ਰਜਿ: ਨੰ: PB/JL-124/2018-20
RNI Regd No. 23/1979

ਇੱਕ ਮਹਾਨ ਅਤੇ ਅਲੌਕਿਕ ਸ਼ਖ਼ਸੀਅਤ: ਸ੍ਰੀ ਠਾਕੁਰ ਦਲੀਪ ਸਿੰਘ ਜੀ
 
BY admin / August 05, 2021
ਜਨਮ ਦਿਹਾੜੇ ’ਤੇ ਵਿਸ਼ੇਸ਼
ਪੰਥਕ ਏਕਤਾ ਦੇ ਬਾਨੀ, ਗਰੀਬਾਂ ਦੇ ਹਮਦਰਦ, ਨਿਮਰਤਾ ਦੇ ਪੁੰਜ, ਤਪ-ਤਿਆਗ ਦੀ ਮੂਰਤ ਅਤੇ ਸਮੁਚੇ ਸੰਸਾਰ ਵਿਚ ਖਾਲਸਾ ਰਾਜ ਦੀ ਸਥਾਪਨਾ ਕਰਨ ਦੀ ਵਿਆਪਕ ਸੋਚ ਦੇ ਇੱਛੁਕ ਵਰਤਮਾਨ ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ: ਨਾਮਧਾਰੀ ਪੰਥ ਦੇ ਮਹਾਨ ਗੁਰੂ ਸਤਿਗੁਰੂ ਰਾਮ ਸਿੰਘ ਜੀ ਦੇ ਵੰਸ਼ਜ ਹਨ। ਆਪ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਕੁਝ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਆਪ ਜੀ ਗੁਰਬਾਣੀ ਆਸ਼ੇ ਅਨੁਸਾਰ ਚਲਦੇ ਹੋਏ ਸਮੁੱਚੇ ਸਮਾਜ ਨੂੰ ਗੁਰੂ ਸਾਹਿਬਾਨਾਂ ਦੇ ਦਰਸ਼ਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਹੋ। ਆਪ ਜੀ ਦੁਆਰਾ ਸਮਾਜ ਅਤੇ ਪੰਥ ਦੇ ਭਲੇ ਲਈ ਅਨੇਕ ਕ੍ਰਾਂਤੀਕਾਰੀ ਪਰਿਵਰਤਨ ਕੀਤੇ ਜਾ ਰਹੇ ਹਨ ਤਾਂ ਕਿ ਲੋਕ ਪ੍ਰੰਪਰਾਵਾਦੀ ਅਤੇ ਰੂੜ੍ਹੀਵਾਦੀ ਸੋਚ ਨੂੰ ਛੱਡ ਕੇ ਨਵੀਆਂ ਲੀਹਾਂ ਤੇ ਤੁਰ ਸੱਕਣ। ਕਿਉਂਕਿ ਮਹਾਂਪੁਰਖਾਂ ਨੂੰ ਇੱਕ ਆਦਰਸ਼ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਕੁਝ ਨਵੀਆਂ ਲੀਹਾਂ ਤਾਂ ਪਾਉਣੀਆਂ ਹੀ ਪੈਂਦੀਆਂ ਹਨ; “ਲੀਹੇ ਲੀਹੇ ਗਾਡੀ ਚਲਦੇ ਲੀਹੇ ਚਲਦੇ ਪੁੱਤ, ਤਿੰਨੇ ਰਾਹ ਨਾ ਚਲਦੇ ਸਿੰਘ, ਸੂਰਮਾ, ਸਪੂਤ “।
ਆਪ ਜੀ ਦਾ ਜਨਮ 6 ਅਗਸਤ 1953 ਈ. ਨੂੰ ਮਹਾਰਾਜ ਬੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਮਹਾਰਾਜ ਬੀਰ ਸਿੰਘ ਜੀ ਦੇ ਵੱਡੇ ਸਪੁੱਤਰ ਅਤੇ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਭਤੀਜੇ ਹਨ।  ਮਹਾਰਾਜ ਬੀਰ ਸਿੰਘ ਜੀ ਨੇ ਛੋਟੀ ਉਮਰ ਵਿਚ ਹੀ ਆਪ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿਚ ਸੌਂਪ ਦਿੱਤਾ ਸੀ। ਆਪਣੇ ਦਾਦਾ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਗੁਰੂ ਪਿਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਵਿਚ ਸਹਿਜੇ ਹੀ ਆਪ ਜੀ ਨੇ ਸੰਪੂਰਨ ਗੁਰਬਾਣੀ ਦੇ ਨਾਲ- ਨਾਲ, ਭਾਰਤੀ ਦਰਸ਼ਨ ਸ਼ਾਸ਼ਤਰ,  ਸ਼ਾਸ਼ਤਰੀ ਸੰਗੀਤ ,ਫੋਟੋਗ੍ਰਾਫੀ ਦੀਆਂ ਬਰੀਕੀਆਂ ਅਤੇ ਹੋਰ ਵਿੱਦਿਆ ਵੀ ਸਿੱਖ ਲਈਆਂ। ਸਮਕਾਲੀਨ ਵਿਦਵਾਨਾਂ ਅਤੇ ਆਪ ਜੀ ਦੇ ਸਹਿਪਾਠੀਆਂ ਤੋਂ ਪਤਾ ਲਗਦਾ ਹੈ ਕਿ ਆਪ ਜੀ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਅਤੇ ਗੁਣਾਂ ਦੇ ਧਨੀ ਰਹੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਆਗਿਆ ਅਨੁਸਾਰ ਵਰਤਮਾਨ ਸਮੇਂ ਆਪ ਜੀ ਨਾਮਧਾਰੀ ਪੰਥ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੇ ਹਨ। ਆਪ ਜੀ ਜਿੱਥੇ ਸਮਾਜ ਵਿਚ ਗਰੀਬ ਵਰਗ ਨੂੰ ਪ੍ਰੇਮ ਕਰਨ, ਉਹਨਾਂ ਨੂੰ ਵਿਦਿਆ ਦਾਨ ਦੇਣ, ਇਸਤਰੀ ਜਾਤੀ ਨੂੰ ਸਮਾਜ ਵਿਚ ਉੱਚ ਦਰਜਾ ਦੇਣ, ਆਪਣੇ ਭਾਰਤੀ ਸੰਸਕਾਰਾਂ ਨੂੰ ਅਪਣਾਉਂਦੇ ਹੋਏ ਉਹਨਾਂ ਉੱਤੇ ਸਵੈਮਾਨ ਕਰਨ ਦੀ ਪ੍ਰੇਰਣਾ ਦਿੰਦੇ ਹਨ, ਉੱਥੇ ਹੀ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਪਹੁੰਚਾਉਣ ਦੀ ਮਹਾਨ ਸੋਚ ਵੀ ਰੱਖਦੇ ਹਨ। ਆਪ ਗੁਰਬਾਣੀ ਦੇ ਪੂਰਨਿਆਂ ਤੇ ਚਲਦੇ ਹੋਏ, ਸਾਰੀ ਸੰਗਤ ਨੂੰ ਵੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਲਈ ਸੰਦੇਸ਼ ਦੇ ਰਹੇ ਹਨ। 
ਸ੍ਰੀ ਠਾਕੁਰ ਦਲੀਪ ਸਿੰਘ ਜੀ ਸਮੇਂ ਅਤੇ ਪਰਿਸਥਿਤੀਆਂ ਨੂੰ ਮੁੱਖ ਰਖਦੇ ਹੋਏ, ਸਮੁੱਚੇ ਸਿੱਖ ਪੰਥ ਨੂੰ ਆਪਣੀ ਸੰਕੀਰਣ ਸੋਚ ਬਦਲ ਕੇ ਗੁਰਬਾਣੀ ਅਨੁਸਾਰ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆ ਕੇ, ਇਕਜੁੱਟ ਹੋ ਕੇ ਆਪਣੇ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਪ੍ਰੇਰਣਾ ਦੇ ਰਹੇ ਹਨ। ਆਪਸੀ ਇਕਜੁੱਟਤਾ ਅਤੇ ਸਾਂਝੀਵਾਲਤਾ ਨੂੰ ਕਾਇਮ ਕਰਨ ਲਈ ਆਪ ਜੀ ਸਿੱਖਾਂ ਨੂੰ ਗੁਰਬਾਣੀ ਦੇ ਮਹਾਵਾਕਾਂ ਜਿਵੇਂ ,“ਹੋਇ ਇਕਤ੍ਰ ਮਿਲਹੁ ਮੇਰੇ ਭਾਈ “, “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ “ ਆਦਿ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਬੇਨਤੀ ਵੀ ਕਰ ਰਹੇ ਹਨ। ਇਸ ਸ਼ੁਭ ਕੰਮ ਨੂੰ ਨੇਪਰੇ ਚਾੜਣ ਲਈ, ਜਿੱਥੇ ਆਪ ਜੀ ਹੱਥ ਜੋੜ ਕੇ ਨਿਮਰਤਾ ਸਹਿਤ ਸਾਰਿਆਂ ਅੱਗੇ ਬੇਨਤੀਆਂ ਕਰ ਰਹੇ ਹਨ, ਉੱਥੇ ਹੀ ਇਸ ਮਹਾਨ ਕਾਰਜ ਨੂੰ ਕਿਰਿਆਤਮਕ ਰੂਪ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ।
ਜਿਵੇਂ ਆਪ ਜੀ ਨੇ 21 ਅਪ੍ਰੈਲ 2014 ਈ. ਨੂੰ ਦਿੱਲੀ ਵਿਖੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਰਵਾਈ, ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇਕੱਠਿਆਂ ਕਰ ਪੰਥਕ ਏਕਤਾ ਦੀਆਂ ਮਹਾਨ ਵਿਚਾਰਾਂ ਹੋਈਆਂ। ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਪੰਥਕ ਏਕਤਾ ਸਮਾਗਮ ਕਰਵਾਏ, ਆਪਸੀ ਭਾਈਚਾਰੇ ਨੂੰ ਇਕੱਤਰ ਕਰਨ ਲਈ ਸ਼ਾਂਤਮਈ ਭੁੱਖ ਹੜਤਾਲਾਂ ਕੀਤੀਆਂ ਅਤੇ ਇਸ ਤੋਂ ਇਲਾਵਾ ਆਪ ਜੀ ਨੇ ਸਮੁੰਦਰੀ ਇਲਾਕਿਆਂ ਵਿਚ ਜਾ ਕੇ ਇਕਾਂਤਵਾਸ ਕਰ ਤੱਪ ਸਾਧਨਾ ਵੀ ਕੀਤੀ। ਆਪਸੀ ਵਿਰੋਧਤਾ ਛੱਡ ਕੇ ਸਭ  ਨੂੰ ਇਕੱਠਿਆਂ ਕਰਨ ਲਈ ਆਪ ਜੀ ਨੇ ਆਪਣੇ ਮਹਾਨ ਲੇਖਾਂ ਅਤੇ ਬਚਨਾਂ ਰਾਹੀਂ ਵੀ ਸਭ ਤੱਕ ਆਪਣਾ ਸੰਦੇਸ਼ ਪਹੁੰਚਾਇਆ ਹੈ। ਆਪ ਜੀ ਦੇ ਪ੍ਰਮੁੱਖ ਲੇਖਾਂ ਵਿਚੋਂ “ਨਾਨਕ ਸਾਇਰ ਏਵ ਕਹਿਤ ਹੈ“, “ਰਸ ਭਰੀ ਬਾਣੀ ਨਾਨਕ ਦੀ“ (ਗੁਰੂ ਨਾਨਕ ਬਾਣੀ ਵਿਚੋਂ ਛੰਦ ਅਤੇ ਰਸ ਵਿਆਖਿਆ), “ਗੁਰਬਾਣੀ ਦਰਸ਼ਨ“ ਅਤੇ ਪੰਥ ਅਤੇ ਸਮਾਜ ਦਾ ਮਾਰਗਦਰਸ਼ਨ ਕਰਨ ਲਈ ਅਨੇਕ ਪ੍ਰਕਾਰ ਦੇ ਸੱਚੇ ਵਿਚਾਰਾਂ ਦਾ ਸੰਗ੍ਰਹਿ ਆਪ ਜੀ ਦੀ ਮਹਾਨ ਵਿਦਵਤਾ ਨੂੰ ਪ੍ਰਗਟ ਕਰਦੀਆਂ ਹੋਈਆਂ ਸਵੈ ਰਚਨਾਵਾਂ ਹਨ। ਆਪ ਜੀ ਆਪਣੀ ਦੁਨਿਆਵੀ ਸੰਪਤੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਵਲੋਂ ਮਿਲੀ ਗੁਰਗੱਦੀ ਦੀ ਅਮਾਨਤ ਵੀ ਪੰਥਕ ਏਕਤਾ ਲਈ ਤਿਆਗ ਕੇ ਕੇਵਲ ਆਪਸੀ ਇੱਕਜੁੱਟਤਾ ਅਤੇ ਸਮਾਜ ਦੇ ਕਲਿਆਣ ਹਿਤ  ਨਿਰੰਤਰ ਜਤਨਸ਼ੀਲ ਹਨ।
ਸ੍ਰੀ ਠਾਕੁਰ ਦਲੀਪ ਸਿੰਘ ਜੀ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਨਾਮਧਾਰੀਆਂ ਵਿਚੋਂ ਲੁਪਤ ਹੋਈਆਂ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕਰ ਰਹੇ ਹਨ। ਜਿਸ ਅਨੁਸਾਰ ਨਾਮਧਾਰੀਆਂ ਨੂੰ ਵੀ ਛੋਟੀ ਕਿਰਪਾਨ ਦੀ ਜਗ੍ਹਾ ਵੱਡੀ ਕਿਰਪਾਨ ਧਾਰਨ ਕਰਨ ਦੀ ਆਗਿਆ, ਆਪਸ ਵਿੱਚ ਇਕ ਦੂਜੇ ਨੂੰ ਮਿਲਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੀ ਗਈ  ਭਾਈਚਾਰਕ ਫਤਿਹ “ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ “ ਬੁਲਾਉਣ ਦੀ ਆਗਿਆ ਦਿੱਤੀ ਅਤੇ ਆਦਿ ਸ੍ਰੀ ਗ੍ਰੰਥ ਸਾਹਿਬ ਨੂੰ ਹੋਰ ਸਨਮਾਨ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿਣ ਦੀ ਪਰੰਪਰਾ ਨਾਮਧਾਰੀਆਂ ਵਿੱਚ ਵੀ ਸ਼ੁਰੂ ਕੀਤੀ।
ਆਪ ਜੀ ਨੇ ਨਾਮਧਾਰੀਆਂ ਦੇ ਪ੍ਰਮੁੱਖ ਸਥਾਨ ਸ੍ਰੀ ਜੀਵਨ ਨਗਰ ਵਿਖੇ 18 ਅਕਤੂਬਰ 2015 ਨੂੰ 111 ਫੁੱਟ ਦਾ ਕੇਸਰੀ ਨਿਸ਼ਾਨ ਸਾਹਿਬ ਵੀ ਪਹਿਲੀ ਵਾਰ ਝੁਲਾਇਆ ਗਿਆ ।ਇਸ ਮੌਕੇ ਆਪ ਜੀ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ “ ਨਾਮਧਾਰੀ ਸੰਗਤ ਵਿਚ ਕੇਸਰੀ ਨਿਸ਼ਾਨ ਸਾਹਿਬ ਦੀ ਮਨਾਹੀ ਨਹੀਂ ਕੀਤੀ ਗਈ। ਅਸੀਂ ਨਾਮਧਾਰੀ ਸੰਗਤ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦਿਆਂ ਹੋਇਆਂ, ਸਾਰੇ ਸਿੱਖ ਪੰਥ ਨੂੰ ਇਕੱਠਿਆਂ ਕਰਨ ਲਈ ਨਾਮਧਾਰੀ ਪੰਥ ਵਿਚ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਹੈ। ਆਪ ਜੀ ਆਪਣੇ ਵਚਨਾਂ ਨੂੰ ਹੋਰ ਸਪੱਸਟ ਕਰਦੇ ਹੋਏ ਦੱਸਦੇ ਹਨ ਕਿ ਅਸੀਂ ਨਾਮਧਾਰੀ ਪੂਰਨ ਤੌਰ ਤੇ ਖਾਲਸਾਈ ਰਾਜ ਦੇ ਮੋਢੀ ਅਤੇ ਹਮੈਤੀ ਹਾਂ। ਨਾਮਧਾਰੀ ਸੰਗਤ ਬਿਨਾਂ ਕਿਸੇ ਨੂੰ ਕਸ਼ਟ ਦਿੱਤੇ, ਲੋਕਾਂ ਦਾ ਮਨ ਜਿੱਤਕੇ, ਉਹਨਾਂ ਦੇ ਮਨਾਂ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ।“ 
ਸ੍ਰੀ ਠਾਕੁਰ ਦਲੀਪ ਸਿੰਘ ਜੀ ਇਸ ਗੱਲ ਨੂੰ ਵੀ ਬਹੁਤ ਸਪੱਸਟ ਕਰਨਾ ਚਾਹੁੰਦੇ ਹਨ ਕਿ “ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਜਿਸ ਭਾਰਤ ਦੇਸ਼ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਬਲੀਦਾਨ ਦਿੱਤੇ। ਉਸ ਸਮੁੱਚੇ ਭਾਰਤ ਦੇਸ਼ ਵਿੱਚ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ । ਇਸ ਕਰਕੇ ਅਸੀਂ ਸਾਰੇ ਭਾਰਤਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾਉਣਾ ਹੈ।“ ਇਸ ਦੇ  ਨਾਲ ਆਪ ਨੇ ਇਹ ਵੀ ਦੱਸਿਆ ਹੈ ਕਿ “ਸਤਿ ਕਰਤਾਰ“ ਅਤੇ ਧੰਨ ਨਿਰੰਕਾਰ ਵੀ ਸਾਡੇ ਹੀ ਨਾਰੇ ਹਨ ਅਤੇ ਸਤਿਗੁਰੂ ਨਾਨਕ ਦੇਵ ਜੀ ਵਲੋਂ ਉੱਚਾਰੇ ਹਨ। 
ਆਪ ਜੀ ਦੁਆਰਾ ਨਿਸ਼ਾਨ ਸਾਹਿਬ ਝੁਲਾਉਣ ਸਮੇਂ, ਕੋਲ ਸਤਿਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਤਸਵੀਰ ਲਾਈ ਗਈ ਸੀ, ਜਿਸ ਵਿੱਚ ਵੱਖ-ਵੱਖ ਸਿੱਖ ਸੰਪਰਦਾਵਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਵਖਾਇਆ ਗਿਆ। ਆਪ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ ਮਨੰਣ  ਵਾਲਾ ਜਾਂ ਉਹਨਾਂ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਸਿੱਖ ਹੈ। ਸਭ ਤੋਂ ਵਿਸ਼ੇਸ਼ ਗੱਲ ਇਹ ਜਿਕਰਯੋਗ ਹੈ ਕਿ ਇਹ ਪੰਥ ਇਕੱਠਾ ਕਰਨ ਵਾਲੀ ਸੋਚ ਨਾਮਧਾਰੀਆਂ ਕੋਲ ਹੀ ਹੈ, ਜੋ ਕਿ ਅੱਜ ਤੱਕ ਕਿਸੇ ਹੋਰ ਸਿੱਖ ਅਹੁਦੇਦਾਰਾਂ ਵਲੋਂ ਨਾ ਤਾਂ ਪੰਥ ਘਟਣ ਦੀ ਚਿੰਤਾ ਜਤਾਈ ਗਈ ਨਾ ਹੀ ਸਾਰੇ ਨਾਨਕ ਪੰਥੀਆਂ ਨੂੰ ਕਲਾਵੇ ਵਿਚ ਲੈਣ ਦੀ ਬਹੁਤੀ ਗੱਲ ਕੀਤੀ ਜਾਂਦੀ ਹੈ। ਜਿਕਰਯੋਗ ਹੈ ਕਿ ਸੰਨ 1934 ਵਿਚ ਆਪ ਜੀ ਦੇ ਦਾਦਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਰਕੇ ਸਾਰੇ ਸਿੱਖਾਂ ਨੂੰ ਇਕੱਠੇ ਕਰਨ ਦਾ ਜਤਨ ਕੀਤਾ ਸੀ ਅਤੇ ਗੁਰੂ ਪਿਤਾ ਸਤਿਗੁਰੂ ਜਗਜੀਤ ਸਿੰਘ ਜੀ ਨੇ ਵੀ ਵਿਸ਼ਵ ਪੱਧਰ ਤੇ ਹੋ ਰਹੇ ਸੰਮੇਲਨਾਂ ਵਿੱਚ ਭਾਗ ਲੈ ਕੇ ਆਪਸੀ ਏਕਤਾ, ਪ੍ਰੇਮ ਅਤੇ ਸ਼ਾਂਤੀ ਦਾ ਹੀ ਸੰਦੇਸ਼ ਦਿੱਤਾ ਸੀ।  
ਆਪ ਜੀ ਆਪਣੇ ਵੱਡੇ ਗੁਰੂ ਸਾਹਿਬਾਨਾਂ ਦੇ ਦਿਸ਼ਾ ਨਿਰਦੇਸ਼ ਤੇ ਚਲਦੇ ਹੋਏ, ਗੁਰਬਾਣੀ ਤੇ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦੇ ਹੋਏ, ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਹੋਰ ਉਪਰਾਲਿਆਂ ਦੇ ਨਾਲ-ਨਾਲ, ਨਾਮਧਾਰੀ ਪੰਥ ਵਿਚ ਖਾਲਸਾਈ ਪਰੰਪਰਾਵਾਂ ਨੂੰ ਮੁੜ ਪ੍ਰਚਲਿਤ ਕਰਕੇ ਸਿੱਖ ਪੰਥ ਨੂੰ ਇਕੱਠਾ ਕਰਨ ਲਈ ਵਚਨਬੱਧ ਹਨ। ਆਪ ਜੀ ਨੇ ਏਕਤਾ ਨੂੰ ਮਜਬੂਤ ਕਰਨ ਲਈ ਪੰਥ ਨੂੰ ਕੁੱਝ ਨਵੇਂ ਨਾਰੇ ਦਿੱਤੇ ਹਨ ਜਿਵੇਂ “ਸਿੱਖ ਵੀਰੋ !ਜੁੜੋਗੇ ਤਾਂ ਵਧੋਗੇ ,ਲੜੋਗੇ ਤਾਂ ਘਟੋਗੇ“,  “ਗੁਰੂ ਨਾਨਕ ਦੇ ਸਿੱਖ ਹਾਂ, ਅਸੀ ਸਾਰੇ ਇੱਕ ਹਾਂ। ਪੰਥ ਪਾੜਨਾ ਪਾਪ ਹੈ, ਏਕਤਾ ਵਿੱਚ ਪ੍ਰਤਾਪ ਹੈ“, “ਸਮਾਜ ਨੂੰ ਜੋੜਨਾ ਧਰਮ ਹੈ, ਤੋੜਨਾ ਅਧਰਮ ਹੈ“ ਆਦਿ। ਐਸੀ ਮਹਾਨ ਸ਼ਖਸ਼ੀਅਤ ਅਤੇ ਵਿਲੱਖਣ ਸੋਚ ਨੂੰ ਨਮਨ !   
ਆਓ ਅੱਜ ਉਹਨਾਂ ਦੇ ਇਸ ਜਨਮ ਦਿਹਾੜੇ ਦੇ ਸ਼ੁੱਭ ਮੌਕੇ ‘ਤੇ ਆਪਾਂ ਸਾਰੇ ਰੱਲ੍ਹ ਕੇ ਉਹਨਾਂ ਦੇ ਇਸ ਪੰਥਕ ਏਕਤਾ ਦੇ ਮਹਾਨ ਸੰਕਲਪ ਨੂੰ ਪੂਰਾ ਕਰਨ ਲਈ ਇਕਜੁੱਟ ਹੋਈਏ ਅਤੇ ਆਪਣੇ ਪੰਥ ਅਤੇ ਦੇਸ਼ ਦਾ ਮਾਣ ਵਧਾਈਏ।