ਰਜਿ: ਨੰ: PB/JL-124/2018-20
RNI Regd No. 23/1979

ਅਜੇ ਵੀ ਭਗਵੰਤ ਮਾਨ ਦੀ ਪਾਰਟੀ ਹਾਈਕਮਾਨ ਪ੍ਰਤੀ ਨਾਰਾਜਗੀ ਬਰਕਰਾਰ ਹੈ
 
BY admin / October 10, 2021
ਸੰਗਰੂਰ, 10 ਅਕਤੂਬਰ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ) - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਪਿਛਲੇ ਕੁੱਝ ਸਮੇਂ ਤੋਂ ਸਿਆਸੀ ਸਰਗਰਮੀਆਂ ‘ਚੋਂ ਗਾਇਬ ਨਜਰ ਆ ਰਹੇ ਹਨ। ਇਸ ਤੋਂ ਇਹ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਅਜੇ ਵੀ ਭਗਵੰਤ ਮਾਨ ਦੀ ਪਾਰਟੀ ਹਾਈਕਮਾਨ ਪ੍ਰਤੀ ਨਾਰਾਜਗੀ ਬਰਕਰਾਰ ਹੈ। ਭਾਵੇਂ ਹੀ ਇਕ ਪ੍ਰੈੱਸ ਕਾਨਫਰੰਸ ਦੌਰਾਨ ‘ਆਪ‘ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ‘ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸਮਾਂ ਆਉਣ ‘ਤੇ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਲੱਗਦਾ ਸੀ ਕਿ ਉਹ ਭਗਵੰਤ ਮਾਨ ਨੂੰ ਵੀ ਕੋਈ ਗਾਰੰਟੀ ਦੇਣਗੇ ਪਰ ਅਜਿਹਾ ਨਹੀਂ ਹੋਇਆ। ਹੁਣ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਤੋਂ ਬਾਅਦ ਉੱਥੇ ਗਏ ‘ਆਪ‘ ਦੇ ਵਫਦ ‘ਚ ਵੀ ਭਗਵੰਤ ਮਾਨ ਸ਼ਾਮਲ ਨਹੀਂ ਹੋਏ। ਸਿਰਫ ਇੰਨਾ ਹੀ ਨਹੀਂ ਚੰਡੀਗੜ੍ਹ ‘ਚ ਰਾਜਪਾਲ ਭਵਨ ਵੱਲ ਕੀਤੇ ਪਾਰਟੀ ਦੇ ਪ੍ਰਦਰਸ਼ਨ ‘ਚ ਭਗਵੰਤ ਮਾਨ ਨੇ ਹਿੱਸਾ ਨਹੀਂ ਲਿਆ। ਇਸ ਤੋਂ ਇਹੀ ਲੱਗਦਾ ਹੈ ਕਿ ਭਗਵੰਤ ਮਾਨ ਅਜੇ ਵੀ ਨਾਰਾਜ ਹਨ। ਜਦੋਂ ਕੇਜਰੀਵਾਲ ਲੁਧਿਆਣਾ ਵਿਖੇ ਪੰਜਾਬੀਆਂ ਨੂੰ ਦੂਜੀ ਗਾਰੰਟੀ ਦੇਣ ਆਏ ਸਨ ਤਾਂ ਉਮੀਦ ਜਤਾਈ ਜਾ ਰਹੀ ਸੀ ਕਿ ਕੇਜਰੀਵਾਲ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦੇਣਗੇ ਪਰ ਅਰਵਿੰਦ ਕੇਜਰੀਵਾਲ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਭਗਵੰਤ ਮਾਨ ਉਨ੍ਹਾਂ ਦੇ ਛੋਟੇ ਭਰਾ ਹਨ ਅਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸਮਾਂ ਆਉਣ ‘ਤੇ ਕਰ ਦਿੱਤਾ ਜਾਵੇਗਾ।