ਰਜਿ: ਨੰ: PB/JL-124/2018-20
RNI Regd No. 23/1979

ਸਾਦਗੀ ਨਾਲ ਪੁੱਤ ਵਿਆਹ ਕੇ ਮੁੱਖ ਮੰਤਰੀ ਚੰਨੀ ਨੇ ਮਿਸਾਲ ਕੀਤੀ ਕਾਇਮ
 
BY admin / October 10, 2021
ਜਥੇਦਾਰ ਅਕਾਲ ਤਖਤ ਸਮੇਤ ਪਤਵੰਤਿਆਂ ਨੇ ਕੀਤੀ ਸਮੂਲੀਅਤ
ਐਸ ਏ ਐਸ ਨਗਰ, 10 ਅਕਤੂਬਰ-(ਗੁਰਵਿੰਦਰ ਸਿੰਘ ਮੋਹਾਲੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਅੱਜ ਵਿਆਹੁਤਾ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਡੇਰਾਬੱਸੀ ਦੇ ਅਮਲਾ ਪਿੰਡ ਦੀ ਵਸਨੀਕ ਸਿਮਰਨਧੀਰ ਕੌਰ ਨਾਲ ਹੋਇਆ ਹੈ। ਉਨ੍ਹਾਂ ਦਾ ਅਨੰਦ ਕਾਰਜ ਮੋਹਾਲੀ ਦੇ ਫੇਜ -3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਏ। ਵਿਆਹ ਦਾ ਸਮਾਗਮ ਬਿਲਕੁਲ ਸਾਦਾ ਰੱਖਿਆ ਗਿਆ। ਨਵਜੀਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ। ਸਿਮਰਨਧੀਰ ਕੌਰ ਨੇ ਵੀ ਇੰਜੀਨੀਅਰਿੰਗ ਕੀਤੀ ਹੈ ਅਤੇ ਹੁਣ ਐੱਮ. ਬੀ. ਏ. ਕਰ ਰਹੀ ਹੈ।
ਵਿਆਹ ਲਈ ਗੁਰਦੁਆਰਾ ਸਾਹਿਬ ਨੂੰ ਆਕਰਸਕ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਪੁਲਸ ਵਲੋਂ ਇਲਾਕੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪਰਿਵਾਰ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਮੁੱਖ ਮੰਤਰੀ ਦੇ ਕਰੀਬੀ ਦੋਸਤਾਂ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਤੋਂ ਇਲਾਵਾ ਕੁਝ ਖਾਸ ਸ਼ਖਸੀਅਤਾਂ ਹੀ ਸ਼ਾਮਲ ਹੋਈਆਂ। ਇਸ ਤੋਂ ਪਹਿਲਾਂ ਵਿਆਹ ਲਈ ਖਾਸ ਫੁੱਲਾਂ ਨਾਲ ਸਜਾਈ ਗਈ ਫਾਰਚਿਊਨਰ ਗੱਡੀ ਖੁਦ ਚਲਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸਾਹਿਬ ਪਹੁੰਚੇ। ਇਸ ਦੌਰਾਨ ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਰਾਣਾ ਗੁਰਜੀਤ ਸਿੰਘ, ਮੰਤਰੀ ਰਣਦੀਪ ਸਿੰਘ ਨਾਭਾ ਤੋਂ ਇਲਾਵਾ ਕਾਂਗਰਸ ਦੇ ਕਈ ਵਿਧਾਇਕ ਅਤੇ ਸੀਨੀਅਰ ਆਗੂ ਨਵ-ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਹੋਏ ਸਨ।