ਰਜਿ: ਨੰ: PB/JL-124/2018-20
RNI Regd No. 23/1979

ਸ਼ਹੀਦ ਸ੍ਰ. ਊਧਮ ਸਿੰਘ ਸੂਰਮਾ

BY admin / July 31, 2021
ਇਹ 21-03-1940 ਨੂੰ ਊਧਮ ਸਿੰਘ ਵੱਲੋਂ ਕੈਲੀਫੋਰਨੀਆਂ ਦੇ ਇੱਕ ਗੁਰਦਵਾਰੇ ਦੇ ਗ੍ਰੰਥੀ ਨੂੰ ਲਿਖੀ ਚਿੱਠੀ ਵਿੱਚੋਂ ਇਸਦੇ ਹਵਾਲੇ ਮਿਲਦੇ ਹਨ।
ਸ੍ਰ. ਭਗਤ ਸਿੰਘ ਨਾਲ ਮੁਲਾਕਾਤ-
ਊਧਮ ਸਿੰਘ ਸ੍ਰ. ਭਗਤ ਸਿੰਘ ਹੋਰਾਂ ਤੋਂ ਬਹੁਤ ਪ੍ਰਭਾਵਿਤ ਸੀ।ਊਧਮ ਸਿੰਘ ਦੀ ਭਗਤ ਸਿੰਘ ਨਾਲ਼ ਮੁਲਾਕਾਤ ਸੰਨ 1929 ਵਿੱਚ ਹੋਈ ਸੀ। ਉਸ ਸਮੇਂ ਕੇਂਦਰੀ ਜੇਲ ਲਾਹੌਰ ਵਿੱਚ ਸ੍ਰ. ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਭੁੱਖ ਹੜਤਾਲ ਰੱਖੀ ਹੋਈ ਸੀ।ਉੱਥੇ ਉਦੋਂ ਊਧਮ ਸਿੰਘ ਵੀ ਕੈਦ ਸੀ। ਵੇਰਵੇ ਮਿਲਦੇ ਹਨ ਕਿ ਇੱਥੇ ਹੀ ਊਧਮ ਸਿੰਘ ਨੇ ਸ੍ਰ. ਭਗਤ ਸਿੰਘ ਨੂੰ ਦੱਸਿਆ ਸੀ ਕਿ ਇੱਕ ਦਿਨ ਮੈਂ ਮਾਈਕਲ ਉਡਵਾਇਰ ਨੂੰ ਜ਼ਿੰਦਾ ਨਹੀ ਛੱਡਾਗਾਂ। ਮੈਂ ਉਸਨੂੰ ਮਾਰ ਦਿਆਗਾਂ।ਸਰ ਮਾਈਕਲ ਉਡਵਾਇਰ ਨੂੰ ਮਾਰਨ ਦੀ ਗੱਲ ਸ੍ਰ. ਭਗਤ ਸਿੰਘ ਨਾਲ ਇੱਥੇ ਸਾਂਝੀ ਕੀਤੀ ਸੀ। ਉਸਨੇ ਬੱਬਰ ਅਕਾਲੀਆਂ ਨਾਲ ਮਿਲ ਕੇ ਵੀ ਅੰਗਰੇਜਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ।
ਫਿਲਮਾਂ ਵਿੱਚ ਵੀ ਕੀਤਾ ਕੰਮ-
ਸ੍ਰ. ਊਧਮ ਸਿੰਘ ਲੰਡਨ ਸੀ। ਸੰਨ 1934 ਵਿੱਚ ਉੱਥੇ ਉਸ ਨੇ ਕਾਰਪੇੰਟਰ, ਸਾਈਡ ਬੋਰਡ ਪੇਂਟਰ, ਮੋਟਰ ਮਕੈਨਿੰਕ ਦਾ ਕੰਮ ਕੀਤਾ। ਇਥੇ ਹੀ ਉਸਨੇ ਅਲਗਜ਼ੰਡਰ ਕੋਡਾ ਦੀਆਂ ਕੁੱਝ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ। ਫਿਰ ਸੰਨ 1936 ਵਿੱਚ ਸ੍ਰ. ਊਧਮ ਸਿੰਘ ਇੱਕ ਗੋਰੀ ਨਾਲ ਵੀ ਰਿਹਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿਉਂਕਿ ਨਿਸ਼ਾਨਾ ਉਸਦਾ ਕੁੱਝ ਹੋਰ ਸੀ।ਹੁਣ ਇਸ ਕੰਮ ਲਈ ਪੈਸਾ ਵੀ ਜਰੂਰੀ ਸੀ। ਉੱਥੇ ਉਸ ਨੇ ਕਾਫੀ ਮਿਹਨਤ ਕੀਤੀ ਤੇ ਕੁੱਝ ਰੁਪੈ ਇੱਕਠੇ ਕੀਤੇ।ਇੱਥੇ ਉਹ ਭਾਵੇਂ ਥੋੜ੍ਹਾ ਸਮਾਂ ਹੀ ਰਿਹਾ। ਇੱਥੇ ਡੈਨਹੇਮ ਦੇ ਫਿਲਮ ਸਟੂਡੀਊ ਵਿੱਚ ਵੀ ਰਿਹਾ। 
ਸਰ ਮਾਈਕਲ ਉਡਵਾਇਰ ਨੂੰ ਕਤਲ ਕਰਨਾ-
ਆਖਿਰ ਉਹ ਦਿਨ ਵੀ ਆ ਹੀ ਗਿਆ। ਜਿਸ ਦਾ ਸ੍ਰ. ਊਧਮ ਸਿੰਘ ਨੂੰ ਬੜੇ ਹੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਜਲ੍ਹਿਆ ਵਾਲੇ ਬਾਗ ਵਿੱਚ ਖਾਦੀ ਸਹੁੰ ਪੂਰੀ ਕਰਨ ਦਾ ਵਕਤ ਬੜਾ ਹੀ ਨਜ਼ਦੀਕ ਸੀ। ਸ੍ਰ. ਊਧਮ ਸਿੰਘ ਨੂੰ ਪਤਾ ਚੱਲਿਆ ਕਿ ਲੰਡਨ ਦੇ ਕੈਕਸਟਨ ਹਾਲ ਵਿੱਚ ਸਰ ਮਾਈਕਲ ਉਡਵਾਇਰ ਨੂੰ ਉਸ ਦੀ ਜੁੰਡਲੀ ਵੱਲੋਂ ਬੜਾ ਵੱਡਾ ਮਾਨ-ਸਨਮਾਨ ਦਿੱਤਾ ਜਾ ਰਿਹਾ ਹੈ। ਇਹ ਗੱਲ ਮਾਰਚ 1940 ਦੀ ਹੈ। ਲੰਡਨ ਦੇ ਕੈਕਸਟਨ ਹਾਲ ਵਿੱਚ 13-03-1940 ਨੂੰ ਸਰ ਮਾਈਕਲ ਉਡਵਾਇਰ ਦੇ ਸਨਮਾਨ ਸਮਾਰੋਹ ਵਿੱਚ ਇੱਕ ਬੜਾ ਵੱਡਾ ਫੰਕਸ਼ਨ ਰੱਖਿਆ ਗਿਆ ਸੀ। ਸ੍ਰ. ਊਧਮ ਸਿੰਘ ਨੇ ਇੱਕ ਦਿਨ ਪਹਿਲਾਂ ਯਾਨੀ ਕਿ 12-03-1940 ਨੂੰ ਆਪਣੇ ਪਰਮ ਮਿੱਤਰਾਂ ਨੂੰ ਲੰਡਨ ਦੇ ਪੰਜਾਬੀ ਰੈਸਟੋਰੈਂਟ ਵਿੱਚ ਪਾਰਟੀ ਦਿੱਤੀ। ਅਗਲੇ ਦਿਨ 13-03-1940 ਬੁੱਧਵਾਰ ਨੂੰ ਕੈਕਸਟਨ ਹਾਲ ਵਿੱਚ ਸਰ ਮਾਈਕਲ ਉਡਵਾਇਰ, ਲਾਰਡ ਜੈਟਲੈਂਡ, ਸਰ ਪਰਸੀ ਸਾਈਕ, ਸਰ ਲੂਈ ਵਿਲੀਅਮ ਡੇਨ, ਗਵਰਨਰ ਲਾਰਡ ਲੈਮਿੰਗਟਨ ਤੇ ਸਰ ਫਰੈਂਕ ਬਰਾਊਨ ਉੱਥੇ ਪਹੁੰਚੇ ਹੋਏ ਸਨ। ਉਸ ਦਿਨ ਮੀਟਿੰਗ ਸ਼ਾਮੀ ਤਿੰਨ ਵਜੇ ਸ਼ੁਰੂ ਹੋਣੀ ਸੀ। ਸ੍ਰ. ਊਧਮ ਸਿੰਘ ਵੀ ਉਸ ਦਿਨ ਆਪਣਾ ਰਿਵਾਲਵਰ ਗੋਲੀਆਂ ਨਾਲ ਭਰ ਕੇ ਪੰਨਿਆਂ ਦੀ ਕਟਿੰਗ ਕਰਕੇ ਇੱਕ ਮੋਟੀ ਕਿਤਾਬ ਵਿੱਚ ਲੁਕਾ ਕੇ ਨੀਲੇ ਰੰਗ ਦਾ ਲੰਬਾ ਕੋਟ ਤੇ ਪੈਂਟ ਨਾਲ ਮੈਚਿੰਗ ਟਾਈ, ਬੂਟ ਤੇ ਸਿਰ ਤੇ ਟੋਪ ਪਾ ਕੇ ਅੰਗਰੇਜ਼ੀ ਨੌਜਵਾਨ ਬਣ ਕੇ ਬੜੇ ਹੀ ਅਰਾਮ ਨਾਲ ਕੈਕਸਟਨ ਹਾਲ ਪਹੁੰਚ ਗਿਆ ਤੇ ਅੰਦਰ ਜਾਣ ਵਿੱਚ ਕਾਮਯਾਬ ਹੋ ਗਿਆ। ਉੱਥੇ ਖੜੇ  ਪੁਲਿਸ ਵਾਲਿਆਂ ਨੇ ਜ਼ਿਆਦਾ ਪੁੱਛਗਿੱਛ ਨਹੀ ਕੀਤੀ। ਅੰਦਰ ਜਾ ਕੇ ਇੱਕ ਪਾਸੇ ਕੁਰਸੀ ਤੇ ਬੈਠ ਗਿਆ। ਬਾਕੀ ਸਾਰੇ ਤਾਂ ਸਟੇਜ਼ ਤੇ ਬੈਠੇ ਸਨ, ਪਰ ਸਰ ਮਾਈਕਲ ਉਡਵਾਇਰ ਸਭ ਤੋਂ ਮੂਹਰਲੇ ਪਾਸੇ ਸੋਫਿਆਂ ਤੇ ਬੈਠਾ ਸੀ। ਉਡਵਾਇਰ ਨੂੰ ਲਾਰਡ ਜੈਟਲੈਂਡ ਤੇ ਲਾਰਡ ਲੈਮਿੰਗਟਨ ਬੜੇ ਆਦਰ ਸਤਿਕਾਰ ਨਾਲ ਸਟੇਜ਼ ਤੇ ਲੈ ਗਏ ਤੇ ਸਰ ਮਾਈਕਲ ਉਡਵਾਇਰ ਨੂੰ ਦੋ ਸ਼ਬਦ ਬੋਲਣ ਲਈ ਕਿਹਾ। ਮਾਈਕਲ ਉਡਵਾਇਰ ਨੇ ਮਾਈਕ ਤੇ ਕਿਹਾ ਕਿ ‘ਮੈਂ ਬਹੁਤ ਹੀ ਸਖਤ ਹਾਂ। ਅੱਜ ਤੋਂ ਇੱਕੀ ਸਾਲ ਪਹਿਲਾਂ ਇੰਡੀਆਂ ਦੇ ਪੰਜਾਬ ਪ੍ਰਾਂਤ ਅੰਮਿ੍ਰਤਸਰ ਕੇ ਜਲ੍ਹਿਆ ਵਾਲੇ ਬਾਗ ਵਿੱਚ ਭਾਰਤੀਆਂ ਨੂੰ ਸਬਕ ਸਿਖਾੲਆ ਸੀ। ਜੇ ਮੈਨੂੰ ਦੁਬਾਰਾ ਮੌਕਾ ਮਿਲਿਆ ਤਾਂ ਮੈਂ ਅਫਰੀਕਾ ਵਿੱਚ ਵੀ ਜਲ੍ਹਿਆ ਵਾਲਾ ਬਾਗ ਬਣਾ ਦਿਆਗਾਂ’।  ਐਨ ਉਸੇ ਵੇਲੇ ਸ੍ਰ. ਊਧਮ ਸਿੰਘ ਉੱਠਿਆ ਤੇ ਬੋਲਿਆ ਕਿ ‘ਹੁਣ ਤੂੰ ਐਸਾ ਕਰਨ ਲਈ ਜ਼ਿੰਦਾ ਨਹੀ ਬਚਂੇਗਾ’। ਉਸੇ ਵੇਲੇ ਉਸ ਨੇ ਆਪਣੀ ਰਿਵਾਲਵਰ ਕੱਢੀ ਤੇ ਦੋ ਗੋਲੀਆਂ ਉਹਦੀ ਛਾਤੀ ਵਿੱਚ ਮਾਰ ਕੇ ਥਾਏਂ ਹੀ ਢੇਰੀ ਕਰ ਦਿੱਤਾ। ਦੋ ਗੋਲੀਆਂ ਉਸ ਨੇ ਲਾਰਡ ਜੈਟਲੈਂਡ ਵੱਲ ਵੀ ਮਾਰੀਆਂ, ਪਰ ਉਹ ਫਰਸ਼ ਤੇ ਲੰਮਾ ਪੈ ਗਿਆ।  ਸਰ ਲੂਈ ਡੇਨ ਵੱਲ ਵੀ ਸ੍ਰ. ਊਧਮ ਸਿੰਘ ਨੇ ਗੋਲੀ ਚਲਾਈ ਜੋ ਉਸ ਦੀ ਬਾਂਹ ਵਿੱਚ ਲੱਗੀ ਤੇ ਬਾਂਹ ਦੀ ਹੱਡੀ ਟੁੱਟ ਗਈ। ਉਹ ਵੀ ਫਰਸ਼ ਤੇ ਡਿੱਗ ਪਿਆ। ਲਾਰਡ ਮੈਮਿੰਗਟਨ ਦੇ ਵੀ ਹੱਥ ਤੇ ਗੋਲੀ ਲੱਗੀ ਤੇ ਉਹ ਵੀ ਜ਼ਖਮੀ ਹੋ ਗਿਆ। ਦੂਜੇ ਦੋ ਸਰ ਪਰਸੀ ਸਾਈਕ ਤੇ ਸਰ ਫਰੈਂਕ ਬਰਾਊਨ ਬਚ ਗਏ। ਲੰਡਨ ਦੇ ਕੈਕਸਟਨ ਹਾਲ ਵਿੱਚ ਹਫੜਾ-ਦਫੜੀ ਮੱਚ ਗਈ। ਸਭ ਇਧਰ ਉਧਰ ਭੱਜ ਰਹੇ ਸਨ। ਸ੍ਰ. ਊਧਮ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਦੀ ਕੋਟ ਦੀ ਜੇਬ ਵਿੱਚੋਂ 17 ਗੋਲੀਆਂ ਤੇ ਪੈਂਟ ਦੀ ਜੇਬ ਵਿੱਚੋਂ 8 ਗੋਲੀਆਂ ਬਰਾਮਦ ਹੋਈਆਂ। (ਦ ਟਾਈਮਜ਼’ ਲੰਡਨ 14 ਮਾਰਚ 1940) ਇਸ ਸਮੇਂ ਸ਼ਾਮ ਦੇ 4.30 ਵਜੇ ਸਨ।ਇਸ ਹੱਤਿਆ ਦੀ ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਨਿਖੇਧੀ ਕੀਤੀ ਸੀ। 
ਅਖਬਾਰਾਂ ਦੀਆਂ ਸੁਰਖੀਆਂ-
14 ਮਾਰਚ ਸੰਨ 1940 ਦੀ ਸਵੇਰ ਨੂੰ ਅਖਬਾਰਾਂ ਦੀਆ ਸੁਰਖੀਆਂ ਇਸ ਖ਼ਬਰ ਨਾਲ ਭਰੀਆਂ ਪਈਆਂ ਸਨ। ਸਭ ਤੋਂ ਪਹਿਲਾਂ ਇਹ ਖ਼ਬਰ ਬੀ.ਬੀ.ਸੀ ਨੇ ਨਸ਼ਰ ਕੀਤੀ ਸੀ। ਲੰਡਨ ਦੀਆਂ ਬਾਕੀ ਅਖਬਾਰਾਂ ਵੀ ਜਿਵੇਂ ‘ਦਾ ਟਾਈਮਜ਼’ , ‘ਡੇਲੀ ਮਿਰਰ’ , ਡੇਲੀ ਟੈਲੀਗ੍ਰਾਫ’ , ‘ਨਿਊ ਸਟੇਟਸ ਮੈਨ’  ਤੇ ਰੇਡੀੳ ਤੇ ਇਹੀ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲੀਆਂ।‘ਡੇਲੀ ਵਰਕਰਜ਼’ ਨਾਂਅ ਦੇ ਅਖਬਾਰ ਨੇ ਊਧਮ ਸਿੰਘ ਦੀ ਫੋਟੋ ਸਮੇਤ ਇਹ ਖਬਰ ਛਾਪੀ ਤੇ ਲਿਖਿਆ ਕਿ ਅਣਖੀਲੇ ਯੋਧੇ ਹਿੰਦੁਸਤਾਨੀ ਨੇ ਪੂਰੇ ਇੱਕੀ ਸਾਲ ਬਾਅਦ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈ ਲਿਆ ਹੈ।ਮਹਾਤਮਾ ਗਾਂਧੀ ਨੇ ਆਪਣੀ ਅਖਬਾਰ ‘ਹਰੀਜਨ’ ਵਿੱਚ ਸ੍ਰ. ਊਧਮ ਸਿੰਘ ਨੂੰ ਪਾਗਲ ਦੱਸਿਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਅਖਬਾਰ ‘ਨੈਸ਼ਨਲ ਹੈਰਾਲਡ’ ਵਿੱਚ ਸਰ ਮਾਈਕਲ ਉਡਵਾਇਰ ਦੀ ਮੌਤ ਤੇ ਅਫਸੋਸ ਜਤਾਇਆ ਸੀ।
ਮੁਕੱਦਮਾ-
14 ਮਾਰਚ ਸੰਨ 1940 ਨੂੰ ਸ੍ਰ. ਊਧਮ ਸਿੰਘ ਨੂੰ ਚੀਫ ਮਜਿਸਟਰੇਟ ‘ਸਰ ਰਾਬਰਟ ਡੁਮਟ’ ਸਾਹਮਣੇ ਪੁਲਿਸ ਕੋਰਟ ਵਿੱਚ ਪੇਸ਼ ਕੀਤਾ ਗਿਆ।ਉੱਥੋਂ ਉਸ ਨੂੰ ਬਿ੍ਰਕਸਟਨ ਜੇਲ੍ਹ ਭੇਜ ਦਿੱਤਾ ਗਿਆ।ਉਸ ਤੇ ਮੁਕੱਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ।ਦੀ ‘ਦ ਟਾਈਮਜ਼’ ਲੰਡਨ 23 ਮਾਰਚ 1940 ਦੀ ਖ਼ਬਰ ਅਨੁਸਾਰ ਜਦ ਸਰ ਮਾਈਕਲ ਉਡਵਾਇਰ ਦੀ ਮੌਤ ਤੋਂ ਅਗਲੇ ਦਿਨ 15 ਮਾਰਚ ਸੰਨ 1940 ਨੂੰ ਸ੍ਰ. ਊਧਮ ਸਿੰਘ ਨੂੰ ਪਕੜਿਆ ਗਿਆ ਤਾਂ ਉਸ ਕੋਲੋਂ ਬਰਾਮਦ ਸਮਾਨ ਵਿੱਚੋਂ ਉਸਦਾ ਊਧਮ ਸਿੰਘ ਨਾਂਅ ਵਾਲਾ ਪਾਸਪੋਰਟ ਨੰਬਰ 52753 ਵੀ ਪਕੜਿਆ ਗਿਆ, ਪਰ ਪਕੜੇ ਜਾਣ ਤੇ ਉਸ ਨੇ ਆਪਣਾ ਨਾਂਅ ‘ਰਾਮ ਮੁਹੰਮਦ ਸਿੰਘ ਅਜ਼ਾਦ’ ਦੱਸਿਆ ਸੀ। ਇਹ ਨਾਂਅ ਉਸ ਦੀ ਬਾਂਹ ਤੇ ਵੀ ਉੱਕਰਿਆ ਹੋਇਆ ਸੀ। 24 ਮਈ ਸੰਨ 1940 ਨੂੰ ‘ਕ੍ਰੀਅਰਸਨ’ ਮੈਡੀਕਲ ਅਫਸਰ ਵੱਲੋਂ ਸ੍ਰ. ਊਧਮ ਸਿੰਘ ਦਾ ਮੈਡੀਕਲ ਕੀਤਾ ਗਿਆ।ਫਿਰ ਕਿ੍ਰਮੀਨਲ ਕੋਰਟ ਵਿੱਚ ਜੱਜ ‘ਐਟਕਿਨਸਨ’ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 4 ਜੂਨ 1940 ਨੂੰ ਮੁਕੱਦਮਾ ਚਲਾਇਆ ਗਿਆ। ਸ੍ਰ. ਊਧਮ ਸਿੰਘ ਵੱਲੋੰ ‘ਸਟੇਂ ਜਾਨ ਹੁਚਿਨਸਨ’ ਨਾਂਅ ਦਾ ਵਕੀਲ ਪੇਸ਼ ਹੋਇਆ।ਅੰਗਰੇਜ਼ ਸਰਕਾਰ ਜਲਦੀ ਤੋਂ ਜਲਦੀ ਇਹ ਮੁਕੱਦਮਾ ਖਤਮ ਕਰਕੇ ਸ੍ਰ. ਊਧਮ ਸਿੰਘ ਨੂੰ ਫਾਂਸੀ ਤੇ ਲਟਕਾਉਣ ਲਈ ਕਾਹਲੀ ਸੀ।ਜੱਜ ਨੇ ਸ੍ਰ. ਊਧਮ ਸਿੰਘ ਨੂੰ ਆਪਣੀ ਸਫਾਈ ਵਿੱਚ ਕੁੱਝ ਕਹਿਣ ਲਈ ਮੌਕਾ ਦਿੱਤਾ। ਉਸੇ ਵੇਲੇ ਉਸ ਨੇ ਆਪਣੀ ਜੇਬ ਵਿੱਚੋਂ ਕਾਗਜ਼ ਕੱਢਿਆ ਤੇ ਆਪਣਾ ਲਿਖਿਆ ਭਾਸ਼ਣ ਬੋਲਣ ਲੱਗ ਪਿਆ ਕਿ ‘ਬਿ੍ਰਟਿਸ਼ ਸਾਮਰਾਜ ਮੁਰਾਬਾਦ, ਅਸੀਂ ਗੁਲਾਮ ਹਾਂ। ਤੁਸੀ ਸਾਡੀਆਂ ਪੀੜ੍ਹੀਆਂ ਬਰਬਾਦ ਕਰ ਦਿੱਤੀਆਂ ਹਨ।ਤੁਸੀ ਸ਼ਰਮ ਕਰੋ। ਮੈਨੂੰ ਮੌਤ ਦੀ ਪ੍ਰਵਾਹ ਨਹੀ। ਮੈਂ ਮੌਤ ਤੋਂ ਨਹੀ ਡਰਦਾ। ਮੈਨੂੰ ਮਰਨ ਤੇ ਮਾਨ ਹੈ। ਮੇਰੇ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਭਾਰਤ ਦੇਸ਼ ਵਿੱਚੋਂ ਬਾਹਰ ਕੱਢ ਦੇਣਗੇ। ਜੋ ਤੁਹਾਡੀ ਸਰਕਾਰ ਭਾਰਤ ਵਿੱਚ ਹੈ। ਉਸ ਵਿੱਚ ਕੁੱਝ ਗੰਦੇ ਲੋਕ ਹਨ। ਮੈਂ ਅੰਗਰੇਜ਼ ਦੇ ਵਿਰੁੱਧ ਨਹੀ ਹਾਂ। ਮੈਂ ਸਾਮਰਾਜੀ ਸਰਕਾਰ ਦੇ ਵਿਰੁੱਧ ਹਾਂ। ਮੇਰੀ ਇੰਗਲੈਂਡ ਦੇ ਮਜ਼ਦੂਰਾਂ ਤੇ ਕਾਮਿਆਂ ਨਾਲ ਹਮਦਰਦੀ ਹੈ’।(ਫਾਈਲ ਨੰਬਰ ਮੀਪੋਲ 3/1743 ਪਬਲਿਕ ਰਿਕਾਰਡ ਆਫਿਸ, ਲੰਡਨ ਪੇਜ਼. 84) ਜੱਜ ਨੇ ਸ੍ਰ. ਊਧਮ ਸਿੰਘ ਨੂੰ 5 ਜੂਨ ਸੰਨ 1940 ਨੂੰ ਮੌਤ ਦੀ ਸਜ਼ਾ ਫਾਂਸੀ ਸੁਣਾ ਦਿੱਤੀ।
ਫਾਂਸੀ-
ਸ੍ਰ. ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਣ ਤੇ ਉਸ ਨੂੰ ਬਿ੍ਰਕਸਟਨ ਜੇਲ੍ਹ ਤੋਂ ਬਦਲ ਕੇ ਪੈਟੋਨਵਿਲੇ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।ਪਹਿਲਾਂ ਫਾਂਸੀ 25 ਜੂਨ ਸੰਨ 1940 ਨੂੰ ਹੋਣੀ ਸੀ, ਪਰ ਕੁੱਝ ਕਾਰਨਾਂ ਕਰਕੇ ਇਹ ਤਾਰੀਖ ਅੱਗੇ ਪਾ ਦਿੱਤੀ ਗਈ।ਸ੍ਰ. ਊਧਮ ਸਿੰਘ ਨੇ ਜੇਲ੍ਹ ਵਿੱਚ ਗੁਟਕਾ ਸਾਹਬ ਦੀ ਮੰਗ ਕੀਤੀ ਜੋ 16 ਜੂਨ 1940 ਨੂੰ ਸ੍ਰ. ਸ਼ਿਵ ਸਿੰਘ ਜੌਹਲ ਨੇ ਤਿੰਨ ਉਰਦੂ ਤੇ ਇੱਕ ਪੰਜਾਬੀ ਗੁਰਮੁਖੀ ਵਿੱਚ ਗੁਟਕਾ ਸਾਹਬ ਜੇਲ੍ਹ ਵਿੱਚ ਊਧਮ ਸਿੰਘ ਕੋਲ ਪੁੱਜਦਾ ਕੀਤੇ।ਫਿਰ ਬਾਦ ਵਿੱਚ ਫਾਂਸੀ ਦੀ ਤਾਰੀਖ 31 ਜੁਲਾਈ ਸੰਨ 1940 ਤੈਅ ਕੀਤੀ ਗਈ।ਆਖਰ 31 ਜੁਲਾਈ ਦਾ ਦਿਨ ਵੀ ਆ ਹੀ ਗਿਆ। 31 ਜੁਲਾਈ ਨੂੰ ਲੰਡਨ ਦੀ ਪੈਟੋਨਵਿਲੇ ਜੇਲ੍ਹ ਵਿੱਚ ਜੇਲ੍ਹ ਡਾਕਟਰ, ਇੰਜ਼ੀਨੀਅਰ, ਮੁੱਖ ਅਧਿਕਾਰੀ, ਤਿੰਨ ਮੰਤਰੀ, ਪਾਦਰੀ ਟਿਊਡਰ ਜੋਨਜ਼, ਜੇਲ੍ਹ ਗਵਰਨਰ ਤੇ ਉਪ ਸ਼ੈਰਿਫ ਹਾਜ਼ਰ ਹੋ ਗਏ। ਸ੍ਰ. ਊਧਮ ਸਿੰਘ ਨੂੰ ਫਾਂਸੀ ਵਾਲੀ ਜਗ੍ਹਾ ਲਿਆਦਾ ਗਿਆ। ਆਪਣੇ ਆਖ਼ਰੀ ਸਮੇਂ ਉਹ ਗੁਰਬਾਣੀ ਦਾ ਪਾਠ ਕਰ ਰਹੇ ਸਨ।31 ਜੁਲਾਈ ਸੰਨ 1940 ਦੀ ਸਵੇਰ ਠੀਕ 9.00 ਵਜੇ ਜਲਾਦ ਟੋਮ ਪੀਅਰੇ ਤੇ ਅਲਬਰਟ ਪੀਅਰੇ ਵੱਲੋਂ ਸ੍ਰ. ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਅੰਗਰੇਜ਼ ਸਾਮਰਾਜ ਨੇ ਆਪਣੇ ਤਾਬੂਤ ਵਿੱਚ ਸ੍ਰ. ਊਧਮ ਸਿੰਘ ਨੂੰ ਫਾਂਸੀ ਦੇ ਕੇ ਆਖ਼ਰੀ ਕਿੱਲ ਵੀ ਠੋਕ ਲਿਆ ਸੀ ਕਿਉਂ ਕਿ ਠੀਕ ਸੱਤ ਸਾਲ ਬਾਦ ਹੀ 15 ਅਗਸਤ ਸੰਨ 1947 ਨੂੰ ਦੇਸ਼ ਅਜ਼ਾਦ ਹੋ ਗਿਆ ਸੀ ਤੇ ਅੰਗਰੇਜ਼ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਭਾਰਤ ਵਿੱਚੋਂ ਚੱਲਦੇ ਬਣੇ ਸਨ। ਸ੍ਰ. ਊਧਮ ਸਿੰਘ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ।
ਸ਼ਹੀਦ ਦੀਆਂ ਅਸਥੀਆਂ ਦੇਸ਼ ਵਾਪਸ-
ਸ੍ਰ. ਊਧਮ ਸਿੰਘ ਦੀ ਦੇਹ ਨੂੰ ਲੰਡਨ ਦੀ ਪੈਟੋਨਵਿਲੇ ਜੇਲ੍ਹ ਵਿੱਚ ਹੀ ਬਾਹਰ ਇੱਕ ਪਾਸੇ ਤਾਬੂਤ ਵਿੱਚ ਪਾ ਕੇ ਧਰਤੀ ਵਿੱਚ ਦਫਨ ਕਰ ਦਿੱਤਾ ਗਿਆ ਸੀ। ਸਮੇਂ-ਸਮੇਂ ਤੇ ਸ਼ਹੀਦ ਦੀਆਂ ਅਸਥੀਆਂ ਦੇਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾ ਹੁੰਦੀਆਂ ਰਹੀਆਂ, ਪਰ ਕਾਮਯਾਬੀ ਨਹੀ ਮਿਲ ਰਹੀ ਸੀ। ਆਖਿਰ ਕੋਸ਼ਿਸ਼ ਰੰਗ ਲਿਆਈ ਤੇ ਠੀਕ 34 ਸਾਲ ਪਿੱਛੋਂ 19 ਜੁਲਾਈ ਸੰਨ 1974 ਨੂੰ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇਸ਼ ਵਾਪਸ ਆਈਆਂ। ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਆਰਮੀ ਜਨਰਲ ਮੋਹਨ ਸਿੰਘ, ਐੱਮ. ਐੱਲ. ਏ ਸ੍ਰ. ਸਾਧੂ ਸਿੰਧ ਕੰਬੋਜ਼ ਨੇ ਦਿੱਲੀ ਹਵਾਈ ਅੱਡੇ ਤੇ ਸ਼ਹੀਦ ਦੀਆਂ ਅਸਥੀਆਂ ਦਾ ਜ਼ੋਰਦਾਰ ਸਵਾਗਤ ਕੀਤਾ।ਉੱਥੋਂ ਜਲੂਸ ਦੀ ਸ਼ਕਲ ਵਿੱਚ ਹੁੰਦਾ ਹੋਇਆ ਇਹ ਕਾਰਵਾਂ ਉਹਨਾਂ ਦੇ ਪਿੰਡ ਸੁਨਾਮ ਵਿੱਚ ਪਹੁੰਚਿਆ। ਉਹਨਾਂ ਦੇ ਜੱਦੀ ਪਿੰਡ ਸੁਨਾਮ ਵਿੱਚ ਉਹਨਾਂ ਦੀਆਂ ਅਸਥੀਆਂ ਨੂੰ ਰੱਖ ਕੇ ਅਗਨੀ ਦਿੱਤੀ ਗਈ। ਸ੍ਰ. ਊਧਮ ਸਿੰਘ ਦੀਆਂ ਦੂਸਰੀਆਂ ਨਿਸ਼ਾਨੀਆਂ ਵੀ ਜਿੰਨ੍ਹਾਂ ਵਿੱਚ ਸ੍ਰ. ਊਧਮ ਸਿੰਘ ਦਾ ਰਵਾਲਵਰ, ਉਹ ਕਿਤਾਬ ਜਿਸ ਵਿੱਚ ਰਵਾਲਵਰ ਲੁਕਾ ਕੇ ਰੱਖਿਆ ਸੀ, ਕਮਾਨੀਦਾਰ ਚਾਕੂ, ਡਾਇਰੀ, ਇੱਕ ਲੱਕੜੀ ਦਾ ਬਕਸਾ, 27 ਕਾਰਤੂਸ, ਇੱਕ ਘੜੀ, ਕਾਰ ਦੀ ਚਾਬੀ ਤੇ ਕੁੱਝ ਫੋਟੋਗ੍ਰਾਫਸ ਆਦਿ ਨਿਸ਼ਾਨੀਆਂ ਦੀ  ਮੰਗ ਕੀਤੀ ਗਈ ਸੀ ਜੋ ਲੰਡਨ ਸਰਕਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸ੍ਰ. ਊਧਮ ਸਿੰਘ ਦਾ ਇਹ ਸਮਾਨ ਕੇਸ ਦੇ ਸਬੂਤ ਵਜ਼ੋਂ ਹਨ ਜੋ ਅਸੀਂ ਨਹੀ ਦੇ ਸਕਦੇ।
ਤ੍ਰਾਸਦੀ-
ਅੱਜ ਸਮੇਂ ਦੀਆਂ ਸਰਕਾਰਾਂ ਨੂੰ ਲੋੜ ਹੈ ਕਿ ਜਨਤਾ ਨਾਲ ਕੀਤੇ ਵਾਅਦੇ ਪੁਗਾਉਣ । ਦੇਸ਼ ਨੂੰ ਅਜ਼ਾਦ ਕਰਾਉਣ ਲਈ ਦੇਸ਼ ਭਗਤਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ। ਅੱਜ ਉਹਨਾਂ ਹੀ ਦੇਸ਼ ਭਗਤਾਂ ਦੇ ਪ੍ਰੀਵਾਰ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ। ਪਿਛਲੇ ਸਾਲਾਂ ਦੌਰਾਨ ਸ਼ਹੀਦ ਊਧਮ ਸਿੰਘ ਦੇ ਪ੍ਰੀਵਾਰ ਵਿੱਚੋਂ ਇੱਕ ਨੌਜਵਾਨ ਜੋ ਰਿਸ਼ਤੇਦਾਰੀ ਵਿੱਚੋਂ ਉਹਨਾਂ ਭਤੀਜਾ ਜਾਂ ਭਾਣਜਾ ਸੀ ਸ੍ਰ. ਜੀਤ ਸਿੰਘ ਵੱਲੋਂ  ਗਰੀਬੀ ਤੋਂ ਤੰਗ ਆ ਕੇ ਖੁਦਕੁਸ਼ੀ ਦਾ ਰਸਤਾ ਅਪਨਾਇਆ ਗਿਆ। ਸਰਕਾਰਾਂ ਲਈ ਇਹ ਬੜੇ ਹੀ ਸ਼ਰਮ ਵਾਲੀ ਗੱਲ ਹੈ। ਕੀ ਅਸੀਂ ਆਪਣੇ ਦੇਸ਼ ਭਗਤਾਂ ਦੇ ਪ੍ਰੀਵਾਰਾਂ ਨੂੰ ਵੀ ਨਹੀ ਸਾਂਭ ਸਕਦੇ। ਉਹ ਆਪਣੇ ਹੱਥ ਵਿੱਚ ਸਰਕਾਰੀ ਚਿੱਠੀਆਂ ਲੈ ਕੇ ਘੁੰਮਦੇ ਰਹੇ। ਨੌਕਰੀ ਲਈ ਜਦੋ-ਜਹਿਦ ਕਰਦੇ ਰਹੇ, ਪਰ ਕਿਸੇ ਨੇ ਉਹਨਾਂ ਦੀ ਪੁਕਾਰ ਨਹੀ ਸੁਣੀ। ਜਿੰਨ੍ਹਾਂ ਦੇ ਸਿਰ ਤੇ ਸਰਕਾਰ ਜੀ ਐਸ਼ ਕਰ ਰਹੇ ਹੋ। ਕਮ ਸੇ ਕਮ ਉਹਨਾਂ ਪ੍ਰੀਵਾਰਾਂ ਦੀ ਤਾਂ ਮਦਦ ਕਰ ਦਿਉ। ਉਹਨਾਂ ਮਾਨ-ਸਨਮਾਨ ਤਾਂ ਕਰ ਦਿਉ। 
ਵਿਰਾਸਤ ਨਾਲ ਛੇੜਛਾੜ-
ਪਿਛਲੇ ਸਾਲ ਦੌਰਾਨ ਹੁਣ ਇੱਕ ਨਵਾਂ ਹੀ ਵਿਵਾਦ ਪੈਦਾ ਹੋ ਗਿਆ ਸੀ। ਜਲ੍ਹਿਆਂ ਵਾਲੇ ਬਾਗ ਦੀ ਵਿਰਾਸਤ ਨਾਲ ਛੇੜਛਾੜ ਕੀਤੀ ਗਈ ਸੀ। ਜਲ੍ਹਿਆ ਵਾਲੇ ਬਾਗ ਦੇ ਸੁੰਦਰੀਕਰਨ ਦੇ ਬਹਾਨੇ ਉੱਥੋਂ ਦਾ ਢਾਚਾਂ ਬਦਲਿਆ ਜਾ ਰਿਹਾ ਸੀ। ਜਿਸ ਖੂਹ ਵਿੱਚ ਭੱਜਦੇ ਹੋਏ ਲੋਕਾਂ ਜਾਨਾਂ ਬਚਾਉਣ ਲਈ ਛਾਲਾਂ ਮਾਰੀਆਂ ਸਨ। ਉਸ ਖੂਹ ਦੀ ਦਿੱਖ ਵਿਗਾੜੀ ਜਾ ਰਹੀ ਸੀ।
ਆਉਣ ਜਾਣ ਵਾਲੇ ਰਸਤੇ ਨਾਲ ਛੇੜਛਾੜ ਕੀਤੀ ਜਾ ਰਹੀ ਸੀ। ਜਦੋਂ ਦਾ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਸੀ। ਉਦੋਂ ਦਾ ਨੋ ਐਂਟਰੀ ਦਾ ਬੋਰਡ ਲਗਾ ਦਿੱਤਾ ਗਿਆ ਸੀ। ਖ਼ਬਰਾਂ ਇਹ ਸਨ ਕਿ ਅੰਦਰ ਮਿਊਜ਼ੀਅਮ ਵਿੱਚ ਜੋ ਫੋਟੋਆਂ ਲੱਗੀਆ ਹਨ, ਉਹ ਇਤਰਾਜ਼ਯੋਗ ਹਨ। ਅੰਦਰ ਗੁਰੂ ਸਾਹਬ ਜੀ ਦੀਆਂ ਫੋਟੋਆਂ ਲੱਗੀਆਂ ਹਨ।  ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋਆਂ ਲੱਗੀਆਂ ਤੇ ਉਹਨਾਂ ਦੇ ਨਾਲ ਹੀ ਔਰਤਾਂ ਦੀਆਂ ਨਗਨ ਤਸਵੀਰਾਂ ਲਗਾ ਦਿੱਤੀਆਂ ਗਈਆਂ ਸਨ ਤੇ ਉੱਥੇ ਸੱਭਿਅਤਾ ਦੇ ਬੋਰਡ ਲਗਾਏ ਹਨ ਕਿ ਇਹ ਸਾਡੀ ਸੱਭਿਅਤਾ ਹੈ। ਕਿੰਨੇ ਸ਼ਰਮ ਵਾਲੀ ਗੱਲ ਹੈ ਕਿ ਜਿੱਥੋਂ ਨੌਜਵਾਨਾਂ ਨੇ ਕੋਈ ਸੇਧ ਲੈਣੀ ਸੀ। ਉਸ ਇਤਿਹਾਸ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ।ਮਨਸ਼ਾ ਸ਼ਾਇਦ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਇਸ ਇਤਿਹਾਸ ਤੋਂ ਅਣਜਾਣ ਹੀ ਰਹੇ। ਲੋਕ ਅਸਲੀ ਮੁੱਦਿਆ ਤੋਂ ਭਟਕੇ ਹੀ ਰਹਿਣ। ਸਮਾਜ ਸੇਵੀ ਲੋਕਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ।
ਹਰ ਖਾਸ ਤੇ ਆਮ ਜਨਤਾ ਨੂੰ ਵੀ ਸਰਕਾਰ ਦੇ ਐਸੇ ਕੰਮਾਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਵੱਲ ਤੁਰੰਤ ਧਿਆਨ ਦੇਵੇ ਕਿ ਕਿਸੇ ਵੀ ਵਿਰਾਸਤ ਨਾਲ ਛੇੜਛਾੜ ਨਾ ਕੀਤੀ ਜਾਵੇ। ਜਲ੍ਹਿਆ ਵਾਲੇ ਬਾਗ ਵਿੱਚ ਸ਼ਹੀਦਾਂ ਦੇ ਇਤਿਹਾਸ ਨੂੰ ਦੁਹਰਾਉਂਦੇ ਚਿੱਤਰ ਹੀ ਲਗਾਏ ਜਾਣ। ਆਉ ਇਸ ਸ਼ਹੀਦ ਦੇ ਸ਼ਹੀਦੀ ਦਿਹਾੜੇ ਇਸ ਮਹਾਨ ਸ਼ਹੀਦ ਨੂੰ ਸੱਚੀ-ਸੁੱਚੀ  ਸ਼ਰਧਾਂਜਲੀ ਭੇਟ ਕਰੀਏ। ਰਾਜਨੀਤੀ ਨਾ ਕਰੀਏ। (ਸਮਾਪਤ)
 
ਧਰਮਿੰਦਰ ਸਿੰਘ (ਚੱਬਾ)
ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ, ਅੰਮਿ੍ਰਤਸਰ-143022 
: 0.