ਰਜਿ: ਨੰ: PB/JL-124/2018-20
RNI Regd No. 23/1979

ਆਪਣੀ ਮੈਂ ਵਿੱਚ ਉਲਝਿਆ ਫਿਰੇ ਬੰਦਾ

BY admin / August 04, 2021
ਅਜੋਕਾ ਹੰਕਾਰਿਆ ਹੋਇਆ ਮਨੁੱਖ ਦੁਨੀਆਂ ਵਿੱਚ ਆ ਕੇ ਆਪਣੀ ਮੈਂ ਵਿੱਚ ਅਤੇ ਆਪਣੀਆਂ ਬਣਾਈਆਂ ਹੋਈਆਂ ਜਾਤਾਂ ਪਾਤਾਂ ਦੇ ਬੰਧਨਾਂ ਚ ਹੀ ਉਲਝਿਆ ਪਿਆ ਹੈ।ਜਦ ਕਿ ਗੁਰਬਾਣੀ ਦਾ ਸਪੱਸਟਵਾਦੀ ਵਿਖਿਆਨ ਹੈ ਕਿ“ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ“ਪਰ ਦੁਨੀਆਂ ਦੀਆਂ ਰੰਗ ਰੰਗੀਨੀਆਂ ਵਿੱਚ ਤੇ ਦੁਨਿਆਵੀ ਪਦਾਰਥਾਂ ਝਮੇਲਿਆਂ ਵਿਚ ਇਹ ਹੰਕਾਰੀ ਮਨੁੱਖ ਇਉਂ ਗਵਾਚ ਗਿਆ ਹੈ ਕਿ ਇਸ ਨੂੰ ਪਰਮ ਪਿਤਾ ਪਰਮਾਤਮਾ ਦਾ ਨਾਮ ਉਸ ਨੂੰ ਸਿਮਰਨਾ ਯਾਦ ਕਰਨਾ ਯਾਦ ਹੀ ਨਹੀਂ ਰਿਹਾ। ਓਹ ਵੱਖਰੀ ਗੱਲ ਹੈ ਕਿ ਇਸ ਰੰਗਲੀ ਦੁਨੀਆਂ ਵਿੱਚ ਓਸ ਅਕਾਲਪੁਰਖ ਨੇ ਭਾਂਤ ਭਾਂਤ ਦੇ ਇਨਸਾਨ ਭੇਜੇ ਹਨ, ਜਿਨ੍ਹਾਂ ਦਾ ਰੰਗ,ਸੁਭਾਅ,ਦਿਲੋ ਦਿਮਾਗ ਇੱਕ ਦੂਸਰੇ ਨਾਲ ਮੇਲ ਤੱਕ ਵੀ ਨਹੀਂ ਖਾਂਦਾ ਜੇਕਰ ਕੋਈ ਚੀਜ ਬਰਾਬਰ ਹੈ ਤਾਂ ਉਹ ਹੈ ਸਿਰਫ ਤੇ ਸਿਰਫ ਲਾਲ ਰੰਗ ਦਾ ਇੱਕੋ ਜਿਹਾ ਖੂਨ।ਜੋ ਕਿ ਹਰ ਇੱਕ ਇਨਸਾਨ ਜੀਵ ਜੰਤੂ ਪਸੂ ਪੰਛੀਆਂ ਦਾ ਵੀ ਇੱਕੋ ਜਿਹਾ ਭਾਵ ਲਾਲ ਹੀ ਹੈ।ਅਮੀਰੀ ਗਰੀਬੀ ਨੂੰ ਆਮ ਹੀ ਕਿਹਾ ਜਾਂਦਾ ਹੈ ਕਿ ਇਹ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਤੇ ਉਸ ਨਾਲ ਜੋੜ ਕੇ ਹੀ ਇਹ ਗੱਲ ਵੇਖੀ ਜਾਂਦੀ ਹੈ।ਕਿ ਜਿਨ੍ਹਾਂ ਇਨਸਾਨਾਂ ਨੇ ਪਹਿਲਾਂ ਚੰਗੇ ਕਰਮ ਕੀਤੇ ਹਨ ਓਨਾ ਨੂੰ ਵਾਹਿਗੁਰੂ ਅਕਾਲਪੁਰਖ ਨੇ ਇਸ ਜਨਮ ਵਿੱਚ ਰੰਗ ਭਾਗ ਲਾਏ ਹਨ, ਅਤੇ ਅਮੀਰੀ ਦੀ ਝਲਕ ਵਿੱਚ ਹਨ,ਇਜਤ ਮਾਣ ਸਤਿਕਾਰ ਨਾਲ ਜੰਿਦਗੀ ਜਿਉਂ ਰਹੇ ਹਨ,ਜਿਧਰ ਵੀ ਜਾਂਦੇ ਹਨ ਹੱਥੀਂ ਛਾਵਾਂ ਹੁੰਦੀਆਂ ਹਨ, ਘਰਾਂ ਵਿੱਚ ਛੱਤੀ ਕਿਸਮ ਦੇ ਪਕਵਾਨ ਬਣਦੇ ਹਨ,ਨੌਕਰ ਚਾਕਰ ਕੰਮ ਕਰਦੇ ਹਨ।ਹਰ ਸੁੱਖ ਸਹੂਲਤਾਂ ਘਰਾਂ ਵਿੱਚ ਮੌਜੂਦ ਹਨ।ਇਸ ਦੇ ਉਲਟ ਜਿਨ੍ਹਾਂ ਨੇ ਪਿਛਲੇ ਜਨਮ ਵਿੱਚ ਕੋਈ ਕਿਸੇ ਕਿਸਮ ਦੇ ਦਾਨ ਪੁੰਨ ਨਹੀਂ ਕੀਤੇ ਕਿਸੇ ਸਾਧੂ ਮਹਾਤਮਾ ਦਾ ਦਿਲ ਦੁਖਾਇਆ ਹੈ ਜਾਂ ਕਿਸੇ ਦਾ ਹੱਕ ਮਾਰਿਆ ਹੈ, ਓਨਾਂ ਨੂੰ ਵਾਹਿਗੁਰੂ ਨੇ ਮਾਨਸ ਦਾ ਚੋਲਾ ਤਾਂ ਜਰੂਰ ਦਿੱਤਾ ਹੈ ਪਰ ਨਾਲ ਹੀ ਅੰਤਾਂ ਦੀ ਗਰੀਬੀ ਦੀ ਝਲਕ ਦਿੱਤੀ ਹੋਈ ਹੈ ਤਾਂ ਕਿ ਓਹ ਇਸ ਉਮਰ ਵਿੱਚ ਆਪਣੀਆਂ ਪਿਛਲੀਆਂ ਕੀਤੀਆਂ ਗਲਤੀਆਂ ਦਾ ਖਮਿਆਜਾ ਭੁਗਤਣ। ਤੇ ਇਸ ਮਾਨਸ ਦੇ ਚੋਲੇ ਵਿੱਚ ਹੁੰਦਿਆਂ ਵਾਹਿਗੁਰੂ ਵੱਲੋਂ ਆਪਣੀ ਕੀਤੀ ਭੁੱਲ ਬਖਸਾਉਣ। ਇਸ ਤੋਂ ਬਾਅਦ ਤੀਸਰੀ ਸ੍ਰੇਣੀ ਦੇ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਘਰ ਘਰ ਤੋਂ ਮੰਗ ਕੇ ਗੁਜਾਰਾ ਕਰਨਾ ਪੈਂਦਾ ਹੈ। ਕਈ ਵਾਰ ਕਈ ਕਈ ਦਿਨ ਫਾਕੇ ਕੱਟਣ ਲਈ ਵੀ ਮਜਬੂਰ ਹੋਣਾਂ ਪੈਂਦਾ ਹੈ। ਜੇਕਰ ਇਸ ਗੱਲਾਂ ਨੂੰ ਘੋਖਿਆ ਤੇ ਵਾਚਿਆ ਜਾਵੇ ਤਾਂ ਇਹ ਸਭ ਪਿਛਲੇ ਕਰਮਾਂ ਦੇ ਲੇਖੇ ਜੋਖੇ ਦੇ ਹਿਸਾਬ ਦੀਆਂ ਗੱਲਾਂ ਮਿਥਿਹਾਸਕ ਜਾਪਦੀਆਂ ਹਨ। ਕਿਉਂਕਿ ਕਿਸੇ ਮਨੁੱਖ ਨੇ ਵੀ ਹਾਲੇ ਤੱਕ ਆਪਣੇ ਪਿਛਲੇ ਜਨਮ ਦੀ ਵਿਆਖਿਆ ਨਹੀਂ ਕੀਤੀ ਹੈ।ਓਹ ਵੱਖਰੀ ਗੱਲ ਹੈ ਕਿ ਅਜੋਕੇ ਅਗਾਂਹਵਧੂ ਸਮਿਆਂ ਵਿੱਚ ਬਹੁਤ ਅਖਬਾਰਾਂ ਵਿੱਚ ਵੀ ਇਹੋ ਜਿਹੀਆਂ ਗੱਲਾਂ ਛਪਦੀਆਂ ਰਹਿੰਦੀਆਂ ਹਨ ਕਿ ਫਲਾਣੇ ਪਿੰਡ ਦੇ ਇੱਕ ਵਿਅਕਤੀ ਨੇ ਆਪਣੇ ਪਿਛੋਕੜ ਦੀ ਗੱਲ ਬਾਤ ਕੀਤੀ ਹੈ ਤੇ ਬਿਰਤਾਂਤ ਦੱਸ ਰਿਹਾ ਹੈ। ਕਈ ਥਾਈਂ ਤਾਂ ਓਨਾਂ ਰੂਹਾਂ ਨੂੰ ਵੇਖਣ ਲਈ ਤਾਂਤਾ ਵੀ ਲੱਗ ਜਾਂਦਾ ਹੈ।ਪਰ ਇਨ੍ਹਾਂ ਵਿਚ ਕਿੰਨੀ ਕੁ ਸਚਾਈ ਹੈ ਇਹ ਸਭ ਆਪਾਂ ਨੂੰ ਪਤਾ ਹੈ ਤੇ ਤਰਕਸੀਲ ਵਾਲਿਆਂ ਨੇ ਵੀ ਕਦੇ ਇਨ੍ਹਾਂ ਗੱਲਾਂ ਦੀ ਪ੍ਰੋੜਤਾ ਨਹੀਂ ਕੀਤੀ ਸਗੋਂ ਸਿਰੇ ਤੋਂ ਨਕਾਰਿਆ ਹੈ। ਭਾਵੇਂ ਦੁਨੀਆਂ ਵਿੱਚ ਜੋ ਵੀ ਇਨਸਾਨ ਪੈਦਾ ਹੋਇਆ ਹੈ ਕੋਈ ਰਾਜਾ ਮਹਾਰਾਜਾ ਕੋਈ ਬਹੁਤ ਜਅਿਾਦਾ ਅਮੀਰ ਕੋਈ ਬਹੁਤ ਜਅਿਾਦਾ ਗਰੀਬ ਕੋਈ ਜਅਿਾਦਾ ਜਮੀਨ ਜਾਇਦਾਦ ਵਾਲਾ ਕੋਈ ਸਾਧੂ ਸੰਤ ਮਹਾਂਪੁਰਸ ਕੋਈ ਗਰੀਬ ਦਿਹਾੜੀ ਕਰਕੇ ਖਾਣ ਵਾਲਾ ਬੇਸਹਾਰਾ ਲਾਚਾਰ ਬੀਮਾਰੀ ਦਾ ਮਾਰਿਆ ਹੋਇਆ। ਇਨ੍ਹਾਂ ਉਪਰੋਕਤ ਸਾਰੇ ਹੀ ਇਨਸਾਨਾਂ ਵਿੱਚ ਹੋਰ ਭਾਵੇਂ ਕੋਈ ਸਮਾਨਤਾ ਹੋਵੇ ਚਾਹੇ ਨਾ ਹੋਵੇ ਪਰ ਇੱਕ ਸਮਾਨਤਾ ਜਰੂਰ ਹੈ ਜੋ ਕਿ ਸਭਨਾਂ ਨੂੰ ਸਵੀਕਾਰ ਵੀ ਕਰਨੀ ਬਣਦੀ ਹੈ ਕਿ ਸਭਨਾਂ ਦਾ ਖੂਨ ਲਾਲ ਹੀ ਹੈ, ਅਤੇ ਸਭਨਾਂ ਨੇ ਹੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਭਾਵ ਵਾਹਿਗੁਰੂ ਵੱਲੋਂ ਦਿੱਤੀ ਸਵਾਸਾਂ ਦੀ ਪੂੰਜੀ ਖਤਮ ਕਰਕੇ ਜਦੋਂ ਵੀ ਇਸ ਕੂੜੇ ਸੰਸਾਰ ਤੋਂ ਕੂਚ ਕਰਨਾ ਹੈ ਤਾਂ ਸਿਰਫ ਤੇ ਸਿਰਫ ਲੱਕੜਾਂ ਵਿੱਚ ਹੀ ਜਲਾਇਆ ਜਾਣਾ ਹੈ ਤੇ ਸਭਨਾਂ ਨੂੰ ਹੀ ਸਮਸਾਨ ਘਾਟ ਲਿਜਾਇਆ ਜਾਣਾ ਹੈ।ਸਮ ਦਾ ਮਤਲਬ ਬਰਾਬਰ, ਸਾਨ ਦਾ ਮਤਲਬ ਇਜਤ ਮਾਣ ਸਤਿਕਾਰ।ਇਸ ਤੋਂ ਬਿਲਕੁਲ ਸਪੱਸਟ ਜਾਹਿਰ ਹੈ ਕਿ ਮਰਨ ਤੋਂ ਬਾਅਦ ਸਭਨਾਂ ਨੂੰ ਇੱਕੋ ਥਾਂ ਤੇ ਪਚਾਇਆ ਜਾਂਦਾ ਹੈ ਤੇ ਸਭਨਾਂ ਨੂੰ ਹੀ ਸਿਰਫ ਤੇ ਸਿਰਫ ਸਾਢੇ ਤਿੰਨ ਹੱਥ ਹੀ ਧਰਤੀ ਨਸੀਬ ਹੋਣੀ ਹੈ।ਇਸ ਦਾ ਮਤਲਬ ਕਿ ਇਥੇ ਆ ਕੇ ਕੋਈ ਅਮੀਰ ਕੋਈ ਗਰੀਬ ਕੋਈ ਮੰਗਤਾ ਸਾਧੂ ਸੰਤ ਮਹਾਂਪੁਰਸ ਸਭ ਬਰਾਬਰ ਹੁੰਦੇ ਹਨ। ਸੋ ਕਦੇ ਵੀ ਇਨਸਾਨ ਨੂੰ ਆਪਣੇ ਵੱਡੇ ਪਣ ਦੇ ਹੰਕਾਰ ਹਊਮੇ ਵਿੱਚ ਨਹੀਂ ਆਉਣਾ ਚਾਹੀਦਾ ਸਗੋਂ ਓਸ ਅਕਾਲਪੁਰਖ ਦਾ ਹਮੇਸਾ ਸੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ।ਇਸ ਸਵਾਸਾਂ ਰੂਪੀ ਪੂੰਜੀ ਨੂੰ ਓਸ ਅਕਾਲਪੁਰਖ ਦੇ ਸਮਰਪਣ ਕਰਦਿਆਂ ਹਮੇਸ ਉਸ ਦੀ ਯਾਦ ਦਿਲ ਵਿੱਚ ਵਸਾ ਕੇ ਰੱਖਣੀ ਚਾਹੀਦੀ ਹੈ।ਸਦਾ ਉਸਦਾ ਧੰਨਵਾਦ ਕਰਕੇ ਨਿਮਰਤਾ ਸਹਿਤ ਜੀਵਨ ਬਸਰ ਕਰਦਿਆਂ ਕਿਸੇ ਗਰਜਵੰਦ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਇਹ ਜੀਵਨ ਸਫਲ ਹੋ ਜਾਵੇ। ਆਪਣੀ ਜੰਿਦਗੀ ਵਿੱਚ ਹਰ ਇੱਕ ਇਨਸਾਨ ਨੂੰ ਇਹੋ ਜਿਹੇ ਚੰਗੇ ਕਾਰਜ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਜਾਣ ਵਾਲੇ ਇਨਸਾਨ ਨੂੰ ਲੰਬੇ ਸਮੇਂ ਤੱਕ ਯਾਦ ਕੀਤਾ ਜਾਂਦਾ ਰਹੇ।
 
ਜਸਵੀਰ ਸ਼ਰਮਾ ਦੱਦਾਹੂਰ
95691 49556