ਰਜਿ: ਨੰ: PB/JL-124/2018-20
RNI Regd No. 23/1979

ਭਾਜਪਾ ਅੰਦਰ ਕਿਸਾਨਾਂ ਦੇ ਹੱਕ ਵਿੱਚ ਉਚੱੀ ਹੋ ਰਹੀ ਆਵਾਜ਼
 
BY admin / August 20, 2021
ਕਿਸਾਨਾਂ ਦੇ ਮੁੱਦੇ ’ਤੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੋ ਹਿੱਸਿਆਂ ਵਿੱਚ ਤਕਸੀਮ ਹੋ ਰਹੀ ਹੈ ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਹਾਸ਼ੀਏ ਉਪਰ ਰੱਖਣ ਵਾਲੀ ਪਾਰਟੀ, ਬਹੁਤ ਜਲਦੀ ਖ਼ੁਦ ਹਾਸ਼ੀਏ ਉਪਰ ਆ ਸਕਦੀ ਹੈ। ਫ਼ਿਰੋਜ਼ਪੁਰ ਦੇ ਚਰਚਿਤ ਭਾਜਪਾ ਲੀਡਰ ਸੁਖਪਾਲ ਸਿੰਘ ਨੰਨੂ ਜੋ ਦੋ ਵਾਰ ਵਿਧਾਇਕ ਰਹੇ, ਨੇ ਕਿਸਾਨਾਂ ਦੇ ਹੱਕ ਵਿੱਚ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਦੇ ਪਿਤਾ ਸਵਰਗੀ ਗਿਰਧਾਰਾ ਸਿੰਘ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ ਕੇਂਦਰੀ ਲੀਡਰਸ਼ਿਪ ਵਿੱਚ ਉਨ੍ਹਾਂ ਦੀ ਖ਼ਾਸ ਪੁਜ਼ੀਸ਼ਨ ਸੀ। ਇਸ ਮਾਮਲੇ ਦਾ ਅਹਿਮ ਪਹਿਲੂ ਇਹ ਹੈ ਕਿ ਸੁਖਪਾਲ ਸਿੰਘ ਦੀ ਰਿਹਾਇਸ਼ ’ਤੇ ਪਿਛਲੇ 40 ਸਾਲਾਂ ਤੋਂ ਜੋ ਪਾਰਟੀ ਦਾ ਝੰਡਾ ਲਹਿਰਾਅ ਰਿਹਾ ਸੀ ਉਸ ਨੂੰ ਉਤਾਰ ਦਿੱਤਾ ਹੈ। ਕੁੱਝ ਅਰਸਾ ਪਹਿਲਾਂ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਸੀ ਜੋ ਪਾਰਟੀ ਲੀਡਰਸ਼ਿਪ ਨੂੰ ਬਹੁਤ ਨਾਗਵਾਰ ਗੁਜ਼ਰੀ ਅਤੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਜਲੰਧਰ ਹਲਕਾ ਉਤਰੀ ਤੋਂ ਪਾਰਟੀ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਵੀ ਜ਼ੋਰਦਾਰ ਸ਼ਬਦਾਂ ਵਿੱਚ ਕਿਸਾਨਾਂ ਦਾ ਪੱਖ ਪੂਰਿਆ ਸੀ। ਭਾਜਪਾ ਦੇ ਕਈ ਹੋਰ ਲੀਡਰ ਹਨ ਜੋ ਕਿਸਾਨੀ ਨਾਲ ਸਬੰਧਤ ਹਨ ਅਤੇ ਕਿਸਾਨਾਂ ਪ੍ਰਤੀ ਹਮਦਰਦੀ ਰੱਖਦੇ ਹਨ ਪਰ ਖੁੱਲ੍ਹਕੇ ਕੁੱਝ ਕਹਿਣ ਲਈ ਤਿਆਰ ਨਹੀਂ। ਵੇਖਿਆ ਜਾਵੇ ਤਾਂ ਇਹੋ ਜਿਹੀ ਹਮਦਰਦੀ ਬੇਮਾਇਨੇ ਹੈ। ਦਿਲ ਦੀ ਗੱਲ ਨੂੰ ਦਿਲ ਵਿੱਚ ਦਬਾਈ ਰੱਖਣਾ ਕਮਜ਼ੋਰੀ ਹੈ। ਸੁਖਪਾਲ ਸਿੰਘ ਨੰਨੂ ਨੇ ਦਿਲ ਦੀ ਗੱਲ ਜੱਗਜ਼ਾਹਿਰ ਕਰਕੇ ਜੋ ਕਦਮ ਉਠਾਇਆ ਉਸਦਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਸਿਲਾ ਮਿਲਦਾ ਹੈ ਜਾਂ ਨਹੀਂ ਇਹ ਵੱਖਰੀ ਗੱਲ ਹੈ ਪਰ ਉਹ ਸੱਚ ਨਾਲ ਖੜੋਣ ਵਾਲੇ ਲੋਕਾਂ ਵਿੱਚ ਜ਼ਰੂਰ ਸ਼ਾਮਿਲ ਹੋ ਗਏ ਹਨ। ਕੋਈ ਵੀ ਪਾਰਟੀ ਜਦ ਲੋਕਾਂ ਦੇ ਤਕਾਜ਼ਿਆਂ ਨੂੰ ਅਹਿਮੀਅਤ ਦੇਣਾ ਛੱਡ ਦੇਵੇ ਉਸਦੇ ਬਾਅਦ ਉਸਦਾ ਜਲਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਸੁਖਪਾਲ ਸਿੰਘ ਦੇ ਅਸਤੀਫ਼ੇ ਨਾਲ ਪਾਰਟੀ ਨੂੰ ਕੀ ਫ਼ਰਕ ਪਏਗਾ, ਇਹ ਸਵਾਲ ਚਰਚਾ ਵਿੱਚ ਆ ਸਕਦਾ ਹੈ। ਇਸ ਤਰ੍ਹਾਂ ਦੇ ਅਸਤੀਫ਼ੇ ਸ਼ੁਰੂ ਵਿੱਚ ਕੋਈ ਮਹੱਤਵ ਨਹੀਂ ਰੱਖਦੇ ਅਤੇ ਦੋ-ਚਾਰ ਦਿਨਾਂ ਦੇ ਬਾਅਦ ਲੋਕ ਇਸ ਗੱਲ ਨੂੰ ਭੁੱਲ ਜਾਂਦੇ ਹਨ। ਇਹ ਆਮ ਧਾਰਣਾ ਹੈ ਜਦ ਕਿ ਸੱਚਾਈ ਇਹ ਹੈ ਕਿਸੇ ਵੀ ਤਰ੍ਹਾਂ ਦੇ ਬਦਲਾਅ ਲਈ ਕਿਸੇ ਨੂੰ ਪਹਿਲ ਕਰਨੀ ਪੈਂਦੀ ਹੈ। ਇਹੀ ਪਹਿਲ ਨਵੀਂ ਚੇਤਨਾ ਦਾ ਆਧਾਰ ਬਣਦੀ ਹੈ। ਭਾਰਤੀ ਜਨਤਾ ਪਾਰਟੀ ਦਾ ਅੱਜ ਦੇਸ਼ ਵਿੱਚ ਵਿਆਪਕ ਆਧਾਰ ਹੈ। ਲਗਭੱਗ ਹਰ ਪਾਸੇ ਇਸਦਾ ਪਰਚਮ ਲਹਿਰਾਅ ਰਿਹਾ ਹੈ। ਪਰਚਮ, ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਦੀਆਂ ਕੁਰਬਾਨੀਆਂ ਕਾਰਣ ਲਹਿਰਾਉਦਾ ਹੈ। ਸੁਖਪਾਲ ਸਿੰਘ ਨੇ ਆਪਣੇ ਘਰ ਤੋਂ ਭਾਜਪਾ ਦਾ ਝੰਡਾ ਉਤਾਰਕੇ ਪਾਰਟੀ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਸੋਚ ਰੱਖਣ ਵਾਲਿਆਂ ਦੇ ਘਰਾਂ ਉਪਰ ਪਾਰਟੀ ਦੇ ਪਰਚਮ ਦਾ ਲਹਿਰਾਉਣਾ, ਪਰਚਮ ਦਾ ਅਪਮਾਨ ਹੈ। ਪਾਰਟੀ ਦਾ ਚਿੰਨ੍ਹ ਜਾਂ ਪਰਚਮ ਕਿਸੇ ਮੁਕੱਦਸ ਚੀਜ਼ ਤੋਂ ਘੱਟ ਨਹੀਂ। ਇਸਦੀ ਅਹਿਮੀਅਤ ਉਹੀ ਸਮਝਦੇ ਹਨ ਜੋ ਲੋਕਾਂ ਦੇ ਦਰਦ ਤੋਂ ਵਾਕਿਫ਼ ਹੋਣ। ਇਸੇ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦੇਣਾ, ਸਰਕਾਰ ਦੀ ਵਧ ਰਹੀ ਪਰੇਸ਼ਾਨੀ ਨੂੰ ਦਰਸਾਉਦਾ ਹੈ। ਫਿਰ ਵੀ ਸਵਾਲ ਉਹੀ ਹੈ ਕਿ ਕੀ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਹੈ? ਗੱਲਬਾਤ ਦਾ ਸੱਦਾ ਕੋਈ ਵੀ ਦੇਵੇ, ਉਹ ਆਪਣੇ ਆਪ ਵਿੱਚ ਕਾਫ਼ੀ ਨਹੀਂ। ਸਰਕਾਰ ਗੱਲਬਾਤ ਨੂੰ ਜਦ ਤੱਕ ਸਿਰੇ ਚੜ੍ਹਾਉਣਾ ਨਹੀਂ ਚਾਹੁੰਦੀ, ਇਹੋ ਜਿਹੀਆਂ ਮੀਟਿੰਗਾਂ ਦਾ ਕੋਈ ਫ਼ਾਇਦਾ ਨਹੀਂ। ਸਰਕਾਰ ਕਿਸਾਨਾਂ ਦੀ ਆਮਦਨ ਦੋ ਗੁਣਾ ਕਰੇ ਜਾਂ ਤਿੰਨ ਗੁਣਾ, ਇਹ ਕੇਵਲ ਇੱਕ ਭਰੋਸਾ ਹੈ ਅਤੇ ਭਰੋਸੇ ਦੀ ਕੋਈ ਬੁਨਿਆਦ ਨਹੀਂ ਹੁੰਦੀ। ਬੁਨਿਆਦ ਖੇਤੀ ਕਾਨੂੰਨਾਂ ਦੀ ਹੈ। ਜਦ ਤੱਕ ਇਹ ਬੁਨਿਆਦ ਖ਼ਤਮ ਕਰਕੇ ਇਸ ਉਪਰ ਕਿਸਾਨਾਂ ਦੀ ਸੋਚ ਦਾ ਬੂਟਾ ਨਹੀਂ ਲਗਾਇਆ ਜਾਂਦਾ, ਪਾਰਟੀ ਦੇ ਲੀਡਰ ਹੌਲੀ-ਹੌਲੀ ਭਾਜਪਾ ਰੂਪੀ ਰੁੱਖ ਤੋਂ ਸੁੱਕੇ ਪੱਤਿਆਂ ਵਾਂਗ ਝੜਦੇ ਰਹਿਣਗੇ। ਇਹ ਸਮਾਂ ਸੱਚ ਦੀ ਨਬਜ਼ ਪਛਾਨਣ ਦਾ ਹੈ। ਸਰਕਾਰ ਨੂੰ ਮੌਕੇ ਦੀ ਨਜ਼ਾਕਤ ਸਮਝਦਿਆਂ ਆਪਣੇ ਫੈਸਲੇ ਉਪਰ ਮੁੜ੍ਹ ਤੋਂ ਵਿਚਾਰ ਕਰਨੀ ਚਾਹੀਦੀ ਹੈ। ਇਸੇ ਵਿੱਚ ਸਰਕਾਰ ਅਤੇ ਦੇਸ਼ ਦਾ ਭਲਾ ਹੈ।