ਰਜਿ: ਨੰ: PB/JL-124/2018-20
RNI Regd No. 23/1979

ਰਜ਼ੀਆ ਸੁਲਤਾਨਾ ਦਾ ਅਸਤੀਫ਼ਾ ਨਾ-ਮਨਜ਼ੂਰ, ਬਣੇ ਰਹਿਣਗੇ ਮੰਤਰੀ
 
BY admin / October 11, 2021
ਚੰਡੀਗੜ੍ਹ, 11 ਅਕਤੂਬਰ, (ਯੂ.ਐਨ.ਆਈ.)- ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ ਅਸਤੀਫਾ ਮਨਜੂਰ ਨਹੀਂ ਕੀਤਾ ਗਿਆ। ਉਹ ਅੱਜ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਏ ਹਨ। ਰਜ਼ੀਆ ਸੁਲਤਾਨਾ ਨੇ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੇਸ਼ੱਕ ਨਵਜੋਤ ਸਿੱਧੂ ਤੇ ਰਜੀਆ ਸੁਲਤਾਨਾ ਦਾ ਅਸਤੀਫਾ ਮਨਜੂਰ ਨਹੀਂ ਹੋਇਆ ਸੀ ਪਰ ਅਜੇ ਤੱਕ ਇਹ ਭੇਤ ਬਣਿਆ ਹੋਇਆ ਸੀ ਕਿ ਇਨ੍ਹਾਂ ਲੀਡਰਾਂ ਦਾ ਅਗਲਾ ਕਦਮ ਕੀ ਹੋਏਗਾ। ਅੱਜ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਮਗਰੋਂ ਸਪਸ਼ਟ ਹੋ ਗਿਆ ਹੈ ਕਿ ਰਜ਼ੀਆ ਸੁਲਤਾਨਾ ਮੰਤਰੀ ਬਣੇ ਰਹਿਣਗੇ। ਦੱਸ ਦਈਏ ਕਿ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋ ਰਹੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਕਰੀਬ 5 ਦਿਨਾਂ ਦੇ ਨਿੱਜੀ ਰੁਝੇਵਿਆਂ ਤੋਂ ਬਾਅਦ ਅੱਜ ਕੰਮ ‘ਤੇ ਪਰਤ ਰਹੇ ਹਨ। ਇਸ ਮੀਟਿੰਗ ਵਿੱਚ ਸਰਕਾਰ ਕਈ ਵੱਡੇ ਫੈਸਲੇ ਲੈ ਸਕਦੀ ਹੈ। 300 ਯੂਨਿਟ ਬਿਜਲੀ ਮੁਆਫ ਕਰਨ ਬਾਰੇ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਰੇਤ ਮਾਈਨਿੰਗ ਨੂੰ ਲੈ ਕੇ ਵੀ ਵੱਡਾ ਫੈਸਲਾ ਲੈ ਸਕਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੈਬਨਿਟ ਦੀ ਮੀਟਿੰਗ ਦੇਰ ਰਾਤ ਹੋਈ, ਪਰ ਇਸ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ। ਮੁੱਖ ਮੰਤਰੀ ਚਰਨਜੀਤ ਚੰਨੀ ਪਹਿਲਾਂ ਦਿੱਲੀ ਦੌਰੇ, ਫਿਰ ਲਖੀਮਪੁਰ ਮਾਰਚ ਤੇ ਫਿਰ ਬੇਟੇ ਦੇ ਵਿਆਹ ਵਿੱਚ ਰੁੱਝੇ ਹੋਏ ਸੀ। ਇਸ ਕਾਰਨ ਕੈਬਨਿਟ ਦੀ ਮੀਟਿੰਗ ਨਹੀਂ ਹੋ ਸਕੀ। ਇਸ ਲਈ ਪਹਿਲਾਂ ਮੰਗਲਵਾਰ ਦਾ ਦਿਨ ਤੈਅ ਸੀ, ਜਿਸ ਦਾ ਐਲਾਨ ਉਪ ਮੁੱਖ ਮੰਤਰੀ ਨੇ ਪਹਿਲੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਕੀਤਾ ਸੀ। ਨਵੀਂ ਸਰਕਾਰ ਬਣਨ ਦੇ ਨਾਲ ਹੀ ਇਹ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਿਆ ਕਰਨਗੇ ਪਰ ਸਰਕਾਰ ਅੱਜ ਸੋਮਵਾਰ ਨੂੰ ਬੈਠਕ ਕਰਨ ਜਾ ਰਹੀ ਹੈ।