ਰਜਿ: ਨੰ: PB/JL-124/2018-20
RNI Regd No. 23/1979

‘‘ਭਾਜਪਾ ਮੁਕਤ ਭਾਰਤ’’ ਬਣ ਸਕਦਾ ਹੈ ਕਿਸਾਨਾਂ ਦਾ ਨਾਅਰਾ

BY admin / July 27, 2021
ਦਿੱਲੀ ਦੇ ਜੰਤਰ ਮੰਤਰ ’ਤੇ ਬੀਤੇ ਦਿਨ ਪੰਜਾਬ, ਹਰਿਆਣਾ ਅਤੇ ਯੂ.ਪੀ ਦੀਆਂ 2 ਸੌ ਕਿਸਾਨ ਬੀਬੀਆਂ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਸੰਸਦ ਚਲਾਈ। ਸੰਸਦ ਦਾ ਸੰਚਾਲਨ ਮਹਿਲਾ ਸਿਆਸਤਦਾਨ ਸੁਭਾਸ਼ਿਨੀ ਅਲੀ ਨੇ ਕੀਤਾ। ਇਸ ਮੌਕੇ ’ਤੇ ਉਹਨਾਂ ਆਖਿਆ ਕਿ ਕਿਸਾਨਾਂ ਦੀ ਮੰਗ ਦੇ ਹੱਕ ਵਿੱਚ ਮਹਿਲਾਵਾਂ ਦਾ ਇੱਕ ਮੰਚ ਉਪਰ ਆਉਣਾ ਦਰਸਾਉਂਦਾ ਹੈ ਕਿ ਉਹ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ। ਸੁਭਾਸ਼ਿਨੀ ਅਲੀ ਨੇ ਆਪਣੇ ਭਾਸ਼ਣ ਦੌਰਾਨ ਇਕ ਗੱਲ ਆਖਕੇ ਸਰਕਾਰ ਦੇ ਸਟੈਂਡ ਨੂੰ ਖੋਖਲਾ ਸਾਬਿਤ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ  ਸਰਕਾਰ ਦੀਆਂ ਨਜ਼ਰਾਂ ਵਿੱਚ ਕਿਸਾਨ ਅੱਤਵਾਦੀ ਅਤੇ ਖਾਲਿਸਤਾਨੀ ਹਨ ਫਿਰ ਸਰਕਾਰ ਚਲਾਉਣ ਵਾਲਿਆਂ ਨੂੰ ਇਹਨਾਂ ਵੱਲੋਂ ਪੈਦਾ ਕੀਤਾ ਅਨਾਜ ਨਹੀਂ ਖਾਣਾ ਚਾਹੀਦਾ। ਬੀਬੀਆਂ ਦੀ ਸੰਸਦ ਨੂੰ ਲੈਕੇ ਆਮ ਲੋਕਾਂ ਵਿੱਚ ਜੋ ਸੰਦੇਸ਼ ਗਿਆ ਹੈ ਉਸਨੂੰ ਸਰਕਾਰ ਹਲਕੇ ਵਿੱਚ ਲੈ ਸਕਦੀ ਹੈ ਪਰ ਸੱਚਾਈ ਇਹ ਹੈ ਕਿ ਜਿਸ ਲੜਾਈ ਵਿੱਚ ਮਹਿਲਾਵਾਂ ਮਰਦਾਂ ਦੇ ਨਾਲ ਖੜ੍ਹੀਆਂ ਹੋ ਜਾਣ ਉਹ ਲੜਾਈ ਸਧਾਰਣ ਲੜਾਈ ਨਹੀਂ ਬਲਕਿ ਇਨਕਲਾਬੀ ਰੰਗ ਅਖ਼ਤਿਆਰ ਕਰ ਲੈਂਦੀ ਹੈ। ਕਿਸਾਨ ਅੰਦੋਲਨ ਦੇ 8 ਮਹੀਨੇ ਪੂਰੇ ਹੋ ਗਏ ਹਨ। ਸਰਕਾਰ ਨੂੰ ਭੁਲੇਖਾ ਸੀ ਕਿ ਕਿਸਾਨ ਥੋਹੜੇ ਸਮੇਂ ਬਾਦ ਥੱਕ ਹਾਰ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ ਪਰ ਅਜਿਹਾ ਨਹੀਂ ਹੋਇਆ। ਵਕਤ ਦੇ ਵਹਾਅ ਨੇ ਅੰਦੋਲਨ ਦੀ ਬੁਨਿਆਦ ਮਜ਼ਬੂਤ ਕਰ ਦਿੱਤੀ। ਇਸਦਾ ਅੰਦਾਜ਼ਾ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਉਸ ਬਿਆਨ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਉਹਨਾਂ ਆਖਿਆ ਹੈ ਕਿ ਕਿਸਾਨ ਹੁਣ ਦਿੱਲੀ ਵਾਂਗ ਲਖਨਉੂ ਦੀ ਘੇਰਾਬੰਦੀ ਕਰਨਗੇ। ਯੂ.ਪੀ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ ਅਤੇ ਕਿਸਾਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਯੂ.ਪੀ ਵਿੱਚ ਭਾਜਪਾ ਦੀ ਦੂਜੀ ਵਾਰ ਸਰਕਾਰ ਨਾ ਬਣੇ। ਕਿਸਾਨਾਂ ਵੱਲੋਂ ਦਿੱਲੀ ਵਾਂਗ ਲਖਨਉੂ ਨੂੰ ਆਪਣੇ ਅੰਦੋਲਨ ਦਾ ਕੇਂਦਰ ਬਣਾਏ ਜਾਣ ਨਾਲ ਯੂ.ਪੀ ਦੀ ਯੋਗੀ ਸਰਕਾਰ ਲਈ ‘‘ਦੋਹਰ’’ ਪਾਉਣਾ ਮੁਸ਼ਕਿਲ ਹੋ ਜਾਵੇਗਾ। ਪੱਛਮੀ ਯੂ.ਪੀ ਦਾ ਇਲਾਕਾ ਕਿਸਾਨਾਂ ਦਾ ਗੜ੍ਹ ਹੈ। ਉਂਝ ਕਿਸਾਨ ਪੂਰੇ ਉੱਤਰਪ੍ਰਦੇਸ਼ ਵਿੱਚ ਫੈਲੇ ਹੋਏ ਹਨ। ਕਿਸਾਨ ਲੀਡਰਾਂ ਦੀ ਰਣਨੀਤੀ ਮੁਤਾਬਕ ਉਹ ਯੂ.ਪੀ ਦੀਆਂ ਚੋਣਾਂ ਵਿੱਚ ਖੇਤੀ ਕਾਨੂੰਨਾਂ ਨੂੰ ਮੁੱਦਾ ਬਣਾਕੇ ਇਹਨਾਂ ਦਾ ਵਿਰੋਧ ਕਰਨਗੇ ਜਿਸ ਨਾਲ ਭਾਜਪਾ ਦਾ ਜਮ੍ਹਾਂ ਜੋੜ੍ਹ ਵਿਗੜ੍ਹ ਸਕਦਾ ਹੈ। ਰਾਕੇਸ਼ ਟਿਕੈਤ ਨੇ ਇਕ ਹੋਰ ਗੱਲ ਜੋ ਆਖੀ ਜੇਕਰ ਉਸਦੀ ਸਾਰਥਿਕਤਾ ਸ਼ੱਕ ਦੇ ਘੇਰੇ ਵਿੱਚ ਨਹੀਂ ਆਉਂਦੀ ਤਾਂ ਯੂ.ਪੀ ਦੀਆਂ ਚੋਣਾਂ ਮੁੱਖ ਮੰਤਰੀ ਯੋਗੀ ਲਈ ਬਹੁਤ ਅਹਿਮ ਹਨ ਕਿਉਂਕਿ ਇਹ ਜਿੱਤ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘‘ਬਦਲ’’ ਦੇ ਤੌਰ ’ਤੇ ਉਭਾਰ ਸਕਦੀ ਹੈ। ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਭਾਜਪਾ ਦੀ ਹਾਰ ਸੰਘ-ਨਵਾਜ਼ ਸੋਚ ਨੂੰ ਬਹੁਤ ਨਾਗਵਾਰ ਗੁਜ਼ਰੀ ਹੈ। ਇਸ ਸੋਚ ਦੇ ਧਾਰਣੀ ਦਿੱਲੀ ਵਿੱਚ ਅਜਿਹਾ ਚਿਹਰਾ ਚਾਹੁੰਦੇ ਹਨ ਜੋ ‘‘ਅਜਿੱਤ’’ ਹੋਵੇ। ਰਾਕੇਸ਼ ਟਿਕੈਤ ਬੇਸ਼ਕ ਕਿਸਾਨ ਲੀਡਰ ਹਨ ਪਰ ਉਹ ਰਾਜਨੀਤੀ ਨੂੰ ਬਹੁਤ ਨੇੜਿਉਂ ਸਮਝਦੇ ਹਨ। ਉਹ ਜਾਣਦੇ ਹਨ ਕਿ ਲਖਨਉੂ ਦੀ ਘੇਰਾਬੰਦੀ ਕੇਵਲ ਇਕ ਸ਼ਹਿਰ ਦੀ ਘੇਰਾਬੰਦੀ ਨਹੀਂ ਬਲਕਿ ਭਾਜਪਾ ਦੀ ਘੇਰਾਬੰਦੀ ਹੈ। ਮੋਦੀ ਅਤੇ ਯੋਗੀ ਵਿਚਕਾਰ ਇਕਸੁਰਤਾ ਦੀ ਘਾਟ ਦਾ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ। ਕਿਸਾਨਾਂ ਦੀ ਲੜਾਈ ਅਤੇ ਦੇਸ਼ ਅੰਦਰਲਾ ਸਿਆਸੀ ਮੰਜ਼ਰ ਇਸ ਵੇਲੇ ਬਹੁਤ ਗੁੰਝਲਦਾਰ ਹੋ ਗਿਆ ਹੈ।  ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਖੁਲ੍ਹੇ ਆਮ ਕਹਿਣਾ ਕਿ ਸਰਕਾਰ ਨੂੰ ਦੋ ਜਾਂ ਤਿੰਨ ਕਾਰਪੋਰੇਟ ਘਰਾਣੇ ਚਲਾ ਰਹੇ ਹਨ, ਸਰਕਾਰ ਉਪਰ ਬਹੁਤ ਵੱਡਾ ਹਮਲਾ ਹੈ। ਇਸਦੇ ਬਾਵਜੂਦ ਜੇ ਸਰਕਾਰ ਕੋਈ ਮੋੜਵਾਂ ਜਵਾਬ ਨਹੀਂ ਦਿੰਦੀ ਤਾਂ ਸਪਸ਼ਟ ਹੈ ਕਿ ਰਾਹੁਲ ਦਾ ਕਹਿਣਾ ਸਹੀ ਹੈ। ਸਰਕਾਰ ਖੇਤੀ ਕਾਨੂੰਨ ਕਿਉਂ ਵਾਪਿਸ ਨਹੀਂ ਲੈ ਰਹੀ, ਇਸ ਸਵਾਲ ਦਾ ਜਵਾਬ ਰਾਹੁਲ ਗਾਂਧੀ ਦੇ ਬਿਆਨ ਵਿੱਚ ਪੋਸ਼ੀਦਾ ਹੈ। ਹੁਣ ਜਦ ਮਹਿਲਾਵਾਂ ਦੇ ਖੁਲ੍ਹਕੇ ਸਾਹਮਣੇ ਆਉਣ ਦੇ ਬਾਦ ਕਿਸਾਨਾਂ ਨੇ ਆਪਣੀ ਲੜ੍ਹਾਈ ਦਾ ਅਖ਼ੀਰ ਵੇਖਣ ਦਾ ਫੈਸਲਾ ਕਰ ਲਿਆ ਹੈ ਤਾਂ ਉਸਦੇ ਬਾਦ ਫੈਸਲਾ ਸਰਕਾਰ ਨੇ ਕਰਨਾ ਹੈ। ਕੀ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੀ ਲੜਾਈ ‘‘ਭਾਜਪਾ ਮੁਕਤ ਭਾਰਤ’’ ਅੰਦੋਲਨ ਵਿੱਚ ਤਬਦੀਲ ਹੋ ਜਾਵੇ? ਭਾਜਪਾ ਜੇਕਰ ‘‘ਕਾਂਗਰਸ ਮੁਕਤ ਭਾਰਤ’’ ਮੁਹਿੰਮ ਚਲਾ ਸਕਦੀ ਹੈ ਤਾਂ ਕਿਸਾਨ ‘‘ਭਾਜਪਾ ਮੁਕਤ ਭਾਰਤ’’ ਮੁਹਿੰਮ ਕਿਉਂ ਨਹੀਂ ਚਲਾ ਸਕਦੇ?