ਰਜਿ: ਨੰ: PB/JL-124/2018-20
RNI Regd No. 23/1979

ਆਓ ਜਾਣੀਏ ਖਿਦਰਾਣੇ ਦੀ ਢਾਬ ਤੋਂ ਬਣੇ ਮੁਕਤੀ ਦਾ ਘਰ ਮੁਕਤੀਸਰ ਤੇ ਬਾਅਦ ’ਚ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

BY admin / August 20, 2021
ਵੈਸੇ ਤਾਂ ਸਾਰੀ ਧਰਤੀ ਨੂੰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਗ ਲਾਏ ਹਨ,ਪਰ ਮਾਲਵੇ ਦੇ ਖਿੱਤੇ ਵਿਚੋਂ ਖਿਦਰਾਣੇ ਦੀ ਢਾਬ ਤੋਂ ਮੁਕਤੀ ਦਾ ਘਰ ਤੇ ਬਾਅਦ ਵਿੱਚ ਜਲ੍ਹਿਾ ਬਨਣ ਤੇ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਉਪਰ ਗੁਰੂ ਸਾਹਿਬ ਜੀ ਨੇ ਅਪਾਰ ਰਹਿਮਤ ਕੀਤੀ, ਇਥੋਂ ਦੇ ਕਰੀਬ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਨੂੰ ਸਤਿਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੈ, ਤੇ ਇਨ੍ਹਾਂ ਦੇ ਦਰਸ ਦੀਦਾਰ ਕਰਕੇ ਗੁਰੂ ਸਿੱਖ ਸੰਗਤਾਂ ਆਪਣੇ ਆਪ ਨੂੰ ਬਹੁਤ ਵਡਭਾਗੇ ਮਹਿਸੂਸ ਕਰਦੀਆਂ ਹਨ। ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਜਦ ਸਾਹਿਬੇ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ ਓਦੋਂ ਤੋਂ ਹੀ ਆਪਾਂ ਇਹ ਵਿਵਰਣ ਸੁਰੂ ਕਰਦੇ ਹਾਂ, ਵੈਸੇ ਤਾਂ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਤੇ ਪਰਉਪਕਾਰਾਂ ਨੂੰ ਗਿਨਣਾ ਬਹੁਤ ਔਖਾ ਹੈ ਪਰ ਆਪਣੀ ਤੁੱਛ ਬੁੱਧੀ ਅਨੁਸਾਰ ਆਪਾਂ ਸਿਰਫ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬਾਨਾਂ ਦੀ ਗੱਲ ਕਰਦੇ ਹਾਂ।ਇਸ ਨੂੰ ਲਿਖਣ ਲੱਗਿਆਂ ਥੋੜਾ ਬਹੁਤਾ ਵਿਵਰਣ ਅੱਗੇ ਪਿੱਛੇ ਹੋਇਆ ਹੈ,ਪਰ ਸਤਿਕਾਰ ਯੋਗ ਦੋਸਤ ਮਿੱਤਰ ਅਤੇ ਪਾਠਕ ਇਸ ਨੂੰ ਸਮਝਣ ਵਿੱਚ ਸਮਰੱਥ ਹਨ ਤੇ ਸਮਝ ਲੈਣਗੇ। ਇਤਹਾਸਕਾਰਾਂ ਮੁਤਾਬਕ ਦਸਮ ਪਾਤਸਾਹ ਪੋਹ ਸੰਮਤ ਸਤਾਰਾਂ ਸੌ ਇਕਾਹਠ ਬਿਕਰਮੀ ਸਨ ਸਤਾਰਾਂ ਸੌ ਚਾਰ ਵਿਚ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਤੋਂ ਬਾਅਦ ਅਲੱਗ-ਅਲੱਗ ਨਗਰਾਂ ਸਹਿਰਾਂ ਨੂੰ ਭਾਗ ਲਗਾਉਂਦੇ ਹੋਏ ਕੋਟਕਪੂਰਾ ਦੀ ਧਰਤੀ ਤੇ ਚੌਧਰੀ ਕਪੂਰ ਸਿੰਘ ਦੀ ਹਵੇਲੀ ਦੀ ਮੰਗ ਕੀਤੀ ਕਿ ਪਿੱਛੋਂ ਔਰੰਗਜੇਬ ਦੀਆਂ ਫੌਜਾਂ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ,ਪਰ ਚੌਧਰੀ ਕਪੂਰ ਸਿੰਘ ਨੇ ਮੁਗਲਾਂ ਤੋਂ ਡਰਦਿਆਂ ਆਪਣੀ ਹਵੇਲੀ ਦੇਣ ਤੋਂ ਇਨਕਾਰ ਕਰਨ ਤੇ ਹੀ ਖਿਦਰਾਣੇ ਦੀ ਢਾਬ ਵੱਲ ਨੂੰ ਚਾਲੇ ਪਾਏ ਸਨ।ਇਹ ਢਾਬ ਓਹਨਾਂ ਸਮਿਆਂ ਵਿੱਚ ਸਰ ਕਾਨੇ ਤੇ ਮਲਿਆਂ ਬੇਰੀਆਂ ਦੇ ਝੁੰਡ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਇਤਹਾਸਕ ਮੁਕਤੇ ਮੀਨਾਰ ਦਾ ਵਿਵਰਣ:-ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਵੈਮਾਣ ਦੀ ਰਾਖੀ ਲਈ ਜੰਗੀ ਸੰਘਰਸ ਦੌਰਾਨ ਸਨ ਸਤਾਰਾਂ ਸੌ ਚਾਰ ਈਸਵੀ ਵਿੱਚ ਆਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਜੋ ਚਾਲੀ ਸਿੰਘ ਓਨਾਂ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ, ਓਨਾਂ ਚਾਲੀ ਸਿੰਘਾਂ ਨੇ ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਸਦਕਾ ਜਥੇਦਾਰ ਭਾਈ ਮਹਾਂ ਸਿੰਘ ਦੀ ਸਰਪ੍ਰਸਤੀ ਹੇਠ ਸੰਨ ਸਤਾਰਾਂ ਸੌ ਪੰਜ ਦੀ ਮੲਈ ਮਹੀਨੇ ਵਿੱਚ ਹੋਈ ਖਿਦਰਾਣਾ ਦੀ ਜੰਗ ਵਿੱਚ ਸਹੀਦੀਆਂ ਪ੍ਰਾਪਤ ਕੀਤੀਆਂ ਅਤੇ ਫੈਸਲਾ ਕੁੰਨ ਲੜਾਈ ਲੜਦਿਆਂ ਵੀਰਗਤੀ ਪ੍ਰਾਪਤ ਕੀਤੀ ਅਤ ਮੁਗਲ ਫੌਜਾਂ ਨੂੰ ਹਾਰ ਦਿੱਤੀ। ਇਨ੍ਹਾਂ ਸਿੰਘਾਂ ਨੂੰ ਗੁਰੂ ਸਾਹਿਬ ਜੀ ਨੇ ਮੇਰੇ ਪੰਜ ਹਜਾਰੀ ਮੇਰੇ ਦਸ ਹਜਾਰੀ ਖਿਤਾਬ ਦਿੱਤਾ।ਭਾਈ ਮਹਾਂ ਸਿੰਘ ਜੋ ਓਸ ਸਮੇਂ ਆਖਰੀ ਸਵਾਸ ਲੈ ਰਹੇ ਸਨ ਓਨਾਂ ਨੂੰ ਗੋਦ ਵਿੱਚ ਲੈ ਕੇ ਜੋ ਬੇਦਾਵਾ ਲਿਖ ਕੇ ਦੇ ਆਏ ਸਨ ਉਸ ਨੂੰ ਮਹਾਂ ਸਿੰਘ ਦੀ ਆਖਰੀ ਇੱਛਾ ਅਨੁਸਾਰ ਪਾੜਕੇ ਟੁੱਟੀ ਗੰਢੀ ਤੇ ਚਾਲੀ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਇਸ ਲਈ ਹੀ ਖਿਦਰਾਣਾ ਦੀ ਢਾਬ ਤੋਂ ਇਸ ਦਾ ਨਾਮ ਮੁਕਤੀ ਦਾ ਘਰ ਭਾਵ ਮੁਕਤਸਰ ਪਿਆ। ਓਹਨਾਂ ਚਾਲੀ ਸਿੰਘਾਂ ਦੀ ਯਾਦ ਵਿੱਚ ਬਣੇ ਇਸ ਮੁਕਤੇ ਮੀਨਾਰ ਨੂੰ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ/ਪੰਜ/ਦੋ ਹਜਾਰ ਛੇ ਨੂੰ ਕੌਮ ਨੂੰ ਸਮਰਪਿਤ ਕੀਤਾ,ਜੋ ਕਿ ਇੱਕ ਇਤਿਹਾਸਕ ਜਗ੍ਹਾ ਬਣ ਗਈ ਤੇ ਦੂਰੋਂ ਦੂਰੋਂ ਇਸ ਦੇ ਦਰਸਨ ਦੀਦਾਰੇ ਕਰਨ ਸੰਗਤਾਂ ਆਉਂਦੀਆਂ ਹਨ ਤੇ ਸਹਿਰ ਲਈ ਇਹ ਸੈਰਗਾਹ ਵੀ ਬਣੀ ਹੋਈ ਹੈ। ਇਤਿਹਾਸਕ ਗੁਰਦੁਆਰਾ ਤਰਨਤਾਰਨ ਸਾਹਿਬ;-ਮੁੱਢ ਕਦੀਮ ਤੋਂ ਚੱਲੇ ਆਉਂਦੇ ਇਤਿਹਾਸ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣਾ ਦੀ ਢਾਬ ਤੋਂ ਰੁਪਾਣਾ ਨੂੰ ਜਾਂਦੇ ਹੋਏ ਇਥੇ ਜਿਥ ਅੱਜਕਲ੍ਹ ਤਰਨਤਾਰਨ ਗੁਰਦੁਆਰਾ ਸੁਸੋਭਿਤ ਹੈ ਰੁਕੇ ਤਾਂ ਸੰਗਤਾਂ ਨੇ ਰੁਕਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਫੁਰਮਾਇਆ ਕਿ ਇਸ ਜਗ੍ਹਾ ਤੇ ਬਹੁਤ ਰਿਸੀਆਂ ਮੁਨੀਆਂ ਨੇ ਤਪੱਸਿਆ ਕੀਤੀ ਹੈ। ਇਥੇ ਸੁੰਦਰ ਗੁਰਦੁਆਰਾ ਸਾਹਿਬ ਬਣੇਗਾ, ਤੇ ਨਾਲ ਵਾਲੀ ਛਪੜੀ ਇਤਿਹਾਸਕ ਸਰੋਵਰ ਬਣੇਗੀ ਜਿਥੇ ਲੋਕਾਂ ਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਅਤੇ ਸਰੀਰਕ ਤੇ ਮਾਨਸਿਕ ਰੋਗੀ ਵੀ ਠੀਕ ਹੋਣਗੇ ਸੋ ਦੋਸਤੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅੱਜ ਗੁਰੂ ਸਾਹਿਬ ਜੀ ਦੇ ਬੋਲ ਪੂਰੇ ਹੋ ਰਹੇ ਹਨ ਹਰ ਐਤਵਾਰ ਨੂੰ ਇਥੇ ਦੀਵਾਨ ਸਜਦੇ ਹਨ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਪੂਰੇ ਜਾਹੋ ਜਲਾਲ ਨਾਲ ਮੇਲਾ ਭਰਦਾ ਹੈ।
ਗੁਰਦੁਆਰਾ ਤੰਬੂ ਸਾਹਿਬ ਜੀ ਅਤੇ ਗੁਰਦੁਆਰਾ ਸਹੀਦ ਗੰਜ ਸਾਹਿਬ ਜੀ:-ਚਾਲੀ ਮੁਕਤਿਆਂ ਨੇ ਤੁਰਕਾਂ ਦੇ ਨਾਲ ਜੰਗ ਕਰਨ ਤੋਂ ਪਹਿਲਾਂ ਓਹਨਾਂ ਦੀ ਫੌਜ ਆਉਂਦੀ ਵੇਖ ਕੇ ਝਾੜਾਂ ਤੇ ਕਰੀਰਾਂ ਦੇ ਝੁੰਡਾਂ ਉੱਤੇ ਕੱਪੜੇ ਚਾਦਰੇ ਤੇ ਕਛਹਿਰੇ ਸੁੱਕਣੇ ਪਾ ਦਿੱਤੇ ਤਾਂ ਕਿ ਵੈਰੀ ਨੂੰ ਬਹੁਤ ਜਅਿਾਦਾ ਫੌਜ ਦਾ ਭੁਲੇਖਾ ਪਵੇ।ਇਸ ਅਸਥਾਨ ਤੇ ਹੋਈ ਗਹਿਗੱਚ ਲੜਾਈ ਨੂੰ ਗੁਰੂ ਸਾਹਿਬ ਜੀ ਟਿੱਬੀ ਤੋਂ ਵੇਖ ਰਹੇ ਸਨ ਤੇ ਨਾਲ ਹੀ ਵੈਰੀਆਂ ਤੇ ਤੀਰਾਂ ਦੀ ਵਰਖਾ ਕਰ ਰਹੇ ਸਨ।ਇਸ ਜਗ੍ਹਾ ਤੇ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੇਵਾ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਨੇ ਪੰਜ ਹਜਾਰ ਰੁਪਏ ਦੇ ਕੇ ਸੁਰੂ ਕਰਵਾਈ ਸੀ ਇਸ ਗੁਰਦੁਆਰਾ ਸਾਹਿਬ ਦੀ ਚੌੜਾਈ ਇੱਕ ਸੌ ਅਠਤਾਲੀ ਫੁੱਟ ਤੇ ਉਚਾਈ ਚੌਂਤੀ ਫੁੱਟ ਹੈ ਇਥੇ ਹੀ ਜੋ ਚਾਲੀ ਸਿੰਘ ਸਹੀਦ ਹੋਏ ਸਨ ਓਨਾਂ ਦਾ ਦਾਹ ਸੰਸਕਾਰ ਵੀ ਬਿਲਕੁਲ ਨਾਲ ਹੀ ਬਣੇ ਗੁਰਦੁਆਰਾ ਸਹੀਦ ਗੰਜ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਨੇ ਪੂਰਨ ਗੁਰਮਰਿਆਦਾ ਅਨੁਸਾਰ ਕੀਤਾ।ਇਸ ਗੁਰਦੁਆਰਾ ਸਾਹਿਬ ਦਾ ਨਾਮ ਅੰਗੀਠਾ ਸਾਹਿਬ ਪਿਆ। ਇਥੇ ਵੀ ਸੁੰਦਰ ਗੁਰਦੁਆਰਾ ਸਾਹਿਬ ਸੁਸੋਭਿਤ ਹੈ।ਚਾਲੀ ਮੁਕਤਿਆਂ ਦੀ ਯਾਦ ਵਿੱਚ ਬਣੇ ਇਸ ਅਸਥਾਨ ਤੇ ਹਰ ਸਾਲ ਇਕ ਮਾਘ ਨੂੰ ਸਹੀਦੀ ਜੋੜ ਮੇਲਾ ਭਰਦਾ ਹੈ ਜਿਥੇ ਦੇਸਾਂ ਵਿਦੇਸਾਂ ਵਿੱਚੋਂ ਲੱਖਾਂ ਸਰਧਾਲੂ ਇਨਾਂ ਚਾਲੀ ਸਿੰਘਾਂ ਦੀ ਅਦੁੱਤੀ ਸਹਾਦਤ ਨੂੰ ਸਿਜਦਾ ਕਰਦੇ ਹਨ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਨ ਕਰਦੇ ਹਨ।
ਗੁਰਦੁਆਰਾ ਦਾਤਨ ਸਰ ਸਾਹਿਬ:-ਇਹ ਓਹ ਅਸਥਾਨ ਹੈ ਜਿਥੇ ਗੁਰੂ ਸਾਹਿਬ ਜੀ ਸਤਾਰਾਂ ਸੌ ਪੰਜ ਈਸਵੀ ਵਿੱਚ ਖਿਦਰਾਣਿਓ ਹੋ ਕੇ ਟਿੱਬੀ ਸਾਹਿਬ ਪਧਾਰੇ ਤਾਂ ਸਵੇਰੇ ਸਵੇਰੇ ਦਾਤਨ ਕੀਤੀ ਸੀ ਇਥੇ ਵੀ ਮਨਮੋਹਕ ਗੁਰਦੁਆਰਾ ਸਾਹਿਬ ਸੁਸੋਭਿਤ ਹੈ ਇਸ ਦੀ ਸੇਵਾ ਭਾਈ ਸਾਹਿਬ ਭਾਈ ਸੇਰ ਸਿੰਘ ਜੀ ਨੇ ਸੰਗਤਾਂ ਨੂੰ ਪ੍ਰੇਰ ਕੇ ਤੀਹ ਹਜਾਰ ਦੀ ਲਾਗਤ ਨਾਲ ਕਰਵਾਈ ਤੇ ਸੋਢੀ ਮਾਲ੍ਹਾ ਸਿੰਘ ਜੀ ਨੇ ਖੂਹ ਲਵਾਇਆ। ਇਥੇ ਵੀ ਹਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ ਹੁੰਦੇ ਹਨ। ਦਰਬਾਰ ਸਾਹਿਬ ਟੁੱਟੀ ਗੰਢੀ ਤੋਂ ਇਹ ਅਸਥਾਨ ਦੋ ਕੁ ਫਰਲਾਂਗ ਦੀ ਦੂਰੀ ਤੇ ਸਥਿਤ ਹੈ। ਇਥੇ ਹੀ ਇੱਕ ਮੁਸਲਮਾਨ ਨੂਰਦੀਨ ਨੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਭੇਸ ਬਦਲ ਕੇ ਗੁਰੂ ਸਾਹਿਬ ਤੇ ਪਿੱਛੋਂ ਵਾਰ ਕੀਤਾ,ਪਰ ਗੁਰੂ ਸਾਹਿਬ ਜੀ ਨੇ ਉਸ ਦਾ ਵਾਰ ਰੋਕ ਕੇ ਆਪਣੇ ਹੱਥ ਵਿੱਚ ਫੜੇ ਪਿੱਤਲ ਦੇ ਕਰਮੰਡਲ ਨਾਲ ਨੂਰਦੀਨ ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਹੀ ਗੁਰਦੁਆਰਾ ਸਾਹਿਬ ਦੇ ਨਜਦੀਕ ਉਸ ਦੀ ਸਮਾਧ ਬਣੀ ਹੋਈ ਹੈ ਜਿਸ ਉਪਰ ਗੁਰੂ ਦੇ ਸਿੱਖ ਉਸ ਦੀ ਜੁੱਤੀਆਂ ਨਾਲ ਸੇਵਾ ਕਰਦੇ ਹਨ।ਹਰ ਗੁਰਸਿੱਖ ਪੰਜ ਪੰਜ ਜੁੱਤੀਆਂ ਜਰੂਰ ਮਾਰਦਾ ਹੈ।
ਗੁਰਦੁਆਰਾ ਰਕਾਬ ਸਰ:-ਇਹ ਓਹ ਇਤਿਹਾਸਕ ਸਥਾਨ ਹੈ ਜਿਥੋਂ ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਉੱਤਰ ਕੇ ਖਿਦਰਾਣੇ ਦੀ ਰਣ ਭੂਮੀ ਵੱਲ ਚਾਲੇ ਪਾਉਣ ਸਮੇਂ ਘੋੜੇ ਦੀ ਰਕਾਬ ਉੱਤੇ ਪੈਰ ਰੱਖਦਿਆਂ ਹੀ ਰਕਾਬ ਟੁੱਟ ਗਈ ਸੀ ਹੁਣ ਓਹ ਟੁੱਟੀ ਹੋਈ ਇਤਿਹਾਸਿਕ ਰਕਾਬ ਓਸੇ ਹਾਲਤ ਵਿੱਚ ਇਥੇ ਬਣੇ ਆਲੀਸਾਨ ਗੁਰਦੁਆਰਾ ਸਾਹਿਬ ਵਿਚ ਸਸੋਭਿਤ ਹੈ। ਇਥੇ ਬਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਜਥੇਦਾਰ ਬਘੇਲ ਸਿੰਘ ਨੇ ਉੱਨੀ ਸੌ ਪਨਤਾਲੀ ਵਿੱਚ ਲੱਗਪਗ ਡੇਢ ਲੱਖ ਰੁਪਏ ਖਰਚ ਕੇ ਸੇਵਾ ਕਰਵਾਈ। ਇਥੇ ਪੱਕਾ ਸਰੋਵਰ ਸੰਗਮਰਮਰ ਲੱਗਿਆ ਹੋਇਆ ਸੁੰਦਰ ਗੁਰਦੁਆਰਾ ਸਾਹਿਬ ਸੁਸੋਭਿਤ ਹੈ ਜਿਥੇ ਸੰਗਤਾਂ ਦਰਸਨ ਦੀਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਹਨ।          
ਗੁਰਦੁਆਰਾ ਸ੍ਰੀ ਟਿੱਬੀ  ਸਾਹਿਬ ਜੀ:-ਨਵਾਬ ਵਜੀਰ ਖਾਂ ਦੀ ਮੁਗਲ ਫੌਜ ਜੋ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀ ਇਥੇ ਖਿਦਰਾਣੇ ਦੀ ਢਾਬ ਵਿਖੇ ਪਹੁੰਚੀ ਸੀ ਤੇ ਖਿਦਰਾਣੇ ਦੀ ਢਾਬ ਵਿਖੇ ਚਾਲੀ ਸਿੰਘਾਂ ਨਾਲ ਲੜ ਰਹੀ ਸੀ ਉਸ ਮੁਗਲ ਫੌਜਾਂ ਉੱਤੇ ਹੀ ਉੱਚੀ ਟਿੱਬੀ ਤੇ ਬੈਠ ਕੇ ਗੁਰੂ ਸਾਹਿਬ ਜੀ ਤੀਰ ਚਲਾਉਂਦੇ ਰਹੇ ਸਨ। ਇਥੇ ਵੀ ਬਹੁਤ ਹੀ ਸੁੰਦਰ ਅਤੇ ਮਨਮੋਹਕ ਗੁਰਦੁਆਰਾ ਸਾਹਿਬ ਸੁਸੋਭਿਤ ਹੈ ।ਜਿਸ ਦਾ ਨਾਮ ਓਦੋਂ ਤੋਂ ਹੀ ਗੁਰਦੁਆਰਾ ਟਿੱਬੀ ਸਾਹਿਬ ਪੈ ਗਿਆ ਹੈ।ਇਸ ਗੁਰਦੁਆਰਾ ਸਾਹਿਬ ਦੀ ਸੇਵਾ ਪਹਿਲਾਂ ਤਾਂ ਇਥੋਂ ਦੇ ਪੁਜਾਰੀਆਂ ਨੇ ਸੁਰੂ ਕਰਵਾਈ ਤੇ ਫਿਰ ਬਾਕੀ ਅਠਾਰਾਂ ਸੌ ਤਰਤਾਲੀ ਵਿੱਚ ਸੋਢੀ ਮਾਲ੍ਹਾ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਨੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ। ਜਥੇਦਾਰ ਬਘੇਲ ਸਿੰਘ ਨੇ ਵੀ ਸਿੱਖ ਸੰਗਤਾਂ ਕੋਲੋਂ ਉਗਰਾਹੀ ਕਰਕੇ ਕਰੀਬ ਦੋ ਲੱਖ ਰੁਪਏ ਖਰਚ ਕੇ ਇਸ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ।ਇਹ ਅਸਥਾਨ ਮੁਕਤਸਰ ਤੋਂ ਡੇਢ ਕੁ ਕਿਲੋਮੀਟਰ ਲਹਿੰਦੇ ਵਾਲੇ ਪਾਸੇ ਸਥਿਤ ਹੈ।
ਗੁਰਦੁਆਰਾ ਟੁੱਟੀ ਗੰਢੀ ਦਰਬਾਰ ਸਾਹਿਬ:-ਖਿਦਰਾਣੇ ਦੀ ਢਾਬ ਤੋਂ ਮੁਕਤੀ ਦਾ ਘਰ ਤੇ ਬਾਅਦ ਵਿਚ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਜਲ੍ਹਿਾ ਬਨਣ ਤੇ ਦਿੱਤਾ ਗਿਆ।ਇਹ ਓਹ ਅਸਥਾਨ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿਚੋਂ ਚਾਲੀ ਸਿੰਘ ਜੋ ਬੇਦਾਵਾ ਲਿਖ ਕੇ ਦੇ ਆਏ ਸਨ ਇਸ ਅਸਥਾਨ ਤੇ ਆ ਕੇ ਮੁਗਲਾਂ ਨਾਲ ਗੁਰੂ ਜੀ ਵੱਲੋਂ ਆਖਰੀ ਫੈਸਲਾ ਕੁੰਨ ਲੜਾਈ ਲੜਦਿਆਂ ਆਪਣੀਆਂ ਅਦੁੱਤੀ ਸਹੀਦੀਆਂ ਪਾਈਆਂ। ਇਸੇ ਅਸਥਾਨ ਤੇ ਹੀ ਓਨਾਂ ਦੀ ਮੁਕਤੀ ਹੋਈ ਕਰਕੇ ਹੀ ਗੁਰੂ ਸਾਹਿਬ ਜੀ ਨੇ ਇਸ ਦਾ ਨਾਮ ਖਿਦਰਾਣੇ ਦੀ ਢਾਬ ਤੋਂ ਮੁਕਤੀ ਦਾ ਘਰ ਰੱਖਿਆ। ਜਦੋਂ ਰਾਤ ਨੂੰ ਲੜਾਈ ਖਤਮ ਹੋਈ ਤਾਂ ਟਿੱਬੀ ਤੋਂ ਚੱਲਕੇ ਗੁਰੂ ਸਾਹਿਬ ਜੀ ਇਥੇ ਪਹੁੰਚੇ ਸਹੀਦ ਸਿੰਘਾਂ ਤੇ ਜਖਮੀ ਸਿੱਖਾਂ ਦੀ ਸੰਭਾਲ ਕੀਤੀ। ਓਨਾਂ ਨੂੰ ਪੰਜ ਹਜਾਰੀ ਦਸ ਹਜਾਰੀ ਖਿਤਾਬ ਦੇ ਕੇ ਨਿਵਾਜਿਆ।ਉਸੇ ਸਮੇਂ ਹੀ ਭਾਈ ਮਹਾਂ ਸਿੰਘ ਜਖਮੀ ਹਾਲਤ ਵਿੱਚ ਗੁਰੂ ਸਾਹਿਬ ਜੀ ਨੂੰ ਦਿਸਿਆ।ਉਸ ਦਾ ਸਿਰ ਆਪਣੀ ਬੁੱਕਲ ਵਿੱਚ ਲੈ ਕੇ ਗੁਰੂ ਸਾਹਿਬ ਨੇ ਕੁੱਝ ਮੰਗਣ ਲਈ ਕਿਹਾ ਤਾਂ ਭਾਈ ਮਹਾਂ ਸਿੰਘ ਨੇ ਭੁੱਲ ਬਖਸਾਉਂਦਿਆਂ ਜੋ ਆਨੰਦਪੁਰ ਸਾਹਿਬ ਬੇਦਾਵਾ ਲਿਖ ਕੇ ਦੇ ਆਏ ਸਨ ਉਸ ਨੂੰ ਦੋਵੇਂ ਹੱਥ ਜੋੜ ਕੇ ਪਾੜਨ ਦੀ ਬੇਨਤੀ/ਮੰਗ ਕੀਤੀ।ਜੋ ਗੁਰੂ ਸਾਹਿਬ ਨੇ ਉਸ ਵਕਤ ਹੀ ਉਸ ਦੇ ਸਾਹਮਣੇ ਪਾੜ ਦਿੱਤਾ। ਮਹਾਂ ਸਿੰਘ ਨੂੰ ਨਾਮ ਦਾਤ ਬਖਸਸਿ ਕਰਕੇ ਉਸ ਦੀ ਆਖਰੀ ਮਨੋਕਾਮਨਾ ਪੂਰੀ ਕੀਤੀ।ਇਸ ਤੋਂ ਬਾਅਦ ਹੀ ਮਹਾ ਸਿੰਘ ਦੇ ਸਵਾਸ ਪੂਰੇ ਹੋਣ ਤੇ ਸਾਰੇ ਸਹੀਦ ਸਿੰਘਾਂ ਦੇ ਸਰੀਰ ਰਣ ਭੂਮੀ ਵਿਚੋਂ ਇਕੱਠੇ ਕਰਕੇ ਲੱਕੜੀਆਂ ਇਕੱਠੀਆਂ ਕੀਤੀਆਂ ਤੇ ਨੇੜੇ ਬਣੇ ਗੁਰਦੁਆਰਾ ਸਹੀਦ ਗੰਜ ਸਾਹਿਬ ਵਾਲੇ ਅਸਥਾਨ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੰਸਕਾਰ ਕੀਤੇ।ਜਿਸ ਨੂੰ ਅੱਜਕਲ੍ਹ ਗੁਰਦੁਆਰਾ ਸਹੀਦ ਗੰਜ ਅੰਗੀਠਾ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਜਸਵੀਰ ਸ਼ਰਮਾ ਦੱਦਾਹੂਰ
95691 49556