ਰਜਿ: ਨੰ: PB/JL-124/2018-20
RNI Regd No. 23/1979

ਇੱਕ ਹੋਰ ਥਰਮਲ ਪਲਾਂਟ ਯੂਨਿਟ ਬੰਦ
 
BY admin / October 11, 2021
15 ਅਕਤੂਬਰ ਤੱਕ 4 ਤੋਂ 6 ਘੰਟੇ ਗੁੱਲ ਰਹੇਗੀ ਬਿਜਲੀ
ਚੰਡੀਗੜ੍ਹ, ਜਲੰਧਰ, 11 ਅਕਤੂਬਰ, (ਦਵਿੰਦਰਜੀਤ ਸਿੰਘ ਦਰਸ਼ੀ, ਜੇ.ਐਸ.ਸੋਢੀ)- ਪੰਜਾਬ ‘ ਚ ਬਿਜਲੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਅੱਧੇ ਤੋਂ ਵੀ ਘੱਟ ਰਹਿ ਗਿਆ ਹੈ। ਸੂਬੇ ਦੇ ਛੇਵੇਂ ਥਰਮਲ ਪਲਾਂਟ ਯੂਨਿਟ ਨੂੰ ਬੰਦ ਕਰਨਾ ਪਿਆ ਹੈ। ਗੋਇੰਦਵਾਲ ਸਾਹਿਬ ਦੀ ਇੱਕ ਇਕਾਈ ਨੂੰ ਐਤਵਾਰ ਨੂੰ ਬੰਦ ਕਰਨਾ ਪਿਆ। ਹਾਲਾਂਕਿ , ਪਹਿਲਾਂ ਬੰਦ ਕੀਤੇ ਗਏ 5 ਯੂਨਿਟਾਂ ਵਿੱਚੋਂ ਇੱਕ ਨੂੰ ਬਾਅਦ ਵਿੱਚ ਚਲਾ ਦਿੱਤਾ ਗਿਆ ਸੀ। ਇਸ ਵੇਲੇ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ 36 ਘੰਟੇ ਦਾ ਕੋਲਾ ਬਾਕੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਸਰਕਾਰੀ ਥਰਮਲ ਪਲਾਂਟਾਂ ਲਈ ਕੋਲੇ ਦੇ 11 ਰੈਕ ਪਹੁੰਚ ਗਏ ਹਨ , ਜਿਨ੍ਹਾਂ ਨੂੰ ਪਲਾਂਟ ਤੱਕ ਪਹੁੰਚਣ ਵਿੱਚ 2 ਤੋਂ 3 ਦਿਨ ਲੱਗਣਗੇ। ਜੋ ਪਲਾਂਟ ਚੱਲ ਰਹੇ ਹਨ , ਉਹ ਅੱਧੀ ਸਮਰੱਥਾ ਨਾਲ ਬਿਜਲੀ ਪੈਦਾ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਤੋਂ ਇਹ ਸਪੱਸਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਵੀ 15 ਅਕਤੂਬਰ ਤੱਕ 4 ਤੋਂ 6 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਪਾਵਰਕਾਮ ਦੇ ਸੀਐਮਡੀ ਏ . ਵੇਣੂਪ੍ਰਸਾਦ ਨੇ ਕਿਹਾ ਕਿ ਲੋੜ ਮੁਤਾਬਕ ਕੋਲਾ ਨਹੀਂ ਆ ਰਿਹਾ। ਸਾਨੂੰ ਕੋਲੇ ਦੇ 22 ਰੈਕ ਚਾਹੀਦੇ ਸੀ ਪਰ ਸਿਰਫ 11 ਮਿਲੇ। ਇਸ ਕਾਰਨ ਬਿਜਲੀ ਦੇ ਉਤਪਾਦਨ ਤੇ ਮੰਗ ਦੇ ਵਿੱਚ ਬਹੁਤ ਵੱਡਾ ਪਾੜਾ ਹੋ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਗਲੇ 4 ਦਿਨਾਂ ਬਾਅਦ ਬਿਜਲੀ ਦੀ ਸਥਿਤੀ ਵਿੱਚ ਸੁਧਾਰ ਹੋਣਾ ਸੁਰੂ ਹੋ ਜਾਵੇਗਾ। ਦੱਸ ਦਈਏ ਕਿ ਸੂਬੇ ‘ ਚ ਬਿਜਲੀ ਦੀ ਮੰਗ ਲਗਪਗ 8,300 ਮੈਗਾਵਾਟ ਪ੍ਰਤੀ ਦਿਨ ਹੈ। ਇਸ ਵੇਲੇ ਅੱਧੀ ਬਿਜਲੀ ਸਰਕਾਰੀ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਪੈਦਾ ਕੀਤੀ ਜਾ ਰਹੀ ਹੈ। ਸਰਕਾਰੀ ਥਰਮਲ ਪਲਾਂਟਾਂ ‘ ਤੇ ਬਿਜਲੀ ਉਤਪਾਦਨ ਘਟ ਕੇ 1,500 ਮੈਗਾਵਾਟ ਰਹਿ ਗਿਆ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਹੁਣ ਨੈਸਨਲ ਗਰਿੱਡ ਤੋਂ 11.60 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਿਹਾ ਹੈ। ਐਤਵਾਰ ਨੂੰ ਵੀ 1,800 ਮੈਗਾਵਾਟ ਬਿਜਲੀ ਖਰੀਦੀ ਗਈ। ਇਸ ਦੇ ਬਾਵਜੂਦ ਤਿਉਹਾਰਾਂ ਦੇ ਸੀਜਨ ਦੌਰਾਨ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਤਕਰੀਬਨ 8,300 ਮੈਗਾਵਾਟ ਦੀ ਲੋੜ ਹੈ ਤੇ ਇਸ ਦੇ ਮੁਕਾਬਲੇ ਰਾਜ ਨੂੰ ਸਿਰਫ 3,206 ਮੈਗਾਵਾਟ ਬਿਜਲੀ ਮਿਲੀ ਹੈ। ਅਜਿਹੀ ਸਥਿਤੀ ਵਿੱਚ ਮਹਿੰਗੀ ਬਿਜਲੀ ਬਾਹਰੋਂ ਖਰੀਦੀ ਜਾਣੀ ਹੈ। ਬਿਜਲੀ ਦੀ ਕਮੀ ਕਾਰਨ ਪੂਰੇ ਪੰਜਾਬ ਵਿੱਚ ਕੁਝ ਘੰਟਿਆਂ ਲਈ ਬਲੈਕਆਟ ਦੀ ਸਥਿਤੀ ਬਣੀ ਹੋਈ ਹੈ।
ਜਲੰਧਰ- ਪੰਜਾਬ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਖ਼ਿਲਾਫ਼ ਕਿਸਾਨ ਸੰਗਠਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ ਪਰਾਗਪੁਰ ਚੂੰਗੀ ਨੇੜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਨੇੜੇ ਦੇ ਪਿੰਡਾਂ ਤੋਂ ਕਿਸਾਨ ਟਰੈਕਟਰ-ਟਰਾਲੀਆਂ ‘ਤੇ ਇਥੇ ਆਏ ਅਤੇ ਟ੍ਰੈਫਿਕ ਨੂੰ ਜਾਮ ਕੀਤਾ। ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਲੋਕਾਂ ਦੇ ਕੋਲ 10 ਵਜੇ ਤੋਂ ਪਹਿਲਾਂ ਪਰਾਗਪੁਰ ਕ੍ਰਾਸ ਕਰਨ ਦਾ ਬਦਲ ਸੀ।ਕਿਸਾਨਾਂ ਵੱਲੋਂ ਹਾਈਵੇਅ ਜਾਮ ਕਰਨ ‘ਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਯੂਨੀਅਨ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਟ੍ਰੈਫਿਕ ਜਾਮ ਕਿੰਨੇ ਵਜੇ ਤੱਕ ਰਹੇਗਾ। ਇਸ ਦੌਰਾਨ ਭਾਰਤੀ ਕਿਸਾਨ ਰਾਜੇਵਾਲ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਕਤੀ ਸਦਨ ਦੇ ਬਾਹਰ ਧਰਨਾ ਲਗਾ ਕੇ ਚੀਫ਼ ਇੰਜੀਨੀਅਰ ਨੂੰ ਇਕ ਮੈਮੋਰੰਡਮ ਵੀ ਦਿੱਤਾ ਹੈ। ਜਕਿਰਯੋਗ ਹੈ ਕਿ ਸ਼ਨੀਵਾਰ ਤੋਂ ਸ਼ੁਰੂ ਹੋਇਆ ਬਿਜਲੀ ਕੱਟਾਂ ਦਾ ਸਿਲਸਿਲਾ ਐਤਵਾਰ ਛੁੱਟੀ ਵਾਲੇ ਦਿਨ ਵੀ ਜਾਰੀ ਰਿਹਾ। ਵਧੇਰੇ ਇੰਡਸਟਰੀ ਬੰਦ ਹੋਣ ਕਾਰਨ ਸਵੇਰ ਸਮੇਂ ਕੱਟ ਨਹੀਂ ਲਾਏ ਗਏ ਪਰ ਸ਼ਾਮ ਨੂੰ ਜਿਵੇਂ ਹੀ ਬਿਜਲੀ ਦੀ ਮੰਗ ‘ਚ ਵਾਧਾ ਦਰਜ ਹੋਇਆ, ਲੋਕਾਂ ‘ਤੇ ਬਿਜਲੀ ਕੱਟਾਂ ਦੀ ਮਾਰ ਪੈ ਗਈ। ਸ਼ਾਮ 5.25 ‘ਤੇ ਬਿਜਲੀ ਬੰਦ ਹੋਣ ਨਾਲ ਸ਼ਹਿਰ ‘ਚ ਬਲੈਕਆਊਟ ਹੋ ਗਿਆ ਅਤੇ ਰਾਤ 8 ਵਜੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ। ਸ਼ਾਮੀਂ 5 ਵਜੇ ਤੋਂ ਬਾਅਦ ਪਾਣੀ ਆਉਂਦਾ ਹੈ ਪਰ ਇਸ ਦੌਰਾਨ ਕੱਟ ਲੱਗ ਜਾਣ ਨਾਲ ਦੋਹਰੀ ਮਾਰ ਪਈ ਅਤੇ ਬਿਜਲੀ-ਪਾਣੀ ਦੀ ਕਿੱਲਤ ਨਾਲ ਲੋਕ ਹਾਲੋ-ਬੇਹਾਲ ਹੋ ਗਏ। ਸ਼ਾਮ ਸਮੇਂ ਲੋਕ ਪਾਣੀ ਨਹੀਂ ਭਰ ਸਕੇ ਅਤੇ ਸਰਕਾਰ ਨੂੰ ਨਿੰਦਦੇ ਰਹੇ। ਤਿਉਹਾਰਾਂ ਦੇ ਇਸ ਸੀਜਨ ‘ਚ ਬਿਜਲੀ ਕੱਟਾਂ ਤੋਂ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਕੋਰੋਨਾ ਤੋਂ ਬਾਅਦ ਇਸ ਸਾਲ ਬਾਜਾਰ ‘ਚ ਤੇਜੀ ਆਉਣੀ ਸ਼ੁਰੂ ਹੋਈ ਹੈ। ਨਵਰਾਤਿਆਂ ਦੀ ਸ਼ੁਰੂਆਤ ਤੋਂ ਹੀ ਬਾਜਾਰਾਂ ‘ਚ ਚਹਿਲ-ਪਹਿਲ ਵੇਖਣ ਨੂੰ ਮਿਲ ਰਹੀ ਹੈ ਪਰ ਸ਼ਨੀਵਾਰ ਤੋਂ ਲੱਗਣ ਵਾਲੇ ਬਿਜਲੀ ਕੱਟਾਂ ਦੀ ਮਾਰ ਕਾਰਨ ਛੋਟੇ ਅਤੇ ਵੱਡੇ ਦੁਕਾਨਦਾਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਉਠਾਉਣੀਆਂ ਪੈ ਰਹੀਆਂ ਹਨ। ਗਾਹਕਾਂ ਦੀ ਆਸ ‘ਚ ਬੈਠੇ ਦੁਕਾਨਦਾਰਾਂ ਨੂੰ ਬਿਜਲੀ ਕੱਟਾਂ ਨੇ ਰੁਆਉਣਾ ਸ਼ੁਰੂ ਕਰ ਦਿੱਤਾ ਹੈ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਦੁਕਾਨਾਂ ‘ਚ ਲਾਈਟਿੰਗ ਦੀ ਬਹੁਤ ਲੋੜ ਹੁੰਦੀ ਹੈ ਅਤੇ ਬਿਜਲੀ ਨਾ ਹੋਣ ਕਾਰਨ ਦੁਕਾਨਦਾਰਾਂ ਨੂੰ ਜੈਨਰੇਟਰ ਆਦਿ ਦੀ ਵਰਤੋਂ ਕਰਨੀ ਪਈ, ਜਿਸ ‘ਤੇ ਭਾਰੀ-ਭਰਕਮ ਰਾਸ਼ੀ ਖਰਚ ਹੋਈ ਕਿਉਂਕਿ ਡੀਜਲ ਦੀ ਕੀਮਤ ਪਹਿਲਾਂ ਹੀ ਆਸਮਾਨ ਨੂੰ ਛੂਹ ਚੁੱਕੀ ਹੈ। ਮੌਜੂਦਾ ਸਮੇਂ ਦੁਕਾਨਦਾਰ ਦਿਨ ‘ਚ 5 ਘੰਟੇ ਜੈਨਰੇਟਰ ਚਲਾਉਣ ਦੀ ਹਾਲਤ ‘ਚ ਨਹੀਂ ਹਨ ਅਤੇ ਜੇਕਰ ਉਹ ਲਾਈਟਿੰਗ ਨਹੀਂ ਕਰਦੇ ਤਾਂ ਗਾਹਕਾਂ ਨੂੰ ਆਕਰਸ਼ਿਤ ਕਰਨਾ ਆਸਾਨ ਨਹੀਂ।