ਰਜਿ: ਨੰ: PB/JL-124/2018-20
RNI Regd No. 23/1979

ਪੰਜਾਬੀ ਸੱਭਿਆਚਾਰ ਅਤੇ ਬਨਸਪਤੀ

BY admin / August 04, 2021
ਬਨਸਪਤੀ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ।ਪੰਜਾਬੀ ਬੱਚੇ ਦੇ ਜਨਮ ਤੋਂ ਹੀ ਇਸਦੀ ਬਨਸਪਤੀ ਨਾਲ ਸਾਂਝ ਸੁਰੂ ਹੋ ਜਾਂਦੀ ਹੈ।ਜਨਮ ਸਮੇਂ ਨਿੰਮ ਜਾਂ ਸਰੀਂਹ ਦਾ ਬੂਹੇ ਅੱਗੇ ਬੱਝਣਾ ਇਸਦਾ ਪ੍ਰਮਾਣ ਹੈ।ਅੰਤ ਸਮੇਂ ਲੱਕੜੀਆਂ ਨਾਲ ਹੀ ਦਾਹ ਸੰਸਕਾਰ ਕੀਤਾ ਜਾਂਦਾ ਹੈ।ਸੋ ਸਾਰੀ ਜਿੰਦਗੀ ਦੀ ਕਹਾਣੀ ਬਨਸਪਤੀ ਦੇ ਆਸ ਪਾਸ ਹੀ ਘੁੰਮਦੀ ਹੈ।ਰੁੱਖਾਂ ਨਾਲ ਸਾਡੀ ਸਾਂਝ ਉਦੋਂ ਤੋਂ ਹੈ ਜਦੋਂ ਤੋਂ ਇਹ ਸਿ੍ਰਸਟੀ ਹੋਂਦ ਵਿੱਚ ਆਈ ਹੈ।ਪੰਜਾਬੀ ਲੋਕਗੀਤਾਂ ,ਬੋਲੀਆਂ,ਦਰਸਨ,ਧਰਮ ਆਦਿ ਹਰ ਤਰ੍ਹਾਂ ਦੇ ਸਾਹਿਤ ਵਿੱਚ ਬਨਸਪਤੀ ਦਾ ਖੂਬ ਜਕਿਰ ਮਿਲਦਾ ਹੈ।ਪੰਜਾਬੀ ਲੋਕ ਸਾਹਿਤ ਵਿੱਚ ਸਾਨੂੰ ਪਿੱਪਲ ਤੇ ਬੋਹੜ,ਅੰਬ,ਬੇਰੀਆਂ ਤੇ ਕਿੱਕਰਾਂ, ਤੂਤ,ਟਾਹਲੀਆਂ , ਵਣ ਕਰੀਰ, ਜੰਡ,ਨਿੰਮ ਤੇ ਫਲਾਹੀ,ਇਮਲੀ ਤੇ ਨਿੰਬੂ ਬਾਰੇ ਲਿਖਿਆ ਮਿਲਦਾ ਹੈ।ਪੰਜਾਬੀ ਸੱਭਿਆਚਾਰ ਵਿੱਚ ਏਕੇ ਤੇ ਇਕੱਠ ਦਾ ਬਹੁਤ ਮਹੱਤਵ ਹੈ।ਰੋਹੀ ਵਿੱਚ ਇਕੱਲਾ ਖੜ੍ਹਾ ਰੁੱਖ ਤੇ ਜੱਟ ਦਾ ਪੁੱਤ ਦੋਵੇਂ ਹੀ ਨਿਰਾਸਤਾ ਪੈਦਾ ਕਰਦੇ ਹਨ।
ਕੱਲੀ ਹੋਵੇ ਨਾ ਵਣਾ ਦੇ ਵਿੱਚ ਲੱਕੜੀ,
ਕੱਲਾ ਨਾ ਹੋਵੇ ਪੁੱਤ ਜੱਟ ਦਾ।
ਇਸ ਤਰ੍ਹਾਂ ਦਰੱਖਤ ਨੂੰ ਵੀ ਮਨੁੱਖ ਦੇ ਬਰਾਬਰ ਹੀ ਹਮਦਰਦੀ ਦਿੱਤੀ ਗਈ ਹੈ।ਧਰੇਕਾਂ ਤੇ ਧੀਆਂ ਨੂੰ ਬਰਾਬਰ ਦਾ ਰੁਤਬਾ ਹਾਸਲ ਹੈ।
ਧੀਆਂ ਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ।
ਪੁਰਾਣੇ ਸਮਿਆਂ ਵਿੱਚ ਜਦੋਂ ਬਰਾਤ ਢੁਕਦੀ ਸੀ ਤਾਂ ਸਭ ਤੋਂ ਪਹਿਲਾਂ ਲਾੜੇ ਕੋਲੋਂ ਜੰਡੀ ਵਢਾਈ ਜਾਂਦੀ । ਲਾੜੇ ਦੀਆਂ ਭੈਣਾਂ ਇਹ ਗੀਤ ਗਾਕੇ ਬਰਾਤ ਤੋਰਦੀਆਂ:
ਵੀਰਾ ਜੇ ਤੂੰ ਵੱਢੀ ਜੰਡੀ,
ਤੇਰੀ ਮਾਂ ਨੇ ਸੱਕਰ ਵੰਡੀ।
ਸੱਸ ਨੂੰ ਕੁੱਟਣ ਲਈ ਨਿੰਮ ਦਾ ਘੋਟਣਾ, ਕਾਲੀ ਟਾਹਲੀ ਦਾ ਚਰਖਾ, ਨਿੰਮ ਦਾ ਸੰਦੂਕ, ਚੰਦਨ ਦੀ ਚੌਂਕੀ ਆਦਿ ਵਸਤੂਆਂ ਤੋਂ ਬਨਸਪਤੀ ਦੀ ਅਹਿਮੀਅਤ ਬਾਰੇ ਹੋਰ ਵੀ ਜਾਣਕਾਰੀ ਮਿਲਦੀ ਹੈ । 
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ,
ਬਾਪੂ ਦੇ ਪਸੰਦ ਆ ਗਿਆ।
ਰਾਤ ਬਰਾਤੇ ਸੱਜ ਵਿਆਹੀ ਮਾਹੀ ਨੂੰ ਖੇਤ ਜਾਣ ਤੋਂ ਰੋਕਣ ਲਈ ਇਹ ਪੱਜ ਲਾਉਂਦੀ ਹੈ
ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਵੀਂ ਖੇਤ ਨੂੰ।
ਪੰਜਾਬ ਦੇ ਇਲਾਕੇ ਮਾਲਵਾ ਵਿੱਚ ਕਿੱਕਰ ਦਾ ਰੁੱਖ ਜਿਆਦਾ ਪ੍ਰਧਾਨ ਰਿਹਾ ਹੋਣ ਕਰਕੇ ਇਥੇ ਇਹ ਤੁਕਾਂਤ ਬਹੁਤ ਮਸਹੂਰ ਰਹੀ ਹੈ:
ਚਲ ਮਾਲਵੇ ਦੇਸ ਨੂੰ ਚਲੀਏ,
ਜਿੱਥੇ ਕਿੱਕਰਾਂ ਨੂੰ ਅੰਬ ਲਗਦੇ।
ਬੇਰੀਆਂ ਦੇ ਦਰੱਖਤਾਂ ਦਾ ਜਿਕਰ ਸਿਰਫ ਦਰਖਤ ਕਰਕੇ ਨਹੀਂ ਇਸਦੇ ਬੇਰਾਂ ਕਰਕੇ ਜਿਆਦਾ ਹੁੰਦਾ ਹੈ।
ਮੈਂ ਬੇਰੀਆਂ ਤੋਂ ਬੇਰ ਲਿਆਇਆ ,ਨੀ ਭਾਬੀ ਤੇਰੇ ਰੰਗ ਵਰਗਾ।
ਦਸ ਕਿਹੜੇ ਬਹਾਨੇ ਆਵਾਂ, 
ਬੇਰੀਆਂ ਦੇ ਬੇਰ ਮੁਕ ਗਏ।
ਕਰੀਰ ਦੇ ਬੂਟੇ ਦਾ ਜਿਕਰ ਵੀ ਲੋਕਧਾਰਾ ਵਿੱਚ ਆਮ ਮਿਲਦਾ ਹੈ।
ਕਰੀਰ ਦਾ ਵੇਲਣਾ ਮੈ ਵੇਲ ਵੇਲ ਥੱਕੀ।
ਦੂਰੋਂ ਤਾਂ ਲਾਹੌਰੋਂ ਚੱਕੀ ਲਿਆਂਦੀ,
ਵਣੋ ਕਰੀਰੋ ਹੱਥੜਾ।
ਕੱਲ ਮੁਕੱਲੀ ਤੋੜਾਂ ਮੈ ਕਰੀਰਾਂ ਨਾਲੋਂ ਡੇਲੇ,
ਵੇ ਖੜ੍ਹਾ ਰਹਿ ਜਾਲਮਾ,
ਸਬੱਬੀਂ ਹੋ ਗਏ ਮੇਲੇ।
ਤੂਤ ਨਾ ਸਿਰਫ ਆਪਣੀ ਠੰਡੀ ਛਾਂ ਤੇ ਮਿੱਠੀਆਂ ਤੂਤੀਆਂ ਕਰਕੇ ਬਲਕਿ ਇਸਦੀਆਂ ਟਾਹਣੀਆਂ ਤੋਂ ਟੋਕਰੇ,ਟੋਕਰੀਆਂ,ਛਿੱਕੂ , ਛਾਬੇ ਆਦਿ ਲੋੜੀਂਦੀਆਂ ਵਸਤਾਂ ਬਣਦੀਆਂ ਸਨ। ਤੂਤ ਆਪਣੀ ਮਜਬੂਤੀ ਲਈ ਵੀ ਜਾਣਿਆ ਜਾਂਦਾ ਹੈ
ਯਾਰੀ ਜੱਟ ਦੀ ਤੂਤ ਦਾ ਮੋਛਾ,
ਕਦੇ ਨਾ ਵਿਚਾਲਿਓਂ ਟੁੱਟਦੀ।
ਇਸ ਤੋਂ ਇਲਾਵਾ ਬੋਹੜ ਤੇ ਪਿੱਪਲਾਂ ਦੀ ਪੰਜਾਬੀ ਜਨ ਜੀਵਨ ਵਿੱਚ ਬਹੁਤ ਖਾਸ ਜਗ੍ਹਾ ਹੈ।ਹਿੰਦੂ ਧਰਮ ਵਿੱਚ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ।ਬਾਬਾ ਬੋਹੜ ਸਬਦ ਕਿਸੇ ਲਈ ਬਹੁਤ ਉੱਚਾ ਰੁਤਬਾ ਮੰਨਿਆ ਜਾਂਦਾ ਹੈ।ਪਿੱਪਲ ਦੇ ਪੱਤੇ ਨੂੰ ਕਹੀ ਗਈ ਇਹ ਗੱਲ ਜਿੰਦਗੀ ਦੀ ਇੱਕ ਤਲਖ ਹਕੀਕਤ ਹੈ:
ਪਿੱਪਲ ਦਿਆ ਪੱਤਿਆ ਕਿਉਂ ਖੜ ਖੜ ਲਾਈ ਆ,
ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ।
ਇਸਤੋਂ ਇਲਾਵਾ ਫਲਾਂ ਦੇ ਰਾਜੇ ਅੰਬ ਦੇ ਦਰੱਖਤ ਦਾ ਵੀ ਸਾਡੇ ਵਿਰਸੇ ਦੇ ਗੀਤਾਂ ਵਿੱਚ ਬਹੁਤ ਜਿਕਰ ਹੈ:
ਨੀ ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ ਦੋਆਬਾ।
ਅੰਬਾਂ ਤੇ ਤੂਤਾਂ ਦੀ ਠੰਡੀ ਠੰਡੀ ਛਾਂ,
ਕੋਈ ਪਰਦੇਸੀ ਜੋਗੀ ਆਣ ਲੱਥੇ।
ਦਰੱਖਤਾਂ ਦੀ ਤਿ੍ਰਵੈਣੀ ਲਗਾਉਣਾ ਬਹੁਤ ਪੁੰਨ ਵਾਲਾ ਕੰਮ ਮੰਨਿਆ ਜਾਂਦਾ ਸੀ।ਪੁਰਾਣੇ ਲੋਕ ਬੋਹੜ ਦੇ ਦਰੱਖਤ ਦਾ ਵਿਆਹ ਵੀ ਰਚਾਉਂਦੇ ਸਨ ਤੇ ਫਿਰ ਜੱਗ ਕਰਕੇ ਗਰੀਬ ਗੁਰਬੇ ਦਾ ਢਿੱਡ ਭਰਦੇ ਸਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਸੱਭਿਆਚਾਰ ਕਿਸ ਤਰ੍ਹਾਂ ਬਨਸਪਤੀ ਦੇ ਅੰਗ ਸੰਗ ਵਿਚਰਦਾ ਹੈ । ਪੁਰਾਣੀਆਂ ਸਭਿਅਤਾਵਾਂ ਦੀ ਖੁਦਾਈ ਵਿੱਚੋ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਉਸ ਸਮੇਂ ਲੋਕ ਦਰਖਤਾਂ ਦੀ ਪੂਜਾ ਕਰਦੇ ਸਨ।ਅੱਜ ਦੇ ਸਮੇਂ ਵਿੱਚ ਦਰੱਖਤਾਂ ਦਾ ਜਿਆਦਾ ਤੋਂ ਜਿਆਦਾ ਲਗਾਉਣਾ ਤੇ ਬਚਾਉਣਾ ਬੇਹੱਦ ਅਹਿਮ ਕੰਮ ਹੈ। ਸਾਵਣ ਮਹੀਨੇ ਵਿੱਚ ਦਰਖਤ ਲੱਗਣੇ ਬਹੁਤ ਜਰੂਰੀ ਹਨ ।ਕਿਉਕਿ ਇਸ ਮਹੀਨੇ ਵਿੱਚ ਦਰਖਤ ਸੁੱਕਦੇ ਨਹੀਂ ਹਨ।ਹਵਾ ਵਿੱਚ ਨਮੀ ਰਹਿਣ ਕਰਕੇ ਪੌਦੇ ਜਲਦੀ ਵਧਦੇ ਹਨ। ਸੋ ਆਓ ਪੰਜਾਬ ਦੀ ਵਿਰਾਸਤ ਬਚਾਈਏ ਤੇ ਵਿਰਾਸਤੀ ਦਰੱਖਤਾਂ ਨੂੰ ਵੱਧ ਤੋਂ ਵੱਧ ਲਗਾ ਕੇ ਆਕਸੀਜਨ ਤੇ ਸੱਭਿਆਚਾਰ ਦੋਨਾਂ ਪੱਖੋ ਪੰਜਾਬ ਦੀ ਧਰਤੀ ਨੂੰ ਅਮੀਰ ਕਰੀਏ।
 
ਰਾਜਨਦੀਪ ਕੌਰ ਮਾਨ
6239326166