ਰਜਿ: ਨੰ: PB/JL-124/2018-20
RNI Regd No. 23/1979

ਜੰਗਲਾਤ ਵਿਭਾਗ ਨੇ ਪਹਾੜ ਕੱਟ ਕੇ ਪੱਧਰਾ ਕਰਨ ਵਾਲਿਆਂ ਖਿਲਾਫ਼ ਦਰਜ ਕਰਵਾਇਆ ਮਾਮਲਾ-ਕੰਮ ’ਚ ਜੁਟੀਆਂ 6 ’ਚੋਂ 3 ਮਸ਼ੀਨਾਂ ਜ਼ਬਤ   
 
BY admin / October 10, 2021
ਨੂਰਪੁਰਬੇਦੀ, 10 ਅਕਤੂਬਰ (ਜਗਤਾਰ ਜੱਗੀ )-ਪਹਾੜੀ ਖੇਤਰ ਨੂੰ ਵਚਾਉਣ ਲਈ ਲਾਗੂ ਕਾਨੂੰਨਾਂ ਨੂੰ ਅਣਦੇਖਾ ਕਰ ਕੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਉਲਟ ਨਾਜਾਇਜ਼ ਤੌਰ ’ਤੇ ਪਹਾੜਾਂ ਨੂੰ ਕੱਟ ਕੇ ਪੱਧਰਾ ਕਰਨ ਵਾਲਿਆਂ ਖਿਲਾਫ਼ ਜੰਗਲਾਤ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਣ ਰੇਂਜ ਅਫਸਰ ਨੂਰਪੁਰਬੇਦੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਜੰਗਲਾਤ ਅਧਿਕਾਰੀਆਂ ਦੀ ਸਹਾਇਤਾ ਨਾਲ ਉਕਤ ਕੰਮ ’ਚ ਜੁਟੀਆਂ ਅੱਧਾ ਦਰਜਨ ਮਸ਼ੀਨਾਂ ’ਚੋਂ 3 ਮਸ਼ੀਨਾਂ ਨੂੰ ਜ਼ਬਤ ਕੀਤਾ ਹੈ। ਜਦਕਿ ਉਕਤ ਮਸ਼ੀਨਰੀ ਦੇ ਨਮਲੂਮ ਮਾਲਕਾਂ, ਚਾਲਕਾਂ ਅਤੇ ਜ਼ਮੀਨ ਦੇ ਨਾਮਲੂਮ ਮਾਲਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਣ ਰੇਂਜ ਅਫਸਰ ਨੂਰਪੁਰਬੇਦੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਟਵਾਹੜ ਅਤੇ ਝਾਂਡੀਆਂ ਦੇ ਜੰਗਲ ਵਿਖੇ ਦੋਸ਼ੀਆਂ ਵੱਲੋਂ ਜੇ.ਸੀ.ਬੀ. ਮਸ਼ੀਨਾਂ, 2 ਟ੍ਰੈਕਟਰਾਂ, ਬੋਰਿੰਗ ਮਸ਼ੀਨ/ਟਰੱਕ, ਜ਼ਮੀਨ ਪੱਧਰੀ ਕਰਨ ਵਾਲਾ ਕੈਟਲ ਪਿੱਲਰ ਅਤੇ ਟ੍ਰੈਕਟਰ ਨਾਲ ਜ਼ੀਰੋ ਲੈਵਲ ਕਰਨ ਵਾਲੀ ਮਸ਼ੀਨ ਰਾਹੀਂ ਰਾਤ ਸਮੇਂ ਪਹਾੜੀ ਨੂੰ ਕੱਟ ਕੇ ਪੱਧਰਾ ਕੀਤਾ ਹੋਇਆ ਦੇਖਿਆ। ਉਨਾਂ ਦੱਸਿਆ ਕਿ ਉਕਤ ਕੰਮ ’ਚ ਜੁਟੀ ਮਸ਼ੀਨਰੀ ਨੂੰ ਮੌਕੇ ’ਤੇ ਫੜ ਕੇ ਜ਼ਮੀਨ ਪੱਧਰੀ ਕਰਵਾਉਣ ਵਾਲੇ ਮਾਲਕਾਂ ਦੇ ਸੁਪਰਵਾਈਜ਼ਰ ਬਿਰਜੂ ਕੁਮਾਰ ਸਿੰਘ ਪੁੱਤਰ ਭਰਤ ਸਿੰਘ ਨਿਵਾਸੀ ਗੋਪਾਲਪੁਰ, ਤਹਿਸੀਲ ਸੋਹਨਪੁਰ, ਜ਼ਿਲਾ ਸਾਰੰਨ (ਬਿਹਾਰ) ਹਾਲ ਆਬਾਦ ਪਿੰਡ ਜਟਵਾਹੜ ਦੇ ਸੁਪਰਦ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜਿਹੜੇ ਰਕਬੇ ’ਚੋਂ ਦੋਸ਼ੀਆਂ ਵੱਲੋਂ ਨੋ-ਤੋੜ ਕੀਤਾ ਗਿਆ ਹੈ ਦੇ ਜੇ.ਪੀ.ਐੱਸ. ਕੁਆਰਡੀਨੇਟਸ ਅਲੱਗ-ਅਲੱਗ ਥਾਵਾਂ ਤੋਂ ਲਏ ਗਏ ਹਨ। ਉਨਾਂ ਦੱਸਿਆ ਕਿ ਜਿਨਾਂ ਮਾਲਕਾਂ ਵੱਲੋਂ ਨੋ-ਤੋੜ ਕਰਵਾਇਆ ਗਿਆ ਹੈ ਉਹ ਦੂਸਰੇ ਰਾਜ ਨਾਲ ਸਬੰਧਿਤ ਹੋਣ ਕਾਰਨ ਉਨਾਂ ਦੇ ਨਾਂ ਅਤੇ ਪਤੇ ਸਬੰਧੀ ਜ਼ਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇ ਨਾਲ ਵਿਭਾਗ ਦੇ ਤਖਤਗੜ ਬਲਾਕ ਦੇ ਬਲਾਕ ਅਧਿਕਾਰੀ ਮਨੀ ਲਾਲ ਵੱਲੋਂ ਤਿਆਰ ਕੀਤੀ ਰਿਪੋਰਟ ਵੀ ਪੁਲਸ ਨੂੰ ਸੋਂਪੀ ਗਈ। ਇਸ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਇਕ ਜੇ.ਸੀ.ਬੀ., ਇਕ ਟੈ੍ਰਕਟਰ ਤੇ ਇਕ ਜ਼ੀਰੋ ਲੈਵਲ ਮਸ਼ੀਨ ਨੂੰ ਅਪਣੇ ਕਬਜ਼ੇ ’ਚ ਲੈ ਲਿਆ। ਏ.ਐੱਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਨਾਮਲੂਮ ਦੋਸ਼ੀਆਂ ’ਚ ਸ਼ਾਮਿਲ ਉਕਤ ਮਸ਼ੀਨਰੀ ਦੇ ਮਾਲਿਕਾਂ ਤੇ ਚਾਲਕਾਂ ਤੋਂ ਇਲਾਵਾ ਜ਼ਮੀਨ ਮਾਲਕਾਂ ਖਿਲਾਫ਼ ਪੀ.ਐੱਲ.ਪੀ.ਏ. 1900 ਦੀ ਧਾਰਾ 4-5, ਐੱਫ.ਸੀ.ਏ. 1980, ਆਈ.ਐੱਫ.ਏ. 1927 ਅਮੈਂਡਮੈਂਟ ਐਕਟ 2004 ਅਤੇ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।