ਰਜਿ: ਨੰ: PB/JL-124/2018-20
RNI Regd No. 23/1979

ਮੁੱਖ ਮੰਤਰੀ ਨੇ ਖੋਹਲੇ ਦੁਆਰ, ਹਰਕਤ ਵਿੱਚ ਆਈ ਸਰਕਾਰ

BY admin / July 31, 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦਾ ਆਪਣਾ ਵੱਖਰਾ ਤਰੀਕਾ ਹੈ। ਮੁੱਖ ਮੰਤਰੀ ਹੋਣ ਕਾਰਣ ਮੁੱਢਲੇ ਤੌਰ ’ਤੇ ਉਹ ਜਨਤਾ ਦੇ ਸੇਵਕ ਹਨ। ਸੂਬੇ ਦੇ ਲੋਕ ਜੇ ਉਹਨਾਂ ਵੱਲ ਆਸਾਂ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ ਤਾਂ ਇਸਦਾ ਕਾਰਣ ਹੈ ਕਿ ਜਿਸ ਲੀਡਰ ਨੂੰ ਉਹਨਾਂ ਨੇ ਸੂਬੇ ਦੀ ਵਾਗਡੋਰ ਸੰਭਾਲੀ ਉਹਨਾਂ ਪ੍ਰਤੀ ਉਹ ਜਵਾਬਦੇਹ ਹੈ। ਕੈਪਟਨ ਸਿੰਘ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਦੁਆਕੇ ਆਪਣੀ ਜੋ ਛਵੀ ਬਣਾਈ ਉਹ ਹਰ ਲਿਹਾਜ਼ ਨਾਲ ਕਾਬਿਲੇ ਤਸਲੀਮ ਹੈ। ਫਿਰ ਵੀ ਇਹ ਜ਼ਰੂਰੀ ਨਹੀਂ ਕਿ ਲੀਡਰਾਂ ਦੀ ਕਤਾਰ ਵਿੱਚ ਸਭ ਤੋਂ ਅੱਗੇ ਖੜ੍ਹਾ ਨੇਤਾ ਬੇਪਰਵਾਹੀ ਦੇ ਲੜ ਲੱਗਕੇ ਲੋਕਾਂ ਤੋਂ ਦੂਰ ਹੋ ਜਾਵੇ। ਕੈਪਟਨ ਸਿੰਘ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਵਿੱਚ ਚੜ੍ਹਾਈ ਤੋਂ ਪਹਿਲਾਂ ਆਪਣੇ ਕੁੱਝ ਇਕ ਕਰੀਬੀਆਂ ਨੂੰ ਛੱਡਕੇ ਦੂਜਿਆਂ ਦੀ ਪਹੁੰਚ ਤੋਂ ਦੂਰ ਸਨ। ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਜਿਹੜਾ ਮੁੱਖ ਮੰਤਰੀ ਆਪਣੇ ਆਪ ਤੱਕ ਸੀਮਤ ਹੈ ਉਸ ਤੋਂ ਜਨਤਾ ਪ੍ਰਤੀ ਸਮਰਪਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਥੋਂ ਤੱਕ ਕਿ ਕਾਂਗਰਸੀ ਵਿਧਾਇਕ ਵੀ ਉਹਨਾਂ ਨੂੰ ਆਪਣੀਆਂ ਪਰੇਸ਼ਾਨੀਆਂ ਦੱਸਣ ਲਈ ਕਤਾਰ ਵਿੱਚ ਖੜ੍ਹੇ ਰਹਿੰਦੇ ਸਨ। ਇਹ ਕੈਪਟਨ ਦੇ ਕੰਮ ਕਰਨ ਦਾ ਆਪਣਾ ਅੰਦਾਜ਼ ਜ਼ਰੂਰ ਸੀ ਪਰ ਜਦ ਕੋਈ ਲੀਡਰ ਲੋਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ ਉਸ ਵੇਲੇ ਉਸਦਾ ‘‘ਨਿੱਜ’’ ਹਾਸ਼ੀਏ ਉਪਰ ਚਲਾ ਜਾਂਦਾ ਹੈ। ਭਾਵ ਇਹ ਕਿ ਕੋਈ ਵੀ ਮੁੱਖ ਮੰਤਰੀ ਆਪਣੇ ਲਈ ਘੱਟ ਅਤੇ ਲੋਕਾਂ ਲਈ ਜ਼ਿਆਦਾ ਹੁੰਦਾ ਹੈ। ਜਿਸਨੇ ਇਸ ਸੱਚ ਨੂੰ ਸਮਝ ਲਿਆ ਉਹ ਹਮੇਸ਼ਾ ਲਈ ਲੋਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਅੱਜ ਜੇ ਕੈਪਟਨ ਦੇ ਦਫ਼ਤਰ ਵਿੱਚ ਮੀਟਿੰਗਾਂ ਦਾ ਜ਼ੋਰ ਹੈ ਤਾਂ ਨਿਰਸੰਦੇਹ ਇਹ ਆਪਣੇ ਆਪ ਵਿੱਚ ਵੱਡਾ ਬਦਲਾਅ ਹੈ। ਇਸਦਾ ਕੀ ਕਾਰਣ ਹੈ ਇਸ ਬਾਰੇ ਏਨਾਂ ਕਹਿਣਾ ਕਾਫ਼ੀ ਹੈ ਕਿ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲਣ ਦੇ ਬਾਦ ਜਿਸ ਤਰੀਕੇ ਨਾਲ ਪਾਰਟੀ ਲੀਡਰਾਂ ਅਤੇ ਲੋਕਾਂ ਨੂੰ ਮਿਲਕੇ ਉਹਨਾਂ ਦੀਆਂ ਤਕਲੀਫ਼ਾਂ ਪਹਿਲ ਦੇ ਆਧਾਰ ’ਤੇ ਦੂਰ ਕਰਨ ਦੀ ਮੁਹਿੰਮ ਚਲਾਈ ਹੈ ਉਸਨੇ ਕੈਪਟਨ ਸਿੰਘ ਨੂੰ ਹਰਕਤ ਵਿੱਚ ਆਉਣ ਲਈ ਮਜਬੂਰ ਕਰ ਦਿੱਤਾ ਹੈ। ਬੀਤੇ ਦਿਨ ਮੁੱਖ ਮੰਤਰੀ ਨੇ ਪਾਰਟੀ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਇਸਤੋਂ ਪਤਾ ਲੱਗਦਾ ਹੈ ਕਿ ਚੋਣਾਂ ਤੱਕ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਨਵਜੋਤ ਸਿੱਧੂ ਨੇ ਹਾਈ ਕਮਾਂਡ ਨੂੰ ਇਹੀ ਭਰੋਸਾ ਦੁਆਇਆ ਹੈ ਕਿ ਜੇ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ‘‘ਵਫ਼ਾ’’ ਕਰ ਦਿੰਦੀ ਹੈ ਤਾਂ ਕਾਂਗਰਸ ਦਾ ਦੂਜੀ ਵਾਰ ਸੱਤਾ ਵਿੱਚ ਆਉਣਾ ਪੱਕਾ ਹੈ। ਸਿੱਧੂ ਵਿੱਚ ਇਹ ਖ਼ੂਬੀ ਹੈ ਕਿ ਉਹ ਆਪਣੀਆਂ ਦਲੀਲਾਂ ਨਾਲ ਹਰ ਇਕ ਨੂੰ ਕਾਇਲ ਕਰ ਲੈਂਦੇ ਹਨ। ਸਿੱਧੂ ਦੀਆਂ ਸਰਗਰਮੀਆਂ ਨਾਲ ਜਿਸ ਤਰ੍ਹਾਂ ਕਾਂਗਰਸੀਆਂ ਵਿੱਚ ਉਤਸ਼ਾਹ ਵਧਿਆ ਹੈ ਉਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ। ਸਿੱਧੂ ਨੇ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਲਿਆਉਣ ਲਈ ਜੋ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਉਸਨੇ ਸਰਕਾਰ ਦੇ ਕੰਮਕਾਜ ਵਿੱਚ ਆਈ ਖੜੋਤ ਨੂੰ ਗਤੀ ਪ੍ਰਦਾਨ ਕੀਤੀ ਹੈ। ਕੈਪਟਨ ਸਿੰਘ ਦਾ ਹੁਣ ਖੁਲ੍ਹਕੇ ਕਹਿਣਾ ਕਿ 18 ਨੁਕਾਤੀ ਏਜੰਡੇ ਦੇ ਕਈ ਮੁੱਦਿਆਂ ਉਪਰ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀਆਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ, ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹਨਾਂ ਨੂੰ ਜ਼ਮੀਨੀ ਹਕੀਕਤ ਸਮਝ ਆ ਗਈ ਹੈ। ਇਸਤੋਂ ਇਲਾਵਾ ਇਹ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਜੇਕਰ ਸਿੱਧੂ ਆਪਣੀਆਂ ਸਰਗਰਮੀਆਂ ਕਾਰਣ ਲੋਕਾਂ ਦੇ ਸਭ ਤੋਂ ਚਹੇਤੇ ਲੀਡਰ ਬਣ ਗਏ ਤਾਂ ਉਸਦਾ ਕੀ ਸਿੱਟਾ ਨਿਕੱਲੇਗਾ ਇਸਦੀ ਵਜ਼ਾਹਤ ਸ਼ਾਇਦ ਜ਼ਰੂਰੀ ਨਹੀਂ। ਮੁੱਖ ਮੰਤਰੀ ਵੱਲੋਂ ਅਰੰਭਿਆ ਮੀਟਿੰਗਾਂ ਦਾ ਦੌਰ ਨਾ ਕੇਵਲ ਉਹਨਾਂ ਲਈ ਜ਼ਰੂਰੀ ਹੈ ਬਲਕਿ ਇਹ ਉਹਨਾਂ ਬਾਰੇ ਪੈਦਾ ਹੋਏ ਗ਼ਲਤ ਪ੍ਰਭਾਵ ਨੂੰ ਵੀ ਦੂਰ ਕਰੇਗਾ। ਕੈਪਟਨ ਸਿੰਘ ਜੋ ਸੱਭ ਦੀ ਪਹੁੰਚ ਤੋਂ ਦੂਰ ਸਨ ਹੁਣ ਉਹਨਾਂ ਅਤੇ ਮਿਲਣ ਵਾਲਿਆਂ ਵਿਚਕਾਰ ਕੇਵਲ ਇਕ ‘‘ਦਸਤਕ’’ ਜਿੰਨਾਂ ਫਾਸਲਾ ਹੈ। ਬਹਾਨਾਂ ਕੋਈ ਵੀ ਹੋਵੇ, ਜੇਕਰ ਉਸ ਨਾਲ ਸੁਧਾਰ ਦੇ ਹਾਲਾਤ ਪੈਦਾ ਹੁੰਦੇ ਹਨ ਤਾਂ ਉਹ ਬਹਾਨਾਂ ਕਿਸੇ ਵਰਦਾਨ ਤੋਂ ਘੱਟ ਨਹੀਂ। ਨਵਜੋਤ ਸਿੱਧੂ ਦੀ ਆਮਦ ਦੇ ਬਾਦ ਕੈਪਟਨ ਸਿੰਘ ਅੰਦਰ ਪੈਦਾ ਹੋਈ ਚੇਤਨਾ ਨਾ ਕੇਵਲ ਦੋਨਾਂ ਨੂੰ ਕਿਸੇ ਸਟੇਜ ’ਤੇ ਦਿਲੋਂ ਬਗਲਗੀਰ ਹੋਣ ਲਈ ਮਜਬੂਰ ਕਰੇਗੀ ਬਲਕਿ ਪੰਜਾਬ ਵਿੱਚ ਕਾਂਗਰਸ ਲਈ ਨਵੀਆਂ ਸੰਭਾਵਨਾਵਾਂ ਨੂੰ ਵੀ ਜਨਮ ਦੇਵੇਗੀ।