰਨਣਾ ਹੈ ਕਿ ਚੀਮਾ ਕਾਂਗਰਸ ਅਤੇ ਅਕਾਲੀ ਦਲ ਬਾਰੇ ਜਿਸ ਤਰ੍ਹਾਂ ਸੋਚ ਰਹੇ ਹਨ ਉਹਨਾਂ ਦੇ ਨਜ਼ਰੀਏ ਤੋਂ ਇਹ ਠੀਕ ਹੋ ਸਕਦਾ ਹੈ। ਜਿੱਥੋਂ ਤੱਕ ਲੋਕਾਂ ਦੀ ਸੋਚ ਦਾ ਸਵਾਲ ਹੈ, ਇਸ ਵਿੱਚ ਸਮੇਂ ਦੇ ਨਾਲ ਬਦਲਾਅ ਆਉਂਦਾ ਰਹਿੰਦਾ ਹੈ। ਜਿਹੜੇ ਲੀਡਰ ਲੋਕਾਂ ਦੀ ਨਬਜ਼ ਪਛਾਨਣ ਵਿੱਚ ਮਾਹਿਰ ਹਨ ਉਹਨਾਂ ਲਈ ਸਭ ਕੁਝ ਮੁਮਕਿਨ ਹੈ। ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਕੇ ਕਿਸਾਨਾਂ ਦਾ ਦਿਲ ਜਿੱਤਿਆ ਜਾ ਸਕਦਾ ਹੈ। ਬੇਰੁਜ਼ਗਾਰਾਂ ਦੇ ਹੱਕ ਦੀ ਗੱਲ ਕਰਕੇ ਉਹਨਾਂ ਨੂੰ ਆਪਣੇ ਨਾਲ ਤੋਰਿਆ ਜਾ ਸਕਦਾ ਹੈ। ਕਹਿਣਾ ਦਾ ਭਾਵ ਹੈ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਉਭਾਰਕੇ ਉਹਨਾਂ ਨੂੰ ‘‘ਕੈਸ਼’’ ਕਰਨ ਵਾਲਾ ਚਾਹੀਦਾ ਹੈ। ਜਿਹੜਾ ਇਸ ਫ਼ਨ ਵਿੱਚ ਮਾਹਿਰ ਹੈ ਉਸਦੇ ਲਈ ਸੱਤਾ ਤੱਕ ਪਹੁੰਚਣਾ ਮੁਸ਼ਕਿਲ ਨਹੀਂ। ਲੰਮੇਂ ਸਮੇਂ ਤੋਂ ਕਰਤਾਰਪੁਰ ਲਾਂਘਾ ਬੰਦ ਹੈ। ਕੋਰੋਨਾ ਦੀ ਦੂਜੀ ਲਹਿਰ ਵਿੱਚ ਕਮੀ ਆਉਣ ਦੇ ਬਾਦ ਜੇਕਰ ਸਕੂਲ, ਸਿਨਮਾਹਾਲ, ਸ਼ਾਪਿੰਗ ਸੈਂਟਰ ਅਤੇ ਹੋਰ ਜਨਤਕ ਥਾਵਾਂ ਇਹਤਿਆਤ ਸਮੇਤ ਖੁੱਲ੍ਹ ਸਕਦੀਆਂ ਹਨ ਤਾਂ ਕਰਤਾਰਪੁਰ ਲਾਂਘਾ ਕਿਉਂ ਨਹੀਂ ਖੁੱਲ੍ਹ ਸਕਦਾ? ਅਗਲੇ ਸਾਲ ਚੋਣਾਂ ਤੋਂ ਪਹਿਲਾਂ ਜੇਕਰ ਮੋਦੀ ਸਰਕਾਰ ਕਰਤਾਰਪੁਰ ਲਾਂਘਾ ਖੋਹਲਣ ਦੀ ਵਿਵਸਥਾ ਕਰ ਦਿੰਦੀ ਹੈ ਤਾਂ ਅਜਿਹਾ ਕਰਕੇ ਉਹ ਸਿੱਖ ਜਗਤ ਵਿੱਚ ਭਾਜਪਾ ਲਈ ਜਗ੍ਹਾ ਬਣਾ ਸਕਦੀ ਹੈ। ਕੰਮ ਕਰਨ ਵਾਲਾ ਚਾਹੀਦਾ ਹੈ ਹਾਲਾਤ ਆਪਣੇ ਆਪ ਸੁਖਾਵੇਂ ਹੋ ਜਾਂਦੇ ਹਨ। ਕੇਂਦਰ ਸਰਕਾਰ ਜਾਣਦੀ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਪੁਜ਼ੀਸ਼ਨ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ। ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਮੰਗ ਮੰਨਕੇ ਸਰਕਾਰ ਪੰਜਾਬ ਵਿੱਚ ਭਾਜਪਾ ਦੀ ਮੁਸ਼ਕਿਲ ਆਸਾਨ ਕਰ ਸਕਦੀ ਹੈ। ਹਰਪਾਲ ਸਿੰਘ ਚੀਮਾ ਜੇਕਰ ਸਮਝਦੇ ਹਨ ਕਿ ਲਾਫ਼ਟਰ ਸ਼ੋਅ ਬਣਨ ਦੇ ਬਾਦ ਕਾਂਗਰਸ ਲਈ ਦਰਵਾਜ਼ੇ ਬੰਦ ਹੋ ਸਕਦੇ ਹਨ ਤਾਂ ਉਹਨਾਂ ਦੀ ਇਸ ਸੋਚ ਦਾ ਤੋੜ ਹੈ 18 ਨੁਕਾਤੀ ਏਜੰਡੇ ਉਪਰ ਅਮਲ। ਜੇ ਕੈਪਟਨ ਅਤੇ ਸਿੱਧੂ ਦੀ ਜੋੜੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਸਫ਼ਲ ਹੋ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਫਿਰ ਉਮੀਦ ਦਾ ਸਹਾਰਾ ਲੈਣਾ ਪੈ ਸਕਦਾ ਹੈ। ਜਿਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ, ਸੁਖਬੀਰ ਬਾਦਲ ਦਲਿਤਾਂ ਅਤੇ ਹਿੰਦੂਆਂ ਵਿੱਚ ਆਪਣੀ ਪਕੜ ਮਜ਼ਬੂਤ ਕਰਕੇ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ। ਰਾਜਨੀਤੀ ਵਿੱਚ ਵਕਤ ਦੇ ਨਾਲ ਜੇਕਰ ਸੰਭਾਵਨਾਵਾਂ ਖ਼ਤਮ ਹੁੰਦੀਆਂ ਹਨ ਤਾਂ ਪੈਦਾ ਵੀ ਹੁੰਦੀਆਂ ਹਨ। ਯਾਨੀ ਉਮੀਦ ਹਮੇਸ਼ਾ ਕਾਇਮ ਰਹਿੰਦੀ ਹੈ। ਇਨਸਾਨ ਤੇ ਉਮੀਦ ਦਾ ਸਦੀਵੀ ਰਿਸ਼ਤਾ ਹੈ ਪਰ ਇਸਦੀ ਅਹਿਮੀਅਤ ਨੂੰ ਬਹੁਤ ਘੱਟ ਲੋਕ ਸਮਝਦੇ ਹਨ। ਜਿਹਨਾਂ ਨੇ ਇਸ ਹਕੀਕਤ ਨੂੰ ਸਮਝਿਆ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਿੱਚ ਸਫ਼ਲ ਹੋ ਗਏ।