ਰਜਿ: ਨੰ: PB/JL-124/2018-20
RNI Regd No. 23/1979

ਵੱਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਚਾਰੇ ਪਾਸੇ ਮੱਚੀ ਹਾਹਾਕਾਰ

BY admin / August 05, 2021
ਸੰਸਦ ਦੇ ਮਾਨਸੂਨ  ਇਜਲਾਸ ਦੇ  ਦੌਰਾਨ ਭਾਰਤ ਸਰਕਾਰ ਨੇ ਮੰਨਿਆ ਹੈ ਕਿ ਸਾਲ 2019-20 ਵਿਚ ਬੇਰੁਜ਼ਗਾਰੀ ਦੀ ਦਰ 4.8 ਫੀਸਦੀ ਸੀ। ਇਸ ਸਮੇਂ ਇਹ 7.14 ਫੀਸਦੀ ਤੱਕ ਵਧ ਚੁੱਕੀ ਹੈ। ਕਰੋੜਾਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿਚ ਹਨ. ਪਰ ਨੌਕਰੀਆਂ ਦੀਆਂ ਸੰਭਾਵਨਾਵਾਂ ਖਤਮ ਹੋ ਰਹੀਆਂ ਹਨ।ਕੇਂਦਰ ਸਰਕਾਰ ਦੇ ਵੱਖੋ-ਵੱਖਰੇ ਸਰਕਾਰੀ ਵਿਭਾਗਾਂ ਵਿਚ 1 ਮਾਰਚ 2020 ਨੂੰ ਲਗਭਗ 8.72 ਲੱਖ ਅਸਾਮੀਆਂ ਖਾਲੀ ਸਨ। ਜੋ ਅੰਕੜੇ ਸਾਹਮਣੇ ਆਏ ਹਨ ਉਹਨਾਂ ਮੁਤਾਬਿਕ  ਸ਼ਹਿਰਾਂ ਵਿਚ ਬੇਰੁਜ਼ਗਾਰੀ ਦੀ ਦਰ ਪਿੰਡਾਂ ਨਾਲੋਂ ਜ਼ਿਆਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸ਼ਹਿਰਾਂ ਅੰਦਰ ਬੇਰੁਜ਼ਗਾਰੀ ਦੀ ਦਰ 8 ਫੀਸਦੀ ਦੇ ਨੇੜੇ ਹੈ ਅਤੇ ਪਿੰਡਾਂ ਵਿਚ 6.75 ਫੀਸਦੀ ਦੇ। ਕੋਵਿਡ-19 ਦੇ ਦੌਰ ਨੇ ਬੇਰੁਜ਼ਗਾਰੀ ਵਿਚ ਵਾਧਾ ਕੀਤਾ ਹੈ ਕਿਉਂਕਿ ਇਸ ਦੌਰਾਨ ਤਾਲਾਬੰਦੀਆਂ ਕਰਕੇ ਕਾਰੋਬਾਰ ਵੱਡੀ ਪੱਧਰ ‘ਤੇ ਬੰਦ ਹੋਏ ਹਨ ਅਤੇ ਗੈਰ-ਰਸਮੀ ਖੇਤਰ ਦੇ ਰੁਜ਼ਗਾਰ ਉੱਤੇ ਭਾਰੀ ਅਸਰ ਪਿਆ ਹੈ।ਵਿੱਤੀ ਸਾਲ 2017-18 ਦੌਰਾਨ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਨਾਲੋਂ ਸਭ ਤੋਂ ਵੱਧ ਸੀ। ਵਿੱਤੀ ਮਾਹਿਰਾਂ ਅਨੁਸਾਰ ਨੋਟਬੰਦੀ ਦਾ ਅਸਰ ਅਜੇ ਤੱਕ ਨਹੀਂ ਗਿਆ। ਸਮੁੱਚੇ ਵਿੱਤੀ ਲੈਣ ਦੇਣ ਨੂੰ ਡਿਜੀਟਲ ਕਰ ਦੇਣ ਦਾ ਪ੍ਰਚਾਰ ਕੀਤਾ ਗਿਆ ਸੀ ਪਰ ਭਾਰਤ ਵਰਗੇ ਦੇਸ਼ ਵਿਚ ਇਹ ਸੰਭਵ ਨਹੀਂ ਹੈ। ਨੋਟਬੰਦੀ ਨੇ ਗ਼ੈਰਰਸਮੀ ਖੇਤਰ ਦੇ ਕਾਰੋਬਾਰ ‘ਤੇ ਡੂੰਘਾ ਅਸਰ ਪਾਇਆ ਤੇ ਉਹ ਕਾਰੋਬਾਰ ਇਸ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ। ਬੇਰੁਜ਼ਗਾਰੀ ਦੀ ਸਮੱਸਿਆ ਦੀ ਪੱਧਰ ਦਾ ਅੰਦਾਜ਼ਾ ਸਿਆਸੀ ਆਗੂਆਂ ਦੇ ਵਾਅਦਿਆਂ ਤੇ ਦਾਅਵਿਆਂ ਤੋਂ ਲਗਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀ ਪੈਦਾ ਕਰਨ ਦੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ।ਇਕ ਪਾਸੇ ਬੇਰੁਜ਼ਗਾਰੀ ਤੇ ਦੂਜੇ ਪਾਸੇ ਦੇਸ਼ ‘ਚ ਮਹਿੰਗਾਈ ਦਾ ਚੱਕਰ ਇਕ ਵਾਰ ਫਿਰ ਘੁੰਮ ਗਿਆ ਹੈ। ਮਹਿੰਗਾਈ ਦੀ ਇਹ ਦਰ ਥੋਕ ਤੇ ਪ੍ਰਚੂਨ ਦੋਵਾਂ ਪੱਧਰਾਂ ਉਤੇ ਵਧੀ ਹੈ। ਉਦਯੋਗਿਕ ਖੇਤਰ ‘ਚ ਖੁਦਰਾ ਮਹਿੰਗਾਈ ਦੀ ਇਹ ਦਰ 5.57 ਫੀਸਦੀ ਦਰਜ ਕੀਤੀ ਗਈ ਹੈ, ਜੋ ਕਿ ਹਾਲ ਦੇ ਸਮੇਂ ‘ਚ ਸਭ ਤੋਂ ਵੱਧ ਵਾਧਾ ਦਰ ਹੈ। ਇਸੇ ਸਾਲ ਜੂਨ ਮਹੀਨੇ ‘ਚ ਇਹ ਦਰ 5.24 ਫੀਸਦੀ ਸੀ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਦਰ 5.06 ਫੀਸਦੀ ਸੀ। ਇਸ ਕਾਰਨ ਮਹਿੰਗਾਈ ਦਰ ‘ਤੇ ਵੀ ਦਬਾਅ ਪਿਆ ਹੈ, ਜਿਸ ਨਾਲ ਹੋਰ ਘਰੇਲੂ ਤੇ ਰਸੋਈ ਘਰ ‘ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਭਾਅ ‘ਤੇ ਵੀ ਦਬਾਅ ਮਹਿਸੂਸ ਕੀਤਾ ਗਿਆ। ਥੋਕ ‘ਚ ਮਹਿੰਗਾਈ ਦੀ ਦਰ ਵਧਣ ਨਾਲ ਪ੍ਰਚੂਨ ਪੱਧਰ ਉਤੇ ਚੌਲ, ਚੀਨੀ, ਚਾਹ ਅਤੇ ਕਈ ਪ੍ਰਕਾਰ ਦੀਆਂ ਦਾਲਾਂ ਦੀਆਂ ਕੀਮਤਾਂ ‘ਚ ਭਾਰੀ ਵਾਧਾ ਦੇਖਿਆ ਗਿਆ। ਫਲਾਂ ਤੇ ਸਬਜ਼ੀਆਂ ਦੇ ਭਾਅ ‘ਚ ਵੀ ਇਸੇ ਤਰ੍ਹਾਂ ਵਾਧਾ ਦਰਜ ਕੀਤਾ ਗਿਆ. ਡੀਜ਼ਲ ਤੇ ਪਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ .ਆਮ ਆਦਮੀ ਦੀ ਜਿੰਦਗੀ ਨਰਕ ਬਰਾਬਰ ਬਣਦੀ ਜਾ ਰਹੀ ਹੈ .ਪਰ ਜਦੋ ਚੋਣ ਮੈਨੀਫੈਸਟੋ ਤਿਆਰ ਹੁੰਦੇ ਹਨ ਤਾਂ ਇੰਝ ਲਗਦਾ ਹੈ ਕਿ ਦੇਸ਼ ਇਸ ਵਾਰੀ ਸਵਰਗ ਬਣ ਜਾਵੇਗਾ .ਕੋਈ ਵੀ ਪੜ੍ਹਿਆ ਲਿਖਿਆ ਵਰਗ ਬੇਰੁਜ਼ਗਾਰ ਨਹੀਂ ਰਹੇਗਾ ,ਸਾਰਿਆ ਨੂੰ ਸਰਕਾਰ ਰੁਜ਼ਗਾਰ ਮੁਹਇਆ ਕਰਵਾ ਦੇਵੇਗੀ .ਪਰ ਪੰਜ ਸਾਲ ਬੀਤਦੇ ਬੀਤਦੇ ਸਭ ਕੁੱਝ ਉਵੇਂ ਦਾ ਉਵੇਂ ਹੀ ਰਹਿ ਜਾਂਦਾ ਹੈ .ਕਿਸੇ ਦੇ ਪਲੇ ਕੁਝ ਵੀ ਨਹੀਂ ਪੈਂਦਾ .ਹੁਣ ਬੇਲਗਾਮ ਹੋਈ ਮਹਿੰਗਾਈ ਤੇ ਕਦੋ ਤੇ ਕੌਣ ਨੱਥ ਪਾਵੇਂਗਾ .ਕੋਈ ਸਮਾਂ ਆਵੇਗਾ ਜਦੋ ਕੋਈ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਪੈਦਾ ਹੋਵੇਗੀ .ਹੁਣ ਇਹ ਸੋਚਣ ਤੇ ਵਿਚਾਰ ਕਰਨ ਦੀ ਲੋੜ ਹੈ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ 
ਮਮਦੋਟ, ਫਿਰੋਜ਼ਪੁਰ
ਸੰਪਰਕ - 7589155501]